ਰਹਿਰਾਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਹਿਰਾਸ ( ਬਾਣੀ ) : ਸਿੱਖ ਧਰਮ ਵਿਚ ਜਿਗਿਆਸੂਆਂ ਦੁਆਰਾ ਨਿੱਤ-ਪਾਠ ਦੀ ਇਕ ਬਾਣੀ ਜਿਸ ਵਿਚ ਵਖ ਵਖ ਗੁਰੂ ਸਾਹਿਬਾਨ ਦੇ ਸ਼ਬਦ ਸ਼ਾਮਲ ਕੀਤੇ ਗਏ ਹਨ । ਇਸ ਦਾ ਪਾਠ ਸੰਝ ਵੇਲੇ ਕੀਤਾ ਜਾਂਦਾ ਹੈ । ਇਸ ਵਿਚ ਸੋਦਰੁ , ਸੋਪੁਰਖੁ ਤੋਂ ਇਲਾਵਾ ਹੁਣ ਬੇਨਤੀ-ਚੌਪਈ , ‘ ਅਨੰਦੁ ’ ਬਾਣੀ ਦੀਆਂ ਪਹਿਲੀਆਂ ਪੰਜ ਅਤੇ ਆਖ਼ੀਰਲੀ ਪਉੜੀ ਅਤੇ ਮੁੰਦਾਵਣੀ ਆਦਿ ਸ਼ਬਦ ਇਕੱਠੇ ਕੀਤੇ ਹੋਏ ਹਨ । ਬਾਣੀ ਦੇ ਗੁਟਕਿਆਂ ਵਿਚ ਸ਼ਬਦਾਂ ਦੀ ਵਧ ਘਟ ਗਿਣਤੀ ਵੀ ਮਿਲਦੀ ਹੈ । ਇਸ ਦਾ ਇਹ ਸਰੂਪ ਕਿਸੇ ਗੁਰੂ ਦੁਆਰਾ ਪ੍ਰਵਾਨਿਤ ਨਹੀਂ , ਸਗੋਂ ਧਰਮੀ ਸਿੱਖਾਂ ਦੇ ਉਦਮ ਅਤੇ ਸੋਚ ਦਾ ਫਲ ਹੈ ।

ਸੰਝ ਵੇਲੇ ਰਹਿਰਾਸ ਦਾ ਪਾਠ ਕਰਨ ਦੀ ਪ੍ਰਥਾ ਗੁਰੂ ਅਰਜਨ ਜੀ ਨੇ ਚਲਾਈ ਪ੍ਰਤੀਤ ਹੁੰਦੀ ਹੈ । ਉਦੋਂ ਇਸ ਨੂੰ ‘ ਸੋਦਰੁ’ ਨਾਂ ਨਾਲ ਯਾਦ ਕੀਤਾ ਜਾਂਦਾ ਸੀ , ਜਿਵੇਂ ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ । ( ਭਾਈ ਗੁਰਦਾਸ— 6/3 ) । ਉਦੋਂ ਇਸ ਵਿਚ ਕੇਵਲ ਦੋ ਸ਼ਬਦ-ਜੁੱਟ ਸਨ । ਇਕ ਜੁੱਟ ਦਾ ਨਾਂ ‘ ਸੋਦਰੁ’ ( ਵੇਖੋ ) ਸੀ ਅਤੇ ਦੂਜੇ ਦਾ ‘ ਸੋਪੁਰਖੁ’ ( ਵੇਖੋ ) । ‘ ਸੋਦਰੁ’ ਜੁੱਟ ਵਿਚ ਪੰਜ ਸ਼ਬਦ ਹਨ , ਜਿਨ੍ਹਾਂ ਵਿਚੋਂ ਪਹਿਲੇ ਤਿੰਨ ਗੁਰੂ ਨਾਨਕ ਦੇਵ ਜੀ ਦੇ , ਚੌਥਾ ਗੁਰੂ ਰਾਮਦਾਸ ਜੀ ਦਾ ਅਤੇ ਪੰਜਵਾਂ ਗੁਰੂ ਅਰਜਨ ਦੇਵ ਜੀ ਦਾ ਹੈ । ‘ ਸੋਪੁਰਖੁ’ ਜੁੱਟ ਦੇ ਚਾਰ ਸ਼ਬਦਾਂ ਵਿਚੋਂ ਪਹਿਲਾ ਅਤੇ ਦੂਜਾ ਸ਼ਬਦ ਗੁਰੂ ਰਾਮਦਾਸ ਜੀ ਦੀ ਰਚਨਾ ਹੈ , ਤੀਜਾ ਗੁਰੂ ਨਾਨਕ ਦੇਵ ਜੀ ਦਾ ਹੈ ਅਤੇ ਚੌਥਾ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਹੈ । ਇਹ ਸ਼ਬਦ-ਸਮੁੱਚ ਗੁਰੂ ਗ੍ਰੰਥ ਸਾਹਿਬ ਵਿਚ ‘ ਜਪੁ ’ ਬਾਣੀ ਤੋਂ ਬਾਦ ਸੰਕਲਿਤ ਹੈ । ਸਪੱਸ਼ਟ ਹੈ ਕਿ ਉਦੋਂ ਤਕ ‘ ਰਹਿਰਾਸ’ ਦਾ ਪਾਠ ਇਨ੍ਹਾਂ ਸ਼ਬਦਾਂ ਤਕ ਹੀ ਸੀਮਿਤ ਸੀ ।

ਇਸ ਸ਼ਬਦ-ਜੁਟ ( ਸੋਦਰ + ਸੋਪੁਰਖ ) ਦੇ ‘ ਰਹਰਾਸ’ ਨਾਂ ਨਾਲ ਪ੍ਰਚਲਿਤ ਹੋਣ ਦਾ ਕਾਰਣ ਇਸ ਦੇ ਪਹਿਲੇ ਹਿੱਸੇ ਵਿਚ ਆਏ ਗੁਰੂ ਰਾਮਦਾਸ ਦੇ ਗੂਜਰੀ ਰਾਗ ਵਿਚ ਉਚਾਰੇ ਪਦ ਦੇ ‘ ਰਹਾਉ ’ ਵਿਚ ਵਰਤਿਆ ‘ ਰਹਰਾਸਿ’ ਸ਼ਬਦ ਪ੍ਰਤੀਤ ਹੁੰਦਾ ਹੈ— ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ( ਗੁ.ਗ੍ਰੰ.10 ) ।

‘ ਰਹਿਰਾਸ’ ਸ਼ਬਦ ‘ ਰਹ : ’ ਅਤੇ ‘ ਰਾਸ ’ ( jg%$jkl ) ਦਾ ਸੰਯੁਕਤ ਰੂਪ ਹੈ ਅਤੇ ਇਸ ਦਾ ਇਕ ਅਰਥ ਹੈ ਬੇਨਤੀ , ਪ੍ਰਾਰਥਨਾ । ਇਹ ਸ਼ਬਦ ਸਿੱਧਾਂ/ਨਾਥਾਂ ਦੀਆਂ ਬਾਣੀਆਂ ਵਿਚ ਵਰਤਿਆ ਮਿਲਦਾ ਹੈ ਜਿਥੇ ਇਸ ਦਾ ਅਰਥ ਹੈ ਗੁਪਤ-ਕ੍ਰੀੜਾ , ਗੂੜ੍ਹ ਰਹਸਮਈ ਸਾਧਨਾ । ਗੁਰੂ ਨਾਨਕ ਦੇਵ ਜੀ ਨੇ ‘ ਸਿਧ-ਗੋਸਟਿ’ ਵਿਚ ਸਿੱਧਾਂ ਨਾਲ ਸੰਵਾਦ ਕਰਦਿਆਂ ਇਸ ਸ਼ਬਦ ਦੀ ਪਹਿਲੀ ਵਾਰ ਵਰਤੋਂ ਕੀਤੀ ਹੈ— ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੈ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਧਾਂ ਦੀ ‘ ਰਹਰਾਸ’ ਨੂੰ ਇਕ ਨਵਾਂ ਆਯਾਮ ਦੇ ਕੇ ਪ੍ਰਾਰਥਨਾ ਵਿਚ ਬਦਲ ਦਿੱਤਾ ਹੈ ।

ਕਈ ਵਿਦਵਾਨ ‘ ਰਹਿਰਾਸ’ ਸ਼ਬਦ ਦਾ ਪਿਛੋਕੜ ਫ਼ਾਰਸੀ ਭਾਸ਼ਾ ਦੇ ‘ ਰਾਹੇ-ਰਾਸੑਤ’ ਨਾਲ ਜੋੜਦਿਆਂ ਸਥਾਪਿਤ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ‘ ਸਹੀ ਰਸਤਾ ’ ਦਸਿਆ ਸੀ । ਪਰ ਧਿਆਨ ਰਹੇ ਕਿ ਜਿਸ ਸੰਦਰਭ ਵਿਚ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਦੀ ਵਰਤੋਂ ਕਰ ਰਹੇ ਹਨ , ਉਹ ਪੂਰੀ ਤਰ੍ਹਾਂ ਯੋਗ-ਸਾਧਨਾ ਨਾਲ ਸੰਬੰਧਿਤ ਹੈ । ਇਸ ਲਈ ਪ੍ਰਸੰਗ ਅਤੇ ਸੰਦਰਭ ਤੋਂ ਹਟ ਕੇ ਅਨੁਮਾਨ ਦੇ ਆਧਾਰ’ ਤੇ ‘ ਰਹਿਰਾਸ’ ਸ਼ਬਦ ਦਾ ਪਿਛੋਕੜ ਫ਼ਾਰਸੀ ਭਾਸ਼ਾ ਨਾਲ ਸਥਾਪਿਤ ਕਰਨਾ ਅਨੁਚਿਤ ਚੇਸ਼ਟਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7264, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.