ਲੰਮੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲੰਮੇ ( ਪਿੰਡ ) : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਰਾਏਪੁਰ ਨਗਰ ਤੋਂ 14 ਕਿ.ਮੀ. ਦੀ ਵਿਥ ਉਤੇ ਵਸਿਆ ਇਕ ਪੁਰਾਤਨ ਪਿੰਡ , ਜੋ ਜੱਟਪੁਰਾ ਪਿੰਡ ( ਵੇਖੋ ) ਦੇ ਬਹੁਤ ਨੇੜੇ ਹੈ ਅਤੇ ਕਈ ਵਾਰ ਇਨ੍ਹਾਂ ਦੋਹਾਂ ਨੂੰ ਇਕਠਿਆਂ ‘ ਲੰਮੇ ਜੱਟਪੁਰਾ’ ਵੀ ਕਹਿ ਦਿੰਦੇ ਹਨ । ਮਾਛੀਵਾੜੇ ਤੋਂ ਦੀਨਾ- ਕਾਂਗੜ ਨੂੰ ਜਾਂਦਿਆਂ ਗੁਰੂ ਗੋਬਿੰਦ ਸਿੰਘ ਜੀ ਇਥੇ ਰੁਕੇ ਸਨ । ਰਾਏ ਕਲ੍ਹਾ ਵਲੋਂ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਸਮਾਚਾਰ ਜਾਣਨ ਲਈ ਨੂਰੇ ਮਾਹੀ ਨੂੰ ਸਰਹਿੰਦ ਭੇਜਿਆ ਗਿਆ । ਉਨ੍ਹਾਂ ਦਾ ਦੁਖਦ ਸਮਾਚਾਰ ਗੁਰੂ ਜੀ ਨੇ ਬੜੇ ਸਹਿਜ ਨਾਲ ਸੁਣਿਆ ਅਤੇ ਪਰਮਾਤਮਾ ਦੀ ਦਾਤ ਨੂੰ ਪਰਤਾਏ ਜਾਣ ਵਿਚ ਸੰਤੋਸ਼ ਪ੍ਰਗਟ ਕੀਤਾ । ਤੀਰ ਨਾਲ ਇਕ ਦਬ ਨੂੰ ਜੜੋਂ ਪੁਟ ਸੁਟਣ ਦੇ ਪ੍ਰਤੀਕ ਦੁਆਰਾ ਜ਼ਾਲਮਾਂ ਦੇ ਅੰਤ ਹੋਣ ਵਲ ਸੰਕੇਤ ਕੀਤਾ । ਸਾਹਿਬਜ਼ਾਦਿਆਂ ਦੇ ਹੱਕ ਵਿਚ ਬੋਲਣ ਵਾਲੇ ਮਲੇਰਕੋਟਲਾ ਦੇ ਨਵਾਬ ਨੂੰ ਅਸੀਸ ਦਿੱਤੀ ਅਤੇ ਰਾਏ ਕਲ੍ਹਾ ਨੂੰ ਉਸ ਦੁਆਰਾ ਕੀਤੀ ਸੇਵਾ ਲਈ ਵਰਦਾਨ ਦਿੱਤਾ ਅਤੇ ਇਕ ਖੜਗ ਅਤੇ ਇਕ ਗੰਗਾਸਾਗਰ ਬਖ਼ਸ਼ਿਆ ।

                      ਇਸ ਪਿੰਡ ਵਿਚ ਦੋ ਗੁਰੂ-ਧਾਮ ਹਨ । ਇਕ ਦਾ ਨਾਂ ‘ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸਵੀਂ ’ ਹੈ ਜੋ ਪਿੰਡ ਵਿਚ ਭਾਈ ਰਾਮਦਿੱਤ ਸਿੰਘ ਦੇ ਘਰ ਵਾਲੀ ਥਾਂ ਉਤੇ ਬਣਿਆ ਹੋਇਆ ਹੈ , ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਇਕ ਰਾਤ ਇਥੇ ਰਹੇ ਸਨ । ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ ।

ਦੂਜਾ ਗੁਰੂ-ਧਾਮ ਹੈ ‘ ਗੁਰਦੁਆਰਾ ਗੁਰੂਸਰ ’ । ਇਹ ਪਿੰਡ ਦੇ ਬਾਹਰ ਉਸ ਥਾਂ ਉਤੇ ਬਣਿਆ ਹੋਇਆ ਹੈ ਜਿਥੇ ਟੋਭੇ ਦੇ ਕੰਢੇ ਉਪਰ ਬੈਠ ਕੇ ਗੁਰੂ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ । ਇਸ ਸਮਾਰਕ ਵਿਚ ਸੁੰਦਰ ਸਰੋਵਰ ਬਣਵਾਇਆ ਗਿਆ ਹੈ ਅਤੇ ਸਰੋਵਰ ਦੇ ਨਾਂ ਉਤੇ ਹੀ ਗੁਰੂ-ਧਾਮ ਦਾ ਨਾਂ ਪ੍ਰਚਲਿਤ ਹੋਇਆ ਹੈ । ਇਸ ਗੁਰੂ-ਧਾਮ ਦੀ ਨਵੀਂ ਇਮਾਰਤ ਸੰਤ ਅਜਾਇਬ ਸਿੰਘ ਬੋਪਾਰਾਇ ਨੇ ਸੰਨ 1940 ਈ. ਵਿਚ ਸ਼ੁਰੂ ਕਰਵਾਈ ਸੀ । ਇਸ ਦੀ ਵਿਵਸਥਾ ਵੀ ਸੰਤ ਜੀ ਦੇ ਸੇਵਕ ਹੀ ਕਰਦੇ ਆ ਰਹੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.