ਲਾਗ–ਇਨ/ਨਵਾਂ ਖਾਤਾ |
+
-
 
ਵਿਅੰਗ

ਵਿਅੰਗ [ਨਾਂਪੁ] ਗੁੱਝੇ ਅਰਥ ਦੇਣ ਵਾਲ਼ੀ ਹਾਸਮਈ ਗੱਲ , ਕਟਾਖਸ਼

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1117,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਅੰਗ

ਵਿਅੰਗ : ‘ਵਿਅੰਗ’ ਸ਼ਬਦ ਅੰਗਰੇਜ਼ੀ ਸ਼ਬਦ ‘satire’ ਦੇ ਸਮਾਨਾਂਤਰ ਵਰਤਿਆ ਜਾਣ ਵਾਲਾ ਸ਼ਬਦ ਹੈ, ਜਿਸਦੀ ਵਿਉਂਤਪਤਾ ਲੈਟਿਨ ਸ਼ਬਦ ‘satura’ ਤੋਂ ਹੁੰਦੀ ਦਿਸਦੀ ਹੈ। ਇਸਦਾ ਅਰਥ ‘ਵੰਨ-ਸਵੰਨਤਾ’ ਵਾਲਾ ਹੈ। ਸੰਸਕ੍ਰਿਤ ਸਾਹਿਤ ਵਿੱਚ ਵਿਅੰਗ ਦੀ ਵਰਤੋਂ ਵਿਅੰਜਕ ਦੇ ਅਰਥਾਂ ਵਿੱਚ ਹੁੰਦੀ ਹੈ, ਜੋ ਵਿ+ਅੰਜ (ਧਾਤੂ) ਦੇ ਮੇਲ ਨਾਲ ਬਣਿਆ ਹੈ, ਇਸਦਾ ਅਰਥ ‘ਵਿਅਕਤ ਕਰਨਾ’ ਜਾਂ ‘ਖੋਲ੍ਹ ਕੇ ਕਹਿਣਾ’ ਹੈ। ਵਿਅੰਜਨਾ, ਨਵੀਨ ਅਰਥਾਂ ਦਾ ਉਤਪਾਦਨ ਕਰਨ ਵਾਲੀ ਸ਼ਕਤੀ ਹੈ ਜੋ ਕਾਵਿ ਦੇ ਗੂੜ੍ਹ ਅਤੇ ਛੁਪੇ ਅਰਥਾਂ ਨੂੰ ਪ੍ਰਗਟ ਕਰਦੀ ਹੈ। ਵਿਸ਼ੇਸ਼ ਪ੍ਰਕਾਰ ਦੇ ਅੰਜਨ (ਵਿਅੰਜਨ) ਭਾਵ ਵਿਅੰਜਨਾ ਸ਼ਕਤੀ ਨਾਲ ਕਿਸੇ ਅਗਲੇਰੇ ਅਰਥ ਦੀ ਪ੍ਰਤੀਤੀ ਕਰਾਉਣ ਨੂੰ ਵਿਅੰਗ ਕਹਿੰਦੇ ਹਨ। ਇਉਂ ਪੰਜਾਬੀ ਵਿੱਚ ਪ੍ਰਚਲਿਤ ‘ਵਿਅੰਗ’ ਸ਼ਬਦ ‘ਵਿਅੰਜਨ’ ਦੇ ਬਹੁਤ ਨੇੜੇ ਹੈ। ਵਿਅੰਗ ਦਾ ਅਰਥ ਬੌਧਿਕ ਚੋਟ, ਟਿੱਚਰ, ਤਨਜ਼, ਟਕੋਰ ਤੋਂ ਲਿਆ ਜਾਂਦਾ ਹੈ ਜਿਸ ਵਿੱਚ ਜੋ ਕਿਹਾ ਜਾਂਦਾ ਹੈ, ਧੁਨਿਤ ਕੁਝ ਹੋਰ ਹੁੰਦਾ ਹੈ, ਕੋਈ ਹੋਰ ਅਗਲੇਰੇ ਅਰਥ ਪਾਠਕ ਦੀ ਬੁੱਧੀ ਨੂੰ ਅਚੰਭਿਤ ਕਰਦੇ ਨਜ਼ਰ ਆਉਂਦੇ ਹਨ।

     ਪੰਜਾਬੀ ਸਾਹਿਤ ਵਿੱਚ ਵਿਅੰਗ ਇੱਕ ਵਿਧੀ, ਇੱਕ ਸ਼ੈਲੀ ਵਜੋਂ ਹੀ ਕਵਿਤਾ, ਵਾਰਤਕ ਅਤੇ ਨਾਟਕ ਦੇ ਰੂਪਾਂ ਵਿੱਚ ਸ਼ਾਮਲ ਰਹੀ ਹੈ। ਹੁਣ ‘ਵਿਅੰਗ’ ਵਾਰਤਕ ਅਤੇ ਕਵਿਤਾ ਦੇ ਸੁਤੰਤਰ ਰੂਪ ਵਜੋਂ ਉਭਰਨ ਲਈ ਯਤਨਸ਼ੀਲ ਹੈ। ਸਾਹਿਤਿਕ, ਨਿੱਜੀ, ਸਮਾਜਿਕ, ਰਾਜਨੀਤਿਕ, ਧਾਰਮਿਕ ਵਿਸ਼ਿਆਂ ਤੇ ਵਿਅੰਗ ਲਿਖੇ ਜਾ ਰਹੇ ਹਨ। ‘ਵਿਅੰਗ ਕਾਵਿ’, ‘ਹਾਸ ਵਿਅੰਗ’ ਦੇ ਨਾਲ-ਨਾਲ ਵਿਅੰਗ ਚਿੱਤਰ ਕਾਰਟੂਨ ਨੇ ਵੀ ਇਸ ਖੇਤਰ ਵਿੱਚ ਵਿਸ਼ੇਸ਼ ਪਹਿਚਾਣ ਬਣਾਈ ਹੈ। ਉਂਞ ਵੀ ਵਿਅੰਗ ਦਾ ਮੁੱਢ ਦ੍ਰਿਸ਼-ਕਾਵਿ ਤੋਂ ਹੀ ਮੰਨਿਆ ਜਾਂਦਾ ਹੈ, ਕਿਉਂਕਿ ਵਿਕਰਤੀ (ਦੋਸ਼/ ਵਿਗਾੜ) ਹੀ ਹਾਸ-ਰਸ ਦੇ ਮੂਲ ਵਿੱਚ ਪਈ ਰਹਿੰਦੀ ਹੈ।

     ਭਾਵੇਂ ਇਸਦੇ ਅੰਤਰੀਵ ਵਿੱਚ ਹਾਸ-ਰਸ ਪਿਆ ਰਹਿੰਦਾ ਹੈ ਪਰ ਇਸਦਾ ਮਕਸਦ ਕਿਸੇ ਮਨੁੱਖ ਦੇ ਕੁਦਰਤੀ ਵਿਗਾੜਾਂ, ਬਦਕਿਸਮਤੀ ’ਤੇ ਹੱਸਣਾ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਦੇ ਵੇਸ ਬਾਣੀ ਅਤੇ ਆਕਾਰ ਦਾ ਤ੍ਰਿਸਕਾਰ ਕਰਨਾ ਹੁੰਦਾ ਹੈ ਬਲਕਿ ਸਮਾਜਿਕ ਬੇਨੇਮੀਆਂ, ਪਖੰਡਾਂ, ਦੰਭਾਂ ਅਤੇ ਕਹਿਣੀ ਤੇ ਕਥਨੀ ਵਿਚਲੀਆਂ ਵਿਰੋਧਤਾਵਾਂ ਨੂੰ ਭੰਡਣਾ ਹੁੰਦਾ ਹੈ। ਵਿਅੰਗ ਵਿੱਚ ਸ਼ਬਦਾਂ ਦੀ ਵਕ੍ਰਤਾ (ਟੇਢੀ ਵਰਤੋਂ) ਰਾਹੀਂ ਅਰਥਾਂ ਦੇ ਚਮਤਕਾਰ ਪੈਦਾ ਕਰ ਕੇ ਪਾਠਕ ਨੂੰ ਅਚੰਭਿਤ ਕੀਤਾ ਜਾਂਦਾ ਹੈ।

     ਇੱਕ ਸਪੇਨੀ ਅਖਾਣ ਹੈ ‘ਜਿਹੜਾ ਹਮੇਸ਼ਾਂ ਹੱਸਦਾ ਰਹਿੰਦਾ ਹੈ ਉਹ ਮੂਰਖ ਹੈ, ਜਿਹੜਾ ਕਦੇ ਨਹੀਂ ਹੱਸਦਾ ਉਹ ਮੱਕਾਰ ਤੇ ਬੇਈਮਾਨ ਹੈ।’ ਜਦੋਂ ਅਸਲੀਅਤ ਦਾ ਪਾਜ ਉਘੜਦਾ ਹੈ, ਰਹੱਸਾਂ ਦੇ ਕਪਾਟ ਖੁੱਲ੍ਹਦੇ ਹਨ ਤਾਂ ਭੇਦ ਬੁੱਝਣ ਦੀ ਖ਼ੁਸ਼ੀ ਨਾਲ ਤਨਜ਼ ਭਰਿਆ ਹਾਸਾ ਮਨੁੱਖ ਦੇ ਚਿਹਰੇ ’ਤੇ ਫੈਲਦਾ ਹੈ। ਵਿਅੰਗਕਾਰ ਸੰਤੁਲਿਤ, ਨਿਰਪੱਖ, ਯਥਾਰਥਵਾਦੀ ਦ੍ਰਿਸ਼ਟੀ ਵਾਲਾ ਚੇਤੰਨ ਅਤੇ ਸੰਵੇਦਨਸ਼ੀਲ ਵਿਅਕਤੀ ਹੁੰਦਾ ਹੈ। ਜਿਨ੍ਹਾਂ ਬੇਨੇਮੀਆਂ ਤੇ ਛਲ-ਕਪਟਾਂ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦਾ, ਇਕੱਲਾ ਕਾਰਾ ਬਦਲ ਨਹੀਂ ਸਕਦਾ, ਸਮਾਜਿਕ ਦਬਾਵਾਂ ਅਧੀਨ ਸਿੱਧਾ ਲੜ ਨਹੀਂ ਸਕਦਾ, ਉੱਥੇ ਉਹ ਵਿਅੰਗ ਦਾ ਹਥਿਆਰ ਵਰਤਦਾ ਹੈ। ਬੌਧਿਕ ਚਤੁਰਾਈ ਤੇ ਭਾਸ਼ਾ ਦੀ ਟੇਢੀ ਵਰਤੋਂ ਦੇ ਕਲਾ-ਕੌਸ਼ਲ ਨਾਲ ਇਹਨਾਂ ਗਿਆਤ- ਅਗਿਆਤ ਨੁਕਤਿਆਂ ਦੀ ਸੂਝ ਪਾਠਕ ਨੂੰ ਦਿੰਦਾ ਹੈ। ਅਸਲੀਅਤ ਨੂੰ ਜਾਣਨ ਲਈ ਚੇਤਨਾ ਦੀ ਜਾਗ ਲਾਉਂਦਾ ਹੈ ਤਾਂ ਕਿ ਅਸਲੀਅਤ ਅਤੇ ਆਦਰਸ਼ ਦੇ ਪਾੜੇ ਨੂੰ ਉਜਾਗਰ ਕਰ ਕੇ ਆਦਰਸ਼ਕ ਵਰਤਾਰਿਆਂ ਦੀ ਸਿਰਜਣਾ ਕੀਤੀ ਜਾ ਸਕੇ। ਮਜ਼ਾਕ, ਹਾਜ਼ਰ-ਜੁਆਬੀ, ਮਖ਼ੌਲ, ਅਤਿਕਥਨੀ ਅਤੇ ਭਾਸ਼ਾ ਦੇ ਕੌਸ਼ਲ ਨਾਲ ਟੁੰਬਿਆ ਪਾਠਕ ਦਾ ਵਿਵੇਕ, ਅਮਾਨਵੀ ਕੀਮਤਾਂ, ਬੇਨੇਮੀਆਂ ਦੇ ਖਿਲਾਫ਼ ਸੋਚਣ ਤੇ ਭੁਗਤਣ ਲਈ ਪ੍ਰੇਰਿਆ ਜਾਂਦਾ ਹੈ ਤੇ ਲੇਖਕ ਦਾ ਚੇਤਨਾ ਦੀ ਜਾਗ ਲਾਉਣ ਦੀ ਜ਼ੁੰਮੇਵਾਰੀ ਦਾ ਕਾਰਜ/ਫ਼ਰਜ਼ ਪੂਰਾ ਹੋ ਜਾਂਦਾ ਹੈ। ਇਸੇ ਲਈ ਭਾਰਤੇਂਦੂ ਵਿਅੰਗ ਨੂੰ ਸਾਹਿਤਕਾਰ ਦੇ ਹੱਥ ਦੀ ਉਹ ਚਾਬਕ ਮੰਨਦਾ ਹੈ, ਜਿਸਦੀ ਮਾਰ ਤੋਂ ਵਿਆਕੁਲ ਹੋ ਕੇ ਵਿਅਕਤੀ, ਸੰਸਥਾ ਅਤੇ ਸਮਾਜ ਸਹੀ ਰਸਤੇ ’ਤੇ ਚੱਲਣ ਲਈ ਮਜਬੂਰ ਹੁੰਦੇ ਹਨ। ਇਹ ਵਿਅੰਗ ਮਨੁੱਖ ਦਾ ਸਮਾਜ ਨਾਲ ਸਾਵਾਂ ਤੇ ਸੰਤੁਲਿਤ ਰਿਸ਼ਤਾ ਬਣਾਈ ਰੱਖਣ ਵਿੱਚ ਕਾਰਗਰ ਸਾਬਤ ਹੁੰਦਾ ਹੈ।

     ਇਉਂ ਵਿਅੰਗ, ਭਾਰਤੀ ਸਾਹਿਤ ਪਰੰਪਰਾ ਦੀ ਇੱਕ ਵਿਧੀ ਹੈ ਜੋ ਸੁਤੰਤਰ ਵਿਧਾ ਦਾ ਰੂਪ ਧਾਰਨ ਕਰਨ ਲਈ ਯਤਨਸ਼ੀਲ ਹੈ। ਨੌਂ ਰਸਾਂ ਵਿੱਚੋਂ ਇੱਕ ਰਸ ਹਾਸ ਰਸ ਹੈ, ਜੋ ਅਤਿਅੰਤ ਸੁਖਦਾਇਕ ਹੈ। ਪ੍ਰਾਣੀਆਂ ਵਿੱਚੋਂ ਕੇਵਲ ਮਨੁੱਖ ਹੀ ਹੱਸ ਸਕਦਾ ਹੈ। ਹਾਸਾ, ਅਨੇਕਾਂ ਗੁੰਝਲਾਂ ਲਈ ਕਲਿਆਣਕਾਰੀ ਔਸ਼ਧੀ ਹੈ ਅਤੇ ਹਾਸ ਦਾ ਇੱਕ ਭੇਦ ਵਿਅੰਗ, ਸ਼ਬਦ ਸੱਭਿਆਚਾਰ ਦੀ ਇੱਕ ਚਿਕਿਤਸਕ ਪ੍ਰਣਾਲੀ ਹੈ। ਲੋਕ ਸਾਹਿਤ ਤੋਂ ਆਧੁਨਿਕ ਸਾਹਿਤ ਤੱਕ ਦੀ ਯਾਤਰਾ ਵਿੱਚ ਵਿਅੰਗ ਨਾਲ ਰਿਹਾ ਹੈ। ਇਹ ਕੇਵਲ ਅਨੰਦ ਦਾ ਸਾਧਨ ਨਹੀਂ ਬਲਕਿ ਮਨੁੱਖੀ ਕਲਿਆਣ ਦਾ ਵੀ ਮਾਰਗ ਹੈ। ਭਾਵੇਂ ਵਿਅੰਗ ਦੀ ਸੁਰ ਮਜ਼ਾਕੀਆ ਰਹਿੰਦੀ ਹੈ ਪਰ ਪਾਠਕ ਨੂੰ ਗੰਭੀਰ ਕਰਦੀ ਹੈ। ਮਖ਼ੌਲ ਪਿੱਛੇ ਵੀ ਬੌਧਿਕਤਾ ਹੁੰਦੀ ਹੈ, ਅਤਿਕਥਨੀ ਲੱਗਦੀ ਹੈ ਪਰ ਇਹ ਕਿਸੇ ਸੱਚ ਵੱਲ ਸੰਕੇਤ ਕਰਦਾ ਹੈ। ਹਲਕੇ- ਫੁਲਕੇ ਢੰਗ ਰਾਹੀਂ ਚੇਤਨਾ ਦੀ ਜਾਗ ਲਾਉਣ ਵਾਲਾ ਵਿਅੰਗ ਬੌਧਿਕ ਚਤੁਰਾਈ ਦਾ ਕਰਿਸ਼ਮਾ ਹੁੰਦਾ ਹੈ ਅਤੇ ਜ਼ੁੰਮੇਵਾਰੀ ਵਾਲਾ ਕਾਰਜ।

ਲੇਖਕ : ਜਗਦੀਸ਼ ਕੌਰ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 1123,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/20/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ