ਸ਼ਾਮੋ ਨਾਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸ਼ਾਮੋ ਨਾਰ : ਸ਼ਾਮੋ ਨਾਰ ਦੀ ਕਹਾਣੀ ਪੰਜਾਬ ਲੋਕ ਸਾਹਿਤ ਵਿਚ ਆਪਣਾ ਵਿਸ਼ੇਸ਼ ਥਾਂ ਰੱਖਦੀ ਹੈ । ਨਰਾਇਣ ਸਿੰਘ , ਗੁਰਮੁਖ ਸਿੰਘ ਚਮਕ , ਛੱਜੂ ਸਿੰਘ ਅਤੇ ਮਿਤ ਸਿੰਘ ਆਦਿ ਕਿੱਸਾਕਾਰਾਂ ਨੇ ਇਸ ਕਹਾਣੀ ਨੂੰ ਆਪਣੇ ਕਿੱਸਿਆਂ ਵਿਚ ਬਿਆਨ ਕੀਤਾ ਹੈ ।

                  ਵੀਹਵੀਂ ਸਦੀ ਦੇ ਮੁੱਢ ਵਿਚ ਅੰਮ੍ਰਿਤਸਰ ਵਿਚ ਇਕ ਬੜੀ ਦਰਦ ਭਰੀ ਘਟਨਾ ਵਾਪਰੀ । ਸਰਲ ਪਿੰਡ ਦਾ ਹੌਲਦਾਰ ਜਵਾਹਰ ਸਿੰਘ ਆਪਣੀ ਪਤਨੀ ਸ਼ਾਮੋ ਸਮੇਤ , ਆਪਣੇ ਪਿੰਡ ਨੂੰ ਜਾਣ ਵਾਲੀ ਸ਼ਾਮ ਦੀ ਗੱਡੀ ਚੜ੍ਹਨ ਲਈ ਅੰਮ੍ਰਿਤਸਰ ਦੇ ਸਟੇਸ਼ਨ ਤੇ ਪੁੱਜਾ । ਸ਼ਾਮੋ ਨੂੰ ਉਸ ਨੇ ਜ਼ਨਾਨੇ ਡੱਬੇ ਵਿਚ ਪਲੇਟਫ਼ਾਰਮ ਵੱਲ ਦੀ ਸੀਟ ਤੇ ਬਿਠਾ ਦਿੱਤਾ ਤੇ ਆਪ ਮਰਦਾਂ ਵਾਲੇ ਡੱਬੇ ਵਿਚ ਜਾ ਬੈਠਾ । ਸ਼ਾਮੋ ਸਿਰ ਤੋਂ ਪੈਰਾਂ ਤਕ ਸੋਨੇ ਚਾਂਦੀ ਦੇ ਗਹਿਣਿਆਂ ਨਾਲ ਸਜੀ ਹੋਈ ਸੀ । ਉਸਦਾ ਰੂਪ ਡਲ੍ਹਕਾਂ ਮਾਰ ਰਿਹਾ ਸੀ ਤੇ ਗੱਡੀ ਟੁਰਨ ਦੀ ਉਡੀਕ ਵਿਚ ਸ਼ਾਮੋ ਆਪਣੀ ਸੋਨੇ ਦੀ ਮੁੰਦਰੀ ਨਾਲ ਖੇਡ ਰਹੀ ਸੀ ਕਿ ਅਚਾਨਕ ਮੁੰਦਰੀ ਪਲੇਟਫ਼ਾਰਮ ਤੇ ਜਾ ਡਿਗੀ । ਉਹ ਮੁੰਦਰੀ ਦੀ ਭਾਲ ਵਿਚ ਥੱਲੇ ਉਤਰੀ ਹੀ ਸੀ ਗੱਡੀ ਟੁਰ ਪਈ । ਮੁੰਦਰੀ ਤਾਂ ਉਸ ਨੂੰ ਲਭ ਗਈ ਪਰ ਉਹ ਗੱਡੀ ਨਾ ਫੜ ਸਕੀ ।

                  ਸ਼ਾਮੋ ਦੇ ਸਾਹਮਣੇ ਹਨੇਰੀ ਰਾਤ ਸੀ । ਸ਼ਿੰਗਾਰ ਲਈ ਪਾਏ ਗਹਿਣੇ ਉਹਨੂੰ ਹੁਣ ਸੱਪਾਂ ਵਾਂਗੂ ਜਾਪਦੇ ਸਨ । ਉਸ ਨੇ ਸਟੇਸ਼ਨ ਮਾਸਟਰ ਪਾਸ ਰਾਤ ਕੱਟਣ ਲਈ ਬੇਨਤੀ ਕੀਤੀ । ਅਜਾਈਂ ਪਰੇਸ਼ਾਨੀ ਦੇ ਡਰੋਂ ਸਟੇਸ਼ਨ ਮਾਸਟਰ ਨੇ ਉਸਨੂੰ ਸਰਾਂ ਵੱਲ ਭੇਜ ਦਿਤਾ । ਸਰਾਂ ਵਾਲੇ ਨੇ ਵੀ ਸ਼ਾਮੋ ਨੂੰ ਸਰਾਂ ਵਿਚ ਥਾਂ ਨਾ ਦਿੱਤੀ । ਆਖ਼ਰ ਉਹ ਗਰਚੇ ਝੀਊਰ ਦੇ ਹੋਟਲ ਤੇ ਆ ਗਈ । ਗਰਚੇ ਨੇ ਆਪਣੀ ਪਤਨੀ ਨਾਲ ਉਸ ਨੂੰ ਆਪਣੇ ਘਰ ਭੇਜ ਦਿੱਤਾ ਅਤੇ ਗਹਿਣਿਆਂ ਦੇ ਲਾਲਚ ਵਿਚ ਆ ਕੇ ਉਹ ਨੂੰ ਵੱਢ ਕੇ ਟੁਕੜੇ ਟੁਕੜੇ ਕਰ ਦਿੱਤਾ ।

                  ਦੂਜੀ ਭਲਕ ਜਵਾਹਰ ਸਿੰਘ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਸ਼ਾਮੋ ਦੀ ਭਾਲ ਕਰਦਾ ਭੁਖ ਦਾ ਸਤਾਇਆ ਗਰਚੇ ਦੇ ਹੋਟਲ ਤੇ ਰੋਟੀ ਖਾਣ ਲਈ ਬੈਠ ਗਿਆ । ਅਜੇ ਪਹਿਲੀ ਗਰਾਹੀ ਮੂੰਹ ਵਿਚ ਪਾਈਹ ਸੀ ਕਿ ਕੋਈ ਸਖ਼ਤ ਜਿਹੀ ਚੀਜ਼ ਉਹਦੇ ਦੰਦਾਂ ਨਾਲ ਰੜਕੀ । ਕੀ ਵੇਖਦਾ ਹੈ ਕਿ ਇਹ ਤਾਂ ਉਹਦੀ ਪਿਆਰੀ ਸ਼ਾਮੋ ਦੀ ਮੁੰਦਰੀ ਹੈ । ਜ਼ਾਲਮ ਗਰਚਾ ਸ਼ਾਮੋ ਦਾ ਮਾਸ ਰਿੰਨ੍ਹ ਰਿੰਨ੍ਹ ਕੇ ਖੁਵਾ ਰਿਹਾ ਸੀ । ਜਵਾਹਰ ਸਿੰਘ ਨੇ ਥਾਣੇ ਜਾ ਰਪੋਟ ਕੀਤੀ । ਗਰਚਾ ਅਤੇ ਉਸ ਦੀ ਪਤਨੀ ਫੜ ਲਏ ਗਏ । ਗਰਚੇ ਨੇ ਆਪਣੇ ਜੁਰਮ ਮੰਨ ਲਿਆ ਤੇ ਉਸਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਗਈ ।


ਲੇਖਕ : ਸੁਖਦੇਵ ਮਾਦਪੁਰੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 72, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.