ਵਿਸਮਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਸਮਕ : ਭਾਸ਼ਾਈ ਬੁਲਾਰੇ ਦੀ ਕਿਸੇ ਭਾਵਨਾ ਜਾਂ ਮਨੋਵੇਗ ਦਾ ਸੰਕੇਤ ਕਰਨ ਵਾਲੇ ਸ਼ਬਦਾਂ ਨੂੰ ਵਿਸਮਕ ਸ਼੍ਰੇਣੀ ਦੇ ਸ਼ਬਦ ਕਿਹਾ ਜਾਂਦਾ ਹੈ । ਬੁਲਾਰੇ ਦੀ ਭਾਵਨਾਤਮਿਕ-ਮਨੋਸਥਿਤੀ ਦਾ ਸੰਬੰਧ ਖ਼ੁਸ਼ੀ , ਦੁੱਖ , ਹੈਰਾਨੀ , ਅਫ਼ਸੋਸ , ਫਿਟਕਾਰ , ਹੱਲਾਸ਼ੇਰੀ ਆਦਿ ਵਰਤਾਰਿਆਂ ਨਾਲ ਹੁੰਦਾ ਹੈ । ਵਿਸਮਕ ਸ਼ਬਦਾਂ ਦੇ ਅੰਤ ਵਿੱਚ ਵਿਸ਼ਰਾਮ ਚਿੰਨ੍ਹ ‘ ਵਿਸਮਕ’ ( ! ) ਦੀ ਵਰਤੋਂ ਕੀਤੀ ਜਾਂਦੀ ਹੈ । ਕੁੱਝ ਕੁ ਵਿਸਮਕ ਸ਼ਬਦ ਇਹ ਹਨ-ਵਾਹ! ਹਾਇ! , ਹੈਂ! , ਉਫ਼! ਦੁਰ ਫਿੱਟੇ ਮੂੰਹ! , ਆਦਿ ।

        ਵਿਸਮਕ ਸ਼ਬਦ ਅਰਥ ਪੱਖੋਂ ਤਾਂ ਵਾਕ ਦਾ ਹਿੱਸਾ ਹੁੰਦੇ ਹਨ ਪਰ ਬਣਤਰ ਪੱਖੋਂ ਨਹੀਂ । ਦੂਜੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਵਿਸਮਕ ਸ਼ਬਦਾਂ ਨੂੰ ਜੇ ਵਾਕ ਨਾਲੋਂ ਵੱਖ ਕਰ ਦਿੱਤਾ ਜਾਵੇ ਤਾਂ ਵਾਕ ਦੀ ਵਿਆਕਰਨਿਕ ਬਣਤਰ ਵਿੱਚ ਕੋਈ ਫ਼ਰਕ ਨਹੀਂ ਪੈਂਦਾ । ਉਂਞ ਸਾਰੇ ਵਾਕ ਦਾ ਉਚਾਰਨ ਵਿਸਮਕ ਸ਼ਬਦਾਂ ਦੀ ਵਾਕ-ਸੁਰ ਵਾਲਾ ਹੀ ਹੁੰਦਾ ਹੈ ।

        ਵਿਸਮਕ ਸ਼ਬਦ ਬੰਦ ਸ਼੍ਰੇਣੀ ਦੇ ਸ਼ਬਦ ਹਨ , ਅਰਥਾਤ ਇਹਨਾਂ ਦੀ ਗਿਣਤੀ ਸੀਮਿਤ ਹੁੰਦੀ ਹੈ । ਵਿਸਮਕ ਸ਼ਬਦ ਅਵਿਕਾਰੀ ਹੁੰਦੇ ਹਨ । ਵਿਸਮਕ ਸ਼ਬਦਾਂ ਦੀ ਵਰਤੋਂ ਆਮ ਕਰ ਕੇ ਵਾਕ ਤੋਂ ਪਹਿਲਾਂ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਗਿਣਤੀ ਇੱਕ ਤੋਂ ਵੱਧ ਵੀ ਹੋ ਸਕਦੀ ਹੈ ਜੋ ਵਾਕਾਂਸ਼ ਪੱਧਰ ਤੱਕ ਸੀਮਿਤ ਰਹਿੰਦੀ ਹੈ । ਕਈ ਵਿਸਮਕ ਸ਼ਬਦਾਂ ਦੀ ਦੁਹਰੁਕਤ ( ਦੁਹਰਾ ਕੇ ) ਵਰਤੋਂ ਵੀ ਕੀਤੀ ਜਾਂਦੀ ਹੈ : ਵਾਹ-ਵਾਹ! , ਬੱਲੇ-ਬੱਲੇ! ਆਦਿ । ਅਰਥਾਂ ਦੇ ਆਧਾਰ ਉੱਤੇ ਵਿਸਮਕ ਸ਼ਬਦਾਂ ਨੂੰ ਛੇ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ :

        ਪ੍ਰਸੰਸਾ-ਵਾਚਕ : ਬੁਲਾਰੇ ਦੇ ਮਨ ਦੀ ਖ਼ੁਸ਼ੀ ਨੂੰ ਪ੍ਰਗਟ ਕਰਨ ਵਾਲੇ; ਇਹਨਾਂ ਵਿੱਚ ਹਲਾਸ਼ੇਰੀ ਦੀ ਭਾਵਨਾ ਵੀ ਹੁੰਦੀ ਹੈ-ਵਾਹ , ਵਾਹ-ਵਾਹ , ਵਾਹ ਭਈ ਵਾਹ! , ਅਸ਼ਕੇ! , ਬੱਲੇ! , ਸ਼ਾਬਾਸ਼! , ਖ਼ੂਬ! ਬਹੁਤ ਅੱਛੇ! , ਆਹਾ! , ਆਦਿ ।

        ਦੁੱਖ-ਵਾਚਕ : ਅਫ਼ਸੋਸ , ਫ਼ਿਕਰ , ਚਿੰਤਾ , ਦੁੱਖ ਆਦਿ ਦਾ ਪ੍ਰਗਟਾਵਾ ਕਰਨ ਵਾਲੇ : ਉਫ਼! , ਹਾਇ! , ਹਾਇ-ਹਾਇ! , ਊਈ! , ਅਫ਼ਸੋਸ! , ਤੋਬਾ! , ਆਦਿ ।

        ਹੈਰਾਨੀ-ਵਾਚਕ : ਹੈਰਾਨੀ ਦੀ ਭਾਵਨਾ ਨੂੰ ਪ੍ਰਗਟ ਕਰਨ ਵਾਲੇ : ਹੈ! , ਅੱਛਾ! , ਵਾਹ! , ਕਮਾਲ ਏ! , ਆਦਿ । ਹੈਰਾਨੀਵਾਚਕ ਵਿਸਮਕ ਸ਼ਬਦ ਪ੍ਰਸੰਸਾਵਾਚਕ ਸ਼ਬਦਾਂ ਨਾਲ ਚੋਖੀ ਸਾਂਝ ਰੱਖਦੇ ਹਨ । ਮਿਸਾਲ ਵਜੋਂ ਵਿਸਮਕ ਸ਼ਬਦ ‘ ਵਾਹ!’ ਦੀ ਵਰਤੋਂ ਇਹਨਾਂ ਦੋਹਾਂ ਭਾਵਨਾਵਾਂ ਲਈ ਕੀਤੀ ਜਾਂਦੀ ਹੈ ਪਰ ਵੱਖ-ਵੱਖ ਵਾਕ-ਸੁਰ ਵਿੱਚ ।

        1.    ਵਾਹ! ਤੁਹਾਡੀ ਟੀਮ ਨੇ ਤਾਂ ਵੱਡੀ ਜਿੱਤ ਪ੍ਰਾਪਤ ਕੀਤੀ ਏ ।     ( ਪ੍ਰਸੰਸਾ )

        2.  ਵਾਹ! ਮੋਹਣ ਵੀ ਇਸ ਵਾਰ ਪਾਸ ਹੋ ਗਿਆ ਏ ?                     ( ਹੈਰਾਨੀ )

        ਨਿਰਾਦਰ-ਵਾਚਕ : ਫਿੱਟੇ ਮੂੰਹ! ਦੁਰ ਫਿੱਟੇ ਮੂੰਹ! , ਲਖ ਲਾਨ੍ਹਤ! , ਦੁਰ!

        ਇੱਛਾ-ਵਾਚਕ : ਕਾਸ਼! , ਜੇ ਕਿਤੇ! , ਹੇ ਦਾਤਾ! ਆਦਿ ।

ਚਿਤਾਵਨੀ-ਵਾਚਕ : ਸ੍ਰੋਤੇ ਨੂੰ ਸੁਚੇਤ ਕਰਨ ਵਾਲੇ ਜਾਂ ਕੋਈ ਸੂਚਨਾ ਦੇਣ ਵਾਲੇ : ਵੇਖੀਂ! , ਵੇਖਿਓ! , ਖ਼ਬਰਦਾਰ! , ਬਚ ਕੇ!


ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਸਮਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਸਮਕ : ਪੰਜਾਬੀ ਵਿਚ ਵਿਸਮਕਤਾ ਵਾਕ ਦੇ ਕਾਰਜ ਨੂੰ ਪਰਭਾਵਤ ਨਹੀਂ ਹੁੰਦੀ ਸਗੋਂ ਵਿਸਮਕਤਾ ਦੀ ਸੂਚਨਾ ਵਾਕ ਤੋਂ ਪਹਿਲਾਂ ਵਿਚਰ ਰਹੇ ਸ਼ਬਦਾਂ ਤੋਂ ਪਰਾਪਤ ਹੁੰਦੀ ਹੈ । ਪੰਜਾਬੀ ਵਿਆਕਰਨਾਂ ਵਿਚ ਵਿਸਮਕ ਨੂੰ ਸ਼ਬਦ-ਸ਼ਰੇਣੀ ਦੇ ਤੌਰ ’ ਤੇ ਸਵੀਕਾਰਿਆ ਗਿਆ ਹੈ । ਇਸ ਸ਼ਰੇਣੀ ਸ਼ਬਦਾਂ ਦੀ ਗਿਣਤੀ ਸੀਮਤ ਹੈ ਇਸ ਲਈ ਇਨ੍ਹਾਂ ਨੂੰ ਬੰਦ ਸ਼ਬਦ-ਸ਼ਰੇਣੀਆਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ । ਇਨ੍ਹਾਂ ਸ਼ਬਦਾਂ ਨੂੰ ਅਰਥ ਦੇ ਅਧਾਰ ’ ਤੇ ਜਾਂ ਸਮਾਜ ਭਾਸ਼ਾ ਵਿਗਿਆਨਕ ਅਧਾਰ ’ ਤੇ ਸਥਾਪਤ ਕੀਤਾ ਜਾਂਦਾ ਹੈ । ਪਰੰਪਰਾਵਾਦੀ ਵਿਆਕਰਨਾਂ ਵਿਚ ਇਨ੍ਹਾਂ ਸ਼ਬਦਾਂ ਦੀ ਸਥਾਪਤੀ ਬੁਲਾਰੇ ਦੀ ਭਾਵਨਾਤਮਕ ਮਨੋਸਥਿਤੀ ਅਨੁਸਾਰ ਕੀਤੀ ਜਾਂਦੀ ਹੈ । ਪੰਜਾਬੀ ਵਿਚ ਵਾਹ , ਕਾਸ਼ , ਸ਼ਾਬਾਸ਼ , ਬੱਲੇ ਆਦਿ ਸ਼ਬਦਾਂ ਨੂੰ ਇਸ ਸ਼ਰੇਣੀ ਵਿਚ ਰੱਖਿਆ ਜਾਂਦਾ ਹੈ । ਇਨ੍ਹਾਂ ਸ਼ਬਦਾਂ ਦਾ ਉਚਾਰਨ ਦਬਾ-ਪੂਰਨ ਸੁਰ ਵਿਚ ਕੀਤਾ ਜਾਂਦਾ ਹੈ ਅਤੇ ਲਿਪਾਂਕਨਕਾਰੀ ਅਨੁਸਾਰ ਇਨ੍ਹਾਂ ਸ਼ਬਦਾਂ ਤੋਂ ਪਿਛੋਂ ਵਿਸਮਕ-ਸੂਚਕ ਚਿੰਨ੍ਹ ‘ !’ ਦੀ ਵਰਤੋਂ ਕੀਤੀ ਜਾਂਦੀ ਹੈ । ਰੂਪ ਦੇ ਪੱਖ ਤੋਂ ਇਨ੍ਹਾਂ ਸ਼ਬਦਾਂ ਨੂੰ ਵਿਕਾਰੀ ਅਤੇ ਅਵਿਕਾਰੀ ਵਿਚ ਵੰਡਿਆ ਜਾਂਦਾ ਹੈ । ਵਿਕਾਰੀ ਸ਼ਬਦਾਂ ਦੀ ਗਿਣਤੀ ਸੀਮਤ ਹੈ , ਜਿਵੇਂ ਸੰਬੋਧਨ ਲਈ : ਓਏ-ਨੀ , ਅੜੀਏ-ਅੜਿਆ , ਮੂਰਖਾ-ਮੂਰਖੇ ਇਹ ਸ਼ਬਦ ਭਾਵੇਂ ਹੋਰ ਸ਼ਬਦ-ਸ਼ਰੇਣੀ ਦੇ ਵੀ ਮੈਂਬਰ ਹਨ ਪਰ ਇਨ੍ਹਾਂ ਤੋਂ ਵਿਸਮਿਕਤਾ ਦਾ ਕਾਰਜ ਲਿਆ ਜਾਂਦਾ ਹੈ । ਅਰਥ ਦੀ ਦਰਿਸ਼ਟੀ ਤੋਂ ਵਿਸਮਕ ਸ਼ਬਦਾਂ ਨੂੰ ਖੁਸ਼ੀ ਲਈ ( ਵਾਹ! , ਆਹ! , ਬੱਲੇ! , ਸ਼ਾਬਾਸ਼! ) ਦੁਖ ਅਤੇ ਗਮੀ ਲਈ ( ਹਾਏ , ਉਹੋ , ਉਈ , ਅਫਸੋਸ ) ਨਿਰਾਦਰ ਲਈ ( ਦੁਰ ਦੁਰ , ਦੁਰ ਫਿਟੇ ਮੂੰਹ , ਫਿਟੇ ਮੂੰਹ , ਲੱਖ ਲਾਨਤ ) , ਸੁਚੇਤ ਕਰਨ ਲਈ ( ਵੇਖੀ , ਵੇਖਿਓ , ਖ਼ਬਰਦਾਰ , ਵੇਖਣਾ , ਹੈਂ ) ਇੱਛਾ ਪਰਗਟ ਕਰਨ ਲਈ ( ਕਾਸ਼ , ਹਾਏ , ਜੇ ) ਅਸੀਸ ਲਈ ( ਸੁਖੀ ਰਹਿ , ਜਵਾਨੀਆ ਮਾਣੋ , ਵਧੋ ਫੁਲੋ , ਸਾਈਂ ਜੀਵੀ , ਜਿਉਂਦਾ ਰਹਿ , ਬੁੱਢ ਸੁਹਾਗਣ ਹੋਵੇਂ ) ਆਦਿ ਵਿਚ ਵੰਡਿਆ ਜਾਂਦਾ ਹੈ । ਆਮ ਤੌਰ ’ ਤੇ ਵਿਸਮਕ ਸੂਚਨਾ ਸ਼ਬਦਾਂ ਜਾਂ ਵਾਕੰਸ਼ਾਂ ਤੋਂ ਪਰਾਪਤ ਹੁੰਦੀ ਹੈ । ਪਰੰਤੂ ਕਈ ਵਾਰ ਇਨ੍ਹਾਂ ਦੀ ਸੂਚਨਾ ਉਪਵਾਕ ਦੇ ਪੱਧਰ ਦੀਆਂ ਇਕਾਈਆਂ ਤੋਂ ਵੀ ਮਿਲਦੀ ਹੈ , ਭਾਵੇਂ ਇਨ੍ਹਾਂ ਦੀ ਗਿਣਤੀ ਸੀਮਤ ਹੈ , ਜਿਵੇਂ : ‘ ਜਿਉਂਦਾ ਰਹਿ , ਬੁੱਢ ਸੁਹਾਗਣ ਹੋਵੇਂ’ ਆਦਿ । ਇਸ ਸ਼ਬਦ-ਸ਼ਰੇਣੀ ਦੇ ਮੈਂਬਰਾਂ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਸ਼ਬਦ , ਵਾਕ ਦੀ ਬਣਤਰ ਦੇ ਅੰਦਰ ਨਹੀਂ ਵਿਚਰਦੇ ਸਗੋਂ ਇਹ ਵਾਕ ਤੋਂ ਪਹਿਲਾਂ ਵਿਚਰਦੇ ਹਨ ਅਤੇ ਇਨ੍ਹਾਂ ਦਾ ਵਾਕ ਨਾਲ ਕੋਈ ਵਿਆਕਰਨਕ ਸਬੰਧ ਨਹੀਂ ਹੁੰਦਾ , ਜਿਵੇਂ : ਹੈਂ! ਉਹ ਮਰ ਗਿਆ , ਕਾਸ਼! ਜੇ ਉਹ ਨਾ ਮਰਦਾ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.