ਸ਼ਰੀਂਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਰੀਂਹ ( ਨਾਂ , ਪੁ ) ਬਰੀਕ ਰੇਸ਼ਿਆਂ ਜਿਹੇ ਪੱਤਿਆਂ ਵਾਲਾ ਰੁੱਖ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸ਼ਰੀਂਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਰੀਂਹ [ ਨਾਂਪੁ ] ਇੱਕ ਰੁੱਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਰੀਂਹ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸ਼ਰੀਂਹ : ਇਹ ਲੈਗਿਊਮਿਨੋਸੀ ( Leguminosae ) ਕੁਲ ਅਤੇ ਮਾਈਮੋਸਾਇਡੀ ਉਪ-ਕੁਲ ਦਾ ਉੱਚਾ ਲੰਮਾ ਅਤੇ ਘਣੀ ਛਾਂ ਵਾਲਾ ਰੁੱਖ ਹੈ । ਕਾਲੇ ਸ਼ਰੀਂਹ ਦਾ ਬਨਸਪਤੀ ਵਿਗਿਆਨਕ ਨਾਂ ਐਲਬੀਜੀਆ ਲੈਬੈਂਕ ( Albizzia lebeek ) ਅਤੇ ਚਿੱਟੇ ਸ਼ਰੀਂਹ ਦਾ ਨਾਂ ਐਲਬੀਜ਼ੀਆ ਪਰੋਸੈਰਾ ( Albizzia procera ) ਹੈ ।

                  ਸ਼ਰੀਂਹ ਦੀ ਛਿੱਲ ਸਲੇਟੀ ਅਤੇ ਤਰੇੜਾਂ ( flecked ) ਵਾਲੀ ਹੁੰਦੀ ਹੈ । ਇਸ ਦੀਆਂ ਟਾਹਣੀਆਂ ਲੰਮੀਆਂ ਅਤੇ ਖਲਾਰ ਵਾਲੀਆਂ ਹੁੰਦੀਆਂ ਹਨ । ਇਹ ਰੁੱਖ ਅਪ੍ਰੈਲ ਦੇ ਮਹੀਨੇ ਰੂੰਦਾਰ , ਖ਼ੁਸ਼ਬੂ ਵਾਲੇ , ਚਿੱਟੀ ਭਾਹ ਮਾਰਦੇ ਹਰੇ ਰੰਗ ਦੇ ਬਹੁਤ ਜ਼ਿਆਦਾ ਫੁੱਲ ਪੈਦਾ ਕਰਦਾ ਹੈ । ਹਰ ਇਕ ਪੱਤਾ ਦੋ ਵੇਰ ਨਿਕੀਆਂ ਪੱਤੀਆਂ ਵਿਚ ਵੰਡਿਆ ਹੁੰਦਾ ਹੈ । ਪੱਤਝੜ ਦੀ ਰੁੱਤ ਵਿਚ ਇਸ ਦੇ ਪੱਤੇ ਝੜ ਜਾਂਦੇ ਹਨ । ਪੱਤੇ ਝੜਨ ਤੋਂ ਬਾਅਦ ਰੁੱਖ ਉਤੇ ਸਿਰਫ਼ ਲੰਮੀਆਂ ਤੇ ਚਪਟੀਆਂ ਪੀਲੇ ਰੰਗ ਦੀਆਂ ਫਲੀਆਂ ਰਹਿ ਜਾਂਦੀਆਂ ਹਨ । ਇਸ ਰੁੱਖ ਦੀ ਲਕੜੀ ਸਖ਼ਤ ਅਤੇ ਹੰਢਣਸਾਰ ਹੁੰਦੀ ਹੈ । ਦਵਾਈਆਂ ਦੇ ਪੱਖੋਂ ਵੀ ਇਸ ਰੁੱਤ ਦੀ ਬਹੁਤ ਮਹਾਨਤਾ ਹੈ । ਇਸ ਰੁੱਖ ਦੇ ਫੁੱਲ ਠੰਢਿਆਈ ਵਜੋਂ ਲੋਕੀਂ ਖਾਂਦੇ ਹਨ । ਇਹ ਵੀ ਮੰਨਿਆ ਜਾਂਦਾ ਹੈ ਕਿ ਫੁੱਲ ਵੀਰਜ ਰਸ ਨੂੰ ਰੋਕ ਕੇ ਰੱਖਣ ਵਿਚ ਬੜੇ ਸਹਾਈ ਹੁੰਦੇ ਹਨ । ਫਿਨਸੀਆਂ , ਗੰਭੀਰ ਫੋੜਿਆਂ , ਉਠਾਅ ਆਦਿ ਦੇ ਫੁੱਲਾਂ ਦਾ ਲੇਪ ਕਰਦੇ ਹਨ ।

                  ਇਸ ਰੁੱਖ ਦੇ ਬੀਜਾਂ ਨੂੰ ਪੀਹ ਕੇ ਹੰਜ਼ੀਰਾਂ ਨੂੰ ਰੋਕਣ ਲਈ ਦਵਾਈ ਬਣਾਈ ਜਾਂਦੀ ਹੈ । ਪੀਠੇ ਹੋਏ ਬੀਜਾਂ ਤੋਂ ਬਣਾਈ ਹੋਈ ਮਲ੍ਹਮ ਅੱਖਾਂ ਦੇ ਰੋਗਾਂ ਲਈ ਵਰਤੀ ਜਾਂਦੀ ਹੈ । ਕੋੜ੍ਹ ਵਰਗੀ ਭਿਆਨਕ ਬਿਮਾਰੀ ਦਾ ਇਲਾਜ ਇਸ ਰੁੱਖ ਦੇ ਬੀਜਾਂ ਦੇ ਤੇਲ ਤੋਂ ਕੀਤਾ ਜਾਂਦਾ ਹੈ ਅਤੇ ਕਾਫ਼ੀ ਲਾਭਵੰਦ ਸਿੱਧ ਹੁੰਦਾ ਹੈ । ਇਸ ਰੁੱਖ ਦੀ ਛਿੱਲ ਨੂੰ ਉਬਾਲ ਕੇ ਫੁੱਲੇ ਹੋਏ ਮਸੂੜਿਆਂ ਲਈ ਗਰਾਰੇ ਅਤੇ ਕੁਰਲੀਆਂ ਕੀਤੀਆਂ ਜਾਂਦੀਆਂ ਹਨ । ਅੱਖਾਂ ਉੱਤੇ ਸੱਟ ਲਗ ਜਾਵੇ ਤਾਂ ਵੀ ਛਿੱਲ ਨੂੰ ਪੀਹ ਕੇ ਅੱਖਾਂ ਉੱਤੇ ਲੇਪ ਕਰਦੇ ਹਨ । ਜੜ੍ਹਾਂ ਦੀ ਛਿੱਲ ਨੂੰ ਬਰੀਕ ਪੀਹ ਕੇ ਦੰਦਾਂ ਲਈ ਚੰਗਾਂ , ਲਾਭਵੰਦ ਮੰਜਨ ਤਿਆਰ ਕੀਤਾ ਜਾਂਦਾ ਹੈ । ਇਹ ਮੰਜਨ ਸੁੱਜੇ ਹੋਏ ਤੇ ਜ਼ਖ਼ਮੀ ਮਸੂੜਿਆਂ ਲਈ ਲਾਭਵੰਦ ਸਿੱਧ ਹੁੰਦਾ ਹੈ ।

                  ਜੇ ਸੱਪ ਕੱਟ ਜਾਵੇ ਤਾਂ ਕੱਟੇ ਹੋਏ ਥਾਂ ਤੇ ਇਸ ਰੁੱਖ ਦੀਆਂ ਕਰੂੰਬਲਾਂ , ਪੱਤਿਆਂ , ਫੁੱਲਾਂ , ਫਲੀਆਂ , ਬੀਜਾਂ , ਜੜ੍ਹਾਂ ਅਤੇ ਛਿੱਲ ਦਾ ਦਰੜਾ ਕਰਕੇ ਲੇਪ ਕਰਦੇ ਹਨ । ਇਸ ਤੋਂ ਕਾਫ਼ੀ ਫ਼ਾਈਦਾ ਹੁੰਦਾ ਹੈ ।

                  ਸ਼ਰੀਂਹ ਸਾਰੇ ਭਾਰਤ ਵਿਚ ਮਿਲਦਾ ਹੈ ਪਰ ਹਿਮਾਲੀਆ ਪਰਬਤ ਤੇ ਸਿਰਫ਼ 1500 ਮੀ. ਦੀ ਉਚਾਈ ਤਕ ਦੀ ਸੀਮਤ ਹੈ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਸ਼ਰੀਂਹ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ਰੀਂਹ : ਮਾਈਮੋਸੇਸੀ ( Mimosaceae ) ਕੁਲ ਨਾਲ ਸੰਬੰਧਤ ਇਸ ਰੁੱਖ ਦਾ ਵਿਗਿਆਨਕ ਨਾਂ ਅਲਬੀਜ਼ੀਆ ਲੇਬੈੱਕ ( Albizia lebbeck ) ਹੈ । ਇਹ ਵੱਡੇ ਕਦ ਦਾ ਪਤਝੜੀ ਦਰਖ਼ਤ ਹੈ ਜਿਸ ਦੀ ਗੂੜ੍ਹੇ ਸਲੇਟੀ ਰੰਗ ਦੀ ਛਿੱਲ ਉੱਪਰ ਬੇਤਰਤੀਬ ਤ੍ਰੇੜਾਂ ਪਈਆਂ ਹੁੰਦੀਆਂ ਹਨ । ਸੰਯੁਕਤ ਪੱਤੇ ਵਿਚ ਖੰਭੜੇ ਹੁੰਦੇ ਹਨ ਅਤੇ ਇਕ ਖੰਭੜੇ ਵਿਚ 3-9 ਜੋੜੇ ਪੱਤੀਆਂ ਦੇ ਹੁੰਦੇ ਹਨ । ਚਿੱਟੇ ਖੁਸ਼ਬੂਦਾਰ ਫੁੱਲ ਗੋਲ , ਡੰਡੀਦਾਰ ਗੁੱਛਿਆਂ ਵਿਚ ਅਪਰੈਲ ਤੋਂ ਅਗਸਤ ਤੱਕ ਖਿੜੇ ਰਹਿੰਦੇ ਹਨ । ਇਸ ਦੀਆਂ 15 ਤੋਂ 30 ਸੈਂ. ਮੀ. ਤੱਕ ਲੰਬੀਆਂ ਚਪਟੇ ਫ਼ੀਤੇ ਵਰਗੀਆਂ ਫਲੀਆਂ ਸਤੰਬਰ ਤੋਂ ਨਵੰਬਰ ਤੱਕ ਲਗਦੀਆਂ ਹਨ ਅਤੇ ਪੱਕਣ ਤੋਂ ਬਾਅਦ ਵੀ ਨਾਲ ਲਟਕਦੀਆਂ ਰਹਿੰਦੀਆਂ ਹਨ । ਇਕ ਫਲੀ ਵਿਚ 6 ਤੋਂ 10 ਬੀਜ ਹੁੰਦੇ ਹਨ ।

              ਇਸ ਦੀ ਲੱਕੜ ਫ਼ਰਨੀਚਰ ਅਤੇ ਅੰਦਰੂਨੀ ਲਕੜੀ ਦੀ ਸਜਾਵਟ ਲਈ ਵਰਤੀ ਜਾਂਦੀ ਹੈ । ਇਮਾਰਤੀ ਸਮਾਨ , ਖੇਤੀਬਾੜੀ ਦੇ ਸੰਦ , ਕੋਹਲੂ , ਖੂਣ ਦੀ ਮੌਣ ਅਤੇ ਬੁੱਤਸਾਜ਼ੀ ਲਈ ਵੀ ਇਸ ਦੀ ਲੱਕੜ ਲਾਹੇਵੰਦ ਹੈ । ਇਸ ਦੀ ਗੂੰਦ ਅਕਸਰ ਕਿੱਕਰ ਦੀ ਗੂੰਦ ਨਾਲ ਮਿਲਾ ਕੇ ਵੇਚੀ ਜਾਂਦੀ ਹੈ । ਇਹ ਰੁੱਖ ਚਾਅ ਅਤੇ ਕਾਫ਼ੀ ਦੇ ਬਾਗਾਂ ਵਿਚ ਛਾਂ ਦੇਣ ਲਈ ਉਗਾਇਆ ਜਾਂਦਾ ਹੈ । ਰੁੱਖ ਦੇ ਸੱਕ ਮੱਛੀਆਂ ਫੜਨ ਵਾਲੇ ਜਾਲ ਰੰਗਣ ਲਈ ਵਰਤੇ ਜਾਂਦੇ ਹਨ । ਇਸ ਤੋਂ ਇਲਾਵਾ ਇਹ ਸਾਹ ਨਾਲੀ ਦੀ ਸੋਜ਼ਸ , ਕੋਹੜ , ਲਕਵਾ , ਫੁੱਲੇ ਹੋਏ ਮਸੂੜ ਅਤੇ ਆਂਦਰਾਂ ਦੇ ਕੀੜਿਆਂ ਦੇ ਇਲਾਜ ਲਈ ਵੀ ਵਰਤੇ ਜਾਂਦੇ ਹਨ । ਜੜ੍ਹਾਂ ਦੀ ਛਿੱਲ ਦਾ ਚੂਰਾ ਮਸੂੜੇ ਮਜ਼ਬੂਤ ਕਰਨ ਲਈ ਵਰਤਿਆ ਜਾਂਦਾ ਹੈ । ਪੱਤੀਆਂ ਅੰਧਰਾਤੇ ਦੇ ਵਿਗਾੜ ਨੂੰ ਦੂਰ ਕਰਨ ਲਈ ਲਾਹੇਵੰਦ ਹੁੰਦੀਆਂ ਹਨ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 50, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-04-25-01, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ; ਪ. ਇ. ਇ. ਪੰ. -ਡਾ. ਸ਼ਰਮਾ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.