ਵੈਸ਼ੇਸ਼ਿਕ ਦਰਸ਼ਨ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵੈਸ਼ੇਸ਼ਿਕ ਦਰਸ਼ਨ : ਮੁਨੀ ਕਣਾਦ ਵੈਸ਼ੇਸ਼ਿਕ ਦਰਸ਼ਨ ਦੇ ਕਰਤਾ ਹਨ । ਇਸ ਗ੍ਰੰਥ ਵਿੱਚ ਦਸ ਅਧਿਆਇ ਅਤੇ ਹਰ ਅਧਿਆਇ ਵਿੱਚ ਦੋ-ਦੋ ਆਹਨਿਕ ( ਇੱਕ ਦਿਨ ਦਾ ਪਾਠ ) ਹਨ । ਗ੍ਰੰਥ ਦੇ ਕੁੱਲ ਸੂਤਰਾਂ ਜਾਂ ਸਲੋਕਾਂ ਦੀ ਗਿਣਤੀ 370 ਹੈ । ਇਸ ਦਰਸ਼ਨ ਦਾ ਮੁੱਖ ਉਦੇਸ਼ ‘ ਨਿਸ਼ਰੇਯਸ’ ਅਰਥਾਤ ਮੋਕਸ਼ ਦੀ ਪ੍ਰਾਪਤੀ ਕਿਹਾ ਗਿਆ ਹੈ ।
ਵੈਸ਼ੇਸ਼ਿਕ ਦਾ ਅਰਥ ਸ਼ੁਰੂ ਦੇ ਸੂਤਰ ਵਿੱਚ ਹੀ ਦਿੱਤਾ ਗਿਆ ਹੈ । ' विशेष पदार्थमधिकृत्य कृतं शास्त्रां वैशेषिकम ਅਰਥਾਤ ਧਰਤੀ , ਅੱਗ , ਹਵਾ , ਪਾਣੀ ਆਦਿ ਪਰਮ ਸਮਰੱਥ ਭੂਤ ਤੱਤ ਨਾਮਕ ਪਦਾਰਥਾਂ ਨੂੰ ਸ੍ਰਿਸ਼ਟੀ ਨਿਰਮਾਣ ਦਾ ਮੂਲ ਮੰਨਣ ਦੇ ਕਾਰਨ ਹੀ ਇਸ ਵਿਚਾਰਧਾਰਾ ਨੂੰ ਵੈਸ਼ੇਸ਼ਿਕ ਕਿਹਾ ਗਿਆ ਹੈ ।
ਵੈਸ਼ੇਸ਼ਿਕ ਦਰਸ਼ਨ ਦੇ ਅਨੁਸਾਰ ਸ੍ਰਿਸ਼ਟੀ ਦਾ ਮੂਲ ਪਦਾਰਥ ਦ੍ਰਵ ਹੈ । ਇਹੀ ਸਾਰੀਆਂ ਭੌਤਿਕ ਅਤੇ ਅਭੌਤਿਕ ਘਟਨਾਵਾਂ ਜਾਂ ਹੋਂਦ ਵਿੱਚ ਆਉਣ ਵਾਲੀਆਂ ਚੀਜ਼ਾਂ ਦਾ ਕਾਰਨ ਹੈ । ਦਰਸ਼ਨ ਦਾ ਕਰਤਾ ਮੰਨਦਾ ਹੈ ਕਿ ਦ੍ਰਵ ਉਹ ਪਦਾਰਥ ਹੈ , ਜਿਸ ਵਿੱਚ ਗੁਣ ਤੇ ਕਿਰਿਆਵਾਂ ਹੁੰਦੀਆਂ ਹਨ । ਇਹ ਕਿਸੇ ਪ੍ਰਭਾਵ ਵਿੱਚ ਹੋਣ ਵਾਲਾ ਭੌਤਿਕ ਕਾਰਨ ਹੈ ।
ਕਣਾਦ ਮੁਨੀ ਦੇ ਮੁਤਾਬਕ ਸ੍ਰਿਸ਼ਟੀ ਦੇ ਮੂਲ ਪਦਾਰਥ ਛੇ ਹਨ :
1. ਦ੍ਰਵ : ਵੈਸ਼ੇਸ਼ਿਕ ਦੇ ਅਨੁਸਾਰ ਨੌਂ ਦ੍ਰਵ ਹਨ-ਧਰਤੀ , ਪਾਣੀ , ਅੱਗ , ਹਵਾ , ਅਕਾਸ਼ , ਕਾਲ , ਦਿਸ਼ਾ , ਆਤਮਾ ਅਤੇ ਮਨ ।
2. ਗੁਣ : ਚੌਵੀ ਗੁਣ ਹਨ : ਰੂਪ , ਰਸ , ਗੰਧ , ਸਪਰਸ਼ , ਸੰਥਿਆ , ਪਰਿਮਾਣ , ਪ੍ਰਥਕਤ੍ਵ , ਸੰਯੋਗ , ਵਿਭਾਗ , ਪਰਤ੍ਵ , ਅਪਰਤ੍ਵ , ਗੁਰੁਤ੍ਵ , ਦ੍ਰਵਤ੍ਵ , ਸਨੇਹ , ਸ਼ਬਦ , ਬੁਧਿ , ਸੁਖ , ਦੁੱਖ , ਇੱਛਾ , ਦ੍ਵੇਸ਼ , ਪ੍ਰਯਤਨ , ਧਰਮ , ਅਧਰਮ , ਸੰਸਕਾਰ ।
3. ਕਰਮ : ਵੈਸ਼ੇਸ਼ਿਕ ਦਰਸ਼ਨ ਵਿੱਚ ਕਰਮ ਪੰਜ ਪ੍ਰਕਾਰ ਦੇ ਹਨ-ਉਤਕਸ਼ੇਪਣ , ਅਪਕਸ਼ੇਪਣ , ਅਕੁੰਚਨ , ਪ੍ਰਸਾਰਨ , ਗਮਨ ।
4. ਸਾਮਾਨਯ ( ਜਾਤਿ ) : ਇਹ ਦੋ ਪ੍ਰਕਾਰ ਦਾ ਹੈ - ਪਰ ਅਤੇ ਅਪਰ । ਇਹਨਾਂ ਦੋ ਪ੍ਰਕਾਰਾਂ ਨੂੰ ਸੱਤਾ ਸਾਮਾਨਯ ਅਤੇ ਦ੍ਵੈਤ ਸਾਮਾਨਯ ਵੀ ਕਹਿੰਦੇ ਹਨ ।
5. ਵਿਸ਼ੇਸ਼ : ਕਿਸੇ ਪਦਾਰਥ ਦਾ ਉਹ ਗੁਣ ਹੈ , ਜੋ ਉਸ ਨੂੰ ਬਾਕੀ ਪਦਾਰਥਾਂ ਤੋਂ ਅਲੱਗ ਕਰਦਾ ਹੈ । ਜਿੰਨੇ ਨਿਤ ਦ੍ਰਵ ਹਨ , ਉਹਨਾਂ ਨੂੰ ਵੱਖ-ਵੱਖ ਰੱਖਣ ਵਾਲੇ ਓਨੇ ਹੀ ਵਿਸ਼ੇਸ਼ ਪਦਾਰਥ ਹਨ ।
6. ਸਮਵਾਯ : ਉਤਪਤੀ ਅਤੇ ਕਾਰਜ ਦਾ ਆਪਸੀ ਸੰਬੰਧ ਸਮਵਾਯ ਹੈ । ਇਹ ਸੰਬੰਧ ਨਿੱਤ ਹੁੰਦਾ ਹੈ , ਜਿਵੇਂ ਗੁਲਾਬ ਤੇ ਸੁਗੰਧ ਜਾਂ ਮਨੁੱਖ ਤੇ ਮਨੁੱਖਤਾ ।
ਇਹ ਛੇ ਪਦਾਰਥ ਨਿੱਤ ਅਤੇ ਅਨਿੱਤ ਹਨ । ਧਰਤੀ , ਪਾਣੀ , ਅਗਨੀ ਅਤੇ ਹਵਾ , ਪਰਮਾਣ ਰੂਪ ਵਿੱਚ ਨਿੱਤ ਹਨ ਅਤੇ ਸਥੂਲ ਰੂਪ ਵਿੱਚ ਅਨਿੱਤ । ਇਸੇ ਤਰ੍ਹਾਂ ਨਿੱਤ ਦ੍ਰਵ ਵਿੱਚ ਰਹਿਣ ਵਾਲੇ ਗੁਣ ਨਿੱਤ ਹਨ , ਅਨਿੱਤ ਦ੍ਰਵ ਵਿੱਚ ਰਹਿਣ ਵਾਲੇ ਗੁਣ ਅਨਿੱਤ ਹਨ । ਸਾਮਾਨਯ , ਵਿਸ਼ੇਸ਼ , ਸਮਵਾਯ , ਇਹ ਤਿੰਨੇ ਨਿੱਤ ਹਨ । ਜੀਵਾਤਮਾ ਸਭ ਸਰੀਰਾਂ ਵਿੱਚ ਭਿੰਨ ਹੈ , ਪਰਮਾਤਮਾ ਜੀਵਾਤਮਾ ਤੋਂ ਵੱਖਰੀ ਹੈ । ਸ੍ਰਿਸ਼ਟੀ ਦੀ ਰਚਨਾ ਪਰਮਾਤਮਾ ਦੀ ਇੱਛਾ ਅਨੁਸਾਰ ਪਰਮਾਣੂਆਂ ਤੋਂ ਹੁੰਦੀ ਹੈ , ਜਿਸ ਨੂੰ ਇਹਨਾਂ ਛੇ ਪਦਾਰਥਾਂ ਦਾ ਪੂਰਨ ਗਿਆਨ ਹੋ ਜਾਂਦਾ ਹੈ , ਉਹ ਮੁਕਤ ਹੁੰਦਾ ਹੈ ।
ਕੁਝ ਵਿਦਵਾਨਾਂ ਨੇ ਬਾਅਦ ਵਿੱਚ ‘ ਅਭਾਵ’ ਨਾਮਕ ਇੱਕ ਸੱਤਵਾਂ ਪਦਾਰਥ ਵੀ ਸਵੀਕਾਰ ਕੀਤਾ ਹੈ । ਵੈਸੇਸਿਕ ਦਰਸ਼ਨ ਦੇ ਸਿਧਾਂਤ ਅਤੇ ਉਹਨਾਂ ਦੀ ਵਿਆਖਿਆ ਇਸ ਪ੍ਰਕਾਰ ਹੈ :
1. ਪਰਮਾਣੂਵਾਦ : ਵੈਸ਼ੇਸ਼ਿਕ ਅਨੁਸਾਰ ਇਸ ਜਗਤ ਦੀ ਉਤਪਤੀ ਦਾ ਕਾਰਨ ਪ੍ਰਮਾਣੂ ਹਨ । ਅਲੱਗ-ਅਲੱਗ ਪਰਮਾਣੂਆਂ ਦੇ ਸੰਯੋਗ ਨਾਲ ਸਭ ਵਸਤੂਆਂ ਹੋਂਦ ਵਿੱਚ ਆਉਂਦੀਆਂ ਹਨ ।
2. ਅਨੇਕਾਤਮਵਾਦ : ਆਤਮਾਵਾਂ ਪਰਮਾਤਮਾ ਦਾ ਅੰਸ਼ ਨਹੀਂ , ਸਗੋਂ ਅਨੇਕ ਅਤੇ ਅਲੱਗ-ਅਲੱਗ ਹਨ । ਸਭ ਆਤਮਾਵਾਂ ਆਪਣੇ ਕਰਮਾਂ ਦੇ ਫਲ ਭੋਗਣ ਭਿੰਨ-ਭਿੰਨ ਸਰੀਰ ਧਾਰਨ ਕਰਦੀਆਂ ਹਨ ।
3. ਅਸਤਕਾਰਜਵਾਦ : ਵੈਸ਼ੇਸ਼ਿਕ ਦਾ ਮੱਤ ਹੈ ਕਿ ਕਾਰਨ ਦੇ ਨਾਲ ਹੀ ਕਾਰਜ ਪੈਦਾ ਹੁੰਦਾ ਹੈ ਤੇ ਕਾਰਜ ਨਿੱਤ ਰਹਿਣ ਵਾਲਾ ਨਹੀਂ ਹੁੰਦਾ । ਇਹ ਨਾਸਵਾਨ ਹੈ ।
4. ਪਰਮਾਣੂ : ਪਰਮਾਣੂ ਨਿੱਤ ਰਹਿਣ ਵਾਲੇ ਹਨ । ਸਥੂਲਤਾ ਕਾਰਨ ਉਹਨਾਂ ਦਾ ਨਾਸ ਨਹੀਂ ਹੁੰਦਾ ।
5. ਸ੍ਰਿਸ਼ਟੀਵਾਦ : ਸ੍ਰਿਸ਼ਟੀ ਵਿੱਚ ਕਾਰਨਾਂ ਦੇ ਬਿਨਾਂ ਕੋਈ ਕਾਰਜ ਨਹੀਂ ਹੁੰਦਾ । ਜਗਤ ਕਾਰਜ ਹੈ ਅਤੇ ਇਸ ਦਾ ਕਰਤਾ ਜਾਂ ਕਾਰਨ ਪਰਮਾਤਮਾ ਹੈ ।
6. ਮੋਕਸ਼ਵਾਦ : ਆਵਾਗਮਨ ਦੇ ਚੱਕਰ ਤੋਂ ਛੁੱਟ ਕੇ ਮੋਕਸ਼ ਪ੍ਰਾਪਤ ਕਰਨਾ ਜੀਵਾਤਮਾ ਦਾ ਪਰਮ/ਅੰਤਿਮ ਉਦੇਸ਼ ਹੈ । ਇਸ ਤਰ੍ਹਾਂ ਵੈਸ਼ੇਸ਼ਿਕ ਪਦਾਰਥ ਨੂੰ ਵਿਸ਼ੇਸ਼ ਮੰਨਦਿਆਂ ਹੋਇਆਂ ਸ੍ਰਿਸ਼ਟੀ ਦੀ ਵਿਵੇਚਨਾ ਕਰ ਕੇ ਮੁਕਤੀ ਨੂੰ ਮਨੁੱਖ ਦੀ ਵਿਸ਼ੇਸ਼ ਪ੍ਰਾਪਤੀ ਸਮਝਦਾ ਹੈ ।
ਵੈਸ਼ੇਸ਼ਿਕ ਅਸਲ ਵਿੱਚ ਪਦਾਰਥਵਾਦੀ ਜਾਂ ਭੌਤਿਕ ਦਰਸ਼ਨ ਹੈ । ਧਰਮ ਦੀ ਵਿਆਖਿਆ ਅਤੇ ਮੋਕਸ਼ ਦੀ ਪ੍ਰਾਪਤੀ ਦਾ ਸਾਧਨ ਦੱਸਣਾ ਇਸ ਦਾ ਮੂਲ ਮੁੱਦਾ ਸੀ । ਈਸ਼ਵਰ ਅਤੇ ਜੀਵ , ਇਹ ਦੋ ਨਿੱਤ ਰਹਿਣ ਵਾਲੇ ਤੱਤ ਹਨ । ਜੀਵ ਦਾ ਪਰਮ ਕਰਤੱਵ ਹੈ ਕਿ ਉਹ ਦੁਨੀਆ ਵਿੱਚ ਧਰਮ ਦਾ ਪਾਲਣ ਕਰੇ; ਇਸ ਦੇ ਨਾਲ ਉਸ ਨੂੰ ਪਰਮ ਉੱਨਤੀ ਅਤੇ ਮੁਕਤੀ ਪ੍ਰਾਪਤ ਹੁੰਦੀ ਹੈ ।
ਪਹਿਲਾਂ ਬੁੱਧ ਦਰਸ਼ਨ ਨਾਲ ਗੂੜ੍ਹਾ ਸੰਬੰਧ ਹੋਣ ਕਾਰਨ ਵੈਸ਼ੇਸ਼ਿਕ ਦੇ ਪੈਰੋਕਾਰਾਂ ਨੂੰ ਅਰਧ-ਵੈਨਾਸ਼ਿਕ ਜਾਂ ਅਰਧ-ਬੋਧ ਕਿਹਾ ਜਾਂਦਾ ਸੀ । ਬਾਅਦ ਵਿੱਚ ਵੈਸ਼ੇਸ਼ਿਕ ਦਾ ਗਹਿਰਾ ਸੰਬੰਧ ਨਿਆਇ ਦਰਸ਼ਨ ਨਾਲ ਜੁੜ ਗਿਆ ਅਤੇ ਵੈਸ਼ੇਸ਼ਿਕ ਦੇ ਪੈਰੋਕਾਰਾਂ ਨੇ ਬੁੱਧ ਧਰਮ ਦਾ ਖੰਡਨ ਕੀਤਾ , ਜਿਸ ਨਾਲ ਬੋਧਾਂ ਨਾਲ ਇਸ ਦਾ ਸੰਬੰਧ ਟੁੱਟ ਗਿਆ । ਹੁਣ ਇਹ ਇੱਕ ਸੁਤੰਤਰ ਦਰਸ਼ਨ ਹੈ ।
ਲੇਖਕ : ਓਮ ਪ੍ਰਕਾਸ਼ ਸਾਰਸਵਤ ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First