ਸ਼ੇਕਸਪੀਅਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ੇਕਸਪੀਅਰ ( 1964– 1616 ) : ਸੰਸਾਰ ਵਿੱਚ ਸਾਹਿਤਕਾਰ , ਨਾਟਕਕਾਰ ਜਾਂ ਕਵੀ ਵਜੋਂ ਜਿਸ ਵਿਅਕਤੀ ਨੂੰ ਸਭ ਤੋਂ ਵੱਧ ਮਾਨਤਾ ਅਤੇ ਪ੍ਰਸਿੱਧੀ ਮਿਲੀ ਹੈ , ਉਹ ਵਿਲੀਅਮ ਸ਼ੇਕਸਪੀਅਰ ( William Shakespeare ) ਹੈ । ਜਿਹੜਾ ਸ਼ੇਕਸਪੀਅਰ ਦਾ ਨਾਂ ਨਹੀਂ ਜਾਣਦਾ , ਉਸਨੂੰ ਪੜ੍ਹਿਆ-ਲਿਖਿਆ ਹੀ ਨਹੀਂ ਮੰਨਿਆ ਜਾਂਦਾ । ਮਨੁੱਖ ਦੇ ਇਤਿਹਾਸ ਵਿੱਚ ਜਿਹੜੇ ਸਰਬੋਤਮ ਵਿਅਕਤੀ ਪੈਦਾ ਹੋਏ ਹਨ , ਉਹਨਾਂ ਵਿੱਚ ਸ਼ੇਕਸਪੀਅਰ ਦਾ ਨਾਂ ਉਘੜਵੇਂ ਰੂਪ ਵਿੱਚ ਸ਼ਾਮਲ ਹੈ । ਸ਼ੇਕਸਪੀਅਰ ਆਪਣੇ ਜਿਊਂਦੇ ਜੀਅ ਹੀ ਪ੍ਰਸਿੱਧ ਹੋ ਗਿਆ ਸੀ । ਸ਼ੇਕਸਪੀਅਰ ਇੰਗਲੈਂਡ ਦੀ ਪ੍ਰਸਿੱਧ ਮਹਾਰਾਣੀ ਐਲਿਜ਼ਾਬੈੱਥ ਦਾ ਸਮਕਾਲੀ ਸੀ । ਉਸ ਨੇ ਉਸ ਵੇਲੇ ਨਾਟਕ ਲਿਖੇ ਅਤੇ ਰੰਗ-ਮੰਚ ਉੱਤੇ ਪੇਸ਼ ਕੀਤੇ ਜਦੋਂ ਨਾਟਕ ਨੂੰ ਮਨੋਰੰਜਨ ਦਾ ਇੱਕ ਸਨਮਾਨਯੋਗ ਮਾਧਿਅਮ ਮੰਨਿਆ ਜਾ ਰਿਹਾ ਸੀ ਅਤੇ ਸਮਾਜ ਦੇ ਹਰ ਵਰਗ ਦੇ ਲੋਕ ਥੀਏਟਰ ਜਾਣ ਵਿੱਚ ਮਾਣ ਮਹਿਸੂਸ ਕਰਦੇ ਸਨ । ਉਸ ਨੇ ਆਪਣਾ ਸਾਰਾ ਜੀਵਨ ਥੀਏਟਰ ਦੇ ਲੇਖੇ ਲਾਇਆ ਅਤੇ ਜਦੋਂ ਥੀਏਟਰ ਦੀਆਂ ਪੇਸ਼ਕਾਰੀਆਂ ਰੁਕ ਜਾਂਦੀਆਂ ਸਨ ਤਾਂ ਹੀ ਉਸ ਨੇ ਨਾਟਕਾਂ ਤੋਂ ਬਾਹਰੀ ਕਾਵਿ-ਰਚਨਾਵਾਂ ਲਿਖੀਆਂ । ਅੰਗਰੇਜ਼ੀ ਨਾਟਕ ਦੇ ਖੇਤਰ ਵਿੱਚ ਇਸ ਵੇਲੇ ਇਤਿਹਾਸ ਸਿਰਜਿਆ ਜਾ ਰਿਹਾ ਸੀ ਅਤੇ ਕਰਿਸਟੋਫਰ ਮਾਰਲੋਅ , ਬੈੱਨ ਜਾਨਸਨ ਅਤੇ ਜਾਨ ਵੈਬਸਟਰ ਆਦਿ ਹੋਰ ਨਾਟਕਕਾਰ ਸਨ , ਜਿਹੜੇ ਉਸ ਸਮੇਂ ਇਸ ਖੇਤਰ ਵਿੱਚ ਸਰਗਰਮ ਸਨ ।

        ਸ਼ੇਕਸਪੀਅਰ ਦਾ ਜਨਮ 1564 ਵਿੱਚ ਸਟਰੈਟਫੋਰਡ ਵਿੱਚ ਵਾਰਵਿਕਸ਼ਾਇਰ ਨਾਂ ਦੇ ਨਗਰ ਵਿੱਚ ਹੋਇਆ । ਉਸ ਦੇ ਮਾਪੇ ਖੇਤੀ ਦੇ ਧੰਦੇ ਨਾਲ ਸੰਬੰਧਿਤ ਸਨ ਅਤੇ ਖੇਤੀ ਵਸਤਾਂ ਦੇ ਵਪਾਰੀ ਵੀ ਸਨ । ਜਦੋਂ ਸ਼ੇਕਸਪੀਅਰ ਪੈਦਾ ਹੋਇਆ , ਉਸ ਦਾ ਪਿਤਾ ਨਗਰ ਦਾ ਮੇਅਰ ਬਣਿਆ । ਸੰਨ 1576 ਤੋਂ ਸ਼ੇਕਸਪੀਅਰ ਨੂੰ ਮਾਇਕ ਔਕੜਾਂ ਦਾ ਸਾਮ੍ਹਣਾ ਕਰਨਾ ਪਿਆ ਅਤੇ ਇਹ ਔਕੜਾਂ ਉਸ ਦੇ ਪਿਤਾ ਦੇ ਜੀਵਨ ਦੇ ਅੰਤ 1601 ਤੱਕ ਜਾਰੀ ਰਹੀਆਂ । ਸ਼ੇਕਸਪੀਅਰ ਨੇ ਸਕੂਲੀ ਸਿੱਖਿਆ ਦੌਰਾਨ ਤਰਕ , ਭਾਸ਼ਣ ਕਲਾ , ਲਾਤੀਨੀ ਭਾਸ਼ਾ , ਕਵਿਤਾ ਲੇਖਨ ਅਤੇ ਰੋਮਨ ਸਾਹਿਤ ਆਦਿ ਵਿਸ਼ੇ ਪੜ੍ਹੇ । ਕਿਹਾ ਜਾਂਦਾ ਹੈ ਕਿ ਤੇਰ੍ਹਾਂ ਸਾਲ ਦੀ ਉਮਰ ਵਿੱਚ ਹੀ ਸ਼ੇਕਸਪੀਅਰ ਨੂੰ ਘਰੇਲੂ ਮਾਇਕ ਤੰਗੀਆਂ ਕਾਰਨ , ਪਿਤਾ ਨੂੰ ਉਸ ਦੇ ਕੰਮ ਵਿੱਚ ਸਹਿਯੋਗ ਦੇਣ ਲਈ ਪੜ੍ਹਾਈ ਛੱਡਣੀ ਪਈ । ਅਠਾਰ੍ਹਾਂ ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਐਨ ਹਾਥਵੇ ਨਾਲ ਹੋਇਆ , ਜਿਸਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ । ਸ਼ੇਕਸਪੀਅਰ ਸਟਰੈਟਫ਼ੋਰਡ ਦੇ ਤਿਉਹਾਰਾਂ ਅਤੇ ਮੇਲਿਆਂ ਵਿੱਚ ਓਦੋਂ ਵੀ ਦਿਲਚਸਪੀ ਲੈਂਦਾ ਰਿਹਾ , ਜਦੋਂ ਉਹ ਲੰਦਨ ਰਿਹਾ ਕਰਦਾ ਸੀ । ਕੰਮਾਂ-ਕਾਜਾਂ ਤੋਂ ਵਿਹਲਾ ਹੋ ਕੇ ਉਹ ਅੰਤ ਵਿੱਚ ਵਾਪਸ ਆ ਕੇ ਸਟਰੈਟਫੋਰਡ ਵਿੱਚ ਟਿਕ ਗਿਆ ।

        ਸ਼ੇਕਸਪੀਅਰ ਦਾ ਪਹਿਲਾ ਨਾਟਕ ਦਾ ਕਮੇਡੀ ਆਫ਼ ਏਰਰਜ਼ ( ਲਗਪਗ 1590 ਵਿੱਚ ਲਿਖਿਆ ਗਿਆ ) ਇਹ ਇੱਕ ਹਾਸ-ਰਸੀ ਨਾਟਕ ਸੀ । ਅਗਲਾ ਹਾਸ-ਰਸ ਨਾਟਕ ਟੂ ਜੈਂਟਲਮੈਨ ਆਫ਼ ਵੀਰੋਨਾ ( 1591 ) ਸੀ । ਹਾਸ-ਰਸੀ ਨਾਟਕਾਂ ਦੀ ਤਿਕੜੀ ਦਾ ਤੀਜਾ ਨਾਟਕ ਲਵਜ਼ ਲੇਬਰ ਲਾਸਟ ( 1593 ) ਸੀ । ਉਸ ਦਾ ਪਹਿਲਾ ਦੁਖਾਂਤ ਨਾਟਕ ਟਾਈਟਸ ਐਂਡਰੋਨੀਕਸ 1593 ਵਿੱਚ ਖੇਡਿਆ ਗਿਆ । ਜਦੋਂ 1593-94 ਵਿੱਚ ਪਲੇਗ ਕਾਰਨ ਥੀਏਟਰ ਬੰਦ ਕਰ ਦਿੱਤੇ ਗਏ ਤਾਂ ਸ਼ੇਕਸਪੀਅਰ ਨੇ ਨਾਟਕਾਂ ਤੋਂ ਬਾਹਰੀ ਕਾਵਿ-ਰਚਨਾ ਕੀਤੀ । ਉਸ ਸਮੇਂ ਅਮੀਰ ਵਿਅਕਤੀਆਂ ਦੇ ਕਾਵਿਕ ਕਸੀਦੇ ਲਿਖਣ ਦਾ ਇਨਾਮ ਮਿਲਦਾ ਸੀ ਅਤੇ ਕਵੀਆਂ ਲਈ ਇਹ ਆਮਦਨ ਦਾ ਇੱਕ ਵਸੀਲਾ ਸੀ । ਸ਼ੇਕਸਪੀਅਰ ਨੇ ਅਰਲ ਆਫ਼ ਸਾਊਥੈਂਪਟਨ ਦੀ ਪ੍ਰਸੰਸਾ ਵਿੱਚ ਕਾਵਿ-ਰਚਨਾ ਕੀਤੀ । ਇਸ ਵਿਸ਼ੇ ਨਾਲ ਸੰਬੰਧਿਤ ਉਸ ਦੀ ਪ੍ਰਸਿੱਧ ਰਚਨਾ 154 ਸੋਨੈਟ ਹਨ , ਜਿਨ੍ਹਾਂ ਨੂੰ ਸੋਨੈਟ ਰਚਨਾ ਦੇ ਖੇਤਰ ਵਿੱਚ ਸਰਬੋਤਮ ਮੰਨਿਆ ਜਾਂਦਾ ਹੈ । ਸੋਨੈਟ ਚੋਦ੍ਹਾਂ ਲਾਈਨਾਂ ਦੀ ਕਵਿਤਾ ਹੁੰਦੀ ਹੈ । ਇਹ ਇੱਕ ਭੇਤ ਹੈ ਕਿ ਸ਼ੇਕਸਪੀਅਰ ਨੇ ਇਹ ਕਵਿਤਾਵਾਂ ਕਿਨ੍ਹਾਂ ਨੂੰ ਸੰਬੋਧਨ ਕਰ ਕੇ ਲਿਖੀਆਂ ।

        ਸੰਨ 1594 ਵਿੱਚ ਸ਼ੇਕਸਪੀਅਰ ਨੇ ਅਦਾਕਾਰਾਂ ਦੀ ਪ੍ਰਸਿੱਧ ਕੰਪਨੀ ‘ ਲਾਰਡ ਚੈਂਬਰਲੇਨਜ਼ ਮੈਨ’ ਵਾਸਤੇ ਨਾਟਕ ਲਿਖਣੇ ਅਰੰਭ ਕੀਤੇ । ਇਸ ਕੰਪਨੀ ਨੇ 1599 ਵਿੱਚ ਥੇਮਸ ਦਰਿਆ ਦੇ ਕੰਢੇ ਪ੍ਰਸਿੱਧ ‘ ਗਲੋਬ ਥੀਏਟਰ’ ਉਸਾਰਿਆ ਜਿਸ ਨਾਲ ਥੀਏਟਰ ਦੀ ਮਹਿਮਾ ਹੋਰ ਵੱਧ ਗਈ ਅਤੇ ਵਿਦੇਸ਼ੀ ਵੀ ਇਸ ਵੱਲ ਖਿੱਚੇ ਜਾਣ ਲੱਗ ਪਏ । ਇਸ ਕੰਪਨੀ ਜਾਂ ਥੀਏਟਰ ਲਈ ਸ਼ੇਕਸਪੀਅਰ ਨੇ ਨਿਰੰਤਰ ਨਾਟਕ ਲਿਖੇ , ਜਿਨ੍ਹਾਂ ਵਿੱਚ ਪਰਿਹਾਸ , ਸੁਖਾਂਤ ਅਤੇ ਦੁਖਾਂਤ ਸ਼ਾਮਲ ਸਨ । ਪ੍ਰਸਿੱਧ ਨਾਟਕ ਦਾ ਮਰਚੈਂਟ ਆਫ਼ ਵੈਨਿਸ 1596 ਵਿੱਚ ਲਿਖਿਆ ਗਿਆ ਅਤੇ 1600 ਵਿੱਚ ਹੋਰ ਨਾਟਕਾਂ ਤੋਂ ਇਲਾਵਾ ਸ਼ੇਕਸਪੀਅਰ ਨੇ ਐਜ਼ ਯੂ ਲਾਈਕ ਇਟ ਲਿਖਿਆ । ਸ਼ੇਕਸਪੀਅਰ ਨੇ ਭਾਵੇਂ ਸਭ ਪ੍ਰਕਾਰ ਦੇ ਨਾਟਕ ਲਿਖੇ , ਪਰ ਉਸ ਦੀ ਪ੍ਰਸਿੱਧੀ ਚਾਰੇ ਪਾਸੇ ਉਸ ਦੇ ਦੁਖਾਂਤ ਨਾਟਕਾਂ : ਰੋਮੀਓ ਐਂਡ ਜੂਲੀਅਟ ( 1596 ) , ਹੈਮਲਟ ( 1601 ) ਅਤੇ ਜੂਲੀਅਸ ਸੀਜ਼ਰ ਨਾਲ ਫੈਲੀ । ਇਹਨਾਂ ਦੁਖਾਂਤਾਂ ਰਾਹੀਂ ਸ਼ੇਕਸਪੀਅਰ ਨੇ ਜੀਵਨ ਦੇ ਹਰੇਕ ਪੱਖ ਨੂੰ ਬੜੀ ਸਫਲਤਾ ਨਾਲ ਪੇਸ਼ ਕੀਤਾ । ਸ਼ੇਕਸਪੀਅਰ ਨੇ ਇਤਿਹਾਸਿਕ ਨਾਟਕ ਵੀ ਰਚੇ , ਜਿਵੇਂ ਰਿਚਰਡ ਸੈਕੰਡ ( 1595 ) , ਹੈਨਰੀ ਫੋਰਥ ( 1597 ) ਆਦਿ । ਸ਼ੇਕਸਪੀਅਰ ਦੇ ਨਾਟਕ ਉਥੈਲੋ ( 1601 ) ਰਾਹੀਂ ਕਾਮ-ਸੰਬੰਧਾਂ ਦੀ ਸ਼ੁੱਧਤਾ ਦਾ ਵਿਸ਼ਾ ਛੋਹਿਆ ਗਿਆ । ਇਵੇਂ ਹੀ ਉਸ ਨੇ ਨਿੱਜੀ ਦੁਖਾਂਤ ਦੇ ਵੇਰਵੇ ਕਿੰਗ ਲੀਅਰ ਵਿੱਚ ਪੇਸ਼ ਕੀਤੇ । ਕਈ ਆਲੋਚਕ ਕਿੰਗ ਲੀਅਰ ( 1605 ) ਨੂੰ ਉਸ ਦੀ ਸ਼ਾਹਕਾਰ ਰਚਨਾ ਮੰਨਦੇ ਹਨ । ਮੈਕਬਥ ਸੰਨ 1606 ਵਿੱਚ ਲਿਖਿਆ ਗਿਆ , ਜਿਸ ਵਿੱਚ ਬਦੀ ਦੀ ਸਮੱਸਿਆ ਨੂੰ ਪ੍ਰਗਟਾਇਆ ਗਿਆ ਹੈ । ਸ਼ੇਕਸਪੀਅਰ ਨੇ ਆਪਣੇ ਸਮੇਂ ਵਿੱਚ ਪ੍ਰਚਲਿਤ ਪ੍ਰਸਿੱਧ ਲੋਕ-ਕਹਾਣੀਆਂ ਨੂੰ ਐਨਟਨੀ ਐਂਡ ਕਲਿਓਪੈਟਰਾ   ਅਤੇ ਕੋਰਿਊਲੇਨਿਸ ਰਾਹੀਂ 1607-1608 ਵਿੱਚ ਪੇਸ਼ ਕੀਤਾ । ਸ਼ੇਕਸਪੀਅਰ ਨੇ ਰੁਮਾਂਟਿਕ ਨਾਟਕ ਵੀ ਲਿਖੇ , ਜਿਵੇਂ ਦਾ ਵਿੰਟਰਜ਼ ਟੇਲ ( 1611 ) ਅਤੇ ਦੀ ਟੈਂਪੈਸਟ ( 1611 ) ਵਿੱਚ ਉਸ ਨੇ ਕਲਪਨਾ ਦੇ ਨਵੇਂ ਨਮੂਨੇ ਉਸਾਰੇ । ਇੰਞ ਲੱਗਦਾ ਹੈ ਕਿ ਜਿਵੇਂ ਜੀਵਨ ਦਾ ਹਰੇਕ ਵਿਸ਼ਾ ਸ਼ੇਕਸਪੀਅਰ ਦੇ ਨਾਟਕਾਂ ਵਿੱਚ ਪ੍ਰਸਤੁਤ ਹੋਇਆ ਹੈ ।

        ਐਲਿਜ਼ਾਬੈੱਥ ਦੇ ਰਾਜ-ਕਾਲ ਦੇ ਅੰਤ ਨਾਲ ਸੰਬੰਧਿਤ ਤਿੰਨ ਨਾਟਕ ਜਿਨ੍ਹਾਂ ਨੂੰ ‘ ਸਮੱਸਿਆ ਨਾਟਕ’ ਵੀ ਕਿਹਾ ਜਾਂਦਾ ਹੈ , ਇਸ ਗੱਲ ਦਾ ਪ੍ਰਮਾਣ ਹਨ ਕਿ ਸ਼ੇਕਸਪੀਅਰ ਆਪਣੇ ਸਮਕਾਲੀ ਸਮਾਜ ਦੀਆਂ ਸਮੱਸਿਆਵਾਂ ਵਿੱਚ ਵੀ ਰੁਚੀ ਰੱਖਦਾ ਸੀ । ਆਲ ਇਜ਼ ਵੈੱਲ ਦੈਟ ਏੱਨਡਜ਼ ਵੈੱਲ ( 1602 ) ਇੱਕ ਰੁਮਾਂਟਿਕ ਸੁਖਾਂਤ ਹੈ , ਜਿਸ ਵਿਚਲੇ ਗੁਣਾਂ ਪ੍ਰਤਿ ਆਲੋਚਨਾਤਮਿਕ ਵਾਦ-ਵਿਵਾਦ ਛਿੜਿਆ ਸੀ । ਇਸ ਦਾ ਕਾਰਨ ਇਹ ਸੀ ਕਿ ਇਸ ਨਾਟਕ ਵਿੱਚ ਕਾਮ-ਸੰਬੰਧਾਂ ਨੂੰ ਪੇਸ਼ ਕੀਤਾ ਗਿਆ ਸੀ । ਟਰੋਇਲਸ ਐਂਡ ਕਰੈਸੀਡਾ ( 1602 ) ਬੜਾ ਜਟਿਲ ਨਾਟਕ ਹੈ ਕਿਉਂਕਿ ਇਸ ਦੀ ਭਾਸ਼ਾ ਦਾਰਸ਼ਨਿਕ ਅਤੇ ਡੂੰਘੇ ਅਰਥਾਂ ਵਾਲੀ ਹੈ । ਮਈਯਰ ਫ਼ਾਰ ਮਈਯਰ ਦੁਖਾਂਤਿਕ-ਸੁਖਾਂਤ ਹੈ , ਜਿਸ ਵਿੱਚ ਕਾਮੁਕ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ ਹੈ ।

          1603 ਵਿੱਚ ਕਿੰਗ ਜੇਮਜ਼ ਪਹਿਲੇ ਦੇ ਤਖ਼ਤ ’ ਤੇ ਬੈਠਣ ਨਾਲ ਥੀਏਟਰ ਨੂੰ ਵੱਧਣ-ਫੁੱਲਣ ਦਾ ਅਵਸਰ ਮਿਲਿਆ । ਇਸ ਬਾਦਸ਼ਾਹ ਨੇ ‘ ਲਾਰਡ ਚੈਂਬਰਲੈਨਜ਼ ਮੈਨ’ ਨਾਂ ਦੀ ਥੀਏਟਰ ਕੰਪਨੀ ਨੂੰ ਸਰਪ੍ਰਸਤੀ ਪ੍ਰਦਾਨ ਕੀਤੀ । ਆਪਣੇ ਜੀਵਨ ਦੇ ਅੰਤਲੇ ਸਾਲਾਂ ਵਿੱਚ ਭਾਵੇਂ ਸ਼ੇਕਸਪੀਅਰ ਨੇ ਪਹਿਲੇ ਸਾਲਾਂ ਦੇ ਮੁਕਾਬਲੇ ਘੱਟ ਨਾਟਕ ਲਿਖੇ , ਪਰ ਜਿਹੜੇ ਨਾਟਕ ਲਿਖੇ , ਉਹਨਾਂ ਦੀ ਪੱਧਰ ਉੱਚੀ ਅਤੇ ਵਿਸ਼ਾ-ਪੱਖ ਬੜਾ ਮਜ਼ਬੂਤ ਸੀ । ਲਗਪਗ ਸਾਰੇ ਦੁਖਾਂਤ- ਨਾਟਕ ਇਸ ਅੰਤਲੇ ਦਹਾਕੇ ਨਾਲ ਸੰਬੰਧਿਤ ਹਨ । ਇਹਨਾਂ ਨਾਟਕਾਂ ਦੇ ਨਾਇਕ ਵਧੇਰੇ ਜੋਸ਼ੀਲੇ ਹਨ ਅਤੇ ਜਿਨ੍ਹਾਂ ਸਥਿਤੀਆਂ ਦਾ ਉਹ ਸਾਮ੍ਹਣਾ ਕਰਦੇ ਹਨ ਉਹ ਵਧੇਰੇ ਗੁੰਝਲਦਾਰ ਅਤੇ ਸ਼ਕਤੀਸ਼ਾਲੀ ਹਨ , ਸੋ ਸੁਭਾਵਿਕ ਹੀ ਇਹਨਾਂ ਨਾਟਕਾਂ ਵਿੱਚ ਟੱਕਰ ਵਧੇਰੇ ਪ੍ਰਭਾਵਸ਼ਾਲੀ ਹੈ । ਆਪਣੇ ਦੁਖਾਂਤਾਂ ਵਿੱਚ ਸ਼ੇਕਸਪੀਅਰ ਨੇ ਮਨੁੱਖ ਦੀਆਂ ਸਦੀਵੀ ਸਮੱਸਿਆਵਾਂ ਨੂੰ ਬੜੀ ਸ਼ਿੱਦਤ ਨਾਲ ਕਲਪਨਾ ਦੀ ਸਿਖਰ ਤੇ ਲੈ ਜਾ ਕੇ ਪੇਸ਼ ਕੀਤਾ ਹੈ ।

          1611 ਵਿੱਚ ਲਿਖੇ ਦਾ ਟੈਂਪੈਸਟ ਨੂੰ ਆਲੋਚਕ ਉਸ ਦਾ ਵਿਦਾਇਗੀ ਨਾਟਕ ਦੱਸਦੇ ਹਨ । ਇਸ ਉਪਰੰਤ ਸ਼ੇਕਸਪੀਅਰ ਆਪਣੇ ਪਿੱਤਰੀ ਕਸਬੇ ਜਾਂ ਨਗਰ ਵਿੱਚ ਰਹਿਣ ਲਈ ਚਲਿਆ ਗਿਆ ਅਤੇ ਫਿਰ 1613 ਵਿੱਚ ਦੋ ਨਾਟਕ ਹੈਨਰੀ ਏਟਥ   ਅਤੇ ਟੂ ਨੋਬਲ ਕਿਨਜ਼ਮੈਨ   ਲਈ ਉਹ ਲੰਦਨ ਆਇਆ । ਪਰ ਇਹਨਾਂ ਨਾਟਕਾਂ ਵਿੱਚੋਂ ਜੋਸ਼ੀਲਾ ਸ਼ੇਕਸਪੀਅਰ ਗਾਇਬ ਹੈ , ਸੋ ਇਹਨਾਂ ਨਾਟਕਾਂ ਨੂੰ ਕੋਈ ਪ੍ਰਸਿੱਧੀ ਨਾ ਮਿਲੀ । 1616 ਵਿੱਚ 52 ਸਾਲ ਦੀ ਉਮਰ ਵਿੱਚ ਸ਼ੇਕਸਪੀਅਰ ਦਾ ਦਿਹਾਂਤ ਹੋ ਗਿਆ ਅਤੇ ਵਿਸ਼ਵ ਥੀਏਟਰ ਅਤੇ ਨਾਟਕਕਲਾ ਦਾ ਇੱਕ ਚਮਕਦਾ ਸੂਰਜ ਸਦਾ ਲਈ ਡੁੱਬ ਗਿਆ । ਮਰਨ ਉਪਰੰਤ ਉਸ ਦੀ ਪ੍ਰਸਿੱਧੀ ਵਧੀ ਅਤੇ ਉਸ ਦੇ ਪ੍ਰਸੰਸਕਾਂ ਨੇ ਉਸ ਦੇ ਸਾਰੇ ਨਾਟਕਾਂ ਦਾ ਸੰਗ੍ਰਹਿ ਛਾਪਿਆ । ਇਵੇਂ ਉਸ ਦੇ ਨਾਟਕ ਸਦਾ ਲਈ ਸਾਂਭੇ ਗਏ । ਜਦੋਂ ਵੀ ਥੀਏਟਰ ਦਾ ਜ਼ਿਕਰ ਹੋਵੇਗਾ , ਸ਼ੇਕਸਪੀਅਰ ਦਾ ਨਾਂ ਉੱਚੀ ਸੁਰ ਵਿੱਚ ਲਿਆ ਜਾਵੇਗਾ । ਸਦੀਆਂ ਬੀਤ ਜਾਣ ਤੇ ਵੀ ਸ਼ੇਕਸਪੀਅਰ ਦਾ ਪ੍ਰਭਾਵ ਸੱਜਰਾ ਹੈ ।


ਲੇਖਕ : ਹਰਗੁਣਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2398, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸ਼ੇਕਸਪੀਅਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ੇਕਸਪੀਅਰ [ ਨਿਪੁ ] ਇੱਕ ਪ੍ਰਸਿੱਧ ਅੰਗਰੇਜ਼ੀ ਨਾਟਕਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.