ਲਾਗ–ਇਨ/ਨਵਾਂ ਖਾਤਾ |
+
-
 
ਸ਼ਬਦ

ਸ਼ਬਦ [ਨਾਂਪੁ] (ਭਾਵਿ) ਭਾਸ਼ਾ ਦੀ ਸਭ ਤੋਂ ਛੋਟੀ ਅਰਥਪੂਰਨ ਸੁਤੰਤਰ ਇਕਾਈ , ਲਫਜ਼, ਪਦ; ਗੱਲ , ਕਥਨ; ਭਜਨ; ਗੁਰਬਾਣੀ ਦੀ ਇੱਕ ਇਕਾਈ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5498,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸ਼ਬਦ

ਸ਼ਬਦ: ਸ਼ਬਦ ਨੂੰ ਵਿਆਕਰਨ ਦੇ ਪੱਧਰ ਦੀ ਛੋਟੀ ਤੋਂ ਛੋਟੀ ਇਕਾਈ ਸਵੀਕਾਰਿਆ ਜਾਂਦਾ ਹੈ। ਇਹ ਇਕ ਅਜਿਹੀ ਇਕਾਈ ਹੈ ਜਿਸ ਦੀ ਪਰਿਭਾਸ਼ਾ ਸਬੰਧੀ ਅਜੇ ਵੀ ਵਿਵਾਦ ਹੈ ਪਰ ਦੂਜੀਆਂ ਸਾਰੀਆਂ ਇਕਾਈਆਂ ਦੀ ਪਰਿਭਾਸ਼ਾ ਇਸ ਦੇ ਅਧਾਰ ’ਤੇ ਕੀਤੀ ਜਾਂਦੀ ਹੈ (ਜਿਵੇਂ ਵਾਕੰਸ਼ ਦੀ ਪਰਿਭਾਸ਼ਾ ਵੇਲੇ : ਸ਼ਬਦ ਜਾਂ ਸ਼ਬਦ ਰੂਪ ਜਦੋਂ ਵਾਕ ਵਿਚ ਇਕ ਕਾਰਜ ਕਰੇ)। ਆਮ ਵਿਆਕਰਨਾਂ ਵਿਚ ਇਸ ਦੀ ਪਰਿਭਾਸ਼ਾ ਨੂੰ ਸਥਾਪਤ ਕੀਤੇ ਬਿਨਾਂ ਹੀ ਇਸ ਨੂੰ ਵਿਆਕਰਨਕ ਇਕਾਈ ਦਾ ਦਰਜਾ ਦਿੱਤਾ ਜਾਂਦਾ ਹੈ। ਸ਼ਬਦ ਦੀ ਪਰਿਭਾਸ਼ਾ ਨੂੰ ਸਥਾਪਤ ਕਰਨ ਲਈ ਜਾਂ ਇਸ ਦੀ ਨਿਸ਼ਾਨਦੇਹੀ ਕਰਨ ਲਈ ਕੁਝ ਅਧਾਰ ਇਸ ਪਰਕਾਰ ਹਨ : (i) ਦੋ ਠਹਿਰਾਓ ਵਿਚਕਾਰਲੀ ਇਕਾਈ (ii) ਦੋ ਖਾਲੀ ਥਾਵਾਂ ਵਿਚਕਾਰਲੀ ਇਕਾਈ (iii) ਘੱਟੋ ਘੱਟ ਛੋਟੀ ਇਕਾਈ (iv) ਇਕ ਅਰਥ ਪਰਗਟ ਕਰਨ ਵਾਲੀ ਇਕਾਈ। ਬੋਲਚਾਲ ਅਤੇ ਲਿਖਤ ਦੇ ਪੱਧਰ ’ਤੇ ਹਰ ਇਕ ਮਾਤ-ਭਾਸ਼ਾਈ ਬੁਲਾਰਾ ਸ਼ਬਦ ਦੀ ਪਛਾਣ ਕਰ ਲੈਂਦਾ ਹੈ। ਇਨ੍ਹਾਂ ਅਧਾਰਾਂ ਵਿਚੋਂ ਪਹਿਲਾ ਅਧਾਰ ਬੋਲਚਾਲ ਨਾਲ ਸਬੰਧਤ ਹੈ ਇਸ ਲਈ ਇਸ ਅਧਾਰ ਦਾ ਸਰੋਤ ਧੁਨੀ-ਵਿਉਂਤ (Phonology) ਨੂੰ ਬਣਾਇਆ ਜਾਂਦਾ ਹੈ। ਗੱਲਬਾਤ ਵੇਲੇ ਹਰ ਬੁਲਾਰਾ ਸ਼ਬਦਾਂ ਵਿਚਕਾਰ ਨਿਸ਼ਚਤ ਛੋਟੇ ਠਹਿਰਾਓ (Pause) ਦਿੰਦਾ ਹੈ ਜਿਵੇਂ : ਉਹ\ਪਿੰਡ\ਗਿਆ\ਹੋਇਆ\ਏ\ ਸ਼ਬਦ ਦੀ ਪਛਾਣ ਲਈ ਦੂਜਾ ਅਧਾਰ ਲਿਖਤ ਨੂੰ ਬਣਾਇਆ ਜਾਂਦਾ ਹੈ। ਲਿਖਤ ਵਿਚੋਂ ਸ਼ਬਦ ਦੀ ਪਛਾਣ ਹੋਰ ਵੀ ਸੌਖੀ ਹੈ ਕਿਉਂਕਿ ਇਸ ਅਧਾਰ ਦਾ ਸਰੋਤ ਲਿਖਣ ਢੰਗ (Orthography) ਹੈ। ਲਿਖਣ ਵੇਲੇ ਹਰ ਇਕ ਲਿਖਾਰੀ ਸ਼ਬਦ ਤੋਂ ਪਿਛੋਂ ਯੋਗ ਖਾਲੀ ਥਾਂ ਛੱਡਦਾ ਹੈ ਅਤੇ ਭਾਸ਼ਾ ਦੀ ਵਰਤੋਂ ਕਰਨ ਵਾਲਾ ਆਮ ਵਿਅਕਤੀ ਇਸ ਅਧਾਰ ’ਤੇ ਗਿਣਤੀ ਵੀ ਕਰ ਸਕਦਾ ਹੈ। ਪਰ ਸਥਾਪਤੀ ਦੇ ਇਨ੍ਹਾਂ ਦੋਹਾਂ ਅਧਾਰਾਂ ਦੀ ਆਲੋਚਨਾ ਵੀ ਹੋਈ ਹੈ ਕਿਉਂਕਿ ਇਸ ਭਾਂਤ ਦੇ ਪਰਿਭਾਸ਼ੀ ਲੱਛਣਾਂ ਨੂੰ ਸੰਯੋਗਾਤਮਕ ਭਾਸ਼ਾਵਾਂ ’ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਤੀਜੇ ਅਧਾਰ ਨੂੰ ਬਲੂਮਫੀਲਡ ਨੇ ਸਥਾਪਤ ਕੀਤਾ ਹੈ। ਉਸ ਨੇ ਸ਼ਬਦ ਨੂੰ ਭਾਸ਼ਾ ਦੀ ਵਿਆਕਰਨ ਦੇ ਪੱਧਰ ’ਤੇ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਕਹਿ ਕੇ ਪਰਿਭਾਸ਼ਤ ਕੀਤਾ ਹੈ। ਸੁਤੰਤਰ ਇਕਾਈ ਤੋਂ ਭਾਵ ਹੈ ਕਿ ਸ਼ਬਦ ਵਾਕਾਤਮਕ ਤਰਤੀਬ ਵਿਚ ਸਥਾਨ ਬਦਲ ਸਕਣ ਦੀ ਸਮਰੱਥਾ ਰੱਖਦਾ ਹੋਵੇ, ਜਿਵੇਂ : ਉਹ ਸਕੂਲ ਗਿਆ ਹੈਸਕੂਲ ਗਿਆ ਹੈ ਉਹਗਿਆ ਹੈ ਉਹ ਸਕੂਲ। ਇਹ ਸ਼ਬਦ ਸੁਤੰਤਰ ਰੂਪ ਵਿਚ ਕਿਸੇ ਦੂਜੇ ਸ਼ਬਦ ਦੇ ਨਾਲ ਹੀ ਵਿਚਰ ਸਕਦੇ ਹਨ। ਪਰੰਪਰਾਵਾਦੀ ਵਿਆਕਰਨਕਾਰਾਂ ਨੇ ਸ਼ਬਦਾਂ ਦੀ ਪਰਿਭਾਸ਼ਾ ਅਰਥ ਦੇ ਅਧਾਰ ’ਤੇ ਕੀਤੀ ਹੈ ਅਤੇ ਕਈ ਵਾਰ ਤਾਂ ਇਸ ਤਰ੍ਹਾਂ ਵੀ ਕਿਹਾ ਹੈ ‘ਕੁਝ ਸ਼ਬਦ ਸਾਰਥਕ ਹੁੰਦੇ ਹਨ ਅਤੇ ਕੁਝ ਨਿਰਾਰਥਕ।’ ਹਰ ਸ਼ਬਦ ਦਾ ਇਕੋ ਅਰਥ ਨਹੀਂ ਹੁੰਦਾ ਜਿਵੇਂ : ‘ਵੱਟ’ ਸ਼ਬਦ ਨੂੰ ਲਿਆ ਜਾ ਸਕਦਾ ਹੈ : ਵੱਟ (ਵੱਟ ਲਗਣਾ), ਵੱਟ (ਵੱਟ ਪੈਣਾ), ਵੱਟ (ਰੱਸੀ ਦੀ ਵੱਟ), ਵੱਟ (ਜ਼ਮੀਨ ਤੇ ਵਾਹੀ ਗਈ), ਵੱਟ (ਪੈਸਾ ਵੱਟ ਲਿਆ) ਆਦਿ। ਇਸ ਸਮੱਸਿਆ ਦੇ ਸਮਾਧਾਨ ਲਈ ਸ਼ਬਦਾਂ ਨੂੰ ‘ਵਿਆਕਰਨਕ’ ਅਤੇ ‘ਕੋਸ਼ਗਤ ਸ਼ਬਦ’ ਵਿਚ ਵੰਡਿਆ ਜਾਂਦਾ ਹੈ। ਸ਼ਬਦਾਂ ਦੇ ਜਿਹੜੇ ਰੂਪਾਂ ਨੂੰ ਕੋਸ਼ ਵਿਚ ਦਰਜ ਕਰਨ ਲਈ ਮੁੱਢਲੀ ਇਕਾਈ ਵਜੋਂ ਲਿਆ ਜਾਵੇ ਉਸ ਸ਼ਬਦ ਰੂਪ ਨੂੰ ਕੋਸ਼ਗਤ ਸ਼ਬਦ ਜਾਂ ਮੁੱਖ ਸ਼ਬਦ ਆਖਿਆ ਜਾਂਦਾ ਹੈ। ਵਾਕ-ਬਣਤਰਾਂ ਵਿਚ ਵਿਚਰਨ ਵਾਲੇ ਸ਼ਬਦਾਂ ਨੂੰ ਵਿਆਕਰਨਕ ਸ਼ਬਦ ਕਿਹਾ ਜਾਂਦਾ ਹੈ। ਕੋਸ਼ ਵਿਚ ਅੰਦਰਾਜ ਦੇ ਤੌਰ ’ਤੇ ਵਰਤੀ ਜਾਣ ਵਾਲੀ ਸ਼ਾਬਦਕ ਇਕਾਈ ਦੇ ਮੂਲ ਰੂਪ ਨੂੰ ਹੀ ਦਰਜ ਕੀਤਾ ਜਾਂਦਾ ਹੈ, ਉਸ ਦੇ ਰੂਪਾਂਤਰੀ ਰੂਪ ਨਹੀਂ ਜਿਵੇਂ : ‘ਕਰ’ ਮੂਲ ਰੂਪ ਹੈ ਅਤੇ ‘ਕਰਦਾ, ਕਰਦੀ, ਕਰਦੀਆਂ’ ਆਦਿ ਇਸ ਦੇ ਰੂਪਾਂਤਰੀ ਰੂਪ ਹਨ ‘ਮੁੰਡਾ’ ਮੂਲ ਰੂਪ ਹੈ ਪਰ ‘ਮੁੰਡੇ, ਮੁੰਡਿਆਂ, ਮੁੰਡਿਓ’, ਆਦਿ ਰੂਪਾਂਤਰੀ ਰੂਪ ਹਨ। ਇਕ ਤੋਂ ਵਧੇਰੇ ਅਰਥਾਂ ਵਾਲੇ ਸ਼ਬਦਾਂ ਨੂੰ ਵਾਕ ਵਿਚ ਸੰਦਰਭਾਤਮਕ ਸ਼ਬਦ ਕਿਹਾ ਜਾਂਦਾ ਹੈ। ਇਨ੍ਹਾਂ ਦੇ ਅਰਥਾਂ ਦਾ ਪਤਾ ਵਾਕ ਵਿਚ ਵਰਤੋਂ ਦੇ ਅਧਾਰ ਤੋਂ ਹੀ ਲਗਦਾ ਹੈ ਜਿਵੇਂ : ‘ਰੱਸੀ ਸੜ ਗਈ ਪਰ ਵਟ ਨਾ ਗਿਆ, ਉਸ ਦੇ ਪੇਟ ਵਿਚ ਵਟ ਪੈ ਰਿਹਾ ਸੀ, ਉਹ ਪੱਗ ਵਟ ਭਰਾ ਹਨ, ਉਸ ਦੇ ਚਿਹਰੇ ਦਾ ਰੰਗ ਵਟ ਗਿਆ ਆਦਿ।

         ਰੂਪ\ਬਣਤਰ ਦੇ ਅਧਾਰ ’ਤੇ ਸ਼ਬਦਾਂ ਨੂੰ ਇਸ ਪਰਕਾਰ ਵੰਡਿਆ ਜਾਂਦਾ ਹੈ : (i) ਇਕ ਭਾਵਾਂਸੀ (ii) ਬਹੁ-ਭਾਵਾਂਸੀ (iii) ਮਿਸ਼ਰਤ ਅਤੇ ਸੰਯੁਕਤ (iv) ਵਿਕਾਰੀ ਤੇ ਅਵਿਕਾਰੀ (v) ਦੁਹਰੁਕਤੀ ਆਦਿ। ਰੂਪਵਾਦੀ ਵਿਆਕਰਨਕਾਰਾਂ\ਭਾਸ਼ਾ ਵਿਗਿਆਨੀਆਂ ਅਨੁਸਾਰ ਭਾਵਾਂਸ਼ ਛੋਟੀ ਤੋਂ ਛੋਟੀ ਵਿਆਕਰਨਕ ਇਕਾਈ ਹੈ ਜਦੋਂ ਕਿ ਪਰੰਪਰਾਵਾਦੀ ਵਿਆਕਰਨਕਾਰ ਸ਼ਬਦ ਨੂੰ ਛੋਟੀ ਤੋਂ ਛੋਟੀ ਇਕਾਈ ਮੰਨਦੇ ਹਨ। ਸ਼ਬਦਾਂ ਦੀ ਬਣਤਰ ਇਕ ਭਾਵਾਂਸੀ (Monomorphemic) ਜਾਂ ਬਹੁ-ਭਾਵਾਂਸੀ (Polymorphemic) ਹੋ ਸਕਦੀ ਹੈ। ਇਕ ਭਾਵਾਂਸੀ ਸ਼ਬਦ ਕੇਵਲ ਧਾਤੂ ਰੂਪ ਹੀ ਵਿਚਰਦਾ ਹੈ, ਜਿਵੇਂ : ਜਾਂਦਾ, ਜਾਂਦੇ, ਜਾਂਦੀਆਂ ਆਦਿ ਵਿਚ ਜਾ ਧਾਤੂ ਹੈ। ਦੂਜੇ ਪਾਸੇ ਦੂਜੀ ਭਾਂਤ ਦੇ ਸ਼ਬਦਾਂ ਵਿਚ ਦੋ ਜਾਂ ਦੋ ਤੋਂ ਵਧੇਰੇ ਭਾਵਾਂਸ਼ ਵਿਚਰਦੇ ਹਨ ਜਿਵੇਂ : ਅਨਪੜ੍ਹਤਾ (ਅਨ+ਪੜ੍ਹ+ਤਾ) ਵਿਚ ਤਿੰਨ ਭਾਵਾਂਸ਼ ਹਨ। ਵਿਕਾਰੀ ਸ਼ਬਦਾਂ ਦੀ ਰੂਪਾਵਲੀ ਬਣਦੀ ਹੈ ਜਿਵੇਂ : ਲਿਖਦਾ, ਲਿਖਦੀ, ਲਿਖਦੀਆਂ ਆਦਿ। ਦੂਜੇ ਪਾਸੇ ਅਵਿਕਾਰੀ ਸ਼ਬਦਾਂ ਦੀ ਰੂਪਾਵਲੀ ਨਹੀਂ ਬਣਦੀ ਜਿਵੇਂ : ਨੇ, ਨੂੰ ਲਈ, ਕਿ, ਪਰ ਆਦਿ। ਸੰਯੁਕਤ ਅਤੇ ਮਿਸ਼ਰਤ ਸ਼ਬਦਾਂ ਦੀ ਬਣਤਰ ਵਿਚ ਮੁਕਤ (ਭਾਵਾਂਸ਼)+ਮੁਕਤ, ਬੰਧੇਜੀ+ਮੁਕਤ ਅਤੇ ਬੰਧੇਜੀ+ਬੰਧੇਜੀ ਭਾਵਾਂਸ਼ ਵਿਚਰਦੇ ਹਨ ਜਿਵੇਂ : ਰਾਮਰਾਜਰਾਮ+ਰਾਜ, ਘੋੜਸਵਾਰਘੋੜ+ਸਵਾਰ। ਦੁਹਰੁਕਤੀ ਵਿਚ ਦੋ ਰੂਪ ਇਕੱਠੇ ਕਾਰਜ ਕਰਦੇ ਹਨ ਜਿਵੇਂ : ਮਾਰ-ਮੂਰ, ਰੋਣ-ਧੋਣ, ਧੋ-ਧੋ, ਰੋ-ਰੋ। ਮਿਸ਼ਰਤ ਅਤੇ ਸੰਯੁਕਤ ਸ਼ਬਦ ਬਣਤਰਾਂ ਵਿਚ ਵਿਚਰਨ ਵਾਲੇ ਤੱਤਾਂ ਨੂੰ ਵਧੇਤਰ ਅਤੇ ਧਾਤੂ ਵਿਚ ਵੰਡਿਆ ਜਾਂਦਾ ਹੈ ਅਤੇ ਵਧੇਤਰ ਨੂੰ ਅੱਗੋ ਅਗੇਤਰ, ਮਧੇਤਰ ਅਤੇ ਪਿਛੇਤਰ ਵਿਚ ਵੰਡਿਆ ਜਾਂਦਾ ਹੈ।

ਲੇਖਕ : ਬਲਦੇਵ ਸਿੰਘ ਚੀਮਾ,     ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 5515,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/21/2014 12:00:00 AM
ਹਵਾਲੇ/ਟਿੱਪਣੀਆਂ: noreference

ਸ਼ਬਦ

ਸ਼ਬਦ : ਭਾਸ਼ਾ ਦੀਆਂ ਹੋਰ ਵਿਆਕਰਨਿਕ ਇਕਾਈਆਂ (ਵਾਕ, ਉਪਵਾਕ, ਵਾਕਾਂਸ਼ ਆਦਿ) ਦੀ ਤਰ੍ਹਾਂ ‘ਸ਼ਬਦ` ਦੀ ਪਰਿਭਾਸ਼ਾ ਵੀ ਵਾਦ-ਵਿਵਾਦ ਦਾ ਵਿਸ਼ਾ ਰਹੀ ਹੈ। ਕਾਰਨ ਇਹ ਹੈ ਕਿ ‘ਸ਼ਬਦ` ਦੀ ਸਥਿਤੀ ਬੜੀ ਲਚਕੀਲੀ ਹੈ। ਇਸ ਦੇ ਅਨੇਕ ਪੱਖ ਹਨ ਜੋ ਇਸ ਨੂੰ ਇੱਕੋ ਸਮੇਂ ਇੱਕ ਪਰਿਭਾਸ਼ਾ ਦੇ ਘੇਰੇ ਵਿੱਚ ਰੱਖਣ ਲਈ ਰੁਕਾਵਟ ਬਣਦੇ ਹਨ। ਵਿਆਕਰਨਿਕ ਇਕਾਈਆਂ ਵਿੱਚੋਂ ‘ਸ਼ਬਦ` ਇੱਕ ਪ੍ਰਮੁੱਖ ਵਿਆਕਰਨਿਕ ਇਕਾਈ ਹੈ। ਇਹ ਇਕਾਈ ਰਚਿਤ ਵੀ ਹੈ ਅਤੇ ਰਚਨਾਤਮਿਕ ਵੀ ਹੈ। ਇਸ ਦਾ ਭਾਵ ਇਹ ਹੈ ਕਿ ਸ਼ਬਦ ਆਪਣੇ ਤੋਂ ਛੋਟੀਆਂ ਇਕਾਈਆਂ ਦੇ ਮੇਲ ਤੋਂ ਬਣਿਆ ਹੁੰਦਾ ਹੈ ਜਿਸ ਨੂੰ ‘ਭਾਵਾਂਸ਼` ਕਿਹਾ ਜਾਂਦਾ ਹੈ। ਜਿਵੇਂ ‘ਕੁੜੀਆਂ` ਸ਼ਬਦ ਵਿੱਚ ਦੋ ਭਾਵਾਂਸ਼ਾਂ- (ਕੁੜੀ+ਆ) ਹਨ। ਇਹਨਾਂ ਭਾਵਾਂਸ਼ਾਂ ਵਿੱਚੋਂ ‘ਕੁੜੀ` ਨੂੰ ਧਾਤੂ/ਮੂਲ/ਸੁਤੰਤਰ ਭਾਵਾਂਸ਼ ਕਿਹਾ ਜਾਂਦਾ ਹੈ ਅਤੇ ਜਦੋਂ ਉਹ ਵਾਕ ਵਿੱਚ ਵਰਤਿਆ ਜਾਂਦਾ ਹੈ ਤਾਂ ਪੂਰੇ ਸ਼ਬਦ ਦਾ ਰੂਪ ਵੀ ਧਾਰਨ ਕਰ ਲੈਂਦਾ ਹੈ। ਇਸ ਕਾਰਨ ਹੀ ਕਿਹਾ ਜਾਂਦਾ ਹੈ ਕਿ ਸ਼ਬਦ ਇੱਕ ਰਚਿਤ ਇਕਾਈ ਹੈ, ਜੋ ਆਪਣੇ ਤੋਂ ਛੋਟੀਆਂ ਇਕਾਈਆਂ ਦੇ ਮੇਲ ਤੋਂ ਬਣਦੀ ਹੈ। ਇਸ ਨੂੰ ਰਚਨਾਤਮਿਕ ਇਕਾਈ ਇਸ ਲਈ ਕਿਹਾ ਜਾਂਦਾ ਹੈ ਕਿਉਂ ਜੋ ਇਹ ਵਾਕਾਂਸ਼ਾਂ ਦੀ ਸਿਰਜਣਾ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਵਾਕ ਵਿੱਚ ਇੱਕ ਸ਼ਬਦ ਜਾਂ ਸ਼ਬਦਾਂ ਦੇ ਇੱਕ ਸਮੂਹ ਨੂੰ ਵਾਕਾਂਸ਼ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ‘ਸ਼ਬਦ` ਇੱਕ ਸਾਰਥਕ ਇਕਾਈ ਨੂੰ ਕਿਹਾ ਜਾਂਦਾ ਹੈ ਜਿਹੜੀ ਕਿ ਸੁਤੰਤਰ ਤੌਰ ਤੇ ਵਿਚਰ ਸਕਦੀ ਹੋਵੇ। ਸ਼ਬਦਾਂ ਦੀ ਸਾਰਥਕਤਾ ਦੋਹਰੀ ਹੁੰਦੀ ਹੈ ਦੋਹਰੀ ਦਾ ਭਾਵ ਹੈ ਕਿ ‘ਸ਼ਬਦ` ਕਿਸੇ ਨਾ ਕਿਸੇ ਵਸਤੂਗਤ ਅਰਥ ਦਾ ਬੋਧਕ ਹੁੰਦਾ ਹੈ ਅਤੇ ਨਾਲ ਹੀ ਨਾਲ ਕਿਸੇ ਵਿਆਕਰਨਿਕ ਅਰਥ ਨੂੰ ਵੀ ਪ੍ਰਗਟ ਕਰਦੇ ਹਨ ਜਿਵੇਂ ਹਰ ਸ਼ਬਦ ਇੱਕਵਚਨ/ਬਹੁਵਚਨ ਵੀ ਹੁੰਦਾ ਹੈ ਅਤੇ ਪੁਲਿੰਗ/ਇਸਤਰੀ ਲਿੰਗ ਵੀ ਹੁੰਦਾ ਹੈ। ਹੋਰ ਵੀ ਅਨੇਕਾਂ ਵਿਆਕਰਨਿਕ ਅਰਥ ਹਨ ਜਿਨ੍ਹਾਂ ਵਿੱਚੋਂ ਇਹ ਕਿਸੇ ਨਾ ਕਿਸੇ ਦਾ ਧਾਰਨੀ ਜ਼ਰੂਰ ਹੁੰਦਾ ਹੈ। ਕਈ ਸ਼ਬਦ ਅਜਿਹੇ ਹੁੰਦੇ ਹਨ ਜੋ ਕਿਸੀ ਵਸਤੂਗਤ ਅਰਥਾਂ ਦੇ ਧਾਰਨੀ ਨਹੀਂ ਹੁੰਦੇ ਬਲਕਿ ਉਹਨਾਂ ਦੇ ਵਿਸ਼ੇਸ਼ ਵਾਕਾਤਮਕ ਕਾਰਜ ਹੁੰਦੇ ਹਨ। ਵਾਕਾਤਮਕ ਕਾਰਜ ਵਿੱਚ ਉਹ ਸੰਬੰਧਾਂ ਦੇ ਬੋਧਕ ਹੁੰਦੇ ਹਨ। ਸੋ ਸਪਸ਼ਟ ਹੈ ਕਿ ਸ਼ਬਦ, ਵਾਕਾਂ ਵਿੱਚ ਅਰਥਾਂ ਜਾਂ ਸੰਬੰਧਾਂ ਦੇ ਆਧਾਰ `ਤੇ ਹੀ ਪਛਾਣੇ ਜਾਂਦੇ ਹਨ। ਹੋਰ ਵੀ ਕਈ ਪੱਖ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ‘ਸ਼ਬਦਾਂ` ਦੀ ਪਰਿਭਾਸ਼ਾ ਨਿਰਧਾਰਿਤ ਕੀਤੀ ਜਾਂਦੀ ਹੈ।

     ਸ਼ਬਦਾਂ ਨੂੰ ਉਹਨਾਂ ਦੀ ਅੰਦਰੂਨੀ ਬਣਤਰ ਦੇ ਆਧਾਰ ਤੇ ਪਰਿਭਾਸ਼ਿਤ ਕਰਨ ਦੇ ਯਤਨ ਵੀ ਹੋਏ ਹਨ ਜਿਸ ਅਨੁਸਾਰ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਸਾਰਥਕ ਇਕਾਈ ਕਿਹਾ ਗਿਆ ਹੈ। ਛੋਟੀ ਤੋਂ ਛੋਟੀ ਸਾਰਥਕ ਇਕਾਈ ਤਾਂ ਭਾਵਾਂਸ਼ ਨੂੰ ਵੀ ਆਖਦੇ ਹਨ। ਪਰੰਤੂ ‘ਸੁਤੰਤਰ` ਵਿਸ਼ੇਸ਼ਣ ਨੇ ਭਾਵਾਂਸ਼ਾਂ ਤੋਂ ਰਤਾ ਅਗਲੀ ਗੱਲ ਆਖੀ ਹੈ ਕੇਵਲ ਉਹ ਭਾਵਾਂਸ਼ਾਂ ਜੋ ਸੁਤੰਤਰ ਤੌਰ ਤੇ ਵਾਕ ਵਿੱਚ ਵਰਤਿਆ ਜਾ ਸਕਦਾ ਹੋਵੇ, ਹੀ ਸ਼ਬਦ ਕਹਿਲਾਵੇਗਾ। ਇਸ ਪ੍ਰਕਾਰ ਇੱਕ ਵਿਆਕਰਨਿਕ ਤੇ ਸਾਰਥਕ ਭਾਸ਼ਕ ਇਕਾਈ ਅਤੇ ਸੰਬੰਧ, ਦੋਹਾਂ ਦੇ ਰੂਪ ਵਿੱਚ ਸ਼ਬਦ ਦੀ ਸਥਾਪਤੀ ਨਿਰਧਾਰਿਤ ਕੀਤੀ ਜਾਂਦੀ ਹੈ ਅਤੇ ਅੰਦਰੂਨੀ ਬਣਤਰ ਦੇ ਪੱਖ ਨੂੰ ਵੀ ਵਿਚਾਰਿਆ ਜਾਂਦਾ ਹੈ।

     ਜਦੋਂ ਸ਼ਬਦਾਂ ਨੂੰ ‘ਸ਼ਬਦ-ਵਿਗਿਆਨ` ਦੇ ਅੰਤਰਗਤ ਇੱਕ ਮੁਢਲੀ ਇਕਾਈ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ ਤਾਂ ਸ਼ਬਦਾਂ ਦੀ ਵੱਖ-ਵੱਖ ਆਧਾਰਾਂ ਤੇ ਵਰਗ ਵੰਡ ਕਰਨ ਦੀ ਲੋੜ ਵੀ ਮਹਿਸੂਸ ਕੀਤੀ ਜਾਂਦੀ ਹੈ। ਸ਼ਬਦਾਂ ਦੀ ਵਰਗ ਵੰਡ/ਪ੍ਰਕਾਰ ਵੰਡ ਦੇ ਵੱਖ-ਵੱਖ ਆਧਾਰ ਹਨ ਜਿਵੇਂ ਕਿ ਰੂਪ ਦੇ ਪੱਖ ਤੋਂ ਸ਼ਬਦਾਂ ਨੂੰ ਵਿਕਾਰੀ ਤੇ ਅਵਿਕਾਰੀ ਵਿੱਚ ਵੰਡਿਆ ਜਾਂਦਾ ਹੈ। ਵਿਕਾਰੀ ਸ਼ਬਦ ਉਹਨਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਵਰਤੋਂ ਦੌਰਾਨ ਰੂਪ ਵਿੱਚ ਅੰਤਰ ਆ ਜਾਂਦਾ ਹੈ ਅਤੇ ਅਵਿਕਾਰੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦਾ ਵਰਤੋਂ ਦੌਰਾਨ ਰੂਪ ਨਹੀਂ ਬਦਲਦਾ। ਮਿਸਾਲ ਵਜੋਂ ਘੋੜਾ, ਚੰਗਾ, ਜਾਂ ਕਰ ਆਦਿ ਵਿਕਾਰੀ ਹਨ ਪਰੰਤੂ ਸੁੰਦਰ, ਲਾਲ, ਤੇਜ ਆਦਿ ਸ਼ਬਦ ਅਵਿਕਾਰੀ ਹਨ। ਇਸੇ ਤਰ੍ਹਾਂ ਵਿਉਤਪਤੀ ਦੇ ਆਧਾਰ ਤੇ ਸ਼ਬਦਾਂ ਨੂੰ ਮੂਲ ਤੇ ਵਿਉਤਪਤ ਸ਼ਬਦਾਂ ਵਿੱਚ ਵੰਡਿਆ ਜਾਂਦਾ ਹੈ। ‘ਮੂਲ` ਤੋਂ ਭਾਵ ਉਹ ਸਾਰੇ ਸ਼ਬਦ ਜਿਨ੍ਹਾਂ ਨਾਲ ਕੋਈ ਕਿਸੇ ਕਿਸਮ ਦਾ ਵਧੇਤਰ ਨਾ ਲੱਗਿਆ ਹੋਵੇ ਤੇ ਵਿਉਤਪਤ ਉਹ ਸ਼ਬਦ ਹੁੰਦੇ ਹਨ ਜੋ ਮੂਲ ਦੇ ਨਾਲ ਵਧੇਤਰ ਜੋੜ ਕੇ ਨਵੇਂ ਸਿਰਜੇ ਜਾਂਦੇ ਹਨ। ਇਸ ਤਰ੍ਹਾਂ ਅਰਥ ਦੇ ਆਧਾਰ ਤੇ ਸ਼ਬਦਾਂ ਨੂੰ ਵਾਚਕ, ਲਕਸ਼ਕ ਤੇ ਵਿਅੰਜਕ ਵਿੱਚ ਵੰਡਿਆ ਜਾਂਦਾ ਹੈ। ਵਾਚਕ ਸ਼ਬਦ ਆਮ ਪ੍ਰਚਲਿਤ ਅਰਥਾਂ ਦਾ ਬੋਧ ਕਰਵਾਉ਼ਂਦਾ ਹੈ ਤੇ ਲਕਸ਼ਕ ਵਰਤੋਂ ਵਿੱਚ ਉਹੋ ਸ਼ਬਦ ਲੱਛਣ ਜਾਂ ਗੁਣਾਂ ਦਾ, ਜਿਵੇਂ ‘ਉਹ ਪਸ਼ੂ ਹੈ` ਵਿੱਚ ਪਸ਼ੂ ਸ਼ਬਦ ਢੀਠਤਾ ਜਾਂ ਮੂਰਖਤਾ ਦਾ ਲਕਸ਼ਕ ਹੈ। ਵਿਅੰਗ ਵਿੱਚ ਵੱਖਰਾ ਅਰਥ ਨਿਕਲਦਾ ਹੈ। ਪ੍ਰਕਾਰਜ ਦੇ ਪੱਖ ਤੋਂ ਸ਼ਬਦਾਂ ਨੂੰ ਅਰਥ ਪ੍ਰਕਾਰਜੀ ਜਾਂ ਵਾਕ ਪ੍ਰਕਾਰਜੀ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਅਰਥ ਪ੍ਰਕਾਰਜੀ ਵਿੱਚ-ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ ਆਦਿ ਆ ਜਾਂਦੇ ਹਨ ਅਤੇ ਵਾਕ ਪ੍ਰਕਾਰਜੀ ਵਿੱਚ ਸੰਬੰਧਕ ਤੇ ਯੋਜਕ, ਸ਼ਬਦ ਰੱਖੇ ਜਾਂਦੇ ਹਨ।

     ਇਸ ਤਰ੍ਹਾਂ ਸ਼ਬਦਾਂ ਦੇ ਵਰਗੀਕਰਨ ਦੇ ਇਹ ਮੁੱਖ ਆਧਾਰ ਹਨ। ਸ਼ਬਦਾਂ ਦੇ ਵਿਭਿੰਨ ਵਰਗ, ਭਾਸ਼ਾ ਦੀ ਅਰਥ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਿਭਿੰਨ ਪ੍ਰਕਾਰ ਦੇ ਸ਼ਬਦ ਨਾਂਵ, ਪੜਨਾਂਵ, ਕਿਰਿਆ, ਵਿਸ਼ੇਸ਼ਣ ਆਦਿ ਦੀ ਹੋਂਦ ਪਰਸਪਰ ਪੂਰਕਤਾ ਦੇ ਆਧਾਰ ਤੇ ਹੁੰਦੀ ਹੈ। ਜੇ ਭਾਸ਼ਾ ਦੀਆਂ ਸ਼ਬਦ-ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਵਰਗ ਦੇ ਸ਼ਬਦਾਂ ਦੀ ਹੋਂਦ ਨਾ ਹੋਵੇ ਤਾਂ ਭਾਸ਼ਾ ਦਾ ਸਾਰਾ ਸਮੁੱਚ ਟੁੱਟ ਜਾਂਦਾ ਹੈ। ਭਾਸ਼ਾ ਦੀਆਂ ਰੂਪਾਤਮਕ ਅਤੇ ਚਿੰਨ੍ਹਕਾਰੀ ਪਰਤਾਂ ਵਾਸਤੇ ਇਹਨਾਂ ਸਭ ਤਰ੍ਹਾਂ ਦੇ ਸ਼ਬਦਾਂ, ਇਹਨਾਂ ਦੇ ਵਰਗਾਂ, ਉਪਵਰਗਾਂ ਦੀ ਹੋਂਦ ਲਾਜ਼ਮੀ ਹੈ।

ਲੇਖਕ : ਕੰਵਲਜੀਤ ਜੱਸਲ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 5516,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/17/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ