ਵਿਦਿਆਪਤੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਦਿਆਪਤੀ : ਹਿੰਦੀ ਦੇ ਸਾਹਿਤਿਕ ਇਤਿਹਾਸ ਵਿੱਚ ਵਿਦਿਆਪਤੀ ਨੂੰ ‘ ਮੈਥਿਲੀ-ਕੋਕਿਲ’ ਅਤੇ ‘ ਅਭਿਨਵ ਜੈਦੇਵ’ ਕਹਿ ਕੇ ਯਾਦ ਕੀਤਾ ਜਾਂਦਾ ਹੈ । ‘ ਮੈਥਿਲੀ ਕੋਕਿਲ’ ਤੋਂ ਜ਼ਾਹਰ ਹੈ ਕਿ ਵਿਦਿਆਪਤੀ ਮੈਥਿਲੀ ਭਾਸ਼ਾ ਦਾ ਬੜਾ ਮਿੱਠਾ ਗੀਤਕਾਰ ਸੀ । ਉਸ ਨੂੰ ਆਸਰਾ ਦੇਣ ਵਾਲੇ ਸ਼ਿਵ ਸਿੰਘ ਜੈਦੇਵ ਨੇ ਉਸ ਨੂੰ ‘ ਅਭਿਨਵ ਜੈਦੇਵ’ ਦੀ ਉਪਾਧੀ ਪ੍ਰਧਾਨ ਕੀਤੀ ਸੀ । ਮਹਾਂਕਵੀ ਜੈਦੇਵ ਸੰਸਕ੍ਰਿਤ ਦੇ ਮਸ਼ਹੂਰ ਕਵੀ ਹੋਇਆ ਹੈ । ਰਾਜਾ ਸ਼ਿਵ ਸਿੰਘ ਵਿਦਿਆਪਤੀ ਦੀ ਕਵਿਤਾ ਵਿੱਚ ਜੈਦੇਵ ਦੀ ਮਿਠਾਸ ਅਤੇ ਸੋਜ ਵੇਖਦਾ ਸੀ , ਇਸ ਲਈ ਉਸ ਨੂੰ ਅਭਿਨਵ ( ਨਵਾਂ ) ਜੈਦੇਵ ਕਹਿ ਕੇ ਪੁਕਾਰਦਾ ਸੀ ।

        ਮਿਥਿਲਾ ਪ੍ਰਦੇਸ਼ ਦਾ ਰਹਿਣ ਵਾਲਾ ਹਿੰਦੀ ਦਾ ਪਹਿਲਾ ਸ਼ਿੰਗਾਰੀ ਕਵੀ ਵਿਦਿਆਪਤੀ ਦਾ ਜਨਮ ਬਿਹਾਰ ਦੇ ਦਰਭੰਗਾ ਨਗਰ ਦੇ ਨਜ਼ਦੀਕ ‘ ਬਿਸਪੀ’ ਨਾਂ ਦੇ ਪਿੰਡ ਵਿੱਚ ਹੋਇਆ । ਰਾਜਾ ਸ਼ਿਵ ਸਿੰਘ ਅਤੇ ਵਿਦਿਆਪਤੀ ਦੀ ਮਿੱਤਰਤਾ ਸੀ । ਰਾਜਾ ਭਵ ਸਿੰਘ ਦੀ ਮੌਤ ਤੋਂ ਬਾਅਦ ਜਦ ਸ਼ਿਵ ਸਿੰਘ ਗੱਦੀ ’ ਤੇ ਬੈਠਿਆ ਤਾਂ ਉਸ ਵੇਲੇ ਸ਼ਿਵ ਸਿੰਘ 50 ਸਾਲ ਅਤੇ ਵਿਦਿਆਪਤੀ 52 ਸਾਲ ਦਾ ਸੀ । ਨੌਂ ਸਾਲ ਤੱਕ ਦੋਹਾਂ ਮਿੱਤਰਾਂ ਵਿੱਚ ਬੜਾ ਪਿਆਰ ਰਿਹਾ ਅਤੇ ਵਿਦਿਆਪਤੀ ਨੂੰ ਇਸ ਦੌਰਾਨ ਬੜਾ ਇੱਜ਼ਤ-ਮਾਣ ਪ੍ਰਾਪਤ ਹੋਇਆ । ਵਿਦਿਆਪਤੀ ਨੇ ਆਪਣੇ ਜ਼ਿਆਦਾਤਰ ਪਦ ਰਾਜਾ ਸ਼ਿਵ ਸਿੰਘ ਅਤੇ ਉਸ ਦੀ ਪਤਨੀ ਰਾਣੀ ਲਖਿਮਾਦੇਵੀ ਨੂੰ ਸੰਬੋਧਿਤ ਕੀਤੇ ਹਨ ।

        ਵਿਦਿਆਪਤੀ ਦਾ ਪਰਿਵਾਰ ਠਾਕੁਰਾਂ ਦਾ ਸੀ । ਉਸ ਦਾ ਪਿਤਾ ਗਣਪਤੀ ਠਾਕੁਰ ਅਤੇ ਮਾਤਾ ਗੰਗਾ ਦੇਵੀ ਸੀ ਅਤੇ ਉਹ ਮਿਥਿਲ ਦੇ ਰਾਜਾ ਗਣੇਸ਼ਵਰ ਦੀ ਸਭਾ ਵਿੱਚ ਆਦਰ ਦਾ ਪਾਤਰ ਸੀ । ਛੋਟੀ ਉਮਰ ਤੋਂ ਹੀ ਵਿਦਿਆਪਤੀ ਪਿਤਾ ਨਾਲ ਰਾਜ ਦਰਬਾਰ ਵਿੱਚ ਆਉਣ-ਜਾਣ ਲੱਗ ਪਿਆ ਸੀ । ਸਮਾਂ ਪਾ ਕੇ ਵਿਦਿਆਪਤੀ ਪਹਿਲੇ ‘ ਸੰਸਕ੍ਰਿਤ’ , ਫੇਰ ‘ ਅਪਭ੍ਰੰਸ਼’ ਅਤੇ ਸ਼ਿਵ ਸਿੰਘ ਦੇ ਰਾਜ-ਸਮੇਂ ‘ ਮੈਥਿਲੀ’ ਵਿੱਚ ਲਿਖਦਾ ਰਿਹਾ ਸੀ । ਅਲੱਗ-ਅਲੱਗ ਤਰ੍ਹਾਂ ਦੀਆਂ ਭਾਸ਼ਾਵਾਂ ਵਿੱਚ ਲਿਖਣ ਕਾਰਨ ਕੁਝ ਲੋਕ ਉਸ ਦਾ ਮਜ਼ਾਕ ਭੀ ਉਡਾਉਂਦੇ ਸਨ , ਪਰ ਉਸ ਨੇ ਆਪਣੀ ਭਾਸ਼ਾ ਦੇ ਸੰਬੰਧ ਵਿੱਚ ਬੜੀ ਨਿਮਰਤਾ ਨਾਲ ਇਹ ਕਿਹਾ ਹੈ :

ਬਾਲਚੰਦ ਵਿਦਿਆਵਈ ਭਾਸ਼ਾ ,

ਦੁਇ ਨਹੀਂ ਲੱਗਈ ਦੁੱਜਨ ਹਾਸਾ ।

ਓ ਪਰਮੇਸਰ ਹਰ ਸਿਰ ਸੋਹਇ ,

                  ਈ ਇੱਚਈ ਨਾਅਰ ਮਾਨ ਮੋਹਈ ।

        ਭਾਵ ਵਿੱਦਿਆਪਤੀ ਦੀ ਭਾਸ਼ਾ ਅਤੇ ਬਾਲਚੰਦ , ਦੋਹਾਂ ਤੇ ਦੁਸ਼ਟਾਂ ਦੇ ਮਜ਼ਾਕ ਦਾ ਕੋਈ ਅਸਰ ਨਹੀਂ । ਬਾਲਚੰਦ ਸ਼ਿਵਜੀ ਦੇ ਸਿਰ ਦੀ ਸ਼ੋਭਾ ਹੈ , ਤਾਂ ਵਿੱਦਿਆਪਤੀ ਦੀ ਭਾਸ਼ਾ ਸਲੀਕੇ ਵਾਲੇ ਲੋਕਾਂ ਦਾ ਮਨ ਮੋਹ ਲੈਂਦੀ ਹੈ ।

        ਜੀਵਨ ਦੇ ਆਖ਼ਰੀ ਦਿਨਾਂ ਵਿੱਚ ਵਿਦਿਆਪਤੀ ਨੇ ਸ਼ਿੰਗਾਰੀ ਕਵਿਤਾ ਤਿਆਗ ਕੇ ਭਗਤੀ ਅਤੇ ਵਿਰਕਤੀ ਦੀ ਰਚਨਾ ਸ਼ੁਰੂ ਕਰ ਦਿੱਤੀ ਸੀ । ਉਸ ਸਮੇਂ ਉਸ ਨੇ ਦੁਰਗਾ , ਸ਼ਿਵ , ਵਿਸ਼ਨੂੰ ਅਤੇ ਗੰਗਾ ਦੀ ਭਗਤੀ-ਪਦ ਲਿਖੇ ਹਨ । ਵਿਰਾਗ ਵਿੱਚ ਆ ਕੇ ਉਸ ਨੇ ਲਿਖਿਆ ਹੈ :

ਜਤਨ ਜਤੇਕ ਧਨ ਪਾਪ ਬਟੋਰਨ

ਮਿਲਿ ਮਿਲਿ ਪਰਿਜਨ ਖਾਯ ।

ਮਰਨ ਕ ਬੇਰ ਹਰਿ ਕੋਈ ਨ ਪੂਛਬ

                  ਕਰਮ ਸੰਗ ਚਲਿ ਜਾਯ ।

ਅਰਥਾਤ ਅਨੇਕ ਯਤਨ ਅਤੇ ਪਾਪ ਕਰ ਕੇ ਧਨ ਇਕੱਠਾ ਕਰੋ , ਸਭ ਰਿਸ਼ਤੇਦਾਰ ਖ਼ੁਸ਼ੀ ਨਾਲ ਖਾ ਜਾਂਦੇ ਹਨ । ਮਰਨ ਵੇਲੇ ਕੋਈ ਸਾਥ ਨਹੀਂ ਨਿਭਾਂਦਾ , ਸਿਰਫ਼ ਕਰਮ ਹੀ ਨਾਲ ਜਾਂਦੇ ਹਨ । ਵਿਦਿਆਪਤੀ ਦੀਆਂ ਕੁਲ 14 ਪੁਸਤਕਾਂ ਦਾ ਪਤਾ ਚੱਲ ਸਕਿਆ ਹੈ :

        ਪਰੁਸ਼ ਪਰੀਕਸ਼ਾ , ਸੈਵ ਸਰਵਸਸਾਰ , ਲਿਖਨਾਵਲੀ , ਪ੍ਰਮਾਣਭੂਤ ਪੁਰਾਣ ਸੰਗ੍ਰਹਿ , ਗੰਗਾ ਵਾਕਿਆਵਲੀ , ਦੁਰਗਾ ਭਕਤੀ ਤਰੰਗਿਣੀ , ਭੂ ਪਰਿਕ੍ਰਮਾ , ਵਿਭਾਗਸਾਰ , ਵਰਸ਼ ਕ੍ਰਿਤਿਅ , ਗਯਾਪੱਤਲਕ , ਦਾਨ-ਵਾਕਿਆਵਲੀ ਸੰਸਕ੍ਰਿਤ ਭਾਸ਼ਾ ਵਿੱਚ , ਅਪਭ੍ਰੰਸ਼ ਭਾਸ਼ਾ ਜਾਂ ਅਵਹੱਟ ਭਾਸ਼ਾ ਵਿੱਚ ਕੀਰਤੀ ਲਤਾ , ਕੀਰਤੀ-ਪਤਾਕਾ , ਮੈਥਿਲੀ ਭਾਸ਼ਾ ਵਿੱਚ ਪਦਾਵਲੀ ਰਚੀ ਗਈ ਹੈ ।

        ਲੋਕ ਭਾਸ਼ਾ ਮੈਥਿਲੀ ਵਿੱਚ ਰਚੀ ਇੱਕ ਮਾਤਰ ਰਚਨਾ ਪਦਾਵਲੀ , ਰਸ , ਸੋਹਜ ਅਤੇ ਸੰਗੀਤ ਦੇ ਗੁਣਾਂ ਨਾਲ ਭਰਪੂਰ ਹੈ । ਇਸ ਵਿੱਚ ਰਾਧਾ-ਕ੍ਰਿਸ਼ਨ ਦੇ ਪਿਆਰ ਨੂੰ ਆਧਾਰ ਬਣਾ ਕੇ ਕਵੀ ਨੇ ਸ਼ਿੰਗਾਰ ਦੀ ਕਵਿਤਾ ਲਿਖੀ ਹੈ ਜੋ ਭਵਿੱਖ ਵਿੱਚ ਹਿੰਦੀ ਦੇ ਰੀਤੀ ਕਾਲ ਦੀ ਨੀਂਹ ਦਾ ਕੰਮ ਕਰਦੀ ਹੈ । ਪਦਾਵਲੀ ਦਾ ਹਰ ਇੱਕ ਪਦ ਸੰਗੀਤ , ਮਧੁਰਤਾ , ਸੁੰਦਰਤਾ ਸ਼ਬਦਾਵਲੀ ਅਤੇ ਸ਼ਿੰਗਾਰ-ਰਸ ਵਜੋਂ ਅਤਿ ਉੱਤਮ ਬਣਿਆ ਹੈ । ਵਿਦਿਆਪਤੀ ਦੀਆਂ ਉਕਤ 14 ਰਚਨਾਵਾਂ ਉਸ ਦੀ ਵਿਦਵਤਾ ਅਤੇ ਕਾਵਿ ਸ਼ਕਤੀ ਦਾ ਪ੍ਰਮਾਣ ਹਨ । ਧਰਮ-ਸ਼ਾਸਤਰੀ ਰਚਨਾਵਾਂ-ਗੰਗਾ ਵਾਕਿਆਵਲੀ , ਸ਼ੈਵ ਸਰਵਸਸਾਰ ਅਤੇ ਦੁਰਗਾ ਭਕਤੀ ਤਰੰਗਿਣੀ ਤੋਂ ਵਿਦਿਆਪਤੀ ਦੇ ਧਾਰਮਿਕ ਗਿਆਨ ਦਾ ਪਰਿਚੈ ਮਿਲਦਾ ਹੈ । ਭੂ ਪਰਿਕਰਮਾ ਅਤੇ ਪੁਰੁਸ਼ ਪਰੀਕਸ਼ਾ ਵਿੱਚ ਭੂਗੋਲ-ਇਤਿਹਾਸ ਦੀ ਜਾਣਕਾਰੀ ਮਿਲਦੀ ਹੈ । ਹੋਰ ਕਈ ਰਚਨਾਵਾਂ ਵਿੱਚ ਨੀਤੀ , ਵਿਹਾਰ ਅਤੇ ਸਮਾਜਿਕਤਾ ਦੀ ਝਲਕ ਮਿਲਦੀ ਹੈ । ਪਦਾਵਲੀ ਤੋਂ ਵਿਦਿਆਪਤੀ ਦੇ ਸੰਗੀਤ ਗਿਆਨ , ਰਸ-ਅਲੰਕਾਰ ਅਤੇ ਸ਼ਾਸਤਰੀ ਕਾਵਿ-ਚੇਤਨਾ ਦਾ ਪਰਿਚੈ ਮਿਲਦਾ ਹੈ । ਇਸ ਤੋਂ ਸਾਬਤ ਹੁੰਦਾ ਹੈ ਕਿ ਵਿਦਿਆਪਤੀ ਇੱਕ ਪ੍ਰਤਿਭਾਸ਼ਾਲੀ ਅਮਰ ਕਵੀ ਸੀ । ਹਿੰਦੀ ਸਾਹਿਤ ਦੇ ਇਤਿਹਾਸ ਦੇ ਸ਼ੁਰੂ ਵਿੱਚ ਵਿਦਿਆਪਤੀ ਦੀ ਹੋਂਦ ਸਾਹਿਤ ਦੇ ਸ਼ੀਲ , ਸੁੰਦਰਤਾ ਅਤੇ ਸ਼ਕਤੀ ਦਾ ਸੁਮੇਲ ਹੈ ।

        ਪਦਾਵਲੀ ਦਾ ਮੁੱਖ ਵਿਸ਼ਾ ਸ਼ਿੰਗਾਰ , ਦੇਹ-ਸੁੰਦਰਤਾ , ਆਪਸੀ ਪ੍ਰੇਮ ਅਤੇ ਮਿਲਣ ਦੀ ਖਿੱਚ , ਬਸੰਤ ਦੀ ਬਹਾਰ ਅਤੇ ਮਿਲਣ-ਵਿਛੋੜੇ ਦੇ ਸਜੀਵ ਸ਼ਬਦ-ਚਿੱਤਰ ਹਨ । ਨਾਇਕਾ-ਭੇਦ , ਕਿਸ਼ਨ ਅਤੇ ਸ਼ੁਕਲ ਪੱਖ ਦੀਆਂ ਨਾਇਕਾਵਾਂ ਦੀਆਂ ਕਰਾਮਾਤਾਂ ਕਵੀ ਨੇ ਬੜੇ ਸੁਚੱਜੇ ਸ਼ਬਦਾਂ ਵਿੱਚ ਉੱਕਰੀਆਂ ਹਨ ।

        ਵਿਦਿਆਪਤੀ ਦੇ ਗੀਤ ਹਿੰਦੀ ਸਾਹਿਤ ਵਿੱਚ ਬਹੁਤ ਪ੍ਰਸਿੱਧ ਹਨ । ਹਿਰਦੇ ਦੇ ਸਹਿਜ ਭਾਵਾਂ ਨੂੰ ਗੀਤ ਰਾਹੀਂ ਪ੍ਰਗਟ ਕਰਨਾ ਕਵੀ ਦੀ ਕੁਸ਼ਲਤਾ ਹੁੰਦੀ ਹੈ । ਨਿੱਜੀ ਅਨੁਭਵਾਂ ਅਤੇ ਭਾਵਾਂ ਦੀਆਂ ਸੁੱਖ-ਦੁੱਖ ਭਰੀਆਂ ਸੰਵੇਦਨਾਵਾਂ ਭਾਸ਼ਾ ਅਤੇ ਛੰਦ ਦਾ ਜਾਮਾ ਪਾ ਕੇ ਗੀਤ ਬਣ ਉੱਭਰਦੀਆਂ ਹਨ । ਸਮਾਜ ਦੇ ਵੱਡੇ ਮੰਚ ਦੇ ਗੀਤ ਦੇ ਵਿਸ਼ੇ ਦੀ ਚੋਣ ਬੜੀ ਔਖੀ ਹੈ , ਪਰੰਤੂ ਜਦ ਕਵੀ ਕਿਸੇ ਇੱਕ ਭਾਵ ਵਿੱਚ ਰਮ ਕੇ ਆਪਣੇ-ਆਪ ਨੂੰ ਉਸ ਵਿੱਚ ਢਾਲ ਲੈਂਦਾ ਹੈ , ਤਾਂ ਗੀਤ ਜਨਮ ਲੈਂਦਾ ਹੈ । ਪ੍ਰੇਮ , ਭਗਤੀ , ਸ਼ਿੰਗਾਰ , ਦੇਸ਼ , ਪ੍ਰਕਿਰਤੀ , ਆਸ-ਨਿਰਾਸ਼ਾ , ਹਾਸੀ-ਖ਼ੁਸ਼ੀ ਜਾਂ ਕਰੁਣਾ-ਦੁੱਖ ਵਿੱਚੋਂ ਕੋਈ ਵੀ ਭਾਵ ਗੀਤ ਦਾ ਆਧਾਰ ਹੋ ਸਕਦਾ ਹੈ । ਅੰਗਰੇਜ਼ੀ ਲੇਖਕ ਹਡਸਨ ਨੇ ਸੱਚੀ ਅਨੁਭੂਤੀ , ਗਹਿਰੀ ਭਾਵਨਾ ਦਾ ਸੁੰਦਰ ਪ੍ਰਗਟਾਵਾ , ਭਾਸ਼ਾ ਦੀ ਸੁੰਦਰਤਾ ਅਤੇ ਕਲਪਨਾ ਦਾ ਸੁਹਜ , ਇਹ ਚਾਰ ਤੱਤ ਗੀਤ ਦੇ ਜ਼ਰੂਰੀ ਅੰਗ ਸਵੀਕਾਰ ਕੀਤੇ ਹਨ । ਵਿਦਿਆਪਤੀ ਦੀ ਰਚਨਾ ਇਹਨਾਂ ਤੱਤਾਂ ਦਾ ਵਧੀਕ ਪਸਾਰਾ ਹੈ ਅਤੇ ਉਸ ਦੇ ਗੀਤਾਂ ਦਾ ਪ੍ਰਭਾਵ ਮਨ ਤੇ ਇੰਜ ਜਾਂਦਾ ਹੈ ਕਿ ਕਦੇ-ਕਦੇ ਸ੍ਰੋਤਾ ਮੁਗਧ ਹੋ ਕੇ ਆਤਮ-ਭੁੱਲ ਦੀ ਹਾਲਤ ਵਿੱਚ ਗਵਾਚ ਜਾਂਦਾ ਹੈ । ਵਿਦਿਆਪਤੀ ਦੀ ਰਚਨਾ ਵਿੱਚ ਅਨੁਭੂਤਿ ਅਤੇ ਸੰਗੀਤ ਦਾ ਵਿਸ਼ੇਸ਼ ਸਥਾਨ ਹੈ । ਅਲੱਗ-ਅਲੱਗ ਰਾਗ ਰਾਗਣੀਆਂ ਦਾ ਸਹਾਰਾ ਲੈ ਕੇ ਇਹਨਾਂ ਗੀਤਾਂ ਦਾ ਗਾਇਨ ਕੀਤਾ ਜਾ ਸਕਦਾ ਹੈ ।


ਲੇਖਕ : ਮਨਮੋਹਨ ਸਹਿਗਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.