ਰਹਿਤ-ਮਰਯਾਦਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਹਿਤ - ਮਰਯਾਦਾ [ ਨਾਂਇ ] ਵਿਸ਼ੇਸ਼ ਸਿਧਾਂਤਾਂ ਅਨੁਸਾਰ ਰਹਿਣ ਦਾ ਭਾਵ; ਸਿੱਖੀ ਅਸੂਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਹਿਤ-ਮਰਯਾਦਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਹਿਤ - ਮਰਯਾਦਾ : ਇਸ ਤੋਂ ਭਾਵ ਹੈ ਧਾਰਮਿਕ ਨਿਯਮਾਂ ਦੀ ਬੰਦਸ਼ ਜਾਂ ਪਾਬੰਦੀ ਵਿਚ ਰਹਿਣ ਦੀ ਮਰਯਾਦਾ । ਚੂੰਕਿ ਇਹ ਸ਼ਬਦ ਹੁਣ ਸਿੱਖ-ਸਮਾਜ ਲਈ ਰੂੜ੍ਹ ਹੋ ਚੁਕਿਆ ਹੈ , ਇਸ ਲਈ ਇਸ ਤੋਂ ਭਾਵ ਹੈ ਉਹ ਕਰਮਾਚਾਰ ਜਿਸ ਅਨੁਸਾਰ ਇਕ ਸਿੱਖ ਨੂੰ ਆਪਣਾ ਜੀਵਨ ਬਿਤਾਉਣਾ ਚਾਹੀਦਾ ਹੈ ।

ਕਿਸੇ ਨਵੇਂ ਧਰਮ ਅਥਵਾ ਸਮਾਜ ਲਈ ਉਸ ਦੇ ਸ਼ੁਰੂ ਹੋਣ ਨਾਲ ਹੀ ਬੰਦਸ਼ਾਂ ਦੀ ਵਿਵਸਥਾ ਨਹੀਂ ਹੁੰਦੀ । ਇਨ੍ਹਾਂ ਦੀ ਸਿਰਜਨਾ ਦੇ ਪਿਛੋਕੜ ਵਜੋਂ ਸਮੇਂ ਸਮੇਂ ਬਦਲਦੀਆਂ ਪਰਿਸਥਿਤੀਆਂ ਦਾ ਆਪਣਾ ਯੋਗਦਾਨ ਰਹਿੰਦਾ ਹੈ । ਇਨ੍ਹਾਂ ਵਿਚੋਂ ਕੁਝ ਬੰਦਸ਼ਾਂ ਜਾਂ ਨਿਯਮ ਪਰੰਪਰਾਗਤ ਹੁੰਦੇ ਹਨ , ਕੁਝ ਪੁਰਾਣੇ ਨਿਯਮਾਂ ਨੂੰ ਲੋੜ ਅਨੁਸਾਰ ਬਦਲ ਦਿੱਤਾ ਹੁੰਦਾ ਹੈ ਅਤੇ ਕੁਝ ਬਿਲਕੁਲ ਨਵੇਂ ਹੁੰਦੇ ਹਨ ।

ਰਹਿਤ ਵਿਚ ਰਹਿਣਾ ਹਰ ਸਿੱਖ ਲਈ ਬਹੁਤ ਜ਼ਰੂਰੀ ਹੈ । ਇਸ ਸੰਬੰਧੀ ਪਹਿਲੇ ਗੁਰੂ ਜੀ ਦੀ ਬਾਣੀ ਵਿਚੋਂ ਹੀ ਸੰਕੇਤ ਮਿਲ ਜਾਂਦੇ ਹਨ , ਜਿਵੇਂ :

( 1 )     ਜੀਵਨ ਮੁਕਤੁ ਜਾਂ ਸਬਦੁ ਸੁਣਾਏ

ਸਚੀ ਰਹਤ ਸਦਾ ਸੁਖੁ ਪਾਏ ( ਗੁ.ਗ੍ਰੰ.1343 )

( 2 )     ਗਿਆਨੁ ਧਿਆਨੁ ਸਭੁ ਗੁਰ ਤੇ ਹੋਈ

ਸਾਚੀ ਰਹਤ ਸਾਚਾ ਮਨਿ ਸੋਈ ( ਗੁ.ਗ੍ਰੰ.831 )

ਗੁਰੂ ਅਰਜਨ ਦੇਵ ਜੀ ਨੇ ‘ ਸੁਖਮਨੀ ’ ਨਾਂ ਦੀ ਰਚਨਾ ਵਿਚ ਸਪੱਸ਼ਟ ਕਿਹਾ ਹੈ— ਰਹਤ ਅਵਰ ਕਛੁ ਅਵਰ ਕਮਾਵਤ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ( ਗੁ. ਗ੍ਰੰ.269 )

ਗੁਰੂ ਗ੍ਰੰਥ ਸਾਹਿਬ ਵਿਚ ‘ ਰਹਿਤ ’ ਦਾ ਵਿਸ਼ੇਸ਼ ਮਹੱਤਵ ਦਸਿਆ ਗਿਆ ਹੈ । ਇਸ ਨੂੰ ‘ ਰਹਿਣੀ’ ਵੀ ਕਿਹਾ ਜਾਂਦਾ ਹੈ । ‘ ਰਹਿਤ’ ਦਾ ਕਈਆਂ ਪ੍ਰਸੰਗਾਂ ਵਿਚ ਸਰੂਪ- ਨਿਰਧਾਰਣ ਵੀ ਹੋਇਆ ਹੈ , ਜਿਵੇਂ— ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮ ਧਿਆਵੈ ਉਦਮੁ ਕਰੈ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰ ਨਾਵੈ ( ਗੁ.ਗ੍ਰੰ.305 ) ।

ਇਸ ਪ੍ਰਕਾਰ ਦੀ ਰਹਿਤ ਅਧਿਕਤਰ ਮਾਨਸਿਕ ਹੈ । ਭਾਈ ਗੁਰਦਾਸ ਦੀਆਂ ਵਾਰਾਂ ਅਤੇ ‘ ਦਸਮ ਗ੍ਰੰਥ ’ ਵਿਚ ਵੀ ਅਜਿਹੀ ਰਹਿਤ ਦੇ ਬਹੁਤ ਉਲੇਖ ਮਿਲ ਜਾਂਦੇ ਹਨ । ਪਰ ਇਸ ਤਰ੍ਹਾਂ ਦੀ ਰਹਿਤ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ਖ਼ਾਲਸੇ ਤੋਂ ਪਹਿਲਾਂ ਦੀ ਹੈ । ਖ਼ਾਲਸੇ ਦੀ ਸਿਰਜਨਾ ਨਾਲ ਰਹਿਤ ਦਾ ਸਰੂਪ ਬਦਲਿਆ ਹੈ । ਇਸ ਦਾ ਝੁਕਾਓ ਮਾਨਸਿਕ ਰਹਿਤ ਦੇ ਨਾਲ ਨਾਲ ਸ਼ਰੀਰਕ ਰਹਿਤ ਵਲ ਵੀ ਹੋ ਗਿਆ । ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ ਇਸ ਰਹਿਤ- ਮਰਯਾਦਾ ਵਿਚ ਸਮੇਂ ਸਮੇਂ ਵਾਧੇ ਹੁੰਦੇ ਰਹੇ ਅਤੇ ਇਸ ਤਰ੍ਹਾਂ ਰਹਿਤ-ਨੁਮਾ ਰਚਨਾਵਾਂ ਦੀ ਪਰੰਪਰਾ ਚਲ ਪਈ ਜਿਸ ਨੂੰ ਰਹਿਤਨਾਮੇ ( ਵੇਖੋ ) ਕਿਹਾ ਜਾਣ ਲਗਿਆ । ਇਨ੍ਹਾਂ ਦੀ ਗਿਣਤੀ ਵਿਦਵਾਨਾਂ ਨੇ ਚਾਲੀ ਤਕ ਕੀਤੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.