ਸ਼ਰਤਚੰਦਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ਰਤਚੰਦਰ ( 1876– 1938 ) : ਬੰਗਲਾ ਦਾ ਸਿਰਮੌਰ ਨਾਵਲਕਾਰ ਤੇ ਚਿੰਤਕ ਸ਼ਰਤਚੰਦਰ ਭਾਰਤੀ ਭਾਸ਼ਾਵਾਂ ਦੇ ਲੇਖਕਾਂ ਵਿੱਚ ਨਵੇਕਲਾ ਸਥਾਨ ਰੱਖਦਾ ਹੈ । ਬਚਪਨ , ਕਿਸ਼ੋਰ ਅਵਸਥਾ ਤੇ ਜਵਾਨੀ ਦੀ ਉਮਰ ਵਿੱਚ ਉਸ ਨੇ ਰੱਜ ਕੇ ਅਨੁਭਵ ਗ੍ਰਹਿਣ ਕੀਤੇ ਤੇ ਚੰਗੇ-ਮਾੜੇ ਸੁਭਾਅ ਤੋਂ ਜਾਣੂ ਹੋ ਕੇ ਉਹਨਾਂ ਨੂੰ ਆਪਣੇ ਪਾਤਰਾਂ ਵਿੱਚ ਢਾਲਿਆ । ਸ਼ਰਤਚੰਦਰ ਦਾ ਸੰਘਰਸ਼ , ਉਸ ਦੀ ਘਾਲਣਾ ਤੇ ਵੇਖਣ-ਸਮਝਣ ਦੀ ਤਾਕਤ ਨੇ ਉਸਨੂੰ ਸਮਰੱਥਾ ਪ੍ਰਦਾਨ ਕੀਤੀ । ਸ਼ਰਤਚੰਦਰ ਨੇ ਆਪਣੇ ਲਿਖੇ ਹੋਏ ਇੱਕ-ਇੱਕ ਅੱਖਰ ਨੂੰ ਆਪਣੇ ਜੀਵਨ ਵਿੱਚ ਉਤਾਰਿਆ । ਸਾਮਤਾਬੇੜ ਦੇ ਦੀਨ ਦਲਿੱਦਰ ਨਿਵਾਸੀ ਉਸ ਨੂੰ ਨਾਵਲ-ਸਮਰਾਟ ਸ਼ਰਤਚੰਦਰ ਦੇ ਰੂਪ ਵਿੱਚ ਨਹੀਂ ਸਨ ਜਾਣਦੇ । ਉਹ ਤਾਂ ਉਸ ਨੂੰ ਗ਼ਰੀਬਾਂ ਦਾ ਮਾਂ-ਪਿਓ ਹੀ ਸਮਝਦੇ ਸਨ । ਹਮਦਰਦੀ , ਦਇਆ , ਤਰਸ ਜਿਹੇ ਭਾਵਾਂ ਦਾ ਸਵਾਮੀ ਹੋਣ ਕਰ ਕੇ ਹੀ ਸ਼ਰਤ ਦੀਆਂ ਲਿਖਤਾਂ `ਚ ਬਰੀਕੀ , ਸੂਖਮ ਸ਼ਬਦ ਚਿੱਤਰ ਤੇ ਪਾਤਰ ਉਸਾਰੀ ਮਿਲਦੀ ਹੈ । ਲੋਕ ਉਸ ਨੂੰ ਬੜੇ ਬਾਬੂ ਅਤੇ ਦੇਵਤਾ ਕਹਿ ਕੇ ਸੰਬੋਧਨ ਕਰਦੇ ਸਨ ।

          15 ਸਤੰਬਰ 1876 ਨੂੰ ਸ਼ਰਤ ਦਾ ਜਨਮ ਹੋਇਆ । ਇਹ ਜਾਗਰਨ ਵੇਲਾ ਸੀ । ਨਾਰੀ ਤੇ ਅਛੂਤ ਜਾਗ੍ਰਿਤ ਹੋ ਰਹੇ ਸਨ , ਕਿਰਸਾਣ ਜਾਗ ਰਹੇ ਸਨ । ਉਹ ਪੂਰਨਮਾਸ਼ੀ ਵਾਲੇ ਦਿਨ ਪੈਦਾ ਹੋਇਆ , ਪੂਰਨਮਾਸ਼ੀ ਨੂੰ ਚੰਨ ਪੂਰਾ ਨਿਕਲਦਾ ਹੈ । ਸ਼ਰਤਚੰਦਰ ਨਾਂ ਵੀ ਚੰਨ ਦਾ ਚੇਤਾ ਕਰਵਾਉਂਦਾ ਹੈ । ਉਸ ਵਰ੍ਹੇ ਜ਼ੋਰਦਾਰ ਕਾਲ ਪਿਆ ਸੀ ਜੋ ਕਈ ਸਾਲਾਂ ਤੱਕ ਲਗਾਤਾਰ ਸ਼ਰਤ ਨੂੰ ਪਰੇਸ਼ਾਨ ਕਰਦਾ ਰਿਹਾ ਤੇ ਉਹ ਇਸ ਨਾਲ ਜੂਝਦਾ , ਸੰਘਰਸ਼ ਕਰਦਾ ਰਿਹਾ । ਹੁਹਾਲੀ ਜ਼ਿਲ੍ਹੇ ਦਾ ਨਿੱਕਾ ਜਿਹਾ ਪਿੰਡ ਸੀ ਦੇਵਾਨੰਦਪੁਰ । ਪ੍ਰਾਚੀਨ ਕਾਲ ਦੇ ਸੱਤ ਪਿੰਡਾਂ ਵਿੱਚ ਇਸ ਦਾ ਨਾਂ ਆਉਂਦਾ ਹੈ , ਜਿਸ ਦੇ ਪੱਛਮ ਵੱਲ ਸਰਸਵਤੀ ਦਾ ਪ੍ਰਵਾਹ ਸੀ । ਸਰਸਵਤੀ ਪੁੱਤਰ ਨੇ ਆਪਣੀ ਸਾਹਿਤ ਸਾਧਨਾ ਸਦਕਾ ਹੀ ਆਪਣਾ ਨਾਂ ਰੋਸ਼ਨ ਕੀਤਾ ।

        ਸ਼ਰਤਚੰਦਰ ਰਚਿਤ ਪਥ ਕੇ ਦਾਵੇਦਾਰ , ਸ਼ੇਸ਼ ਪਰਿਚੈ , ਸ੍ਰੀ ਕਾਂਤ , ਚਰਿੱਤਰਹੀਨ ਅਤੇ ਗ੍ਰਹਿ-ਦਾਨ ਆਦਿ ਅਨੇਕ ਨਾਵਲ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਏ । ਇਹਨਾਂ ਵਿੱਚ ਸਪਸ਼ਟ , ਸਾਫ਼ ਕਥਾਨਕ ਕਥਾ ਪ੍ਰਵਾਹ ਅਤੇ ਦਿਲਚਸਪ ਰਵਾਨੀ ਮਿਲਦੀ ਹੈ । ਸਮਾਜ , ਘਰ ਪਰਿਵਾਰ ਅਤੇ ਮਨੁੱਖੀ ਸੰਵੇਦਨਾ ਦੀਆਂ ਸਥਿਤੀਆਂ ਦਾ ਵੇਰਵਾ ਇਹਨਾਂ ਨਾਵਲਾਂ `ਚ ਆਉਂਦਾ ਹੈ । ਪਾਠਕ ਸ਼ਰਤ ਦੇ ਨਾਵਲਾਂ ਨੂੰ ਅੱਧ ਵਿਚਕਾਰ ਨਹੀਂ ਛੱਡਦਾ , ਅੰਤ ਤੱਕ ਪੜ੍ਹ ਕੇ ਹੀ ਰਸ ਲੈਂਦਾ ਜਾਂਦਾ ਹੈ । ਪ੍ਰੇਰਨਾ , ਸਿੱਖਿਆ ਤੇ ਸਿੱਟੇ ਵਾਲੇ ਇਹ ਨਾਵਲ ਸਮਾਜ ਨੂੰ ਦਿਸ਼ਾ ਪ੍ਰਦਾਨ ਕਰਦੇ ਹਨ ।

        ਵਿਸ਼ਨੂੰ ਪ੍ਰਭਾਕਰ ਹਿੰਦੀ ਦਾ ਚੋਟੀ ਦਾ ਸਾਹਿਤਕਾਰ ਹੈ , ਜਿਸ ਨੇ ਅਵਾਰਾ ਮਸੀਹਾ ਨਾਂ ਨਾਲ ਉਸ ਦੀ ਜੀਵਨੀ ਰਚੀ ਹੈ ਜਿਸ ਉੱਤੇ ਉਸ ਨੂੰ ਬਹੁਤ ਸਾਰੇ ਪੁਰਸਕਾਰ ਵੀ ਮਿਲੇ ਹਨ । ਸ਼ਰਤਚੰਦਰ ਜੀਵਨ ਦੀ ਵਿਸ਼ਾਲਤਾ ਅਤੇ ਬਿਆਨ-ਵਰਣਨ ਦੀ ਪੁਖ਼ਤਗੀ ਵਾਲਾ ਲਿਖਾਰੀ ਸੀ । ਪੜ੍ਹਾਈ ਦੇ ਨਾਲ ਹੀ ਬਾਲ ਅਵਸਥਾ `ਚ ਸ਼ਰਤਚੰਦਰ ਨੂੰ ਅਖਾੜੇ ਦਾ ਸ਼ੌਕ ਵੀ ਸੀ । ਭਾਵੇਂ ਖੇਡਣਾ , ਕੁਸ਼ਤੀ ਕਰਨਾ ਚੰਗੇ ਬੱਚਿਆਂ ਦਾ ਕੰਮ ਨਹੀਂ ਸਮਝਿਆ ਜਾਂਦਾ ਸੀ , ਪਰ ਸ਼ਰਤ ਦੀ ਆਪਣੀ ਸੁਰਤ ਸੀ : ਗਾਉਣਾ , ਬੰਸਰੀ ਵਜਾਉਣਾ , ਕਿਸ਼ਤੀ ਚਲਾਉਣਾ , ਮੱਛੀਆਂ ਫੜਨਾ , ਨਾਟਕਾਂ `ਚ ਐਕਟਿੰਗ ਕਰਨ ਵਰਗੇ ਸ਼ੌਕਾਂ ਸਦਕਾ ਉਹ ਮੁਢਲੀ ਉਮਰ ਵਿੱਚ ਹੀ ਵਧੇਰੇ ਅਨੁਭਵ ਪ੍ਰਾਪਤ ਕਰ ਸਕਿਆ । 18 ਸਾਲ ਦੀ ਉਮਰ `ਚ , ਦਸੰਬਰ 1894 `ਚ ਸ਼ਰਤ ਨੇ ਇੰਟਰ ਪਾਸ ਕੀਤਾ ਤੇ ਸਾਹਿਤ ਵੱਲ ਮੁੜ ਪਿਆ । ਪਹਿਲਾ ਨਾਵਲ ਲਿਖਿਆ , ਉਸ ਨੂੰ ਫਾੜ ਸੁੱਟਿਆ ਕਿਉਂਕਿ ਉਸ ਨੂੰ ਰਚਨਾ ਪਸੰਦ ਨਹੀਂ ਆਈ । ਕੁਝ ਹੋਰ ਲਿਖਤਾਂ ਫਾੜੀਆਂ । ਉਹ ਆਪ ਇੱਕ ਤਕੜਾ ਪਾਠਕ ਸੀ । ਲਾਇਬਰੇਰੀ ਦੀਆਂ ਪੁਸਤਕਾਂ ਪੜ੍ਹ ਕੇ ਉਸ ਨੇ ਆਪਣੇ ਗਿਆਨ `ਚ ਅਮੀਰੀ ਪ੍ਰਾਪਤ ਕੀਤੀ । ਰਾਬਿੰਦਰਨਾਥ ਟੈਗੋਰ ਤੋਂ ਇਲਾਵਾ ਅੰਗਰੇਜ਼ੀ ਦੇ ਵੱਡੇ-ਵੱਡੇ ਲਿਖਾਰੀ ਵੀ ਉਸ ਨੇ ਪੜ੍ਹੇ । ਅਨੁਵਾਦ ਜਾਂ ਰੂਪਾਂਤਰ ਰਾਹੀਂ ਰਚਨਾਵਾਂ ਪਾਠਕਾਂ ਤੱਕ ਪਹੁੰਚਾਈਆਂ । ਬਂਕਿਮ ਗ੍ਰੰਥਾਵਲੀ ਤੋਂ ਇਲਾਵਾ ਬੰਗਦਰਸ਼ਨ ਪਤ੍ਰਿੱਕਾ ਨੇ ਵੀ ਉਸ ਨੂੰ ਪ੍ਰੇਰਿਤ ਕੀਤਾ ।

        ਸ਼ਰਤ ਇੱਕੋ ਵੇਲੇ ਪਹਿਲੇ ਦਰਜੇ ਦਾ ਖਿਡਾਰੀ , ਲੜਾਕੂ , ਸ਼ਰਾਰਤੀ ਅਤੇ ਪਹਿਲੇ ਦਰਜੇ ਦਾ ਸਾਧਕ ਸੀ , ਸ਼ਰਤ ਦਾ ਲਾਡ ਦਾ ਘਰ ਦਾ ਨਾਂ ਨਿਆੜ ਸੀ । ਘਰ ਛੱਡ ਕੇ ਉਹ ਸੰਸਾਰ `ਚ ਭਟਕਣ ਲੱਗਾ । ਸੰਨਿਆਸੀ ਦਾ ਰੂਪ ਧਾਰ ਕੇ ਨਾਂਗੇ ਸਾਧੂਆਂ ਨਾਲ ਜਾ ਰਲਿਆ ਅਤੇ ਦੂਰ-ਦੂਰ ਤੱਕ ਘੁੰਮਦਾ ਰਿਹਾ । 1901 ਦੇ ਅੰਤ ਵਿੱਚ ਉਹ ਆਪਣੇ ਪਿਤਾ ਨਾਲ ਝਗੜਾ ਕਰ ਕੇ ਘਰੋਂ ਭੱਜਿਆ । 1902 `ਚ ਉਸ ਦੇ ਪਿਤਾ ਸੁਰਗ ਸਿਧਾਰ ਗਏ । ਸ਼ਰਤ ਨੇ ਆਪਣੇ ਮਾਮੇ ਦੇ ਨਾਂ ਤੇ ਆਪਣੀ ਇੱਕ ਮੁਢਲੀ ਕਹਾਣੀ ਮੰਦਰ   ਪ੍ਰਤਿਯੋਗਤਾ `ਚ ਭੇਜੀ । ਉਸ ਲਈ ਪੁਰਸਕਾਰ ਦੀ ਘੋਸ਼ਣਾ ਹੋਈ । ਪਰ ਓਦੋਂ ਉਹ ਰੰਗੂਨ ਜਾ ਚੁੱਕਿਆ ਸੀ । ਸਤਾਰਾਂ ਸਾਲ ਦੀ ਉਮਰ `ਚ ਸ਼ਰਤ ਨੇ ਲਿਖਣਾ ਸ਼ੁਰੂ ਕੀਤਾ ਤੇ ਛੱਬੀ ਸਾਲ ਦੀ ਉਮਰ `ਚ ਉਹ ਰੰਗੂਨ ਗਿਆ । ਬੋਝ , ਚੰਦਰਨਾਥ , ਦੇਵਦਾਸ , ਤੇ ਬੜੀ ਦੀਦੀ   ਆਦਿ ਉਸ ਦੀਆਂ ਇਸੇ ਦੌਰ ਦੀਆਂ ਕਿਰਤਾਂ ਹਨ । ਉਹ ਸਥਾਪਿਤ ਕੀਤੀ ਸਾਹਿਤ ਸਭਾ ਦਾ ਪ੍ਰਧਾਨ ਵੀ ਰਿਹਾ । ਸ਼ਰਤਚੰਦਰ ਕੁਲੀਆਂ , ਮਜ਼ਦੂਰਾਂ ਤੇ ਕਦੇ ਦੂਜੇ ਛੋਟੇ ਤੇ ਬਦਨਾਮ ਲੋਕਾਂ ਨਾਲ ਰਿਹਾ , ਪਰ ਚਰਿੱਤਰ ਤੋਂ ਨਹੀਂ ਡਿੱਗਿਆ । 1905 ਤੋਂ 1916 ਤੱਕ ਉਸ ਨੇ ਰੰਗੂਨ `ਚ ਨੌਕਰੀ ਕੀਤੀ । ਬਰਮਾ ਦੇ ਲੋਕਾਂ ਸੰਬੰਧੀ ਆਪਣੇ ਅਨੁਭਵ ਤੇ ਆਧਾਰਿਤ ਕਈ ਮਹਾਨ ਕਿਰਤਾਂ ਉਸ ਨੇ ਸਾਹਿਤ ਨੂੰ ਦਿੱਤੀਆਂ । ਸਮਾਜਿਕ ਸਚਾਈਆਂ ਬਾਰੇ ਉਹ ਸੁਚੇਤ ਸੀ । ਉਸ ਦੀ ਪਤਨੀ ਹਿਰਣਮਈ ਦੇਵੀ ਮਿੱਠੇ ਸੁਭਾਅ ਦੀ , ਵਿਸ਼ਾਲ ਹਿਰਦੇ ਵਾਲੀ , ਪੁੰਨਦਾਨ ਤੇ ਧਰਮ `ਚ ਯਕੀਨ ਰੱਖਣ ਵਾਲੀ ਨਾਰੀ ਸੀ । ਯਮੁਨਾ , ਪਰਚੇ ਵਿੱਚ ‘ ਰਾਮੇਰ ਸੁਮਤੀ` , ‘ ਪਦ ਨਿਰਦੇਸ਼` ਤੇ ‘ ਬਿੰਦੀ ਦਾ ਲੱਲਾ` ਜਿਹੀਆਂ ਕਹਾਣੀਆਂ ਛਪੀਆਂ । ਨਾਮ ਤੇ ਸਨਮਾਨ ਨਾਲ ਲਿਖਾਰੀ ਦਾ ਵਿਰੋਧ ਵੀ ਵੱਧਦਾ ਹੈ । ਸ਼ਰਤ ਨਾਲ ਵੀ ਇਹੋ ਹੋਇਆ । ਸਮਕਾਲੀ ਲੇਖਕ ਉਸ ਨੂੰ ਘੱਟ ਹੀ ਝਲਦੇ ਸਨ ।

        ਦੇਸਬੰਧੂ ਸਾਡੀ ਅਜ਼ਾਦੀ ਦੀ ਲੜਾਈ ਦਾ ਘੁਲਾਟੀਆ ਸੀ । ਉਸ ਨੇ ਦੇਸ ਲਈ ਸਭ ਕੁਝ ਦਾਅ ਤੇ ਲਗਾ ਦਿੱਤਾ ਸੀ । ਉਸ ਨੇ ਆਪਣੇ ਅਖ਼ਬਾਰ ਲਈ ਸ਼ਰਤ ਦੀ ਕਹਾਣੀ ਮੰਗੀ ਤੇ ਛਾਪ ਦਿੱਤੀ । ਉਸ ਤੋਂ ਬਾਅਦ ਦੇਸ਼ਬੰਧੂ ਨੇ ਇੱਕ ਕੋਰੇ ਚੈੱਕ ਤੇ ਹਸਤਾਖ਼ਰ ਕਰ ਕੇ ਸ਼ਰਤ ਨੂੰ ਭੇਜ ਦਿੱਤਾ ਤੇ ਕਿਹਾ , ‘ ਤੇਰੀ ਕਹਾਣੀ ਲਈ ਕੀ ਦਿਆਂ ? ਆਪਣੇ ਹੱਥੀ ਜੋ ਚਾਹੋ ਲਿਖ ਲਵੋ` ਸ਼ਰਤ ਦੇ ਆਪਣੇ ਮਾਨ-ਮੁੱਲ ਸਨ । ਉਸ ਨੇ ਸਿਰਫ਼ ਇੱਕ ਸੌ ਰੁਪਿਆ ਭਰਿਆ । ਸ਼ਰਤ ਏਨਾ ਮਸ਼ਹੂਰ ਹੋ ਗਿਆ ਸੀ ਕਿ ਉਸ ਦੀ ਇੱਕ ਲਿਖਤ ਲਈ ਲੋਕ ਕੁਝ ਵੀ ਦੇ ਸਕਦੇ ਸਨ । ਪਰ ਸ਼ਰਤ ਦਾ ਦਿਲ ਵੱਡਾ ਸੀ , ਮੂੰਹ ਵੱਡਾ ਨਹੀਂ ਸੀ ।

        ਸ਼ਰਤਚੰਦਰ ਨੇ ਅਜ਼ਾਦੀ ਦੀ ਲੜਾਈ `ਚ ਹਿੱਸਾ ਲਿਆ । ਉਹ ਰਾਜਨੀਤੀ ਵਿੱਚ ਦੇਸ਼ਬੰਧੂ ਦਾਸ ਦੇ ਨਾਲ ਸੀ । ਸੁਭਾਸ਼ ਚੰਦਰ ਬੋਸ ਜਦੋਂ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਸਨ ਤਾਂ ਸ਼ਰਤ ਉੱਥੇ ਪੜ੍ਹਾਉਂਦਾ ਵੀ ਰਿਹਾ ਪਰ ਉਹ ਪੇਸ਼ੇਵਰ ਸਿਆਸੀ ਨਹੀਂ ਸੀ । ਪਥ ਕੇ ਦਾਵੇਦਾਰ   ਨਾਵਲ `ਚ ਉਸ ਨੇ ਉਸ ਸਮੇਂ ਦੇ ਕ੍ਰਾਂਤੀਕਾਰੀਆਂ ਦਾ ਚਿਤਰਨ ਕੀਤਾ ਹੈ । ਸਰਕਾਰ ਨੇ ਇਹ ਨਾਵਲ ਜ਼ਬਤ ਕਰ ਲਿਆ ਸੀ । 1932 `ਚ ਸ਼ਰਤ ਦਾ ਕਲਕੱਤਾ ਯੂਨੀਵਰਸਿਟੀ ਵੱਲੋਂ ‘ ਜਗਤ ਤਾਰਣੀ ਸਵਰਨ ਪਦਕ` ਨਾਲ ਸਨਮਾਨ ਕੀਤਾ ਗਿਆ ।

          16 ਜਨਵਰੀ 1938 ਨੂੰ ਭਾਰਤ ਦੇ ਇਸ ਮਹਾਨ ਕਥਾ ਸ਼ਿਲਪੀ ਨੇ ਆਖ਼ਰੀ ਸਾਹ ਲਿਆ ਪਰ ਸ਼ਰਤ ਜਿਹੇ ਲੇਖਕ ਕਦੇ ਮਰਦੇ ਨਹੀਂ । ਜਦੋਂ ਤੱਕ ਉਸ ਦਾ ਸਾਹਿਤ ਜਿਊਂਦਾ ਹੈ , ਇਹ ਪੱਕਾ ਹੈ ਕਿ ਉਹ ਜਿਊਂਦਾ ਰਹੇਗਾ , ਓਦੋਂ ਤੱਕ ਸ਼ਰਤ ਅਮਰ ਰਹੇਗਾ ।


ਲੇਖਕ : ਫੂਲਚੰਦ ਮਾਨਵ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 416, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.