ਸ਼ਬਦ-ਜੋੜ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ਬਦ - ਜੋੜ : ਸ਼ਬਦ-ਜੋੜ ਕਿਸੇ ਸ਼ਬਦ ਦੇ ਅੱਖਰਾਂ ( ਸ੍ਵਰਾਂ ਅਤੇ ਵਿਅੰਜਨਾਂ ) ਦਾ ਅਜਿਹਾ ਸੁਮੇਲ ਹੁੰਦਾ ਹੈ ਜਿਸ ਨਾਲ ਉਸ ਦਾ ਸ਼ੁੱਧ ਉਚਾਰਨ ਹੋ ਸਕੇ । ਪ੍ਰਾਚੀਨ ਪੰਜਾਬੀ ਵਿੱਚ ਸ਼ਬਦ-ਜੋੜਾਂ ਨੂੰ ‘ ਅਖਰੌਟ` ਵੀ ਕਿਹਾ ਜਾਂਦਾ ਸੀ । ਸ਼ਬਦ-ਜੋੜ ਅੰਗਰੇਜ਼ੀ ਸ਼ਬਦ ਸਪੈਲਿੰਗ ( spelling ) ਦੇ ਸਮਤੁੱਲ ਹੈ । ਉਰਦੂ ਪਿਛੋਕੜ ਵਾਲੇ ਵਿਦਵਾਨ ਇਸ ਨੂੰ ‘ ਹਿੱਜੇ` ਕਹਿੰਦੇ ਹਨ । ਹਿੰਦੀ ਵਿੱਚ ਸ਼ਬਦ-ਜੋੜ ਦੇ ਬਰਾਬਰ ਸ਼ਬਦ ‘ ਵਰਤਨੀ` ਹੈ ।

        ਹਰ ਭਾਸ਼ਾ ਵਿੱਚ ਸ਼ਬਦ-ਜੋੜਾਂ ਦੇ ਨਿਯਮ ਭਾਸ਼ਾਵਾਂ ਦੀ ਵਿਆਕਰਨਿਕ ਵਿਸ਼ੇਸ਼ਤਾਈਆਂ ਕਰ ਕੇ ਭਿੰਨ-ਭਿੰਨ ਹੁੰਦੇ ਹਨ । ਨਾਲ ਹੀ , ਹਰ ਭਾਸ਼ਾ ਦੀਆਂ ਸ੍ਵਰ ਅਤੇ ਵਿਅੰਜਨ ਧੁਨੀਆਂ ਲਈ ਵਰਨਮਾਲਾ ਨਿਸ਼ਚਿਤ ਹੈ । ਇਹਨਾਂ ਵਰਨਮਾਲਾ ਅੱਖਰਾਂ ( ਧੁਨੀ ਚਿੰਨ੍ਹਾਂ ) ਦੀ ਗਿਣਤੀ ਹਰ ਭਾਸ਼ਾ ਵਿੱਚ ਵੱਖ-ਵੱਖ ਹੋ ਸਕਦੀ ਹੈ । ਪੰਜਾਬੀ ਵਿੱਚ ਪੈਂਤੀ ( ਭਾਵੇਂ ਹੁਣ ਸ਼ , ਖ਼ , ਗ਼ , ਜ਼ , ਫ਼ ਅਤੇ ਲ਼ ਦੇ ਵਾਧੇ ਨਾਲ ਇਕਤਾਲੀ ਹਨ ) , ਅੰਗਰੇਜ਼ੀ ਵਿੱਚ ਛੱਬੀ , ਹਿੰਦੀ ਵਿੱਚ ਬਵੰਜਾ ਅਤੇ ਉਰਦੂ ਵਿੱਚ ਤੀਹ ਅੱਖਰ ਹਨ । ਸੰਸਾਰ ਦੀਆਂ ਬਹੁਤੀਆਂ ਭਾਸ਼ਾਵਾਂ ਦੀ ਆਪਣੀ- ਆਪਣੀ ਲਿਪੀ ਹੈ । ਪੰਜਾਬੀ ਦੀ ਲਿਪੀ ਗੁਰਮੁਖੀ ( ਭਾਰਤੀ ਪੰਜਾਬੀ ਲਈ ) ਅਤੇ ਸ਼ਾਹਮੁਖੀ ( ਪਾਕਿਸਤਾਨੀ ਪੰਜਾਬੀ ਲਈ ) , ਹਿੰਦੀ ਦੀ ਲਿਪੀ ਦੇਵਨਾਗਰੀ ਹੈ; ਉਰਦੂ ਦੀ ਫ਼ਾਰਸੀ ਅਤੇ ਅੰਗਰੇਜ਼ੀ ਦੀ ਰੋਮਨ ਲਿਪੀ ਹੈ ।

        ਉਚਾਰਨ ਅਤੇ ਸ਼ਬਦ-ਜੋੜ ਇੱਕ ਦੂਜੇ ਉਪਰ ਨਿਰਭਰ ਹੁੰਦੇ ਹਨ । ਜੇ ਸ਼ਬਦ ਉਚਾਰਿਆ ਗ਼ਲਤ ਜਾਵੇਗਾ ਤਾਂ ਉਸ ਦੇ ਲਿਖਣ ਲੱਗਿਆਂ ਸ਼ਬਦ-ਜੋੜ ਵੀ ਗ਼ਲਤ ਹੋ ਸਕਦੇ ਹਨ । ਜੇ ਸ਼ਬਦ ਦੇ ਜੋੜ ਸਹੀ ਨਹੀਂ ਹੋਣਗੇ ਤਾਂ ਉਸ ਦਾ ਉਚਾਰਨ ਸ਼ੁੱਧ ਨਹੀਂ ਹੋ ਸਕੇਗਾ । ਸਾਡੇ ਮੂੰਹ ਵਿੱਚ ਹੋਠ , ਦੰਦ , ਤਾਲੂ , ਸੰਘ , ਕਾਂ , ਕੰਠ-ਪਟਾਰੀ , ਨਾਸਾਂ ਅਜਿਹੇ ਅੰਗ ਹਨ ਜਿਹੜੇ ਧੁਨੀ ਉਚਾਰਨ ਵਿੱਚ ਮਦਦ ਕਰਦੇ ਹਨ । ਇਹਨਾਂ ਵਿੱਚੋਂ ਕਿਸੇ ਅੰਗ ਦੇ ਠੀਕ ਢੰਗ ਨਾਲ ਕੰਮ ਨਾ ਕਰਨ ਕਰ ਕੇ ਵੀ ਉਚਾਰਨ ਸ਼ੁੱਧ ਨਹੀਂ ਹੋ ਸਕਦਾ । ਇਹਨਾਂ ਅੰਗਾਂ ਦੀ ਸਮਰੱਥਾ ਨਿਰੰਤਰ ਅਭਿਆਸ ਰਾਹੀਂ ਹੀ ਸਥਾਪਿਤ ਹੁੰਦੀ ਹੈ । ਇਹੋ ਕਾਰਨ ਹੈ ਕਿ ਪੰਜਾਬੀ ਦੀਆਂ ਸੁਰਾਂ ( tones ) ਗੈਰ-ਪੰਜਾਬੀਆਂ ਲਈ ਉਚਾਰਨੀਆਂ ਔਖੀਆਂ ਹਨ ।

        ਭਾਸ਼ਾ ਦੇ ਬੁਲਾਰਿਆਂ ਦੇ ਵੱਡੇ ਖੇਤਰ ਵਿੱਚ ਖਿੰਡੇ ਹੋਣ ਕਰ ਕੇ ਬੋਲਣ ਢੰਗ ਵਿੱਚ ਘਾਟੇ-ਵਾਧੇ ਅਵੱਸ਼ ਮਿਲਦੇ ਹਨ । ਇਸ ਦੇ ਨਤੀਜੇ ਵਜੋਂ ਉਚਾਰਨ ਵਿੱਚ ਖੇਤਰੀ ਵਖਰੇਵਿਆਂ ਕਰ ਕੇ , ਲਿਖਤ ਵਿੱਚ ਸ਼ਬਦ-ਜੋੜਾਂ ਦੀ ਭਿੰਨਤਾ ਵੀ ਆ ਜਾਂਦੀ ਹੈ । ਭਾਸ਼ਾ ਦੇ ਅਧਿਐਨ ਵਿੱਚ ਲੱਗੇ ਵਿਦਵਾਨਾਂ ਅਤੇ ਲੇਖਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰਮਾਣਿਕ ਸ਼ਬਦ-ਜੋੜਾਂ ਨੂੰ ਹੀ ਆਪਣੀਆਂ ਲਿਖਤਾਂ ਵਿੱਚ ਆਧਾਰ ਬਣਾਇਆ ਜਾਵੇ । ਕੋਸ਼ਕਾਰ ਵੀ ਪ੍ਰਮਾਣਿਕ ਸ਼ਬਦ-ਜੋੜਾਂ ਨੂੰ ਕੋਸ਼ ਦਾ ਮੁੱਖ ਆਧਾਰ ਬਣਾਉਂਦੇ ਹਨ , ਪਰ ਬਦਲਵੇਂ ਸ਼ਬਦ-ਜੋੜਾਂ ਨੂੰ ਵੀ ਕੋਸ਼ ਵਿੱਚ ਯਥਾ-ਸੰਭਵ ਥਾਂ ਦਿੱਤੀ ਜਾਂਦੀ ਹੈ ।

        ਭਿੰਨ-ਭਿੰਨ ਭਾਸ਼ਾਵਾਂ ਵਿੱਚ ਇੱਕੋ ਸ਼ਬਦ ਦੇ ਭਿੰਨ-ਭਿੰਨ ਸ਼ਬਦ-ਜੋੜ ਹੋ ਸਕਦੇ ਹਨ । ਯੂਰਪ ਦੀਆਂ ਕਈ ਭਾਸ਼ਾਵਾਂ ਦੀ ਲਿਪੀ ਇੱਕੋ ਹੈ , ਪਰ ਉਹਨਾਂ ਵਿੱਚ ਕਾਫ਼ੀ ਸ਼ਬਦਾਵਲੀ ਸਾਂਝੀ ਹੋਣ ਦੇ ਬਾਵਜੂਦ ਬਹੁਤ ਸਾਰੇ ਸ਼ਬਦਾਂ ਦੇ ਜੋੜ ਭਾਸ਼ਾਵਾਂ ਅਨੁਸਾਰ ਭਿੰਨ-ਭਿੰਨ ਮਿਲਦੇ ਹਨ । ਬਰਤਾਨਵੀ ਅੰਗਰੇਜ਼ੀ ਵਿੱਚ ਕਲਰ ( colour ) ਤੇ ਅਮਰੀਕੀ ਅੰਗਰੇਜ਼ੀ ਦੇ ਕਲਰ ( color ) ਦੇ ਸ਼ਬਦ-ਜੋੜਾਂ ਵਿੱਚ ਅੰਤਰ ਹੈ । ਇਸ ਤਰ੍ਹਾਂ ਲੇਬਰ ( labour ) ਅਤੇ ਲੇਬਰ ( labor ) ਦੇ ਜੋੜ ਭਿੰਨ ਹਨ ।

        ਹਰ ਭਾਸ਼ਾ ਵਿੱਚ , ਸਦੀਆਂ ਤੋਂ ਚੱਲਦੇ ਆ ਰਹੇ ਕਈ ਸ਼ਬਦਾਂ ਦੇ ਸ਼ਬਦ-ਜੋੜ ਰੂੜ੍ਹ ਹੋ ਜਾਂਦੇ ਹਨ । ਉਚਾਰਨ ਵਿੱਚ ਭਾਵੇਂ ਕੁਝ ਲਗਾਂ/ਮਾਤਰਾਂ ਜਾਂ ਅੱਖਰਾਂ ਦਾ ਵਜੂਦ ਨਹੀਂ ਰਹਿੰਦਾ , ਪਰ ਲਿਖਤ ਵਿੱਚ ਬਰਕਰਾਰ ਰਹਿੰਦਾ ਹੈ । ਪੰਜਾਬੀ ਵਿੱਚ ਅਤਿ , ਆਦਿ , ਜੁਗਾਦਿ , ਸਤਿਨਾਮ , ਸਤਿਗੁਰੂ ਵਿੱਚ ਸਿਹਾਰੀ ਦਾ ਉਚਾਰਨ ਨਹੀਂ ਹੁੰਦਾ ਪਰ ਸ਼ਬਦ-ਜੋੜਾਂ ਵਿੱਚ ਸਿਹਾਰੀ ਕਾਇਮ ਹੈ । ਅੰਗਰੇਜ਼ੀ ਦੇ ਅਨੇਕ ਸ਼ਬਦ ਹਨ , ਜਿਨ੍ਹਾਂ ਦੇ ਸ਼ਬਦ-ਜੋੜਾਂ ਵਿੱਚ ਪਏ ਧੁਨੀ-ਚਿੰਨ੍ਹਾਂ ਦਾ ਉਚਾਰਨ ਨਹੀਂ ਹੁੰਦਾ , ਜਿਵੇਂ debt , half , match , ridge , right  ਆਦਿ ਵਿਚਲੀਆਂ ਕ੍ਰਮਵਾਰ b , l , t , d ਅਤੇ gh ਧੁਨੀਆਂ ਉਚਾਰੀਆਂ ਹੀ ਨਹੀਂ ਜਾਂਦੀਆਂ ।

        ਲਗਪਗ ਸਾਰੀਆਂ ਭਾਸ਼ਾਵਾਂ ਵਿੱਚ ਕਈ ਸ਼ਬਦਾਂ ਦੇ ਦੋ-ਦੋ ਸ਼ਬਦ-ਜੋੜ ਪ੍ਰਚਲਿਤ ਹੋ ਜਾਂਦੇ ਹਨ । ਇਹਨਾਂ ਜੋੜਾਂ ਨੂੰ ਬਦਲਵਾਂ ਰੂਪ ( variants ) ਕਿਹਾ ਜਾਂਦਾ ਹੈ । ਜੇਕਰ ਅਜਿਹੇ ਬਦਲਵੇਂ ਰੂਪਾਂ ਦਾ ਪ੍ਰਚਲਨ ਬਹੁਤ ਜ਼ਿਆਦਾ ਵਧ ਜਾਵੇ ਤਾਂ ਭਾਸ਼ਾ-ਸ਼ਾਸਤਰੀ ਦੋਵਾਂ ਨੂੰ ਪ੍ਰਮਾਣਿਕ ਮੰਨ ਲੈਂਦੇ ਹਨ । ਪੰਜਾਬੀ ਵਿੱਚ ਸਰਧਾ/ਸ਼ਰਧਾ , ਸੁੱਧ/ਸ਼ੁੱਧ , ਸੁਭ/ਸ਼ੁਭ , ਜੰਤਰ/ਯੰਤਰ , ਸੰਜੋਗ/ਸੰਯੋਗ ਆਦਿ ਸਹੀ ਮੰਨੇ ਜਾਂਦੇ ਹਨ । ਇਸੇ ਤਰ੍ਹਾਂ ਸੰਗਤਰਾ ਤੇ ਸੰਤਰਾ , ਠਾਣਾ ਤੇ ਥਾਣਾ , ਬੁਰਿਆਈ ਤੇ ਬੁਰਾਈ ਠੀਕ ਮੰਨੇ ਗਏ ਹਨ ।

        ਸ਼ਬਦ-ਜੋੜਾਂ ਦੀਆਂ ਅਸ਼ੁੱਧੀਆਂ ਤੋਂ ਬਚਣ ਲਈ ਭਾਸ਼ਾ-ਮਾਹਰ ਕੁਝ ਨਿਯਮਾਂ ਨੂੰ ਆਧਾਰ ਬਣਾ ਕੇ ਪ੍ਰਮਾਣਿਕਤਾ ਸਥਾਪਿਤ ਕਰਨ ਦਾ ਯਤਨ ਕਰਦੇ ਹਨ । ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਲਈ , ਮਾਸਟਰ ਕਰਮ ਸਿੰਘ ਗੰਗਾਵਾਲਾ ਨੇ 1929 ਵਿੱਚ ਇੱਕ ਪੁਸਤਕ ਪ੍ਰਕਾਸ਼ਿਤ ਕੀਤੀ ਸੀ । 1949 ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬੀ ਸ਼ਬਦ-ਜੋੜ ਨਾਂ ਦਾ ਪੈਂਫਲਟ ਸਰਕਾਰੀ ਤੌਰ ਤੇ ਛਪਵਾ ਕੇ ਵੰਡਿਆ ਸੀ । ਗਿਆਨੀ ਲਾਲ ਸਿੰਘ ਨੇ ਪੰਜਾਬੀ ਸ਼ਬਦ-ਜੋੜਾਂ ਬਾਰੇ ਪੰਜਾਬੀ ਦੁਨੀਆ ਦਾ ਵਿਸ਼ੇਸ਼ ਅੰਕ ਅਗਸਤ 1951 ਵਿੱਚ ਪ੍ਰਕਾਸ਼ਿਤ ਕੀਤਾ ਸੀ । 1968 ਵਿੱਚ ਪਿਆਰ ਸਿੰਘ ਵੱਲੋਂ ਸੰਪਾਦਿਤ ਸ਼ਬਦ-ਜੋੜ ਕੋਸ਼ ਪੰਜਾਬੀ ਯੂਨੀਵਰਸਿਟੀ , ਪਟਿਆਲਾ ਨੇ ਛਾਪਿਆ ਸੀ । ਪਰ , ਇਸ ਵਿੱਚ ਦਿੱਤੇ ਸ਼ਬਦ-ਜੋੜਾਂ ਬਾਰੇ ਲੇਖਕਾਂ ਅਤੇ ਵਿਦਵਾਨਾਂ ਵਿੱਚ ਮੱਤ-ਭੇਦ ਹੋਣ ਕਰ ਕੇ , ਨਵੇਂ ਸਿਰਿਓਂ ਸ਼ਬਦ-ਜੋੜਾਂ ਬਾਰੇ ਵਿਚਾਰ-ਚਰਚਾ ਸ਼ੁਰੂ ਕੀਤੀ ਗਈ । ਨਤੀਜੇ ਵਜੋਂ , ਹਰਕੀਰਤ ਸਿੰਘ ਵੱਲੋਂ ਸੰਪਾਦਿਤ ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼ 1988 ਵਿੱਚ , ਪੰਜਾਬੀ ਯੂਨੀਵਰਸਿਟੀ , ਪਟਿਆਲਾ ਵੱਲੋਂ ਹੀ ਪ੍ਰਕਾਸ਼ਿਤ ਕੀਤਾ ਗਿਆ ਸੀ । ਇਸ ਤੋਂ ਮਗਰੋਂ , ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਜੋਗਿੰਦਰ ਸਿੰਘ ਪੁਆਰ ਦੇ ਸੇਵਾਕਾਲ ਦੌਰਾਨ ਇੱਕ ਵਾਰ ਫੇਰ ਪੰਜਾਬੀ ਸ਼ਬਦ-ਜੋੜਾਂ ਵਿੱਚ ਬੋਲ ਅਤੇ ਲਿਖਤ ਵਿਚਲੇ ਅੰਤਰ ਨੂੰ ਦੂਰ ਕਰਨ ਦੇ ਇਰਾਦੇ ਨਾਲ ਕੁਝ ਨਿਰਣੇ ਲਏ ਗਏ ਸਨ , ਪਰ ਉਹਨਾਂ ਨੂੰ ਲੇਖਕਾਂ/ਪਾਠਕਾਂ ਨੇ ਪ੍ਰਵਾਨ ਨਹੀਂ ਸੀ ਕੀਤਾ ।

        ਹਿੰਦੀ ਭਾਸ਼ਾ ਵਿੱਚ , ਇਸ ਦੀਆਂ ਉਪਭਾਸ਼ਾਵਾਂ ਵਿੱਚ ਸ਼ਬਦਾਂ ਦੇ ਉਚਾਰਨ ਭਿੰਨ ਹੋਣ ਦੇ ਬਾਵਜੂਦ , ਸ਼ਬਦ-ਜੋੜਾਂ ਦੀ ਸ਼ੁੱਧਤਾ ਸੰਸਕ੍ਰਿਤ ਸ੍ਰੋਤ ਨਾਲ ਜੁੜੀ ਹੋਣ ਕਰ ਕੇ ਮੱਤ-ਭੇਦਾਂ ਦੀ ਗੁੰਜਾਇਸ਼ ਘੱਟ ਹੈ । ਭਾਵੇਂ ਸੰਸਕ੍ਰਿਤ ਦੇ ਕਈ ਧੁਨੀ-ਚਿੰਨ੍ਹਾਂ ਦਾ ਉਚਾਰਨ , ਹਿੰਦੀ ਭਾਸ਼ਾ ਵਿੱਚ ਬਦਲ ਚੁੱਕਾ ਹੈ , ਪਰ ਲਿਖਤ ਵਿੱਚ ਇਹ ਧੁਨੀ-ਚਿੰਨ੍ਹ ਬਰਕਰਾਰ ਹਨ , ਅਰਬੀ-ਫ਼ਾਰਸੀ ਦੇ ਸ੍ਰੋਤ ਤੋਂ ਆਏ ਸ਼ਬਦਾਂ ਨੂੰ ਵੀ ਸ਼ੁੱਧ ਰੂਪ ਵਿੱਚ ਲਿਖਣ ਦਾ ਚਲਨ ਹੈ ।


ਲੇਖਕ : ਅਜਮੇਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸ਼ਬਦ-ਜੋੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਬਦ - ਜੋੜ [ ਨਾਂਪੁ ] ਸ਼ਬਦ ਵਿੱਚ ਅੱਖਰਾਂ ਦੀ ਜੁਗਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.