ਵਡਹੰਸ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਡਹੰਸ ਰਾਗ ( ਬਾਣੀ ) : ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 24 ਚਉਪਦੇ , ਦੋ ਅਸ਼ਟਪਦੀਆਂ , 17 ਛੰਤ ( ਦੋ ਘੋੜੀਆਂ ਦੇ ) , ਨੌਂ ਅਲਾਹਣੀਆਂ ਅਤੇ ਇਕ ਵਾਰ ਮਹਲਾ ੪ ਸ਼ਾਮਲ ਹੈ ।

ਚਉਪਦੇ ਪ੍ਰਕਰਣ ਦੇ ਕੁਲ 24 ਚਉਪਦਿਆਂ ਵਿਚੋਂ ਤਿੰਨ ਗੁਰੂ ਨਾਨਕ ਦੇਵ ਜੀ ਦੀ ਰਚਨਾ ਹਨ ਜਿਨ੍ਹਾਂ ਵਿਚੋਂ ਪਹਿਲੇ ਦੋ ਚਉਪਦੇ ਹਨ ਅਤੇ ਤੀਜੇ ਵਿਚ ਕੇਵਲ ਇਕੋ ਪਦਾ ਹੈ । ਇਨ੍ਹਾਂ ਵਿਚ ਪਰਮਾਤਮਾ ਨੂੰ ਮਿਲਣ ਦੀ ਤੀਬਰ ਭਾਵਨਾ ਪ੍ਰਗਟਾਈ ਗਈ ਹੈ । ਗੁਰੂ ਅਮਰਦਾਸ ਜੀ ਦੇ ਲਿਖੇ ਨੌਂ ਚਉਪਦਿਆਂ ਵਿਚ ਅੱਠ ਚਾਰ ਚਾਰ ਪਦਿਆਂ ਦੇ ਸਮੁੱਚ ਹਨ ਅਤੇ ਇਕ ਵਿਚ ਪੰਜ ਪਦੇ ਹਨ । ਇਨ੍ਹਾਂ ਵਿਚ ਗੁਰੂ ਜੀ ਦਾ ਉਪਦੇਸ਼ ਹੈ ਕਿ ਪਰਮਾਤਮਾ ਨਾਲ ਮੇਲ ਹੋਣ ਵਿਚ ਵਾਸਨਾਵਾਂ ਵਲੋਂ ਪੈਦਾ ਕੀਤੀਆਂ ਰੁਕਾਵਟਾਂ ਨੂੰ ਗੁਰੂ ਦੀ ਸ਼ਰਣ ਵਿਚ ਜਾ ਕੇ ਦੂਰ ਕੀਤਾ ਜਾ ਸਕਦਾ ਹੈ । ਗੁਰੂ ਰਾਮਦਾਸ ਜੀ ਦੇ ਤਿੰਨ ਚਉਪਦਿਆਂ ਵਿਚੋਂ ਪਹਿਲਾਂ ਚਾਰ ਪਦਿਆਂ ਦਾ ਅਤੇ ਦੂਜਾ ਪੰਜ ਪਦਿਆਂ ਦਾ ਹੈ , ਪਰ ਤੀਜਾ ਛੇ ਦਾ ਸਮੁੱਚ ਹੈ । ਇਸ ਵਿਚ ‘ ਰਹਾਉ ’ ਦੀਆਂ ਤੁਕਾਂ ਨਹੀਂ ਹਨ । ਇਨ੍ਹਾਂ ਵਿਚ ਪਰਮਾਤਮਾ ਦਾ ਸੰਯੋਗ-ਸੁਖ ਪ੍ਰਾਪਤ ਕਰਨ ਲਈ ਗੁਰੂ ਦੀ ਸਹਾਇਤਾ ਦੀ ਇੱਛਾ ਪ੍ਰਗਟ ਕੀਤੀ ਗਈ ਹੈ । ਗੁਰੂ ਅਰਜਨ ਦੇਵ ਜੀ ਦੇ ਲਿਖੇ ਨੌਂ ਚਉਪਦਿਆਂ ਵਿਚ ਸੱਤਾਂ ਵਿਚ ਚਾਰ ਚਾਰ ਪਦੇ ਹਨ ਅਤੇ ਬਾਕੀਆਂ ਦੋਹਾਂ ਵਿਚੋਂ ਇਕ ਵਿਚ ਤਿੰਨ ਅਤੇ ਇਕ ਵਿਚ ਪੰਜ ਪਦਿਆਂ ਦੇ ਜੁੱਟ ਹਨ । ਪੰਚਪਦੇ ਵਿਚ ‘ ਰਹਾਉ’ ਦੀਆਂ ਤੁਕਾਂ ਨਹੀਂ ਹਨ । ਇਨ੍ਹਾਂ ਵਿਚ ਪਰਮਾਤਮਾ ਨੂੰ ਮਿਲਣ ਦੀ ਲੋਚਾ ਪ੍ਰਗਟਾਈ ਹੈ ।

ਅਸ਼ਟਪਦੀਆਂ ਸਿਰਲੇਖ ਅਧੀਨ ਇਸ ਰਾਗ ਵਿਚ ਗੁਰੂ ਅਮਰਦਾਸ ਜੀ ਦੀਆਂ ਲਿਖੀਆਂ ਦੋ ਅਸ਼ਟਪਦੀਆਂ ਦਰਜ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਸਚੇ ਨਾਮ ਦੇ ਸਿਮਰਨ ਉਤੇ ਬਲ ਦਿੱਤਾ ਹੈ ।

                      ਛੰਤ ਪ੍ਰਕਰਣ ਦੇ ਕੁਲ 17 ਛੰਤਾਂ ਵਿਚੋਂ ਦੋ ਗੁਰੂ ਨਾਨਕ ਦੇਵ ਜੀ ਦੇ ਹਨ । ਇਕ ਵਿਚ ਚਾਰ ਪਦੇ ਹਨ ਅਤੇ ਇਕ ਵਿਚ ਅੱਠ । ਇਨ੍ਹਾਂ ਵਿਚ ਨਾਮ ਜਪਣ ਨੂੰ ਸ਼੍ਰੇਸ਼ਠ ਕਰਮ ਮੰਨ ਕੇ , ਫਿਰ ਉਸ ਦੀ ਵਿਧੀ ਦਸੀ ਗਈ ਹੈ । ਗੁਰੂ ਅਮਰਦਾਸ ਜੀ ਦੇ ਲਿਖੇ ਛੇ ਛੰਤਾਂ ਵਿਚ ਚਾਰ ਚਾਰ ਪਦੇ ਹਨ । ਇਨ੍ਹਾਂ ਵਿਚ ਮਨੁੱਖ ਨੂੰ ਇਸਤਰੀ ਰੂਪ ਵਿਚ ਸੰਬੋਧਿਤ ਕੀਤਾ ਗਿਆ ਹੈ ਅਤੇ ਪਤੀ-ਪਰਮਾਤਮਾ ਨੂੰ ਮਿਲਣ ਦੇ ਉਪਾ ਦਸੇ ਗਏ ਹਨ । ਗੁਰੂ ਰਾਮਦਾਸ ਜੀ ਦੇ ਲਿਖੇ 6 ਛੰਤ ਚਾਰ ਚਾਰ ਪਦਿਆਂ ਦੇ ਹਨ । ਪਹਿਲੇ ਚੌਹਾਂ ਵਿਚ ਪਰਮਾਤਮਾ ਨੂੰ ਮਿਲਾਉਣ ਵਾਲੇ ਸਾਧਨ , ਗੁਰੂ ਦੀ ਉਸਤਤ ਅਤੇ ਪ੍ਰਭੂ ਦਾ ਮਿਲਾਪ ਕਰਾਉਣ ਲਈ ਅਰਜ਼ੋਈ ਕੀਤੀ ਗਈ ਹੈ । ਪੰਜਵੇਂ ਅਤੇ ਛੇਵੇਂ ਛੰਤਾਂ ਨੂੰ ‘ ਘੋੜੀਆਂ’ ਉਪ-ਸਿਰਲੇਖ ਦਿੱਤਾ ਗਿਆ ਹੈ । ਗੁਰੂ ਅਰਜਨ ਦੇਵ ਜੀ ਦੇ ਲਿਖੇ ਤਿੰਨ ਛੰਤਾਂ ਵਿਚ ਚਾਰ ਚਾਰ ਪਦੇ ਹਨ । ਦੂਜੇ ਛੰਤ ਦੇ ਹਰ ਪਦੇ ਤੋਂ ਪਹਿਲਾਂ ਇਕ ਇਕ ਸ਼ਲੋਕ ਹੈ । ਸ਼ਲੋਕ ਦੀ ਭਾਸ਼ਾ ਲਹਿੰਦੀ ਪ੍ਰਭਾਵ ਵਾਲੀ ਹੈ ਅਤੇ ਛੰਤਾਂ ਦੀ ਭਾਸ਼ਾ ਪੂਰਬੀ ਪੰਜਾਬੀ ਹੈ , ਕਿਤੇ ਕਿਤੇ ਸਾਧ-ਭਾਖਾਈ ਰੰਗ ਵੀ ਹੈ । ਇਨ੍ਹਾਂ ਛੰਤਾਂ ਵਿਚ ਵਿਆਹ ਦੇ ਮਾਹੌਲ ਰਾਹੀਂ ਨਿਰਾਕਾਰ ਪਤੀ-ਪਰਮਾਤਮਾ ਦੇ ਦਰਸ਼ਨਾਂ ਲਈ ਬਾਹਰਲੀਆਂ ਨਹੀਂ , ਅੰਦਰਲੀਆਂ ਅੱਖਾਂ ਦੀ ਲੋੜ ਦਸੀ ਗਈ ਹੈ ।

ਇਸ ਤੋਂ ਅਗੇ ‘ ਅਲਾਹਣੀਆਂ’ ਅਤੇ ‘ ਵਡਹੰਸ ਕੀ ਵਾਰ ਮ. ੪’ ਬਾਰੇ ਸੁਤੰਤਰ ਇੰਦਰਾਜ ਵੇਖੋ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.