ਮੁਹਾਵਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁਹਾਵਰਾ ( ਨਾਂ , ਪੁ ) ਕਿਰਿਆ ਸਹਿਤ ਅਜਿਹਾ ਵਾਕ ਜਿਸ ਦਾ ਕੋਈ ਵਿਸ਼ੇਸ਼ ਅਰਥ ਨਿਕਲਦਾ ਹੋਵੇ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੁਹਾਵਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁਹਾਵਰਾ [ ਨਾਂਪੁ ] ਉਹ ਵਾਕਾਂਸ਼ ਜਿਸ ਦਾ ਅਰਥ ਮੁਢਲੇ ਕੋਸ਼ਗਤ ਅਰਥ ਤੋਂ ਅਲੱਗ ਹੁੰਦਾ ਹੈ; ਆਦਤ , ਸੁਭਾਅ; ਰੀਤ , ਦਸਤੂਰ , ਰਿਵਾਜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੁਹਾਵਰਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੁਹਾਵਰਾ : ਮੁਹਾਵਰੇ ਕਿਸੇ ਭਾਸ਼ਾ ਦੇ ਬੜੇ ਬਲਵਾਨ ਅੰਗ ਹੁੰਦੇ ਹਨ । ਇਹ ਲੋਕ ਭਾਸ਼ਾ ਤੋਂ ਸਾਹਿੱਤ ਵੱਲ ਯਾਤ੍ਰਾ ਕਰਦੇ ਹਨ ਅਤੇ ਲੋਕ ਜੀਵਨ ਦੀ ਪਰੰਪਰਾਗਤ ਸੰਪਤੀ ਹਨ । ਸਮਾਜ ਦਾ ਸੰਮਿਲਿਤ ਅਨੁਭਵ ਸੰਕੇਤਿਕ ਅਰਥਾਂ ਵਿਚ ਰੂੜ੍ਹ  ਹੋ ਕੇ ਮੁਹਾਵਰਿਆਂ ਦੇ ਰੂਪ ਵਿਚ ਅਭਿਵਿਅਕਤੀ ਦਾ ਪ੍ਰਮੁੱਖ ਸਾਧਨ ਬਣ ਜਾਂਦਾ ਹੈ । ਮੁਹਾਵਰੇ ਵਿਚ ਨਾ ਤਾਂ ਸ਼ਬਦਾਂ ਦਾ ਕੋਸ਼ਗਤ ਅਰਥ ਹੁੰਦਾ ਹੈ ਅਤੇ ਨਾ ਹੀ ਮੁਹਾਵਰੇ ਵਿਚ ਵਰਤੇ ਗਏ ਸ਼ਬਦਾਂ ਦੇ ਸਥਾਨ ਤੇ ਉਨ੍ਹਾਂ ਦੇ ਸਮਾਨਾਰਥਕ ਸ਼ਬਦ ਰੱਖੇ ਜਾ ਸਕਦੇ ਹਨ , ਜਿਵੇਂ ਇਹ ਕੰਮ ‘ ਬੜੀ ਟੇਡੀ ਖੀਰ’ ਹੈ ਤੋਂ ਭਾਵ ਕਠਿਨ ਕੰਮ ਹੈ ਨਾ ਕਿ ਦੁੱਧ ਚਾਵਲ ਤੇ ਚੀਨੀ ਤੋਂ ਪਕਾਇਆ ਗਿਆ ਭੋਜਨ । ਇਸੇ ਤਰ੍ਹਾਂ ਉਹ ਸ਼ਰਮ ਨਾਲਪਾਣੀ ਪਾਣੀ ਹੋ ਗਿਆ’ ਦੀ ਥਾਂ ਤੇ ‘ ਜਲ ਜਲ ਹੋ ਗਿਆ’ ਨਹੀਂ ਵਰਤਿਆ ਜਾ ਸਕਦਾ । ਮੁਹਾਵਰਿਆਂ ਵਿਚ ਕੋਸ਼ਗਤ ਅਰਥਾਂ ਦੀ ਅਵਹੇਲਨਾ ਕਾਰਣ ਹੀ ਅੰਗ੍ਰੇਜ਼ੀ ਵਿਚ ਇਹ ਗੱਲ ਪ੍ਰਸਿੱਧ ਹੈ ਕਿ ਮਹਾ ਮੂਰਖਾਂ ਦੇ ਗ਼ਲਤ ਵਚਨ ਹੀ ਮੁਹਾਵਰੇ ਬਣ ਜਾਂਦੇ ਹਨ ।

                  ਮੁਹਾਵਰਿਆਂ ਦੀ ਪੰਜਾਬੀ ਭਾਸ਼ਾ ਬਹੁਤ ਅਮੀਰ ਹੈ । ਇਸ ਦਾ ਕਾਰਣ ਇਹ ਹੈ ਕਿ ਪੰਜਾਬੀ ਲੋਕ ਗੱਲ ਜ਼ਰਾ ਠੁਕ ਨਾਲ ਕਰਦੇ ਹਨ । ਠੁਕ ਸ਼ਬਦ ਦੇ ਸੁੰਦਰ ਸੁਮੇਲ ਅਤੇ ਰੂੜ੍ਹ ਪ੍ਰਯੌਗ ਨਾਲ ਬੱਝਦਾ ਹੈ । ਠੁਕਦਾਰ ਸ਼ਬਦ– ਪ੍ਰਯੋਗ ਵਿਚੋਂ ਵੀ ਕੁਝ ਵਿਸ਼ੇਸ਼ ਉਕਤੀਆਂ ਮੁਹਾਵਰਿਆਂ ਦਾ ਰੂਪ ਧਾਰਣ ਕਰ ਲੈਂਦੀਆਂ ਹਨ । ਸ਼ਬਦ ਸਦਾ ਜਨਤਾ ਦੀ ਮੌਖਿਕ ਟਕਸਾਲ ਵਿਚ ਘੜੇ ਜਾਂਦੇ ਹਨ , ਉੱਥੋਂ ਹੀ ਇਨ੍ਹਾਂ ਨੂੰ ਵਿਸ਼ੇਸ਼ ਅਰਥ ਮਿਲਦੇ ਹਨ , ਸਹਿਜੇ ਸਹਿਜੇ ਅਰਥਾਂ ਵਿਚ ਵਿਸਤਾਰ ਹੁੰਦਾ ਹੈ , ਉਨ੍ਹਾਂ ਤੋਂ ਕਈ ਪ੍ਰਕਾਰ ਦੇ ਭਾਵ ਕੱਢੇ ਜਾਣ ਲੱਗਦੇ ਹਨ , ਭਾਵ ਕੱਢਣ ਦੀ ਇਸ ਪ੍ਰਕ੍ਰਿਆ ਵਿਚ ਕਈ ਵਾਰ ਮੂਲ ਅਰਕ ਵੀ ਬਦਲ ਜਾਂਦੇ ਹਨ । ਅਭਿਧਾ ਅਰਥ ਸ਼ਕਤੀ ਤੋਂ ਹਟ ਕੇ ਲਕਸ਼ਣਾ ਅਤੇ ਵਿਅੰਜਨਾ ਸ਼ਕਤੀਆਂ ਦੇ ਯੋਗ ਨਾਲ ਹੀ ਸ਼ਬਦ ਮੁਹਾਵਰਿਆਂ ਦਾ ਰੂਪ ਧਾਰਣ ਕਰਦੇ ਹਨ । ਉਨ੍ਹਾਂ ਦੇ ਅਰਥ ਕੋਸ਼ਾਂ ਵਿਚ ਦਿੱਤੇ ਅਰਥਾਂ ਤੋਂ ਭਿੰਨ ਹੋ ਜਾਂਦੇ ਹਨ । ਇਹ ਗੁੱਝੇ ਜਾਂ ਸੰਕੇਤਕ ਅਰਥ ਸਾਧਾਰਣ ਤੋਂ ਹਟਵੇਂ ਹੁੰਦੇ ਹਨ । ਉਦਾਹਰਣ ਵਜੋਂ ਅੱਖ ਸ਼ਬਦ ਦੀ ਲਵੋ , ਇਸ ਨਾਲ ਸੰਬੰਧਿਤ ਦਰਜਨਾਂ ਮੁਹਾਵਰੇ ਪੰਜਾਬੀ ਵਿਚ ਮੌਜੂਦ ਹਨ । ‘ ਅੱਖਾ ’ ਤੇ ਬਿਠਾਉਣਾ’ ਮੁਹਾਵਰਾ ਹੈ । ਇਸ ਦਾ ਕੋਸ਼ਗਤ ਅਰਥ ਅੱਖ ਉੱਤੇ ਕਿਸੇ ਚੀਜ਼ ਨੂੰ ਬਿਠਾਉਣਾ ਹੈ , ਪਰ ਪ੍ਰਯੋਗ ਵਿਚ ਇਸ ਦਾ ਅਰਥ ਹੈ ਕਿਸੇ ਪ੍ਰਤਿ ਸਨਮਾਨ ਦਾ ਭਾਵ ਪ੍ਰਗਟ ਕਰਨਾ । ‘ ਅੱਖਾਂ ਕੱਢਣੀਆਂ’ ਦਾ ਅਰਥ ਅੱਖਾਂ ਨੂੰ ਬਾਹਰ ਕੱਢਣਾ ਦੀ ਥਾਂ ਤੇ ਗੁੱਸੇ ਹੋਣਾ ਹੈ । ਇਹ ਸੰਕੇਤਕ ਅਰਥ ਹੈ । ਇਸੇ ਤਰ੍ਹਾਂ ‘ ਅੱਖ ਆਉਣਾ’ ਤੋਂ ਭਾਵ ਅੱਖ ਦਾ ਦੁਖਣਾ , ‘ ਅੱਖਾਂ ਨੀਵੀਆਂ ਕਰਨੀਆਂ’ ਤੋਂ ਭਾਵ ਲਜਿਤ ਜਾਂ ਸ਼ਰਮਸ਼ਾਰ ਹੋਣਾ , ‘ ਅੱਖ ਚੁਰਾਉਣਾ’ ਤੋਂ ਭਾਵ ਕਤਰਾਉਣਾ , ਬੇਰੁਖੀ ਪ੍ਰਗਟ ਕਰਨ , ‘ ਅੱਖ ਬਣਾਉਣਾ’ ਤੋਂ ਭਾਵ ਅੱਖ ਨੂੰ ਆਪਰੇਸ਼ਨ ਰਾਹੀਂ ਠੀਕ ਕਰਾਉਣਾ , ‘ ਅੱਖ ਬਦਲ ਜਾਣਾ’ ਤੋਂ ਭਾਵ ਸਲੂਕ ਜਾਂ ਵਿਵਹਾਰ ਵਿਚ ਫ਼ਰਕ ਪੈ ਜਾਣਾ ਹੈ । ਇਨ੍ਹਾਂ ਹੀ ਲੀਹਾਂ ਤੇ ਹੋਰ ਅਨੇਕਾਂ ਸ਼ਬਦਾਂ ਤੋਂ ਮੁਹਾਵਰੇ ਬਣਦੇ ਹਨ । ਕੋਸ਼ ਵਾਲੇ ਅਰਥ ਤੋਂ ਹਟ ਕੇ ਸੰਕੇਤਕ ਅਰਥ ਨਿਸ਼ਚਿਤ ਹੋਣ ਪਿੱਛੇ ਪੂਰਾ ਇਤਿਹਾਸ ਹੈ । ਇਸ ਦਾ ਆਰੰਭ ਇਸ ਕੀਤਾ ਇਸ ਬਾਰੇ ਕਿਤੋਂ ਕੋਈ ਗਵਾਹੀ ਨਹੀਂ ਮਿਲਦੀ ।

                  ਜਨ– ਜੀਵਨ ਜਾਂ ਲੋਕ– ਜੀਵਨ ਨਾਲ ਸੰਬੰਧਿਤ ਹੋਣ ਕਾਰਣ ਕਿਸੇ ਭਾਸ਼ਾ ਦੇ ਮੁਹਾਵਰੇ ਦੀ ਤਹਿ ਤਕ ਉਹੀ ਪਹੁੰਚ ਸਕਦਾ ਹੈ ਜਿਸ ਦੀ ਉਹ ਬੋਲੀ ਮਾਤ ਭਾਸ਼ਾ ਹੋਵੇ । ਗ਼ੈਰ– ਭਾਸ਼ੀ ਵਿਅਕਤੀ ਮੁਹਾਵਰਿਆਂ ਦੀ ਤਹਿ ਤਕ ਨਹੀਂ ਪਹੁੰਚ ਸਕਦਾ । ਪੰਜਾਬੀ ਵਿਚ ‘ ਚੜ੍ਹਾਈ ਕਰ ਜਾਣ’ ਮੁਹਾਵਰਾ ਕਿਸੇ ਦੇ ਦੇਹਾਂਤ ਹੋਣ ਤੇ ਵਰਤਿਆ ਜਾਂਦਾ ਹੈ । ਪਰ ਇਕ ਵਾਰ ਇਕ ਪੰਜਾਬੀ ਪੁਸਤਕ ਦਾ ਹਿੰਦੀ ਵਿਚ ਅਨੁਵਾਦ ਕਰਦਿਆਂ ਇਕ ਹਿੰਦੀ– ਭਾਸ਼ੀ ਅਨੁਵਾਦਕ ਨੇ ਇਸ ਨੂੰ ’ ਆਕ੍ਰਮਣ ਕਰਨਾ’ ਲਿਖ ਦਿੱਤਾ । ਅਜਿਹਾ ਕਰਨ ਵਿਚ ਉਸ ਦੀ ਪੰਜਾਬੀ ਭਾਸ਼ਾ ਅਤੇ ਮੁਹਾਵਰੇ ਦੀ ਡੂੰਘੀ ਪਛਾਣ ਨਾ ਹੋਣਾ ਹੈ ।            

                  ਮੁਹਾਵਰਿਆਂ ਦੀ ਵਰਤੋਂ ਕਿਸੇ ਭਾਸ਼ਾਂ ਨੂੰ ਜਿੱਥੇ ਸ਼ਕਤੀ ਪ੍ਰਦਾਨ ਕਰਨੀ ਹੈ , ਉੱਥੇ ਉਸ ਵਿਚ ਸੰਕੋਚ ਵੀ ਪੈਦਾ ਕਰਦੀ ਹੈ । ਮੁਹਾਵਰੇ ਗਾਗਰ ਵਿਚ ਸਾਗਰ ਭਰ ਦਿੰਦੇ ਹਨ , ਭਾਸ਼ਾ ਵਿਚ ਇਕ ਖ਼ਾਸ ਤਰ੍ਹਾਂ ਦਾ ਰਸ ਜਾਂ ਸੁਆਦ ਭਰ ਦਿੰਦੇ ਹਨ , ਇਕ ਖਿੱਚ ਜਿਹੀ ਪੈਦਾ ਕਰ ਦਿੰਦੇ ਹਨ । ਮੁਹਾਵਰਿਆਂ ਦਾ ਮੂਲ ਆਧਾਰ ਲੋਕ– ਜੀਵਨ ਵਿਚ ਹੈ । ਲੋਕ– ਜੀਵਨ ਵਿਚ ਪੇਂਡੂ ਇਸਤ੍ਰੀਆਂ ਮੁਹਾਵਰੇ ਘੜਨ ਵਿਚ ਜ਼ਿਆਦਾ ਹਿੱਸਾ ਪਾਉਂਦੀਆਂ ਹਨ । ਠੁਕ ਨਾਲ ਗੱਲ ਕਰਨ ਵਾਲੀ ਇਸਤ੍ਰੀ ਜਿਉਂ ਜਿਉਂ ਬਿਰਧ ਹੁੰਦੀ ਜਾਏਗੀ , ਉਸ ਦੀ ਮੁਹਾਵਰਾ– ਸਿਰਜਣ– ਸ਼ਕਤੀ ਵੱਧਦੀ ਜਾਏਗੀ ਅਤੇ ਉਸ ਪਾਸ ਹੋਰ ਮੁਹਾਵਰਿਆਂ ਦਾ ਭੰਡਾਰ ਵੀ ਵੱਧਦਾ ਜਾਏਗਾ । ਕਈ ਵਾਰ ਸ਼ੁਭਤਾ ਸੂਚਕ ਸ਼ਬਦ ਪ੍ਰਯੋਗ ਵੀ ਮੂਲ ਅਰਥ ਤੋਂ ਹਟ ਕੇ ਮੁਹਾਵਰਾ ਬਣ ਜਾਂਦਾ ਹੈ । ਜਦੋਂ ਕੋਈ ਸ਼ਬਦ ਆਪਣੇ ਪ੍ਰਯੋਗ ਵਿਚ ਕਿਸੇ ਪ੍ਰਕਾਰ ਦੀ ਕੋਈ ਮਾੜੀ ਸੂਚਨਾ ਜਾਂ ਮਾੜਾ ਪ੍ਰਭਾਵ ਪਾਉਂਦਾ ਹੋਵੇ , ਤਾਂ ਉਸ ਮਾੜੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਕਿਸੇ ਸ਼ੁਭ ਜਾਂ ਸੁਖਾਵੇਂ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ । ਜਿਵੇਂ ਕਿਸੇ ਦੇ ਦੇਹਾਂਤ ਨੂੰ ‘ ਸੁਅਰਗਵਾਸ ਹੋਣਾ’ , ਦੁਕਾਨ ਨੂੰ ਬੰਦ ਕਰਨ ਨੂੰ ‘ ਦੁਕਾਨ ਵਧਾਉਣਾ’ ਕਿਹਾ ਜਾਂਦਾ ਹੈ । ਮਿੱਥਿਆ ਅਨੁਰੂਪਤਾ ਰਾਹੀਂ ਵੀ ਮੁਹਾਵਰੇ ਜਨਮ ਲੈਂਦੇ ਹਨ ਜਿਵੇਂ ‘ ਕਾਨ੍ਹ ਬਣੀ ਫਿਰਨਾ’ ਜਾਂ ‘ ਅਫ਼ਲਾਤੂਨ ਹੋਣਾ’ ਪਿੱਛੇ ਕਾਨ੍ਹ ਅਤੇ ਅਫ਼ਲਾਤੂਨ ਦੀਆਂ ਚਾਰਿਤ੍ਰਿਕ ਜਾਂ ਬੌਧਿਕ ਵਿਸ਼ੇਸ਼ਤਾਵਾਂ ਨੂੰ ਕਿਸੇ ਵਿਅਕਤੀ ਉਪਰ ਮਿੱਥਿਆ ਰੂਪ ਵਿਚ ਆਰੋਪਿਤ ਕਰਨਾ ਹੈ । ਇਸੇ ਤਰ੍ਹਾਂ ਅਤਿਕਥਨੀ ਰਾਹੀਂ ਵੀ ਮੁਹਾਵਰੇ ਜਨਮ ਲੈਂਦੇ ਹਨ ਜਿਵੇਂ ਕਿਸੇ ਚੀਜ਼ ਦੀ ਅਧਿਕ ਉਤਪੱਤੀ ਲਈ ‘ ਹੜ ਆਉਣਾ’ , ਅਧਿਕ ਸ਼ੋਰ ਸ਼ਰਾਬੇ ਲਈ ‘ ਤੂਫਾਨ ਖੜਾ ਕਰਨਾ’ ਕਿਸੇ ਦੀ ਉਸਤਤਿ ਕਰਨ ਲਈ ‘ ਤਾਰੀਫ਼ ਦੇ ਪੁਲ ਬੰਨ੍ਹਣਾ’ ਕਿਹਾ ਜਾਂਦਾ ਹੈ । ਕਈ ਵਾਰ ਪਜ ਪਾਉਣ ਲਈ ਵੀ ਸ਼ਬਦਾਂ ਦਾ ਆਮ ਨਾਲੋਂ ਵੱਖਰਾ ਪ੍ਰਯੋਗ ਮੁਹਾਵਰੇ ਦਾ ਰੂਪ ਧਾਰਣ ਕਰ ਲੈਂਦਾ ਹੈ ਜਿਵੇਂ ਕਿਸੇ ਨੂੰ ਘਰ ਅੰਦਰ ਪ੍ਰਵੇਸ਼ ਕਰਨ ਲਈ ‘ ਚਰਨ ਪਾਉਣਾ’ , ਬੈਠਣ ਲਈ ‘ ਤਸ਼ਰੀਫ਼ ਰੱਖਣਾ’ ਕਿਹਾ ਜਾਂਦਾ ਹੈ । ਇਸੇ ਤਰ੍ਹਾਂ ਅਰਥ ਸੰਕੋਚ , ਅਰਥ ਵਿਸਤਾਰ , ਅਰਥ ਉਤਕਰਸ਼ , ਅਰਥ ਅਪਕਰਸ਼ ਨਾਲ ਵੀਂ ਮੁਹਾਵਰੇ ਹੋਂਦ ਵਿਚ ਆਉਂਦੇ ਰਹਿੰਦੇ ਹਨ । ਕਿਸੇ ਵੀ ਸਾਧਨ ਰਾਹੀਂ ਕਿਸੇ ਸ਼ਬਦ ਦੇ ਅਭਿਧਾ– ਮੂਲਕ ਅਰਥ ਦੀ ਥਾਂ ਕਿਸੇ ਹੋਰ ਅਰਥ ਨੂੰ ਭਰਨਾ ਹੀ ਮੁਹਾਵਰੇ ਦੀ ਬਣਨ– ਪ੍ਰਕ੍ਰਿਆ ਹੈ ।

                  ਮੁਹਾਵਰਿਆਂ ਦੀ ਬਣਨ– ਪ੍ਰਕ੍ਰਿਆ ਦੇ ਵੀ ਕਈ ਰੂਪ ਹਨ । ਇਨ੍ਹਾਂ ਵਿਚ ਪ੍ਰਮੁੱਖ ਵਿਧੀ ਹੈ ਨਾਂਵ ਤੇ ਕ੍ਰਿਆ ਦੇ ਸੰਯੋਗ ਨਾਲ , ਜਿਵੇਂ ਕਿਸੇ ਦੇ ਘਰ ਸੰਤਾਨ ਪੈਦਾ ਹੋਣ ਲਈ ‘ ਬੂਟਾ ਲਗਣਾ’ ਮੁਹਾਵਰਾ ਬਣਦਾ ਹੈ , ਜ਼ਿੰਮੇਵਾਰੀ ਤੋਂ ਸੂਰਖ਼ਰੂ ਹੋਣ ਲਈ ‘ ਗੰਗਾ ਨਾਹੁਣਾ’ , ਬੇਸ਼ਰਮ ਸਿੱਧ ਕਰਨ ਲਈ ‘ ਲੋਈ ਲਾਹੁਣਾ’ ਆਦਿ ਮੁਹਾਵਰਿਆਂ ਵਿਚ ਸ਼ਬਦ– ਕ੍ਰਿਆ ਸੰਯੋਗ ਵਿਧੀ ਵਰਤੀ ਗਈ ਹੈ । ਇਸੇ ਤਰ੍ਹਾਂ ਨਾਂਵਾਂ– ਨਾਂਵਾਂ ਦੇ ਸੰਯੋਗ , ਵਿਸ਼ੇਸ਼ਣਾਂ ਅਤੇ ਨਾਂਵਾਂ ਦੇ ਸੰਯੋਗ ਨਾਲ ਹੀ ਮੁਹਾਵਰੇ ਹੋਂਦ ਵਿਚ ਆਉਂਦੇ ਹਨ ।

                  ਮੁਹਾਵਰਿਆਂ ਦਾ ਸੰਬੰਧ ਵੀ ਵੱਖ ਵੱਖ ਖੇਤਰਾਂ ਨਾਲ ਹੈ । ਕੁਝ ਮੁਹਾਵਰੇ ਕੇਵਲ ਮਨੁੱਖੀ ਸ਼ਰੀਰ ਨਾਲ ਸੰਬੰਧਿਤ ਹਨ , ਜਿਵੇਂ ਅੱਖ ਨਾਲ ਸੰਬੰਧਿਤ ਕੁਝ ਮੁਹਾਵਰਿਆਂ ਵੱਲ ਪਹਿਲਾਂ ਸੰਕੇਤ ਕੀਤਾ ਜਾ ਚੁੱਕਿਆ ਹੈ । ਇਸੇ ਤਰ੍ਹਾਂ ਨਕ ਨਾਲ ਸੰਬੰਧਿਤ ਕੁਝ ਮੁਹਾਵਰੇ ਹਨ ਜਿਵੇਂ ‘ ਨਕ ਉੱਤੇ ਮੱਖੀ ਨਾ ਬਹਿਣ ਦੇਣਾ’ , ‘ ਨਕ ਹੇਠ ਨਾ ਲਿਆਉਣਾ’ , ‘ ਨਕ ਚਾੜ੍ਹਨਾ’ , ‘ ਨਕ ਦਮ ਕਰਨਾ’ , ‘ ਨਕ ਨਕੇਲ ਪਾਉਣਾ’ , ‘ ਨਕ ਨਾਲ ਲਕੀਰਾਂ ਕਢਾਉਣਾ’ , ‘ ਨਕ ਵੱਡ ਦੇਣਾ’ ਆਦਿ । ਦਿਲ ਨਾਲ ਸੰਬੰਧਿਤ ਵੀ ਕਈ ਮੁਹਾਵਰੇ ਪੰਜਾਬੀ ਵਿਚ ਵਰਤੇ ਜਾਂਦੇ ਹਨ , ਜਿਵੇਂ ‘ ਦਿਲ ਦੇਣਾ’ , ‘ ਦਿਲ ਲਗਣਾ’ , ‘ ਦਿਲ ਹੌਲਾ ਕਰਨਾ’ , ‘ ਦਿਲ ਕਾਇਮ ਰੱਖਣਾ’ , ‘ ਦਿਲ ਖੱਟਾ ਹੋਣਾ’ , ‘ ਦਿਲ ਵਿਚੋਂ ਕੱਢਣਾ’ , ‘ ਦਿਲ ਡੋਲਣਾ’ , ‘ ਦਿਲ ਤੋੜਨਾ’ ਆਦਿ । ਇਸ ਤਰ੍ਹਾਂ ਦਿਮਾਗ਼ , ਢਿਡ , ਪੈਰ , ਗਿਟੇ , ਬਗਲਾਂ , ਸਿਰ , ਵਾਲ ਆਦਿ ਨਾਲ ਅਨੇਕਾਂ ਮੁਹਾਵਰੇ ਜੁੜੇ ਹੋਏ ਹਨ , ਜਿਵੇਂ ‘ ਵਾਲ ਦੀ ਖਲ੍ਹ ਲਾਹੁਣਾ’ , ‘ ਗਿਟੇ ਭੰਨਣੇ’ , ‘ ਪੈਰ ਪਸਾਰਨਾ’ , ‘ ਸਿਰ ਖਾਉਣਾ’ , ‘ ਬਗਲਾਂ ਵਜਾਉਣਾ’ , ‘ ਦਿਮਾਗ਼ ਚਟਣਾ’ , ‘ ਢਿਡ ਵਿਚ ਚੂਹੇ ਨਚਣਾ’ ।                  

                  ਪੰਜਾਬ ਦੇ ਕਈ ਕਿੱਤਿਆਂ ਨਾਲ ਵੀ ਅਨੇਕ ਮੁਹਾਵਰੇ ਸੰਬੰਧਿਤ ਹਨ । ਦੁਕਾਨਦਾਰ ਦੁਆਰਾ ਘੱਟ ਤੋਲਣ ਦੀ ਕ੍ਰਿਆ ਲਈ ‘ ਠੂਗਾ ਮਾਰਨਾ’ , ਤਿਰਖਾਣ ਦੁਆਰਾ ਕਿਸੇ ਚੀਜ਼ ਨੂੰ ਵੇਖਣ ਲਈ ‘ ਠੋਕ ਵਜਾ ਕੇ ਵੇਖਣਾ’ , ਲੋਹਾਰ ਦੁਆਰਾ ਕਿਸੇ ਚੀਜ਼ ਨੂੰ ਸਿੱਧਾ ਕਰਨ ਲਈ ‘ ਤਕਲੇ ਵਾਂਗ ਸਿੱਧਾ ਕਰਨਾ’ ਕਿਹਾ ਜਾਂਦਾ ਹੈ । ਇਤਿਹਾਸ ਮਿਥਿਹਾਸ ਨਾਲ ਹੀ ਸੰਬੰਧ ਰੱਖਦੇ ਕਈ ਮੁਹਾਵਰੇ ਪੰਜਾਬੀ ਵਿਚ ਪ੍ਰਚੱਲਿਤ ਹਨ , ਜਿਵੇਂ ‘ ਦਰੋਪਦੀ ਵਾਂਗ ਲਾਜ ਰੱਖਣਾ’ , ‘ ਮਹਾਭਾਰਤ ਛੋਹਣਾ’ । ਇਸੇ ਤਰ੍ਹਾਂ ਰੀਤਾਂ ਰਿਵਾਜਾਂ , ਤਿਓਹਾਰਾਂ ਨਾਲ ਸੰਬੰਧਿਤ ਵੀ ਬਹੁਤ ਸਾਰੇ ਮੁਹਾਵਰੇ ਮਿਲ ਜਾਂਦੇ ਹਨ , ਜਿਵੇਂ ‘ ਈਦ ਦਾ ਚੰਨ ਹੋਣਾ’ , ‘ ਦਾਜ ਖਿਲਾਰਨਾ’ । ਨਿਤ ਦੇ ਜੀਵਨ ਨਾਲ ਵੀ ਸੰਬੰਧਿਤ ਕਈ ਮੁਹਾਵਰੇ ਮਿਲਦੇ ਹਨ , ਜਿਵੇਂ ‘ ਅਗਾ ਸੁਆਰਨਾ’ , ‘ ਅਨ੍ਹੇਰ ਮਚਣਾ’ , ‘ ਇੱਟ ਨਾਲ ਇੱਟ ਖੜਕਾਉਣੀ’ , ‘ ਹੱਡ ਹਰਾਮ ਹੋਣਾ’ । ਕਈ ਮੁਹਾਵਰੇ ਪਸ਼ੂਆਂ , ਪੰਛੀਆਂ ਨਾਲ ਵੀ ਸੰਬੰਧਿਤ ਹਨ ਜਿਵੇਂ ‘ ਭੇਡ ਚਾਲ’ , ‘ ਨਿਰੀ ਗਊ’ , ‘ ਤਿਤਰ ਹੋ ਜਾਣਾ’ , ‘ ਹਰਨ ਹੋ ਜਾਣਾ’ । ਇਸੇ ਤਰ੍ਹਾਂ ਫੁੱਲਾਂ– ਫਲਾਂ , ਬਸਤ੍ਰਾਂ– ਸ਼ਸਤ੍ਰਾਂ , ਨਾਲ ਵੀ ਸੰਬੰਧਿਤ ਅਨੇਕ ਮੁਹਾਵਰੇ ਮਿਲਦੇ ਹਨ । ਸਮੁੱਚੇ ਤੌਰ ਤੇ ਪੰਜਾਬੀ ਮੁਹਾਵਰੇ ਪੰਜਾਬੀ ਜਨ– ਜੀਵਨ ਦੇ ਅਨੁਭਵ ਨੂੰ ਆਪਣੇ ਵਿਚ ਸਮੋਏ ਹੋਏ ਹਨ ।      


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.