ਮੰਤਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੰਤਰ : ਲੋਕ ਮਨ ਸਮਝਦਾ ਹੈ ਕਿ ਇਸ ਬ੍ਰਹਿਮੰਡ ਉਪਰ ਹੋਣ ਵਾਲੀਆਂ ਘਟਨਾਵਾਂ ਨੂੰ ਕੋਈ ਦੈਵੀ ਜਾਂ ਰੱਬੀ ਅਦਿੱਖ ਸ਼ਕਤੀ ਕਾਬੂ ਕਰਦੀ ਹੈ । ਵਿਅਕਤੀ ਆਪਣੇ ਮਨ ਦੀਆਂ ਇੱਛਾਵਾਂ ਨੂੰ ਪੂਰਿਆਂ ਕਰਨ ਲਈ ਭਾਵ ਨਾ ਚੰਗੀਆਂ ਲੱਗਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਚੰਗੀਆਂ ਲੱਗਣ ਵਾਲੀਆਂ ਘਟਨਾਵਾਂ ਨੂੰ ਕਰਨ ਲਈ ਉਸ ਦੈਵੀ ਸ਼ਕਤੀ ਨੂੰ ਮਨਾਉਣ/ਰਿਝਾਉਣ ਦੀ ਕੋਸ਼ਿਸ਼ ਕਰਦਾ ਹੈ । ਜਿੱਥੇ ਧਾਰਮਿਕ ਵਿਅਕਤੀ ਦੈਵੀ ਸ਼ਕਤੀ ਅੱਗੇ ਪੂਰਨ ਰੂਪ ਵਿੱਚ ਸਮਰਪਣ ਕਰ ਕੇ ਉਸ ਅੱਗੇ ਆਪਣੀ ਇੱਛਾ ਪੂਰਤੀ ਲਈ ਬੇਨਤੀਆਂ ਕਰਦਾ ਹੈ ਉੱਥੇ ਜਾਦੂ-ਟੂਣੇ ਵਿੱਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਸਮਝਦਾ ਹੈ ਕਿ ਦੈਵੀ ਸ਼ਕਤੀ ਦੀ ਕਿਸੇ ਖ਼ਾਸ ਨਿਸ਼ਚਿਤ ਵਿਧੀ ਨਾਲ ਪੂਜਾ ਕਰ ਕੇ ਜਾਂ ਖ਼ਾਸ ਮੰਤਰਾਂ ਦਾ ਉਚਾਰਨ ਕਰ ਕੇ ਹਰ ਹਾਲਤ ਵਿੱਚ ਉਸ ਸ਼ਕਤੀ ਤੋਂ ਮਨ ਇੱਛਿਤ ਫਲ ਪ੍ਰਾਪਤ ਕੀਤਾ ਜਾ ਸਕਦਾ ਹੈ । ਧਾਰਮਿਕ ਵਿਅਕਤੀ ਜਿੱਥੇ ਫਲ ਨੂੰ ਦੈਵੀ ਸ਼ਕਤੀ ਦੀ ਇੱਛਾ ਤੇ ਨਿਰਭਰ ਸਮਝਦਾ ਹੈ ਉੱਥੇ ਜਾਦੂ ਮੰਤਰ ਵਿੱਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਸਮਝਦਾ ਹੈ ਕਿ ਠੀਕ ਨਿਸ਼ਚਿਤ ਵਿਧੀ ਅਨੁਸਾਰ ਮੰਤਰ ਮਾਰਨ ਨਾਲ ਹਰ ਹਾਲਤ ਵਿੱਚ ਫਲ ਪ੍ਰਾਪਤ ਹੋਵੇਗਾ ।

        ਪੰਜਾਬੀ ਵਿੱਚ ਜੰਤਰ-ਮੰਤਰ-ਤੰਤਰ ਨਾ ਕੇਵਲ ਇਕੱਠੇ ਬੋਲੇ ਹੀ ਜਾਂਦੇ ਹਨ ਸਗੋਂ ਇਸ ਦੇ ਅਰਥ ਵੀ ਇੱਕੋ ਹੀ ਸਮਝੇ ਜਾਂਦੇ ਹਨ । ਅਸਲ ਵਿੱਚ ਇਹਨਾਂ ਦੇ ਅਰਥ ਨੇੜੇ ਤੇੜੇ ਹੋਣ ਦੇ ਬਾਵਜੂਦ ਇਹਨਾਂ ਦਰਮਿਆਨ ਫ਼ਰਕ ਮੌਜੂਦ ਹੈ । ਮੰਤਰ ਸ਼ਬਦਾਂ ਦਾ ਸੂਤਰਿਕ ਸ਼ੈਲੀ ਵਿੱਚ ਪਰੋਇਆ ਅਜਿਹਾ ਸਮੂਹ ਹੁੰਦਾ ਹੈ ਜਿਸ ਦੇ ਉਚਾਰਨ ਨਾਲ ਕਿਸੇ ਮਨੋਕਾਮਨਾ ਦੀ ਪੂਰਤੀ ਦੀ ਆਸ ਰੱਖੀ ਜਾਂਦੀ ਹੈ । ਮਹਾਨ ਕੋਸ਼ ਦੇ ਰਚਨਹਾਰੇ ਭਾਈ ਕਾਨ੍ਹ ਸਿੰਘ ਅਨੁਸਾਰ ਮੰਤਰ ‘ ਤੰਤਰ ਸ਼ਾਸਤਰ ਅਨੁਸਾਰ ਕਿਸੇ ਦੇਵਤੇ ਨੂੰ ਰਿਝਾਉਣ ਅਥਵਾ ਕਾਰਯਾ ਸਿਧੀ ਲਈ ਜੱਪਣ ਯੋਗਯ ਸ਼ਬਦ` ਹੈ । ਮੰਤਰਾਂ ਨੂੰ ਧਾਰਮਿਕ ਮੰਤਰ ਅਤੇ ਜਾਦੂ ਮੰਤਰ ਵਿੱਚ ਵੀ ਵੰਡਿਆ ਜਾ ਸਕਦਾ ਹੈ । ਧਾਰਮਿਕ ਮੰਤਰ ਵਿੱਚ ਬੇਨਤੀ ਹੁੰਦੀ ਹੈ ਜਾਂ ਫਿਰ ਕਿਸੇ ਪਵਿੱਤਰ ਧਾਰਮਿਕ ਗ੍ਰੰਥ ਵਿੱਚੋਂ ਕੁਝ ਅੰਸ਼ ਹੁੰਦੇ ਹਨ । ਜਦੋਂ ਕਿ ਜਾਦੂ ਮੰਤਰਾਂ ਵਿੱਚ ਦੈਵੀ ਸ਼ਕਤੀ ਨੂੰ ਇੱਛਾ ਪੂਰਤੀ ਲਈ ਹੁਕਮ ਕੀਤਾ ਹੁੰਦਾ ਹੈ , ਮੰਤਰਾਂ ਪਿੱਛੇ ਮੂਲ ਰੂਪ ਵਿੱਚ ਇਹ ਵਿਸ਼ਵਾਸ ਕੰਮ ਕਰਦਾ ਹੈ ਕਿ ਸ਼ਬਦ ਅਤੇ ਉਸ ਦੀ ਧੁਨੀ ਵਿੱਚ ਸ਼ਕਤੀ ਹੁੰਦੀ ਹੈ । ਸ਼ਬਦ ਦੀ ਸ਼ਕਤੀ ਨਾਲ ਸੰਸਾਰ ਨੂੰ ਚਲਾਉਣ ਵਾਲੀ ਤਥਾ-ਕਥਿਤ ਅਦਿੱਖ ਦੈਵੀ ਸ਼ਕਤੀ ਨੂੰ ਵੱਸ ਵਿੱਚ ਕੀਤਾ ਜਾ ਸਕਦਾ ਹੈ ਅਤੇ ਇਸ ਪ੍ਰਕਾਰ ਵੱਸ ਕੀਤੀ ਦੈਵੀ ਸ਼ਕਤੀ ਤੋਂ ਆਪਣੀਆਂ ਇੱਛਾਵਾਂ ਪੂਰੀਆਂ ਕਰਵਾਈਆਂ ਜਾ ਸਕਦੀਆਂ ਹਨ । ਮੰਤਰਾਂ ਵਿੱਚ ਆਮ ਕਰ ਕੇ ਕਲਪਿਤ ਮਿਥਿਹਾਸਿਕ ਪਾਤਰ ਕਾਲੀ ਮਾਤਾ , ਭੈਰੋਂ , ਇੰਦਰ , ਨਾਹਰ ਸਿੰਘ ਬੀਰ , ਹਨੂਮਾਨ , ਸੁਲੇਮਾਨ ਆਦਿ ਨੂੰ ਅਰਾਧਿਆ ਜਾਂਦਾ ਹੈ । ਪਰੰਤੂ ਕਈ ਵਾਰ ਇਤਿਹਾਸਿਕ ਅਤੇ ਧਾਰਮਿਕ ਨਾਇਕ ਜਿਵੇਂ ਬਾਬਾ ਫ਼ਰੀਦ , ਗੋਰਖ ਨਾਥ , ਮੁਹੰਮਦ ਸਾਹਿਬ , ਗੁਰੂ ਹਰਿ ਰਾਏ , ਬਾਬਾ ਵਡਭਾਗ ਸਿੰਘ ਦਾ ਨਾਂ ਵੀ ਵਰਤਿਆ ਮਿਲਦਾ ਹੈ ।

        ਲੋਕ ਵਿਸ਼ਵਾਸਾਂ ਅਨੁਸਾਰ ਮੰਤਰਾਂ ਨੂੰ ਯਾਦ ਕਰ ਲੈਣਾ ਹੀ ਕਾਫ਼ੀ ਨਹੀਂ ਹੈ ਸਗੋਂ ਇਸ ਨੂੰ ਸਿੱਧ ਵੀ ਕਰਨਾ ਪੈਂਦਾ ਹੈ । ਭਾਵ ਇਸ ਵਿੱਚ ਵਿਸ਼ੇਸ਼ ਕਰਮ-ਕਾਂਡੀ ਵਿਧੀਆਂ ਨਾਲ ਸ਼ਕਤੀ ਭਰਨੀ ਪੈਂਦੀ ਹੈ । ਸਿਆਣਿਆਂ ਜਾਂ ਮਾਂਦਰੀਆਂ ਨੇ ਵਿਸ਼ੇਸ਼ ਵਿਧੀਆਂ ਨਾਲ ਮੰਤਰਾਂ ਵਿੱਚ ਸ਼ਕਤੀ ਭਰੀ ਹੁੰਦੀ ਹੈ । ਇਹ ਵਿਧੀਆਂ ਕਾਫ਼ੀ ਕਠਨ ਮੰਨੀਆਂ ਜਾਂਦੀਆਂ ਹਨ । ਇਹਨਾਂ ਵਿਧੀਆਂ ਲਈ ਵਿਸ਼ੇਸ਼ ਦਿਨ ਗ੍ਰਹਿਣ , ਪੁੰਨਿਆਂ ਜਾਂ ਮੱਸਿਆ ਆਦਿ ਮੰਨੇ ਜਾਂਦੇ ਹਨ । ਇਹਨਾਂ ਵਿਧੀਆਂ ਲਈ ਵਿਸ਼ੇਸ਼ ਥਾਂਵਾਂ ਸ਼ਮਸ਼ਾਨ ਘਾਟ , ਸੁੱਕਾ ਖੂਹ , ਚੌਰਾਹਾ ਆਦਿ ਮੰਨੇ ਜਾਂਦੇ ਹਨ । ਵਿਸ਼ੇਸ਼ ਸਥਾਨਾਂ ਤੇ ਵਿਸ਼ੇਸ਼ ਸਮਿਆਂ ਉਪਰ , ਵਿਸ਼ੇਸ਼ ਸਰੀਰਕ ਆਸਣਾਂ ਜਾਂ ਮੁਦਰਾਵਾਂ ਵਿੱਚ ਬੈਠ ਕੇ ਇਹਨਾਂ ਮੰਤਰਾਂ ਦਾ ਵਿਸ਼ੇਸ਼ ਜਾਪ ਕਰ ਕੇ ਇਹਨਾਂ ਵਿੱਚ ਸ਼ਕਤੀ ਭਰਨ ਦਾ ਪ੍ਰਚਾਰ ਕੀਤਾ ਜਾਂਦਾ ਹੈ । ਅਸਲ ਵਿੱਚ ਅਜਿਹਾ ਤਥਾ-ਕਥਿਤ ਸਿਆਣਿਆਂ ਵੱਲੋਂ ਪ੍ਰਚਾਰਿਆ ਜਾਂਦਾ ਹੈ ਤਾਂ ਜੋ ਕਿਤੇ ਆਮ ਆਦਮੀ ਇਹਨਾਂ ਮੰਤਰਾਂ ਨੂੰ ਸਿੱਖ ਕੇ ਇਹ ਧੰਦਾ ਨਾ ਸ਼ੁਰੂ ਕਰ ਦੇਣ ਜਿਸ ਨਾਲ ਉਹਨਾਂ ਦੀ ਰੋਟੀ-ਰੋਜ਼ੀ ਦਾ ਕੰਮ ਮੱਧਮ ਪੈ ਜਾਵੇ । ਮੰਤਰਾਂ ਦੇ ਸ਼ਬਦ ਆਮ ਕਰ ਕੇ ਤਥਾ-ਕਥਿਤ ਸਿਆਣੇ ਜਾਂ ਮਾਂਦਰੀ ਕਿਸੇ ਨੂੰ ਦੱਸਦੇ ਨਹੀਂ ਹਨ ਇਸ ਕਰ ਕੇ ਇਹਨਾਂ ਮੰਤਰਾਂ ਦਾ ਰਹੱਸਮਈ ਸਰੂਪ ਬਣਿਆ ਰਹਿੰਦਾ ਹੈ । ਪੰਜਾਬ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਦੇ ਮੰਤਰ ਪ੍ਰਚਲਿਤ ਹਨ । ਦਾੜ੍ਹ ਦਾ ਦਰਦ ਹਟਾਉਣ ਲਈ ਅਕਸਰ ਮੰਤਰ ਮਾਰਿਆ ਜਾਂਦਾ ਹੈ । ਮਰੀਜ਼ ਨੂੰ ਕਮਰੇ ਦੇ ਬੂਹੇ ਦੀ ਸਰਦਲ ਤੇ ਹੇਠਾਂ ਜ਼ਮੀਨ ਉਪਰ ਬਿਠਾ ਲਿਆ ਜਾਂਦਾ ਹੈ । ਉਸ ਦੀ ਦੁਖਦੀ ਦਾੜ੍ਹ ਨੂੰ ਲੋਹੇ ਦਾ ਕੋਈ ਸੰਦ ( ਚਾਕੂ ਜਾਂ ਦਾਤੀ ) ਛੁਹਾ ਕੇ ਸੱਤ ਵਾਰ ਅੱਗੇ ਲਿਖਿਆ ਮੰਤਰ ਬੋਲਿਆ ਜਾਂਦਾ ਸੀ :

ਡੱਬ ਖੜੱਬਾ ਕੀੜਾ ਬੱਤੀ ਦੰਦ ਚਰੇ

ਹੁੱਦਾ ਸ਼ਾਹ ਫਕੀਰ ਦਾ ਕੀੜਾ ਵਿੱਚੇ ਭੁੱਖਾ ਮਰੇ

        ਇਸੇ ਪ੍ਰਕਾਰ ਸੱਪ , ਠੂੰਹੇ , ਸ਼ਹਿਦ ਦੀ ਮੱਖੀ ਦਾ ਜ਼ਹਿਰ ਉਤਾਰਨ ਦੇ ਮੰਤਰ ਪ੍ਰਚਲਿਤ ਹਨ । ਤੇਈਆ ਤਾਪ ਉਤਾਰਨ , ਅੱਧੇ ਸਿਰ ਦੀ ਪੀੜ , ਪੀਲੀਆ ਵਰਗੇ ਰੋਗ ਹਟਾਉਣ ਦੇ ਮੰਤਰ ਵੀ ਪ੍ਰਚਲਿਤ ਹਨ । ਪਸ਼ੂਆਂ ਦੇ ਦੁੱਧ ਵਧਾਉਣ ਅਤੇ ਕਿਸੇ ਨੂੰ ਆਪਣੇ ਵੱਸ ਕਰਨ ਤੋਂ ਲੈ ਕੇ ਦੁਸ਼ਮਣਾਂ ਨੂੰ ਮਾਰਨ ਤੱਕ ਦੇ ਮੰਤਰ ਮੌਜੂਦ ਹਨ । ਮੰਤਰ ਨੂੰ ਹਥੌਲਾ , ਮੰਦਰਨਾ , ਝਾੜ-ਫੂਕ , ਹੁੱਦਾ , ਧਾਗਾ ਕਰਾਉਣ , ਫਾਂਡਾ ਕਰਾਉਣ ਆਦਿ ਸ਼ਬਦਾਂ ਨਾਲ ਵੀ ਜਾਣਿਆ ਜਾਂਦਾ ਹੈ । ਲੋਕ ਵਿਸ਼ਵਾਸਾਂ ਅਨੁਸਾਰ ਮੰਤਰਾਂ ਨਾਲ ਨਾ ਕੇਵਲ ਬਿਮਾਰੀ ਹਟਾਈ ਜਾ ਸਕਦੀ ਹੈ ਸਗੋਂ ਵਿਰੋਧੀਆਂ ਨੂੰ ਲਗਾਈ ਵੀ ਜਾ ਸਕਦੀ ਹੈ । ਇੱਥੇ ਸਪਸ਼ਟ ਕਰ ਦੇਣਾ ਯੋਗ ਹੋਵੇਗਾ ਕਿ ਮੰਤਰ ਲੋਕ ਵਿਸ਼ਵਾਸਾਂ ਤੇ ਆਧਾਰਿਤ ਹਨ । ਇਹਨਾਂ ਦਾ ਕੋਈ ਵਿਗਿਆਨਿਕ ਆਧਾਰ ਨਹੀਂ ਹੈ । ਬਿਮਾਰੀਆਂ ਸਮੇਂ ਕਦੇ ਵੀ ਮੰਤਰਾਂ ਤੇ ਟੇਕ ਨਹੀਂ ਰੱਖਣੀ ਚਾਹੀਦੀ ਸਗੋਂ ਵਿਗਿਆਨਿਕ ਇਲਾਜ ਕਰਾਉਣਾ ਚਾਹੀਦਾ ਹੈ । ਛੋਟੇ ਬੱਚੇ ਜਾਦੂਗਰਾਂ ਦਾ ਖੇਲ ਦੇਖ ਕੇ ਸਮਝਦੇ ਹਨ ਕਿ ਸ਼ਾਇਦ ਜਾਦੂਗਰ ਨੇ ਕੋਈ ਚੀਜ਼ ਗਾਇਬ ਕਰਨ ਜਾਂ ਪੈਦਾ ਕਰਨ ਦੀ ਅਨੋਖੀ ਖੇਡ ਖੇਡਣ ਲਈ ਮੰਤਰ ਮਾਰਿਆ ਹੁੰਦਾ ਹੈ ਪਰ ਅਸਲ ਵਿੱਚ ਜਾਦੂ ਇੱਕ ਕਲਾ ਹੈ ਜਿਸ ਦਾ ਮੰਤਰਾਂ ਨਾਲ ਕੋਈ ਸੰਬੰਧ ਨਹੀਂ ਹੈ । ਚੰਗੇ ਜਾਦੂਗਰ ਹਮੇਸ਼ਾਂ ਇਸ ਨੂੰ ਕਲਾ ਦੱਸਦੇ ਹਨ ਅਤੇ ਕਦੇ ਵੀ ਕਿਸੇ ਮੰਤਰ ਦੀ ਝੂਠੀ ਗੱਲ ਨਹੀਂ ਦੱਸਦੇ ਪਰੰਤੂ ਕੁਝ ਲਾਲਚੀ ਜਾਦੂਗਰ ਆਪਣੀ ਫੋਕੀ ਪੈਂਠ ਬਣਾਉਣ ਲਈ ਝੂਠਾ ਦਾਅਵਾ ਕਰਦੇ ਹਨ । ਅਜਿਹੇ ਪਖੰਡੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ।


ਲੇਖਕ : ਰਾਜਿੰਦਰ ਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਮੰਤਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੰਤਰ ( ਨਾਂ , ਪੁ ) 1 ਵੇਦ ਦਾ ਪਦ ਅਤੇ ਮੂਲ ਪਾਠ 2 ਯੱਗ ਆਦਿ ਸਮੇਂ ਪੜ੍ਹਿਆ ਜਾਣ ਵਾਲਾ ਸਲੋਕ 3 ਜਾਦੂ-ਟੂਣਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6272, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੰਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੰਤਰ [ ਨਾਂਪੁ ] ਸਲੋਕ; ਜਾਦੂ , ਟੂਣਾ; ਗੁਰ , ਢੰਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6250, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੂਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੂਤਰ [ ਨਾਂਪੁ ] ਵੇਖੋ ਮੂਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੰਤ੍ਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੰਤ੍ਰ : ਇਸ ਦਾ ਕੋਸ਼ ਅਨੁਸਾਰ ਅਰਥ ਹੈ— ‘ ਉਹ ਸ਼ਬਦ ਜਾਂ ਸ਼ਬਦ-ਸਮੂਹ ਜਿਸ ਰਾਹੀਂ ਕਿਸੇ ਦੇਵਤਾ ਦੀ ਸਿੱਧੀ ਜਾਂ ਅਲੌਕਿਕ ਸ਼ਕਤੀ ਦੀ ਪ੍ਰਾਪਤੀ ਹੋਵੇ । ’ । ‘ ਨਿਰੁਕਤ ’ ਅਨੁਸਾਰ ਜੋ ਮਨਨ ਕਰੀਏ , ਉਹ ‘ ਮੰਤ੍ਰ’ ਹੈ । ਇਹ ਤਿੰਨ ਪ੍ਰਕਾਰ ਦਾ ਹੈ— ਪਰੋਖ-ਕ੍ਰਿਤ , ਪ੍ਰਤੱਖ-ਕ੍ਰਿਤ ਅਤੇ ਅਧਿਆਤਮਿਕ ।

ਮੰਤ੍ਰ ਪ੍ਰਤਿ ਮਨੁੱਖ ਦਾ ਵਿਸ਼ਵਾਸ ਮੁੱਢ ਕਦੀਮ ਤੋਂ ਚਲਿਆ ਆਉਂਦਾ ਹੈ । ਡਰ ਜਾਂ ਕਿਸੇ ਅਚਾਨਕ ਵਪਾਰੀ ਬਿਪਤਾ ਪ੍ਰਤਿ ਮਨੁੱਖ ਦੀ ਵਿਵਸ਼ਤਾ ਹੀ ਇਸ ਦੀ ਧਾਰਣਾ ਦਾ ਪਿਛੋਕੜ ਰਿਹਾ ਹੋਵੇਗਾ । ਇਸ ਦਾ ਧਰਮ ਨਾਲ ਸ਼ੁਰੂ ਤੋਂ ਹੀ ਬਹੁਤ ਨੇੜਲਾ ਸੰਬੰਧ ਰਿਹਾ ਹੈ । ਜਦੋਂ ਕੋਈ ਕੰਮ ਕਿਸੇ ਯਤਨ ਜਾਂ ਜੁਗਤ ਨਾਲ ਸਾਧਿਆ ਨਹੀਂ ਜਾ ਸਕਦਾ , ਤਾਂ ਉਦੋਂ ਮਨੁੱਖ ਮੰਤ੍ਰ ਦੀ ਓਟ ਲੈਂਦਾ ਹੈ । ਜੇ ਸੰਯੋਗਵਸ ਸਫਲਤਾ ਪ੍ਰਾਪਤ ਹੋ ਜਾਏ , ਤਾਂ ਮੰਤ੍ਰ-ਵਿਧੀ ਅਥਵਾ ਮੰਤ੍ਰ-ਸਾਧਨਾ ਵਿਚ ਮਨੁੱਖ ਦਾ ਵਿਸ਼ਵਾਸ ਹੋਰ ਦ੍ਰਿੜ੍ਹ ਹੋ ਜਾਂਦਾ ਹੈ ਅਤੇ ਜੇ ਕਾਰਜ ਸਿੱਧ ਨ ਹੋਏ , ਤਾਂ ਪੁਰੋਹਿਤਾਂ , ਓਝਿਆਂ ਜਾਂ ਸਿਆਣਿਆਂ ਵਲੋਂ ਮੰਤ੍ਰ-ਪ੍ਰਯੋਗ ਵਿਚ ਕਿਸੇ ਪ੍ਰਕਾਰ ਦੀ ਘਾਟ ਰਹਿ ਗਈ ਦਸ ਦਿੱਤੀ ਜਾਂਦੀ ਹੈ ।

ਡਾ. ਮਥੁਰਾ ਲਾਲ ਸ਼ਰਮਾ ਨੇ ‘ ਹਿੰਦੀ ਵਿਸ਼ਵਕੋਸ਼’ ਵਿਚ ਦਸਿਆ ਹੈ ਕਿ ਮੰਤ੍ਰ ਦੀ ਵਰਤੋਂ ਸਾਰੇ ਸੰਸਾਰ ਵਿਚ ਕੀਤੀ ਜਾਂਦੀ ਸੀ ਅਤੇ ਸ਼ੁਰੂ ਵਿਚ ਇਸ ਦੀਆਂ ਕ੍ਰਿਆਵਾਂ ਲਗਭਗ ਇਕੋ ਜਿਹੀਆਂ ਸਨ । ਵਿਗਿਆਨ-ਯੁਗ ਦੇ ਆਰੰਭ ਤੋਂ ਪਹਿਲਾਂ ਕਈ ਪ੍ਰਕਾਰ ਦੇ ਰੋਗਾਂ ਨੂੰ ਵਖ ਵਖ ਤਰ੍ਹਾਂ ਦੇ ਰਾਖਸ਼ ਜਾਂ ਪਿਸ਼ਾਚ ਮੰਨਿਆ ਜਾਂਦਾ ਸੀ । ਇਸ ਲਈ ਪਿਸ਼ਾਚਾਂ ਦੀ ਸ਼ਾਂਤੀ , ਨਿਵਾਰਣ ਜਾਂ ਉਚਾਟਨ ਕੀਤਾ ਜਾਂਦਾ ਸੀ । ਮੰਤ੍ਰ ਵਿਚ ਪ੍ਰਧਾਨਤਾ ਤਾਂ ਸ਼ਬਦਾਂ ਦੀ ਹੀ ਸੀ , ਪਰੰਤੂ ਸ਼ਬਦਾਂ ਨਾਲ ਕ੍ਰਿਆਵਾਂ ਵੀ ਜੁੜੀਆਂ ਹੋਈਆਂ ਸਨ । ਮੰਤ੍ਰ ਦਾ ਉੱਚਾਰਣ ਕਰਨ ਵੇਲੇ ਓਝਾ ( ਸਿਆਣਾ ) ਜਾਂ ਵੈਦ ਹੱਥ ਨਾਲ , ਉਂਗਲਾਂ ਨਾਲ , ਅੱਖਾਂ ਨਾਲ ਅਤੇ ਮੂੰਹ ਨਾਲ ਵਖ ਵਖ ਤਰ੍ਹਾਂ ਦੀਆਂ ਕ੍ਰਿਆਵਾਂ ਕਰਦਾ ਸੀ । ਇਨ੍ਹਾਂ ਕ੍ਰਿਆਵਾਂ ਵਿਚ ਤ੍ਰਿਸ਼ੂਲ , ਝਾੜੂ , ਕਟਾਰ , ਬ੍ਰਿਛ-ਵਿਸ਼ੇਸ਼ ਦੀਆਂ ਟਹਿਣੀਆਂ ਅਤੇ ਛੱਜ ਜਾਂ ਕਲਸ਼ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਰੋਗ ਦੀ ਇਕ ਨਿੱਕੀ ਜਿਹੀ ਮੂਰਤੀ ਬਣਾਈ ਜਾਂਦੀ ਸੀ ਅਤੇ ਉਸ ਉਤੇ ਮੰਤ੍ਰ ਦਾ ਪ੍ਰਯੋਗ ਹੁੰਦਾ ਸੀ । ਇਸ ਤਰ੍ਹਾਂ ਵੈਰੀ ਦੀ ਮੂਰਤੀ ਵੀ ਬਣਾਈ ਜਾਂਦੀ ਸੀ ਅਤੇ ਉਸ ਉਤੇ ਮਰਣ , ਉੱਚਾਟਨ ਆਦਿ ਦੇ ਪ੍ਰਯੋਗ ਕੀਤੇ ਜਾਂਦੇ ਸਨ । ਅਜਿਹਾ ਵਿਸ਼ਵਾਸ ਸੀ ਕਿ ਜਿਉਂ ਜਿਉਂ ਮੂਰਤੀ ਉਤੇ ਮੰਤ੍ਰ-ਪ੍ਰਯੋਗ ਹੁੰਦਾ ਜਾਂਦਾ ਹੈ ਤਿਉਂ ਤਿਉਂ ਵੈਰੀ ਦੇ ਸ਼ਰੀਰ ਉਤੇ ਇਸ ਦਾ ਪ੍ਰਭਾਵ ਪੈਂਦਾ ਜਾਂਦਾ ਹੈ । ਪਿਪਲ ਜਾਂ ਬੋਹੜ ਬ੍ਰਿਛ ਦੇ ਪੱਤਿਆਂ ਉਤੇ ਕੁਝ ਮੰਤ੍ਰ ਲਿਖ ਕੇ ਉਸ ਦੀ ‘ ਰਖ ’ ਅਤੇ ‘ ਤਾਵੀਜ਼’ ਬਣਾਏ ਜਾਂਦੇ ਸਨ ਜਿਨ੍ਹਾਂ ਨੂੰ , ਅੰਧ ਵਿਸ਼ਵਾਸ ਅਨੁਸਾਰ ਵੀਣੀ , ਭੁਜਾ ਜਾਂ ਗਲੇ ਵਿਚ ਬੰਨ੍ਹਣ ਨਾਲ ਰੋਗ ਦਾ ਨਿਵਾਰਣ ਹੁੰਦਾ ਦਸਿਆ ਜਾਂਦਾ ਸੀ , ਭੂਤ- ਪ੍ਰੇਤ ਤੋਂ ਰਖਿਆ ਹੁੰਦੀ ਸੀ ਅਤੇ ਵੈਰੀ ਵਸ ਵਿਚ ਹੋ ਜਾਂਦਾ ਸੀ । ਇਹ ਵਿਧੀਆਂ ਕੁਝ ਹਦ ਤਕ ਹੁਣ ਵੀ ਪ੍ਰਚਲਿਤ ਹਨ । ਵੈਰੀ ਨੂੰ ਮਾਰਨ ਲਈ ‘ ਮੁਠ ’ ਦੀ ਵਰਤੋਂ ਕੀਤੀ ਜਾਂਦੀ ਹੈ ।

ਮੰਤ੍ਰਾਂ ਸੰਬੰਧੀ ਰਚੀਆਂ ਗਈਆਂ ਪੁਸਤਕਾਂ ਵਿਚ ਮੰਤ੍ਰਾਂ ਦੇ ਕਈ ਭੇਦ ਮੰਨੇ ਗਏ ਹਨ । ਇਕ ਭੇਦ ਅਨੁਸਾਰ ਕੁਝ ਮੰਤ੍ਰਾਂ ਦੀ ਵਰਤੋਂ ਕਿਸੇ ਦੇਵੀ ਜਾਂ ਦੇਵਤਾ ਦੀ ਓਟ ਲੈ ਕੇ ਕੀਤੀ ਜਾਂਦੀ ਹੈ ਅਤੇ ਕੁਝ ਦੀ ਵਰਤੋਂ ਵਾਸਤੇ ਭੂਤ-ਪ੍ਰੇਤ ਆਦਿ ਦੀ ਓਟ ਲਈ ਜਾਂਦੀ ਹੈ । ਦੂਜੇ ਭੇਦ ਅਨੁਸਾਰ ਕੁਝ ਮੰਤ੍ਰ ਭੂਤ ਜਾਂ ਪਿਸ਼ਾਚ ਦੇ ਵਿਰੁੱਧ ਵਰਤੇ ਜਾਂਦੇ ਹਨ ਅਤੇ ਕੁਝ ਉਨ੍ਹਾਂ ਦੀ ਸਹਾਇਤਾ ਪ੍ਰਾਪਤ ਕਰਨ ਲਈ ਪ੍ਰਯੁਕਤ ਕੀਤੇ ਜਾਂਦੇ ਸਨ । ਇਸਤਰੀ ਅਤੇ ਪੁਰਸ਼ ਜਾਂ ਵੈਰੀ ਨੂੰ ਵਸ ਵਿਚ ਕਰਨ ਲਈ ਜਿਨ੍ਹਾਂ ਮੰਤ੍ਰਾਂ ਦੀ ਵਰਤੋਂ ਹੁੰਦੀ ਹੈ , ਉਨ੍ਹਾਂ ਨੂੰ ‘ ਵਸ਼ੀਕਰਣ ਮੰਤ੍ਰ’ ਕਿਹਾ ਜਾਂਦਾ ਹੈ । ਵੈਰੀ ਦਾ ਦਮਨ ਜਾਂ ਅੰਤ ਕਰਨ ਲਈ ਜਿਸ ਮੰਤ੍ਰ-ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ , ਉਸ ਨੂੰ ‘ ਮਾਰਣ ਮੰਤ੍ਰ’ ਕਹਿੰਦੇ ਹਨ । ਭੂਤ-ਪ੍ਰੇਤ ਆਦਿ ਦੇ ਨਿਵਾਰਣ ਲਈ ਜਿਨ੍ਹਾਂ ਮੰਤ੍ਰਾਂ ਨੂੰ ਵਰਤਿਆ ਜਾਂਦਾ ਹੈ ਉਨ੍ਹਾਂ ਨੂੰ ‘ ਉੱਚਾਟਨ’ ਜਾਂ ‘ ਸ਼ਮਨ-ਮੰਤ੍ਰ’ ਕਹਿੰਦੇ ਹਨ ।

ਸਹਿਜੇ ਸਹਿਜੇ ਲੋਕਾਂ ਦਾ ਅਜਿਹਾ ਵਿਸ਼ਵਾਸ ਬਣਦਾ ਗਿਆ ਕਿ ਇਸ ਸੰਸਾਰ ਵਿਚ ਕੋਈ ਸੰਕਟ ਜਾਂ ਬਿਪਤਾ ਨਹੀਂ ਜਿਸ ਦਾ ਮੰਤ੍ਰ ਰਾਹੀਂ ਨਿਵਾਰਣ ਨ ਹੋ ਸਕੇ ਅਤੇ ਕੋਈ ਅਜਿਹੀ ਪ੍ਰਾਪਤੀ ਜਾਂ ਸਫਲਤਾ ਨਹੀਂ ਜੋ ਮੰਤ੍ਰ ਦੁਆਰਾ ਹਾਸਲ ਨ ਕੀਤੀ ਜਾ ਸਕੇ । ਇਸੇ ਉਦੇਸ਼ ਤੋਂ ਕਈ ਵਾਰ ਯੁੱਧ ਵੇਲੇ ਨਗਾਰਿਆ , ਧੁਜਾਵਾਂ ਜਾਂ ਸ਼ਸਤ੍ਰਾਂ ਨੂੰ ਮੰਦਰਵਾ ਲਿਆ ਜਾਂਦਾ ਸੀ । ਇਥੋਂ ਤਕ ਕਿ ਪਰੀਖਿਆ ਲਈ ਵਿਦਿਆਰਥੀ ਕਲਮਾਂ/ਲੇਖਣੀਆਂ ਨੂੰ ਵੀ ਮੰਦਰਵਾਣੋ ਸੰਕੋਚ ਨਹੀਂ ਕਰਦੇ ਸਨ ।

ਅਜ ਦੇ ਵਿਗਿਆਨਿਕ ਯੁਗ ਵਿਚ ਭਾਵੇਂ ਇਨ੍ਹਾਂ ਪ੍ਰਤਿ ਵਿਸ਼ਵਾਸ ਘਟਦਾ ਜਾ ਰਿਹਾ ਹੈ ਅਤੇ ਤਰਕਸ਼ੀਲ ਸੰਸਥਾਵਾਂ ਵਲੋਂ ਇਨ੍ਹਾਂ ਦੀ ਨਿਰਸਾਰਤਾ ਪ੍ਰਗਟਾਈ ਜਾ ਰਹੀ ਹੈ , ਪਰ ਇਨ੍ਹਾਂ ਦੀਆਂ ਜੜ੍ਹਾਂ ਸਾਡੇ ਸਭਿਆਚਾਰ ਵਿਚ ਇਤਨੀਆਂ ਡੂੰਘੀਆਂ ਹਨ ਕਿ ਖ਼ਰਚ-ਖੁਰਚ ਕੇ ਕਢਣ ਨਾਲ ਵੀ ਇਨ੍ਹਾਂ ਮਾਨਤਾਵਾਂ ਨੂੰ ਖ਼ਤਮ ਕਰ ਸਕਣਾ ਸੰਭਵ ਪ੍ਰਤੀਤ ਨਹੀਂ ਹੁੰਦਾ ।

ਗੁਰਬਾਣੀ ਵਿਚ ਪਰੰਪਰਾਗਤ ਮੰਤ੍ਰ-ਪ੍ਰਯੋਗ ਪ੍ਰਤਿ ਅਸਵੀਕਾਰ ਦੀ ਭਾਵਨਾ ਪ੍ਰਗਟਾਈ ਗਈ ਹੈ । ਗੁਰੂ ਨਾਨਕ ਦੇਵ ਜੀ ਨੇ ਸੂਹੀ ਰਾਗ ਵਿਚ ਦਸਿਆ ਹੈ ਕਿ ‘ ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ । ( ਗੁ.ਗ੍ਰੰ.766 ) । ‘ ਸਿਧ-ਗੋਸਟਿ’ ਵਿਚ ਗੁਰੂ ਜੀ ਨੇ ਬਨਾਂ , ਮਸਾਣਾਂ ਵਿਚ ਜਾ ਕੇ ਮੰਤ੍ਰ-ਪ੍ਰਯੋਗ ਕਰਨ ਵਾਲਿਆਂ ਨੂੰ ‘ ਮਨਮੁਖ ’ ਕਿਹਾ ਹੈ— ਮਨਮੁਖ ਭਰਮ ਭਵੈ ਬੇਬਾਣਿ ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ਸਬਦੁ ਚੀਨੈ ਲਵੈ ਕੁਬਾਣਿ ਨਾਨਕ ਸਾਚਿ ਰਤੇ ਸੁਖੁ ਜਾਣਿ ( ਗੁ.ਗ੍ਰੰ.941 ) ।

ਗੁਰੂ ਅਰਜਨ ਦੇਵ ਜੀ ਨੇ ਮੰਤ੍ਰ-ਪ੍ਰਯੋਗ ਨਾਲ ਸੰਕਟ ਨਿਵਾਰਨ ਦੀ ਗੱਲ ਨੂੰ ਨ ਮੰਨ ਕੇ ਹਰਿ-ਜਸ ਰੂਪ ਮਹਾ-ਮੰਤ੍ਰ ਜਪਣ ਨਾਲ ਸਾਰੀਆਂ ਮੁਸੀਬਤਾਂ ਤੋਂ ਖ਼ਲਾਸੀ ਹੋ ਜਾਣ ਦਾ ਵਿਸ਼ਵਾਸ ਦਿਵਾਇਆ ਹੈ— ਸੁਨਤ ਜਪਤ ਹਰਿਨਾਮ ਜਸੁ ਤਾ ਕੀ ਦੂਰਿ ਬਲਾਈ ਮਹਾਮੰਤ੍ਰੁ ਨਾਨਕੁ ਕਥੈ ਹਰਿ ਕੇ ਗੁਣ ਗਾਈ ( ਗੁ.ਗ੍ਰੰ.814 ) । ਭਾਈ ਗੁਰਦਾਸ ਨੇ ਪਹਿਲੀ ਵਾਰ ਵਿਚ ਸਪੱਸ਼ਟ ਕੀਤਾ ਹੈ ਕਿ ਮੰਤ੍ਰ ਜੰਤ੍ਰ ਕਰਨੇ ਸਭ ਪਾਖੰਡ ਹੈ ਅਤੇ ਭਰਮਾਂ ਵਿਚ ਉਲਝਣਾ ਹੈ— ਤੰਤ੍ਰ ਮੰਤ੍ਰ ਪਾਖੰਡ ਕਰਿ ਕਲਹਿ ਕ੍ਰੋਧ ਬਹੁ ਵਾਦ ਵਧਾਵੈ ਆਪੋਧਾਪੀ ਹੋਇ ਕੈ ਨੑਯਾਰੇ ਨੑਯਾਰੇ ਧਰਮ ਚਲਾਵੈ ਫੋਟਕ ਧਰਮੀ ਭਰਮ ਭੁਲਾਵੈ ੧੮ ਸਪੱਸ਼ਟ ਹੈ ਕਿ ਸਿੱਖ ਧਰਮ ਵਿਚ ਮੰਤ੍ਰ-ਵਿਧੀ ਨੂੰ ਕੋਈ ਮਾਨਤਾ ਪ੍ਰਾਪਤ ਨਹੀਂ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮੰਤ੍ਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੰਤ੍ਰ * ( ਸੰ. । ਸੰਸਕ੍ਰਿਤ ਮਨੑਤ੍ਰ ) ੧. -ਮੰਤ੍ਰ- ਸੰਸਕ੍ਰਿਤ ਪਦ ਹੈ । ਵੇਦ ਦੇ ਭਾਗ ਨੂੰ ਮੰਤ੍ਰ ਕਹਿੰਦੇ ਹਨ , ਪਹਿਲੇ ਭਾਗ ਵਿਚ ਪ੍ਰਾਰਥਨਾ ਤੇ ਗੀਤ ਹਨ ਜੋ ਬਲੀਆਂ ਵੇਲੇ ਖਾਸ ਖਾਸ ਦੇਵਤਿਆਂ ਲਈ ਹਨ । ਉੱਤ੍ਰ ਕਾਂਡ ਵਿਚ ਇਹ ਬ੍ਰਹਮ ਯਾ ਰੱਬ ਦੀਆਂ ਖ਼ੂਬੀਆਂ , ਗੁਣਾਂ ਆਦਿਕ ਦੇ ਵਰਣਨ ਵਿਚ ਹਨ ।

----------

* ਧਾਤੂ ਹੈ-ਮੰਤ੍ਰਿ = ਗੁਪਤ ਮਸ਼ਵਰਾ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਮੂਤ੍ਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੂਤ੍ਰ ਮੂਤਰ , ਪੇਸ਼ਾਬ- ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ । ਵੇਖੋ ਮੂਤ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.