ਰਮਦਾਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਮਦਾਸ [ ਨਿਪੁ ] ਵੇਖੋ ਰਵਿਦਾਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਮਦਾਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਮਦਾਸ ( ਪਿੰਡ ) : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਪਿੰਡ ਜੋ ਬਾਬਾ ਬੁੱਢਾ ਦੇ ਛੋਟੇ ਪੁੱਤਰ ਭਾਈ ਭਾਨਾ ਨੇ ਵਸਾਇਆ ਅਤੇ ਇਸ ਦਾ ਨਾਂ ‘ ਰਾਮਦਾਸ’ ਰਖਿਆ ਜੋ ਕਾਲਾਂਤਰ ਵਿਚ ‘ ਰਮਦਾਸ’ ਉਚਾਰਿਆ ਜਾਣ ਲਗਾ । ਬਾਬਾ ਬੁੱਢਾ ਦਾ ਸਾਰਾ ਪਰਿਵਾਰ ਆਪਣੇ ਜੱਦੀ ਪਿੰਡ ਕੱਥੂ ਨੰਗਲ ਤੋਂ ਇਸ ਪਿੰਡ ਆ ਵਸਿਆ । ਭਾਈ ਭਾਨੇ ਦੇ ਪੋਤਰੇ ਭਾਈ ਝੰਡਾ ( ਜਨਮ 1580 ਈ. ) ਦੀ ਪ੍ਰਤਿਸ਼ਠਾ ਕਾਰਣ ਇਸ ਪਿੰਡ ਨੂੰ ਉਸ ਦੇ ਨਾਂ ਨਾਲ ਵਿਸ਼ਿਸ਼ਟ ਕਰਕੇ ‘ ਝੰਡਾ ਰਮਦਾਸ ’ ਕਿਹਾ ਜਾਣ ਲਗਿਆ । ਬਾਬਾ ਬੁੱਢਾ ਜੀ ਭਾਵੇਂ ਅਧਿਕਤਰ ਗੁਰੂ ਸਾਹਿਬਾਨ ਦੀ ਸੇਵਾ ਵਿਚ ‘ ਬੀੜ ਬਾਬਾ ਬੁੱਢਾ’ ਵਿਚ ਹੀ ਰਹੇ , ਪਰ ਉਹ ਕਦੇ ਕਦੇ ਆਪਣੇ ਪਰਿਵਾਰ ਨੂੰ ਮਿਲਣ ਲਈ ਇਸ ਪਿੰਡ ਆਉਂਦੇ ਰਹਿੰਦੇ ਸਨ । ਬਾਬਾ ਜੀ ਆਪਣੇ ਦੇਹਾਂਤ ਤੋਂ ਕੁਝ ਮਹੀਨੇ ਪਹਿਲਾਂ ਇਥੇ ਆ ਟਿਕੇ ਸਨ । ਆਪਣਾ ਅੰਤ ਨੇੜੇ ਆਇਆ ਜਾਣ ਕੇ ਬਾਬਾ ਜੀ ਦੇ ਮਨ ਵਿਚ ਗੁਰੂ-ਦਰਸ਼ਨ ਦੀ ਇੱਛਾ ਪੈਦਾ ਹੋਈ । ਜਾਣੀ-ਜਾਣ ਗੁਰੂ ਹਰਿਗੋਬਿੰਦ ਸਾਹਿਬ ਇਸ ਪਿੰਡ ਆਏ ਅਤੇ ਆਪ ਦੇ ਦਰਸ਼ਨ ਕਰਨ ਉਪਰੰਤ ਬਾਬਾ ਜੀ ਨੇ 16 ਨਵੰਬਰ 1631 ਈ. ਨੂੰ ਪ੍ਰਾਣ ਤਿਆਗ ਦਿੱਤੇ । ਗੁਰੂ ਜੀ ਨੇ ਆਪਣੇ ਹੱਥੀਂ ਬਾਬਾ ਜੀ ਦਾ ਸਸਕਾਰ ਕੀਤਾ । ਇਸ ਪਿੰਡ ਵਿਚ ਤਿੰਨ ਇਤਿਹਾਸਿਕ ਗੁਰੂ-ਧਾਮ ਹਨ ।

ਇਕ , ਗੁਰਦੁਆਰਾ ਬੁੰਗਾ ਸਾਹਿਬ ਜੋ ਪਿੰਡ ਦੇ ਪੂਰਬ ਵਲ ਉਸਰਿਆ ਹੋਇਆ ਹੈ । ਬਾਬਾ ਬੁੱਢਾ ਜੀ ਨੂੰ ਮਿਲਣ ਆਏ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਸਥਾਨ ਉਤੇ ਠਿਕਾਣਾ ਕੀਤਾ ਸੀਦੂਜਾ , ਗੁਰਦੁਆਰਾ ਸਮਾਧਾਂ , ਜੋ ਪਿੰਡ ਤੋਂ ਬਾਹਰ ਉੱਤਰ-ਪੂਰਬ ਵਾਲੇ ਪਾਸੇ ਇਕ ਕਿ.ਮੀ. ਦੀ ਵਿਥ ਉਤੇ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿਥੇ ਬਾਬਾ ਜੀ ਦਾ ਸਸਕਾਰ ਕੀਤਾ ਗਿਆ ਸੀ । ਤੀਜਾ , ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਜੀ ਜੋ ਪਿੰਡ ਦੀ ਦੱਖਣੀ ਬਾਹੀ ਵਿਚ ਉਸਰਿਆ ਹੋਇਆ ਹੈ । ਇਸੇ ਸਥਾਨ ਉਤੇ ਬਾਬਾ ਜੀ ਦਾ ਪਰਿਵਾਰ ਰਹਿੰਦਾ ਸੀ । ਇਕ ਵਾਰ ਲਾਹੌਰ ਦਰਬਾਰ ਦੀ ਸੈਨਾ ਦੁਆਰਾ ਇਸ ਪਿੰਡ ਦੀ ਕੀਤੀ ਗਈ ਲੁਟ-ਮਾਰ ਵੇਲੇ ਇਹ ਘਰ ਬਰਬਾਦ ਹੋ ਗਿਆ । ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲਗਣ’ ਤੇ ਉਸ ਨੇ ਇਸ ਸਥਾਨ ਉਤੇ ਗੁਰਦੁਆਰੇ ਦਾ ਨਿਰਮਾਣ ਕਰਵਾਇਆ । ਹੁਣ ਨਵੀਂ ਇਮਾਰਤ ਬਣ ਚੁਕੀ ਹੈ । ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.