ਮੈਥਿਲੀਸ਼ਰਨ ਗੁਪਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੈਥਿਲੀਸ਼ਰਨ ਗੁਪਤ ( 1886– 1967 ) : ਆਧੁਨਿਕ ਹਿੰਦੀ ਸਾਹਿਤ ਵਿੱਚ ਮੈਥਿਲੀਸ਼ਰਨ ਗੁਪਤ ਪ੍ਰਮੁਖ ਅਤੇ ਰਾਸ਼ਟਰੀ ਕਵੀ ਦੇ ਰੂਪ ਵਿੱਚ ਪ੍ਰਸਿੱਧ ਹੋਇਆ । ਗੁਪਤ ਦੇ ਸਾਰੇ ਕਾਵਿ ਵਿੱਚ ਆਪਣੇ ਦੇਸ ਪ੍ਰਤਿ ਇੱਕ ਸਮਰਪਨ ਦੀ ਭਾਵਨਾ ਹੈ । ਗੁਪਤ ਦਾ ਜਨਮ 1886 ਵਿੱਚ ਚਿਰਗਾਂਵ ਜ਼ਿਲ੍ਹਾ ਝਾਂਸੀ ਵਿੱਚ ਹੋਇਆ । ਉਸ ਦੀ ਸਿੱਖਿਆ ਸਕੂਲ ਵਿੱਚ ਹੀ ਹੋਈ । ਮੈਥਿਲੀਸ਼ਰਨ ਗੁਪਤ ਨੇ ਘਰ ਰਹਿ ਕੇ ਬੰਗਲਾ , ਸੰਸਕ੍ਰਿਤ ਅਤੇ ਹਿੰਦੀ ਆਦਿ ਭਾਰਤੀ ਭਾਸ਼ਾਵਾਂ ਨੂੰ ਪੜ੍ਹਿਆ । 1936 ਵਿੱਚ ਉੱਚ ਕਾਂਸ਼ੀ ਵਿੱਚ ਉਸ ਨੂੰ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ । ਉਸ ਦੀਆਂ ਸਾਹਿਤ ਸੇਵਾਵਾਂ ਦੇ ਬਦਲੇ ਆਗਰਾ ਅਤੇ ਇਲਾਹਾਬਾਦ ਵਿਸ਼ਵ ਵਿਦਿਆਲਿਆ ਨੇ ਡੀ.ਲਿਟ. ਦੀ ਉਪਾਧੀ ਨਾਲ ਸਨਮਾਨਿਤ ਕੀਤਾ । ਉਹ ਰਾਜ ਸਭਾ ਦਾ ਮੈਂਬਰ ਵੀ ਰਿਹਾ । ਉਸ ਨੂੰ ਪਦਮ ਭੂਸ਼ਨ ਨਾਲ ਵੀ ਸਤਿਕਾਰਿਆ ਗਿਆ । ਉਸ ਦੇ ਮਹਾਂਕਵੀ ਅਤੇ ਰਾਸ਼ਟਰੀ ਕਵੀ ਦੇ ਰੂਪ ਵਿੱਚ ਮਾਣ ਪ੍ਰਾਪਤ ਹੋਣ ਦਾ ਸਿਹਰਾ ਸਰਸਵਤੀ ਦੇ ਸੰਪਾਦਕ ਅਚਾਰੀਆ ਮਹਾਂਵੀਰ ਪ੍ਰਸ਼ਾਦ ਦ੍ਵਿਵੇਦੀ ਅਤੇ ਉਸ ਦੇ ਪਿਤਾ ਸੇਠ ਰਾਮਚਰਨ ਨੂੰ ਜਾਂਦਾ ਹੈ । ਰੰਗ ਮੇ ਭੰਗ ਉਸ ਦਾ ਸਭ ਤੋਂ ਪਹਿਲਾ ਪ੍ਰਬੰਧ-ਕਾਵਿ ਸੀ , ਜਿਸ ਵਿੱਚ ਚਿਤੌੜ ਅਤੇ ਬੁੰਦੀ ਦੇ ਰਾਜ ਘਰਾਣਿਆਂ ਦੀ ਆਨ ਅਤੇ ਸ਼ਾਨ ਦੀ ਕਹਾਣੀ ਹੈ ।

        ਸਾਕੇਤ , ਭਾਰਤ-ਭਾਰਤੀ , ਰੰਗ ਮੇ ਭੰਗ , ਦਵਾਪਰ , ਨਹੁਸ਼ , ਕਿਸਾਨ , ਉਰਮਿਲਾ , ਚੰਦਰਹਾਂਸ , ਹਿੰਦੂ , ਵਕ-ਸੰਹਾਰ ਆਦਿ ਮੈਥਿਲੀਸ਼ਰਨ ਗੁਪਤ ਦੀਆਂ ਪ੍ਰਸਿੱਧ ਕਾਵਿ-ਰਚਨਾਵਾਂ ਹਨ । ਗੁਪਤ ਰੀਤੀ-ਰਿਵਾਜਾਂ ਦਾ ਕਲਾਕਾਰ ਸੀ । ਗੁਪਤ ਦੇ ਕਾਵਿ ਵਿੱਚ ਭਾਰਤੀ ਸੰਸਕ੍ਰਿਤੀ ਪ੍ਰਮੁਖ ਰੂਪ ਵਿੱਚ ਸਾਮ੍ਹਣੇ ਆਈ । ਉਹ ਜੀਵਨ ਭਰ ਰਾਮ ਅਤੇ ਮਾਨਵਤਾ ਦੀ ਸਾਧਨਾ ਕਰਦੇ ਹੋਏ ਅੰਤ ਵਿੱਚ ਆਪਣੇ ਰਾਮ ਵਿੱਚ ਹੀ ਲੀਨ ਹੋ ਗਿਆ । ਉਸ ਨੇ ਭਾਰਤ ਵਾਸੀਆਂ ਨੂੰ ਨੈਤਿਕ ਰੂਪ ਤੋਂ ਉਪਰ ਚੁੱਕਣ ਲਈ ਅਤੇ ਉਹਨਾਂ ਦਾ ਪੱਧਰ ਉੱਚਾ ਕਰਨ ਲਈ ਆਪਣੇ ਕਾਵਿ ਵਿੱਚ ਆਦਰਸ਼ਵਾਦ ਨੂੰ ਥਾਂ ਦਿੱਤੀ । ਨਵੇਂ ਵਿਗਿਆਨਿਕ ਯੁੱਗ ਦੇ ਅਨੁਕੂਲ ਬੁੱਧੀਵਾਦ ਦਾ ਵਿਕਾਸ ਹੋਇਆ । ਗੁਪਤ ਦੇ ਸਾਕੇਤ ਵਿੱਚ ਇਹੀ ਪ੍ਰਭਾਵ ਦਿਖਾਈ ਦਿੰਦਾ ਹੈ :

ਰਾਮ ਤੁਮ ਮਾਨਵ ਹੋ ?

ਇਸ਼ਵਰ ਨਹੀਂ ਹੋ ਕਿਆ ?

        ਉਸ ਦੇ ਕਾਵਿ ਵਿੱਚ ਕੌਮੀ ਪ੍ਰੇਮ-ਭਾਵ ਬਹੁਤ ਡੂੰਘਾ ਸਮਾਇਆ ਹੋਇਆ ਸੀ । ਉਸ ਨੂੰ ਭਾਰਤ ਦੇ ਕਣ-ਕਣ ਨਾਲ ਪਿਆਰ ਸੀ ।

ਗੁਪਤ ਨੇ ਨਾਰੀ ਨੂੰ ਬਹੁਤ ਇੱਜ਼ਤ ਮਾਣ ਨਾਲ ਦੇਖਿਆ । ਉਸ ਨੇ ਨਾਰੀ ਨੂੰ ਸਮਾਜ ਵਿੱਚ ਮਾਣ ਅਤੇ ਉੱਚਾ ਸਨਮਾਨ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ । ਨਾਰੀ ਦੀ ਬੁਰੀ ਹਾਲਤ ਵੇਖ ਕੇ ਚੰਗਾ ਬਣਾਉਣ ਦੀ ਕੋਸ਼ਿਸ਼ ਕੀਤੀ ।

        ਗੁਪਤ ਇੱਕ ਮਹਾਨ ਵਿਦਵਾਨ ਸੀ । ਉਸ ਨੇ ਕੁਦਰਤ ਦੇ ਸਾਰੇ ਰੂਪਾਂ ਦਾ ਵਰਣਨ ਕੀਤਾ ਹੈ । ਉਸ ਨੇ ਹਿੰਦੂ ਸਮਾਜ ਵਿੱਚ ਭਾਰਤੀ ਕਿਰਸਾਣ ਅਤੇ ਸਮਾਜ ਦੇ ਪਛੜੇ ਵਰਗ ਦਾ ਖੁੱਲ੍ਹ ਕੇ ਵਰਣਨ ਕੀਤਾ । ਉਹਨਾਂ ਬਾਰੇ ਬੜੇ ਪ੍ਰੇਮ ਨਾਲ ਅਤੇ ਹਮਦਰਦੀ ਨਾਲ ਲਿਖਿਆ । ਗੁਪਤ ਦੇ ਕਾਵਿ ਦੀ ਭਾਸ਼ਾ ਕੋਮਲ ਅਤੇ ਸਰਲ ਸੀ । ਉਸ ਨੇ ਆਪਣੀਆਂ ਕਾਵਿ-ਰਚਨਾਵਾਂ ਵਿੱਚ ਖੜ੍ਹੀ ਬੋਲੀ ਦਾ ਪ੍ਰਯੋਗ ਕੀਤਾ ।


ਲੇਖਕ : ਕਮਲੇਸ਼,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.