ਯੋਗ ਦਰਸ਼ਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਯੋਗ ਦਰਸ਼ਨ : ਯੋਗ ਦਰਸ਼ਨ ਮਹਾਂਰਿਸ਼ੀ ਪਤੰਜਲੀ ਦੀ ਰਚਨਾ ਹੈ । ਇਹ ਰਚਨਾ ਹੋਰ ਸਾਰੇ ਯੋਗ ਸ਼ਾਸਤਰਾਂ ਵਿੱਚੋਂ ਛੋਟੀ ਹੈ , ਪਰੰਤੂ ਮਹੱਤਵ ਦੀ ਦ੍ਰਿਸ਼ਟੀ ਨਾਲ ਸਭ ਤੋਂ ਮਹੱਤਵਪੂਰਨ ਹੈ । ਯੋਗ ਦਰਸ਼ਨ ਵਿੱਚ ਕੁੱਲ ਚਾਰ ਪਦ ਅਤੇ 194 ਸੂਤਰ ਹਨ ।

 

ਯੋਗ ਸ਼ਬਦ ਦੇ ਅਨੇਕ ਅਰਥ ਹਨ , ਜਿਵੇਂ ਜੋੜ , ਸੰਬੰਧ , ਸੰਯੋਗ , ਜੁਗਤ , ਉਪਾਅ , ਨਿਯਮ ਆਦਿ । ਮਹਾਂਰਿਸ਼ੀ ਪਤੰਜਲੀ ਦੇ ਅਨੁਸਾਰ ਯੋਗ ਦਾ ਅਰਥ ਹੈ , ਮਨ ਦੀਆਂ ਬਿਰਤੀਆਂ ਨੂੰ ਕਾਬੂ ਰੱਖਣ.' योगरि चित्तकृति निरोध् : ਅਰਥਾਤ ਚਿੱਤ ਬਿਰਤੀਆਂ ਦੇ ਸੰਜਮ ਨੂੰ ਯੋਗ ਆਖਦੇ ਹਨ । ਪਤੰਜਲੀ ਨੇ ਇਸ ਸੂਤਰ ਦੀ ਵਿਆਖਿਆ ਕਰਦੇ ਹੋਏ ਅੱਗੇ ਕਿਹਾ ਹੈ ਕਿ ਮਨ ਦੀਆਂ ਬਿਰਤੀਆਂ ( ਮਨ ਦੀਆਂ ਲਹਿਰਾਂ ) ਨੂੰ ਸਭ ਬੁਰਾਈਆਂ ਤੋਂ ਹਟਾ ਕੇ ( ਵਿਰਾਗ ) ਅਤੇ ਸ਼ੁਭ ਗੁਣਾਂ ਵਿੱਚ ਸਥਿਰ ਕਰ ਕੇ , ਪਰਮਾਤਮਾ ਦੀ ਨੇੜਤਾ ਵਿੱਚ ਰਹਿ ਕੇ ਪਰਮਾਤਮਾ ਵਿੱਚ ਹੀ ਲੀਨ ਹੋ ਜਾਣ ਨੂੰ ਯੋਗ ( ਮੁਕਤੀ ) ਕਹਿੰਦੇ ਹਨ । ਮਨ ਦੀਆਂ ਬਿਰਤੀਆਂ ਦਾ ਸੰਜਮ ( ਨਿਰੋਧ ) ਅਤੇ ਈਸ਼ਵਰ ਦੇ ਧਿਆਨ ਵਿੱਚ ਲੀਨਤਾ ਨੂੰ ਹੀ ਯੋਗ ਕਿਹਾ ਜਾ ਸਕਦਾ ਹੈ ।

        ਯੋਗ ਦਰਸ਼ਨ ਦੇ ਅੰਗ : ਜਿਸ ਪ੍ਰਕਾਰ ਚਿਕਿਤਸਾ ਸ਼ਾਸਤਰ ਵਿੱਚ ਰੋਗ , ਰੋਗ ਦਾ ਹੇਤੂ , ਰੋਗ ਤੋਂ ਮੁਕਤੀ ਅਤੇ ਮੁਕਤੀ ਲਈ ਔਖਧ ( ਦਵਾਈ ) , ਇਹ ਚਾਰ ਅੰਗ ਹਨ , ਉਸੀ ਤਰ੍ਹਾਂ ਯੋਗ ਦਰਸ਼ਨ ਵਿੱਚ ਸੰਸਾਰ , ਸੰਸਾਰ ਦਾ ਹੇਤੂ , ਮੋਕਸ਼ ਅਤੇ ਮੋਕਸ਼ ਲਈ ਉਪਾਅ , ਨਾਮਕ ਚਾਰ ਅੰਗ ਹਨ । ਇਹ ਦੁਖਮਈ ਸੰਸਾਰ ਤਿਆਗਣਯੋਗ ਹੈ । ਮਨੁੱਖ ਜਦੋਂ ਬਾਹਰੀ ਪ੍ਰਕਿਰਤੀ ਨਾਲ ਜੁੜਦਾ ਹੈ , ਇਹ ਦੁਖਮਈ ਸੰਸਾਰ ਦਾ ਹੇਤੂ ਹੁੰਦਾ ਹੈ । ਪ੍ਰਕਿਰਤੀ ਦੇ ਖਿਚਾਵ ਤੋਂ ਮੂੰਹ ਮੋੜ ਲੈਣਾ ਹੀ ਮੋਕਸ਼ ਹੈ ਅਤੇ ਮੋਕਸ਼ ਦਾ ਉਪਾਅ ਹੈ ਸਮਯਕ ਦਰਸ਼ਨ ਅਰਥਾਤ ਸਹੀ ਜੀਵਨ-ਜਾਚ ।

        ਯੋਗ ਦੇ ਸਾਧਨ : ਯੋਗ ਵਾਸਤੇ ਮਨ ਦੀਆਂ ਬਿਰਤੀਆਂ ਨੂੰ ਕਾਬੂ ਕਰਨ , ਪਰਮਾਤਮਾ ਦਾ ਧਿਆਨ ਅਤੇ ਲੀਨਤਾ ਜ਼ਰੂਰੀ ਹੈ , ਇਸ ਲਈ ਪਤੰਜਲੀ ਨੇ ਅੱਠ ਸਾਧਨਾਂ ਨੂੰ ਅਪਣਾਉਣ ਦਾ ਸੁਝਾਅ ਦਿੱਤਾ ਹੈ । ਇਹ ਅੱਠ ਸਾਧਨ ਯੋਗ ਦੇ ਅੰਗ ਹਨ :

        1. ਯਮ : ਯਮ ਦਾ ਅਰਥ ਹੈ ਸੰਜਮ । ਜੀਵਨ ਨੂੰ ਸੰਜਮਤਾ ਵਿੱਚ ਰੱਖਣ ਲਈ ਪੰਜ ਯਮਾਂ ( ਸੰਜਮਾਂ ) ਦੀ ਸਿਫਾਰਿਸ਼ ਕੀਤੀ ਹੈ-ਅਹਿੰਸਾ , ਸੱਚ , ਅਸਤੇਯ ( ਚੋਰੀ ਨਾ ਕਰਨਾ ) , ਬ੍ਰਹਮਚਾਰੀ ਤੇ ਅਪਰਿਗ੍ਰਹਿ ( ਧਨ-ਦੌਲਤ ਦਾ ਮੋਹ ਨਾ ਕਰਨਾ ) ।

        2. ਨਿਯਮ : ਨਿਯਮ ਵੀ ਪੰਜ ਹੀ ਹਨ-ਨਿਰਮਲਤਾ , ਸੰਤੋਸ਼ , ਤਪ , ਸਵਾਧਿਆਇ ( ਸ਼ਾਸਤਰਾਂ ਦਾ ਅਧਿਆਪਨ ) ਅਤੇ ਈਸ਼ਵਰ ਪ੍ਰਣਿਧਾਨ ( ਈਸ਼ਵਰ ਦੀ ਪ੍ਰਾਰਥਨਾ ) ।

        3. ਆਸਨ : ਮਨ ਅਤੇ ਸਰੀਰ ਨੂੰ ਸਥਿਰ ਕਰ ਕੇ ਇੱਕ ਸਥਿਤੀ ਵਿੱਚ ਦੇਰ ਤੱਕ ਸੁਖ ਪੂਰਬਕ ਬੈਠਣਾ ਆਸਨ ਅਖਵਾਉਂਦਾ ਹੈ । ਸਥਿਰਤਾ ਅਤੇ ਧਿਆਨ ਵਾਸਤੇ ਕਈ ਤਰ੍ਹਾਂ ਦੇ ਆਸਨਾਂ ਦੀ ਚਰਚਾ ਕੀਤੀ ਜਾਂਦੀ ਹੈ; ਜਿਵੇਂ ਸਿੱਧਾਸਨ , ਪਦਮਾਸਨ , ਸੁਖਾਸਨ ਜਾਂ ਸਵਸਤਿਕ ( ਹੱਥਾਂ ਨੂੰ ਸੀਨੇ ਤੇ ਸਵਾਸਤਿਕ ਚਿੰਨ੍ਹ ਵਾਂਗ ਰੱਖ ਕੇ ਬੈਠਣਾ ) । ਸਿੱਧਾਸਨ ਸਿੱਧਾਂ ਦੇ ਬੈਠਣ ਦੀ ਵਿਧੀ ਹੈ , ਪਦਮਾਸਨ ਵਿੱਚ ਚੌਕੜੀ ਮਾਰ ਕੇ ਧਰਤੀ ਤੇ ਬੈਠਦੇ ਹਨ । ਸੁਖਾਸਨ ਸਹਿਜਾਸਨ ਹੈ , ਜਿਵੇਂ ਬੈਠਣ ਵਿੱਚ ਕੋਈ ਪਰੇਸ਼ਾਨੀ ਨਾ ਹੋਏ ।

        4. ਪ੍ਰਾਣਾਯਾਮ : ਸਾਹ ਨੂੰ ਸੰਜਮਪੂਰਬਕ ਅੰਦਰ ਖਿੱਚਣ ਅਤੇ ਬਾਹਰ ਕੱਢਣ ਦੀ ਕ੍ਰਿਆ ਨੂੰ ਪ੍ਰਾਣਾਯਾਮ ਕਹਿੰਦੇ ਨੇ ।

        5. ਪ੍ਰਤਯਾਹਾਰ : ਮਨ ਅਤੇ ਇੰਦਰੀਆਂ ਨੂੰ ਰੂਪ , ਰਸ , ਗੰਧ ਆਦਿ ਵਿਸ਼ਿਆਂ ਤੋਂ ਹਟਾ ਕੇ ਅੰਤਰਮੁਖੀ ਕਰਨ ਨੂੰ ਪ੍ਰਤਯਾਹਾਰ ਕਹਿੰਦੇ ਹਨ ।

        6. ਧਾਰਨਾ : ਮਨ ਨੂੰ ਅੰਤਰਮੁੱਖ ਕਰ ਕੇ ਸਰੀਰ ਦੀਆਂ ਇੰਦਰੀਆਂ ਤੋਂ ਉੱਪਰ ਕਿਸੇ ਇੱਕ ਸਥਾਨ ਤੇ ਸਥਿਰ ਕਰਨ ਦੀ ਧਾਰਨਾ ਹੈ ।

        7. ਧਿਆਨ : ਮਨ , ਇੰਦਰੀਆਂ , ਬੁੱਧੀ ਅਤੇ ਆਤਮਾ ਜਦ ਕਿਸੇ ਇੱਕ ਸਥਿਤੀ ਤੇ ਲੀਨ ਹੋ ਜਾਂਦੇ ਹਨ ਅਤੇ ਨਿਰੰਤਰ ਉਸੇ ਨੁਕਤੇ ਤੇ ਖੁਭੇ ਰਹਿੰਦੇ ਹਨ ਤਾਂ ਇਸ ਨੂੰ ਧਿਆਨ ਦੀ ਸੰਗਿਆ ਦਿੱਤੀ ਜਾਂਦੀ ਹੈ । ਯਾਦ ਰਹੇ , ਇਸ ਹਾਲਤ ਵਿੱਚ ਧਿਆਨ , ਧਿਆਤਾ ( ਧਿਆਨ ਕਰਨ ਵਾਲਾ ) ਅਤੇ ਧਿਯੇਯ ( ਜਿਸ ਦਾ ਧਿਆਨ ਕੀਤਾ ਜਾਏ ) ਦਾ ਅਲੱਗ-ਅਲੱਗ ਅਹਿਸਾਸ ਬਣਿਆ ਰਹਿੰਦਾ ਹੈ ।

        8. ਸਮਾਧੀ : ਜਦੋਂ ਧਿਆਨ ਵਿੱਚ ਧਿਯੇਯ-ਵਸਤੂ ਆਪਣੇ ਪੂਰੇ ਆਕਾਰ ਵਿੱਚ ਪ੍ਰਤੱਖ ਹੁੰਦੀ ਹੋਵੇ ਤਾਂ ਉਹ ਸਥਿਤੀ ਸਮਾਧੀ ਹੈ । ਸਮਾਧੀ ਵਿੱਚ ਧਿਆਨ ਅਤੇ ਧਿਆਤਾ ਵਿੱਚ ਅੰਤਰ ਨਹੀਂ ਰਹਿੰਦਾ , ਇਸ ਅਵਸਥਾ ਵਿੱਚ ਮਾਤਰ ਧਿਯੇਯ ਹੀ ਰਹਿੰਦਾ ਹੈ ।

        ਯੋਗ ਦਰਸ਼ਨ ਵਿੱਚ ਈਸ਼ਵਰ ਦਾ ਸਰਬ ਸ੍ਰੇਸ਼ਠ ਨਾਂ ‘ ਪ੍ਰਣਵ’ ਅਰਥਾਤ ‘ ਓਮ’ ਹੈ । ‘ ਓਮ’ ਦੇ ਅਰਥ ਸਹਿਤ ਜਪ ਨਾਲ ਆਪਣੇ ਸਰੂਪ ਦਾ ਸਾਖਿਆਤ ਹੁੰਦਾ ਹੈ । ਇੱਥੇ ਯੋਗ ਦੇ ਬਾਕੀ ਵਿਘਨਾਂ ਦਾ ਭੀ ਅੰਤ ਹੋ ਜਾਂਦਾ ਹੈ । ਯੋਗੀ ਲੋਕ ਮੰਨਦੇ ਹਨ ਕਿ ਯੋਗ-ਅਭਿਆਸ ਨਾਲ ਮਨੁੱਖ ਮਾਨਸਿਕ ਅਤੇ ਸਰੀਰਕ ਸ਼ਕਤੀਆਂ ਦਾ ਵਿਕਾਸ ਕਰਦਾ ਹੈ ਅਤੇ ਬਾਹਰ ਪ੍ਰਕਿਰਤੀ ਦੀਆਂ ਸ਼ਕਤੀਆਂ ਤੇ ਵੀ ਕਾਬੂ ਪਾ ਸਕਦਾ ਹੈ ।


ਲੇਖਕ : ਓਮ ਪ੍ਰਕਾਸ਼ ਸਾਰਸਵਤ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਯੋਗ ਦਰਸ਼ਨ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਯੋਗ ਦਰਸ਼ਨ : ਜਿਸ ਸਿਧਾਂਤ ਪ੍ਰਣਾਲੀ ਦਾ ਸੰਬੰਧ ਯੋਗ ਸਾਧਨਾ ਨਾਲ ਹੈ , ਉਸ ਨੂੰ ‘ ਯੋਗ ਦਰਸ਼ਨ’ ਦਾ ਨਾਂ ਦਿੱਤਾ ਜਾਂਦਾ ਹੈ । ‘ ਯੋਗ’ ਸ਼ਬਦ ਸੰਸਕ੍ਰਿਤ ਦੀ ‘ ਯੁਜੑ’ ਧਾਤੂ ਤੋਂ ਬਣਿਆ ਹੈ ਅਤੇ ਇਹ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ । ਇਸ ਸ਼ਬਦ ਦਾ ਸਾਧਾਰਥ ਅਰਥ ਹੈ ਜੋੜਨਾ ਜਾਂ ਸੰਬੰਧ ਕਾਇਮ ਕਰਨਾ । ਫਲਸਰੂਪ ਦਰਸ਼ਨ ਵਿਚ ਆਤਮਾ ਪ੍ਰਮਾਤਮਾ ਦੀ ਏਕਤਾ ਨੂੰ ‘ ਯੋਗ’ ਕਿਹਾ ਜਾਂਦਾ ਹੈ । ਇਸ ਤੋਂ ਛੁੱਟ ਆਤਮਾ ਅਤੇ ਪ੍ਰਮਾਤਮਾ ਵਿਚ ਮੇਲ ਕਰਾਉਣ ਲਈ ਸਾਧਨਾ ਪ੍ਰਣਾਲੀ ਜਾਂ ਵਿਧੀ ਨੂੰ ਵੀ ਯੋਗ ਦਾ ਨਾਂ ਦਿੱਤਾ ਜਾਂਦਾ ਹੈ; ਜਿਵੇਂ ਗਿਆਨ ਯੋਗ , ਕਰਮ ਯੋਗ , ਭਗਤੀ ਯੋਗ । ‘ ਯੋਗ’ ਸ਼ਬਦ ਦਾ ਵਿਸ਼ੇਸ਼ ਅਰਥ ਹੈ ‘ ਯਤਨ’ । ਇਸ ਤਰ੍ਹਾਂ ਯਤਨ– ਪੂਰਵਕ ਕੀਤੀ ਗਈ ਸਾਧਨਾ ਪ੍ਰਣਾਲੀ ਯੋਗ ਹੈ । ਪਤੰਜਲਿ ਅਨੁਸਾਰ ‘ ਚਿੱਤ ਵ੍ਰਿਤੀ ਦੇ ਨਿਰੋਧ’ ( ਠਹਿਰਾਓ ਜਾਂ ਰੋਕ ) ਨੂੰ ਯੋਗ ਕਹਿੰਦੇ ਹਨ ।

                  ਯੋਗ ਸਾਧਨਾ ਭਾਰਤ ਦੀ ਇਕ ਮਹੱਤਵਪੂਰਣ ਸਾਧਨਾ ਪ੍ਰਣਾਲੀ ਹੈ । ਉਪਨਿਸ਼ਦਾਂ ਅਤੇ ਗੀਤਾ ਵਿਚ ਇਸ ਦੇ ਉਲੇਖ ਮਿਲ ਜਾਂਦੇ ਹਨ । ‘ ਭਾਗਵਤ ਪੁਰਾਣ’ ਅਤੇ ‘ ਯੋਗ ਵਾਸ਼ਿਸਠ’ ਵਿਚ ਇਸ ਦੀ ਮਹੱਤਵ– ਸਥਾਪਨਾ ਹੋਈ ਹੈ । ਬੁੱਧ ਮੱਤ ਵਿਚ ਨਿਰਵਾਣ– ਪਦ ਦੀ ਪ੍ਰਾਪਤੀ ਲਈ ਯੋਗ ਨੂੰ ਸਹਾਇਕ ਸਾਧਨ ਮੰਨਿਆ ਗਿਆ ਹੈ । ਪਤੰਜਲਿ ਨੇ ਸਭ ਤੋਂ ਪਹਿਲਾਂ ਪੂਰਬ– ਵਰਤੀ ਰਿਸ਼ੀਆਂ ਅਤੇ ਆਚਾਰਚਯਾਂ ਦੀਆਂ ਯੋਗ ਸਾਧਨਾ ਸੰਬੰਧੀ ਮਾਨਤਾਵਾਂ ਅਤੇ ਸਿਧਾਂਤਾਂ ਦੇ ਆਧਾਰ ’ ਤੇ ‘ ਯੋਗ– ਸੂਤ੍ਰ’ ਦੀ ਰਚਨਾ ਕੀਤੀ ਜਿਸ ਵਿਚ ਯੋਗ ਸੰਬੰਧੀ ਸੂਖ਼ਮ ਅਧਿਐਨ ਪੇਸ਼ ਕੀਤਾ ਗਿਆ । ਪਰ ਸਭ ਨਾਲੋਂ ਅਧਿਕ ‘ ਅਸ਼ਟਾਗ ਯੋਗ’ ਦੇ ਸਰੂਪ ਅਤੇ ਮਹੱਤਵ ਨੂੰ ਦਰਸਾਇਆ ਗਿਆ ਹੈ । ਇਸ ਦੇ ਸਮਾਨਾਂਤਰ ‘ ਹਠ ਯੋਗ’ ਹੈ ਜਿਸ ਦਾ ਮੂਲ ਭਾਵੇਂ ਤੰਤ੍ਰ– ਗ੍ਰੰਥਾਂ ਵਿਚ ਮੰਨਿਆ ਜਾਂਦਾ ਹੈ ਪਰ ਇਸ ਦੀ ਪੁਨਰ– ਸਥਾਪਨਾ ਗੋਰਖ– ਨਾਥ ਨੇ ਕੀਤੀ । ਇਸ ਤਰ੍ਹਾਂ ਇਹ ਦੋਵੇਂ ਯੋਗ ਸੁਤੰਤਰ ਰੂਪ ਵਿਚ ਪ੍ਰਵਾਹਮਾਨ ਰਹੇ ਹਨ , ਪਰ ਕਿਤੇ ਕਿਤੇ ਇਨ੍ਹਾਂ ਦੋਹਾਂ ਦੇ ਸਾਧਨਾਂ ਦਾ ਆਪਸ ਵਿਚ ਮੇਲ ਵੀ ਹੋਇਆ ਹੈ । ਅਜਿਹੀ ਸਥਿਤੀ ਵਿਚ ‘ ਹਠ ਯੋਗ’ ਦਾ ਸੰਬੰਧ ਚੂੰਕਿ ਸ਼ਰੀਰਿਕ ਕ੍ਰਿਆ– ਵਿਧੀ ਨਾਲ ਹੈ , ਇਸ ਲਈ ਇਸ ਨੂੰ ਯੋਗ ਸਾਧਨਾਂ ਦੀ ਪਹਿਲੀ ਪੌੜੀ ਕਿਹਾ ਜਾਵੇਗਾ ਅਤੇ ਪਤੰਜਲਿ ਦੇ ਯੋਗ ਦਾ ਸੰਬੰਧ ਮੋਖ ਨਾਲ ਹੈ , ਇਸ ਲਈ ਉਸ ਨੂੰ ਯੋਗ ਸਾਧਨਾ ਦੀ ਦੂਜੀ ਪੌੜੀ ਮੰਨਿਆ ਜਾਵੇਗਾ । ਇਸ ਨੂੰ ‘ ਰਾਜ ਯੋਗ’ ਵੀ ਕਿਹਾ ਜਾਂਦਾ ਹੈ । ਮੁੱਖ ਤੌਰ ਤੇ ਯੋਗ ਦੀ ਇਹੀ ਦੋ ਭੇਦ ਹਨ – – ਰਾਜ– ਯੋਗ ਅਤੇ ਹਠ– ਯੋਗ । ਉਂਜ ਮੰਤ੍ਰ– ਯੋਗ , ਲਿਵ– ਯੋਗ , ਸ਼ਬਦ– ਸੁਰਤਿ– ਯੋਗ ਆਦਿ ਦਾ ਉਲੇਖ ਵੀ ਕਿਤੇ ਕਿਤੇ ਮਿਲਦਾ ਹੈ ।

                  ਪਤੰਜਲਿ ਕ੍ਰਿਤ ‘ ਯੋਗ– ਸੂਤ੍ਰ’ ਦੇ ਕੁਲ ਚਾਰ ਪਦ ਹਨ । ਪਹਿਲੇ ਪਾਦ ਦਾ ਨਾਂ ‘ ਸਮਾਧਿਪਾਦ’ ਹੈ । ਇਸ ਵਿਚ ਯੋਗ ਦੇ ਲੱਛਣ , ਸਰੂਪ ਅਤੇ ਉਸ ਦੀ ਪ੍ਰਾਪਤੀ ਦੇ ਉਪਾਵਾਂ ਦਾ ਵਰਣਨ ਕੀਤਾ ਗਿਆ ਹੈ । ਨਾਲ ਹੀ ਚਿੱਤ ਵ੍ਰਿਤੀਆਂ ਦੇ ਭੇਦ ਅਤੇ ਲੱਛਣ ਦੱਸੇ ਗਏ ਹਨ । ਦੂਜੇ ਪਾਦ ਦਾ ਨਾਂ ਹੈ ‘ ਸਾਧਨ– ਪਾਦ’ । ਇਸ ਵਿਚ ਅਵਿੱਦਿਆ ( ਅਗਿਆਨ ) ਆਦਿ ਪੰਜ ਕਲੇਸ਼ਾਂ ਨੂੰ ਸਾਰਿਆਂ ਦੁੱਖਾਂ ਦਾ ਕਾਰਣ ਦੱਸਿਆ ਗਿਆ ਹੈ । ਇਨ੍ਹਾਂ ਦੁੱਖਾਂ ਦਾ ਨਾਸ਼ ਕਰਨ ਲਈ ਕਲੇਸ਼ਾਂ ਨੂੰ ਜੜ੍ਹੋਂ ਪੁੱਟਣਾ ਬਹੁਤ ਜ਼ਰੂਰੀ ਹੈ । ਜਿਸ ਲਈ ਨਿਰਮਲ ਵਿਵੇਕ ਗਿਆਨ ਦੀ ਲੋੜ ਹੈ ਅਤੇ ਇਸ ਗਿਆਨ ਦੀ ਪ੍ਰਾਪਤੀ ਦਾ ਉਪਾਅ ਅੱਗ ਅੰਗਾਂ ਦੀ ਪਾਲਣਾ ਹੈ । ਇਹ ਅੱਠ ਅੰਗ ( ਅਸ਼ਟਾਂਗ ) ਹਨ– – ਯਮ , ਨਿਸਮ , ਆਸਨ , ਪ੍ਰਾਣਾਯਮ , ਪ੍ਰਤੑਯਾਹਾਰ , ਧਾਰਣਾ , ਧਿਆਨ ਅਤੇ ਸਮਾਧਿ । ਤੀਜੇ ਪਦ ਦਾ ਨਾਂ ਹੈ ‘ ਵਿਭੂਤਿਪਾਦ’ । ਇਸ ਵਿਚ ਧਾਰਣਾ , ਧਿਆਨ ਅਤੇ ਸਮਾਧਿ ਇਨ੍ਹਾਂ ਤਿੰਨਾਂ ਦਾ ਸਮੁੱਚਾ ਭਾਵ ‘ ਸੰਯਮ’ ਦਸ ਕੇ ਉਸ ਦੇ ਵੱਖ ਵੱਖ ਫਲਾਂ ਉੱਤੇ ਵੀ ਪ੍ਰਕਾਸ਼ ਪਾਇਆ ਗਿਆ ਹੈ । ਇਸ ਨੂੰ ਯੋਗ ਦੀ ਸਿੱਧੀ ਅਤੇ ਵਿਭੂਤੀ ਵੀ ਕਹਿੰਦੇ ਹਨ । ਪਰ ਇਨ੍ਹਾਂ ਸਿੱਧੀਆਂ ਦੇ ਲੋਭ ਵਿਚ ਨਾ ਪੈਣ ਲਈ ਸਾਧਕ ਨੂੰ ਚੇਤਾਵਨੀ ਵੀ ਕੀਤੀ ਗਈ ਹੈ । ਚੌਥੇ ਪਾਦ ਦਾ ਨਾਂ ‘ ਕੈਵਲੑਯ– ਪਾਦ’ ਹੈ । ਇਸ ਵਿਚ ਕੈਵਲੑਯ ਪ੍ਰਾਪਤ ਕਰਨ ਯੋਗ ਚਿੱਤ ਦਾ ਸਰੂਪ ਚਿੱਤਰਿਆ ਗਿਆ ਹੈ ਅਤੇ ਯੋਗ ਦਰਸ਼ਨ ਸੰਬੰਧੀ ਪੈਦਾ ਹੋਣ ਵਾਲੇ ਸ਼ੰਕਿਆਂ ਦਾ ਨਿਰਵਾਣ ਕੀਤਾ ਗਿਆ ਹੈ । ਕਲੇਸ਼ ਅਤੇ ਕਰਮਾਂ ਦਾ ਅਭਾਵ ਅਤੇ ਪੁਨਰ– ਜਨਮ ਦੀ ਸਮਾਪਤੀ ਆਦਿ ਗੱਲਾਂ ਤੇ ਪ੍ਰਕਾਸ਼ ਪਾ ਕੇ ਕੈਵਲੑਯ ਦਾ ਸਰੂਪ ਵੀ ਉਘਾੜਿਆ ਗਿਆ ਹੈ ।

                  ਯੋਗ ਦਰਸ਼ਨ ਈਸ਼ਵਰ ਤੱਤ ਵਿਚ ਵਿਸ਼ਵਾਸ ਰੱਖਦਾ ਹੈ । ਈਸ਼ਵਰ ਸਨਾਤਨ , ਆਪਣੇ ਆਪ ਤੇ ਨਿਰਭਰ , ਪੁਰਸ਼ ਅਤੇ ਪ੍ਰਕ੍ਰਿਤੀ ਤੋਂ ਵੱਖ ਇਕ ਸੁਤੰਤਰ ਅਤੇ ਨਿੱਤ ਤੱਤ ਹੈ । ਇਹ ਇਕ ਵਿਸ਼ੇਸ਼ ਪੁਰਸ਼ ਵੀ ਕਿਹਾ ਜਾ ਸਕਦਾ ਹੈ । ਉਹ ਨਾ ਕਲੇਸ਼ ਭੋਗਦਾ ਹੈ , ਨਾ ਕੋਈ ਕਰਮ ਕਰਦਾ ਹੈ , ਉਹ ਸਕਦਾ ਮੁਕਤ ਅਤੇ ਅਸਾਧਾਰਣ ਤੇ ਅਨੰਤ ਸ਼ਕਤੀ ਵਾਲਾ ਪਰਮ ਪੁਰਸ਼ ਹੈ । ਆਦਿ ਕਰਤਾ ਕੇਵਲ ਇਕ ਪ੍ਰਮੇਸ਼ਵਰ ਹੈ , ਬਾਕੀ ਦੇਵ ਉਸ ਦੇ ਅਧੀਨ ਹਨ । ਜੋ ਸਾਧਕ ਆਪਣੇ ਆਪ ਨੂੰ ਪ੍ਰਮੇਸ਼ਵਰ ਅੱਗੇ ਅਰਪਣ ਕਰਦਾ ਹੈ , ਉਸ ਦੇ ਸਾਧਨਾ– ਮਾਰਗ ਦੇ ਸਾਰੇ ਔਖ ਕਟ ਜਾਂਦੇ ਹਨ ਅਤੇ ਪ੍ਰਮੇਸ਼ਵਰ ਦੀ ਕ੍ਰਿਪਾ ਨਾਲ ਉਸ ਨੂੰ ਜਲਦੀ ਕੈਵਲੑਯ ਪ੍ਰਾਪਤ ਹੋ ਜਾਂਦਾ ਹੈ । ਈਸ਼ਰਵ ਪੁਰਸ਼ ਅਤੇ ਪ੍ਰਕ੍ਰਿਤੀ ਦੇ ਸੰਯੋਗ ਨਾਲ ਪ੍ਰਕ੍ਰਿਤੀ ਦੇ ਪਰਿਣਾਮ ਨੂੰ ਨਿਯੰਤ੍ਰਿਤ ਕਰਦਾ ਹੈ । ਇਸ ਮੱਤ ਅਨੁਸਾਰ ਭ੍ਰਾਂਤੀਆਂ ਤੋਂ ਰਹਿਤ ਸ਼ੑਰੁਤੀ ( ਵੇਦ ) ਦਾ ਕਰਤਾ ਅਲਪੱਗ ਜੀਵ ਨਹੀਂ ਹੋ ਸਕਦਾ , ਉਹ ਕਰਤਾ ਕੇਵਲ ਸਰਬੱਗ ਈਸ਼ਵਰ ਹੀ ਹੋ ਸਕਦਾ ਹੈ । ਸ਼ੑਰੁਤੀ ਚੂੰਕਿ ਪ੍ਰਮਾਣ ਹੈ ਅਤੇ ਇਸ ਪ੍ਰਮਾਣ ਦੀ ਸਹਾਇਤਾ ਨਾਲ ਯੋਗ ਸ਼ਾਸਤ੍ਰਕਾਰ ਈਸ਼ਵਰ ਦੀ ਸੱਤਾ ਨੂੰ ਸਿੱਧ ਕਰਦਾ ਹੈ ।

                  ਯੋਗ ਦਰਸ਼ਨ ਮੁੱਖ ਤੌਰ ਤੇ ਨੀਤੀ ਸ਼ਾਸਤ੍ਰ ਹੈ ਅਤੇ ਇਸ ਦਾ ਦਾਰਸ਼ਨਿਕ ਆਧਾਰ ‘ ਸ਼ਾਂਖੑਯ ਦਰਸ਼ਨ’ ( ਵੇਖੋ ) ਹੈ । ਇਨ੍ਹਾਂ ਦੋਹਾਂ ਮੱਤਾਂ ਵਿਚ ਦੂਰ ਤਕ ਸਮਾਨਤਾ ਹੈ । ਪਰ ਕੁਝ ਅੰਤਰ ਵੀ ਹਨ । ਸਾਂਖੑਯ ਈਸ਼ਰਵ ਦੀ ਸੱਤਾ ਨੂੰ ਨਹੀਂ ਮੰਨਦਾ , ਜਦ ਕਿ ਯੋਗ ਈਸ਼ਵਰ ਦੀ ਸੱਤਾ ਸਵੀਕਾਰ ਕਰਦਾ ਹੈ । ਸਾਂਖੑਯ 25 ਤੱਤ ਮੰਨਦਾ ਹੈ ਅਤੇ ਯੋਗ 26 । ਪੁਰਸ਼ , ਪ੍ਰਕ੍ਰਿਤੀ ਅਤੇ ਈਸ਼ਵਰ , ਇਹ ਤਿੰਨ ਪ੍ਰਧਾਨ ਅਤੇ ਨਿੱਤ ਤੱਤ ਹਨ ਅਤੇ ਬਾਕੀ ਦੇ 23 ਅਨਿੱਤ ਅਤੇ ਅਪ੍ਰਧਾਨ ਹਨ । ਸਾਂਖੑਯ ਕੇਵਲ ਵਿਵੇਕ ਗਿਆਨ ਦੁਆਰਾ ਮੋਖ ਸੰਭਵ ਮੰਨਦਾ ਹੈ , ਪਰ ਯੋਗ ਵਿਵੇਕ ਗਿਆਨ ਦੀ ਲੋੜ ਦੇ ਨਾਲ ਨਾਲ ਮੋਖ ਪ੍ਰਾਪਤੀ ਲਈ ਕਰਮ– ਯੋਗ ਜਾਂ ਸਾਧਨਾ ਦਾ ਵੀ ਮਹੱਤਵ ਦੱਸਦਾ ਹੈ । ਇਸ ਤਰ੍ਹਾਂ ਅਸ਼ਟਾਂਗ ਯੋਗ ਦੇ ਰੂਪ ਵਿਚ ਇਕ ਵਿਸ਼ੇਸ਼ ਕਰਮ– ਮਾਰਗ ਦੱਸਿਆ ਗਿਆ ਹੈ ਜਿਸ ਦਾ ਅੰਤਿਮ ਅੰਗ ਸਮਾਧੀ ਹੈ ਅਤੇ ਜਿਸ ਰਾਹੀਂ ਆਤਮ– ਸਾਖਿਅਤ– ਕਾਰ ਦੀ ਪ੍ਰਾਪਤੀ ਹੁੰਦੀ ਹੈ । ਇਸ ਤਰ੍ਹਾਂ ਸਾਂਖੑਯ ਗਿਆਨ ਪ੍ਰਧਾਨ ਅਤੇ ਯੋਗ ਕਰਮ– ਪ੍ਰਧਾਨ ਦਰਸ਼ਨ ਹਨ । ਯੋਗ ਦੇ ਕਰਮ– ਮਾਰਗ ਦੇ ਮਹੱਤਵ ਪ੍ਰਤਿ ਕੋਈ ਦਰਸ਼ਨ ਵੀ ਅਵੇਸਲਾ ਨਹੀਂ ਹੋ ਸਕਦਾ , ਇਸ ਲਈ ਯੋਗ ਦਰਸ਼ਨ ਦਾ ਬਾਕੀ ਸਾਰੇ ਦਰਸ਼ਨਾਂ ਉੱਤੇ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵ ਪ੍ਰਤੀਤ ਹੁੰਦਾ ਹੈ ।

                  ਵਿਵੇਕ ਗਿਆਨ ਦੇ ਪ੍ਰਾਪਤ ਹੋਣ ਤੇ ਜੀਵ ਯੋਗ ਸਾਧਨਾ ਰਾਹੀਂ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਦਾ ਹੈ । ਚਿੱਤ ਨਾਲ ਸੰਯੋਗ ਆਤਮਾ ਦੇ ਬੰਧਨ ਦਾ ਕਾਰਣ ਹੈ । ਵਿਵੇਕ ਗਿਆਨ ਅਤੇ ਯੋਗ ਸਾਧਨਾ ਨਾਲ ਚਿੱਤ ਵ੍ਰਿਤੀ ਰੁਕ ( ਸਥਿਰ ਹੋ ) ਜਾਂਦੀ ਹੈ ਅਤੇ ਚਿੱਤ– ਆਤਮਾ ਸੰਯੋਗ ਨਸ਼ਟ ਹੋ ਜਾਂਦਾ ਹੈ । ਸੰਯੋਗ ਦੇ ਨਸ਼ਟ ਹੋਣ ਨਾਲ ਆਤਮਾ ਆਪਣੇ ਮੂਲ ਰੂਪ ਵਿਚ ਸਥਿਤ ਹੋ ਜਾਂਦੀ ਹੈ । ਸਾਂਖੑਯ ਮੱਤ ਵਾਂਗ ਹੀ ਯੋਗ ਵਿਚ ਮੋਖ ਅਵਸਥਾ ਸੁੱਖ ਜਾਂ ਆਨੰਦ ਦੀ ਅਵਸਥਾ ਨਹੀਂ ਹੈ , ਇਹ ਇਕ ਚਿਰ– ਦੁਖ– ਨਿਵ੍ਰਿਤੀ ਦੀ ਅਵਸਥਾ ਹੈ । ਆਤਮਾ ਚਿੱਤ ਨਾਲ ਸੰਯੁਕਤ ਹੋ ਕੇ ਅਗਿਆਨ– ਵਸ ਆਪਣੇ ਆਪ ਨੂੰ ਕਰਤਾ ਅਤੇ ਭੋਗਤਾ ਸਮਝਣ ਲੱਗ ਜਾਂਦੀ ਹੈ , ਇਹੀ ਆਤਮਾ ਦੀ ਬੱਧ ( ਬੰਨ੍ਹੀ ਹੋਈ ) ਅਵਸਥਾ ਹੈ । ਇਸ ਅਵਸਥਾ ਵਿਚ ਆਤਮਾ ਪੰਜ ਕਲੇਸ਼ਾਂ ਨਾਲ ਘਿਰ ਜਾਂਦੀ ਹੈ , ਇਹ ਕਲੇਸ਼ ਪੰਜ ਹਨ– – ਅਵਿੱਦਿਆ ( ਅਗਿਆਨ ) , ਅਸੑਮਿਤਾ ( ਦੇਹ , ਧਨ ਦੀ ਹਉਮੈ ) , ਰਾਗ ( ਪਦਾਰਥਾਂ ਵਿਚ ਪ੍ਰੇਮ ) , ਦ੍ਵੈਸ਼ ( ਵੈਰ ਵਿਰੋਧ ) , ਅਤੇ ਅਭਿਨਿਵੇਸ਼ ( ਨਾ ਕਰਨ ਯੋਗ ਕੰਮਾਂ ਨੂੰ ਹਠ ਪੂਰਵਕ ਕਰਨਾ ਅਤੇ ਮੌਤ ਤੋਂ ਡਰਨਾ ) । ਅਵਿੱਦਿਆ ਹੀ ਇਨ੍ਹਾਂ ਕਲੇਸ਼ਾਂ ਦੀ ਜਨਨੀ ਹੈ । ਇਨ੍ਹਾਂ ਕਲੇਸ਼ਾਂ ਨੂੰ ਅਸ਼ਟਾਂਗਾਂ ਰਾਹੀਂ ਮੂਲੋਂ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਸਮਾਧੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਹੀ ਯੋਗ– ਸਿੱਧੀ ਹੈ । ( ਵੇਖੋ ‘ ਖਟ ਦਰਸ਼ਨ’ )

                  [ ਸਹਾ. ਗ੍ਰੰਥ– – ਹਿ. ਮਾ. ਕੋ. ( 1 ) : ‘ ਪਾਤੰਜਲ ਯੋਗ ਦਰਸ਼ਨ’ ( ਗੀਤਾ ਪ੍ਰੈਸ ) ; ਡਾਕਟਰ ਰਾਧਾ ਕ੍ਰਿਸ਼ਣਨ :           ‘ ਭਾਰਤੀਯ ਦਰਸ਼ਨ’ ( ਹਿੰਦੀ ) ਭਾਗ 2; ਪੰ. ਬਲਦੇਵ ਉਪਾਧਿਆਯ : ‘ ਭਾਰਤੀਯ ਦਰਸ਼ਨ’ ( ਹਿੰਦੀ ) ;         ਹਰਿਦਾਸ ਬੰਦ ਉਪਾਧਿਆਯ : ‘ ਭਾਰਤੀਯ ਦਰਸ਼ਨ ਕੀ ਮਰਮ– ਕਥਾ’ ( ਹਿੰਦੀ ) ]  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

please recommend any book in punjabi for patanjali yoga sutras


arshdeep singh, ( 2018/10/11 07:2931)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.