ਸ਼ਕਰਗੜ੍ਹ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸ਼ਕਰਗੜ੍ਹ : ਭਾਰਤ ਦੀ ਵੰਡ ਤੋਂ ਪਹਿਲਾਂ ਇਹ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਇਕ ਤਹਿਸੀਲ ਸੀ ਅਤੇ ਅੱਜਕੱਲ੍ਹ ਇਹ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਹੈ । ਰਾਵੀ ਦਰਿਆ ਇਸ ਤਹਿਸੀਲ ਨੂੰ ਜ਼ਿਲ੍ਹਾ ਗੁਰਦਾਸਪੁਰ ਨਾਲੋਂ ਵੱਖ ਕਰਦਾ ਸੀ । ਇਸ ਤਹਿਸੀਲ ਦੇ ਉੱਤਰ ਵੱਲ ਜੰਮੂ ਦਾ ਇਲਾਕਾ ਲਗਦਾ ਹੈ । ਇਹ ਤਹਿਸੀਲ 1846 ਈ. ਵਿਚ , ਸਭਰਾਵਾਂ ਦੀ ਲੜਾਈ ਪਿਛੋਂ , ਲਾਹੌਰ ਦੀ ਸੰਧੀ ਅਨੁਸਾਰ , ਜ਼ਿਲ੍ਹਾ ਸਿਆਲ ਕੋਟ ਨਾਲ ਲਾਈ ਗਈ ਸੀ ਪਰ 1853 ਈ. ਵਿਚ ਇਹ ਜ਼ਿਲ੍ਹਾ ਗੁਰਦਾਸਪੁਰ ਵਿਚ ਸ਼ਾਮਲ ਕਰ ਦਿੱਤੀ ਗਈ । ਤਹਿਸੀਲ ਦਾ ਉੱਤਰੀ ਇਲਾਕਾ ਖੁਸ਼ਕ ਹੈ ਅਤੇ ਨਿੱਕੇ ਨਿੱਕੇ ਨਾਲਿਆਂ ਅਤੇ ਡੂੰਘੇ ਵਹਿਣਾਂ ਨਾਲ ਕੱਟਿਆ-ਵੱਢਿਆ ਪਿਆ ਹੈ । ਇਸ ਇਲਾਕੇ ਨੂੰ ਭੱਰਾੜੀ ਕਹਿੰਦੇ ਹਨ । ਇਸ ਦੇ ਦੱਖਣੀ ਹਿੱਸੇ ਨੂੰ ਦੜਪ ਕਿਹਾ ਜਾਂਦਾ ਹੈ । ਪਾਣੀ ਦੀ ਸਤ੍ਹਾ ਉੱਚੀ ਹੋਣ ਕਰਕੇ , ਇਥੋਂ ਦੀ ਮਿੱਟੀ ਉਪਜਾਊ ਹੈ ਅਤੇ ਇਥੇ ਸੰਘਣੀ ਖੇਤੀ ਕੀਤੀ ਜਾਂਦੀ ਹੈ । ਪੂਰਬ ਵੱਲ ਦੇ ਇਲਾਕੇ ਨੂੰ ਪੈਂਤਲਾ ਕਿਹਾ ਜਾਂਦਾ ਹੈ । ਇਸ ਇਲਾਕੇ ਵਿਚ ਉਂਝ ਦਰਿਆ ਦੀ ਲਿਆਂਦੀ ਮਿੱਟੀ ਵਿਛੀ ਹੈ , ਜਿਸ ਕਾਰਨ ਇਹ ਇਲਾਕਾ ਬਹੁਤ ਉਪਜਾਊ ਹੈ । ਅਨਾਜ , ਕਪਾਹ ਅਤੇ ਸਣ ਇਥੋਂ ਦੀਆਂ ਮੁੱਖ ਫ਼ਸਲਾਂ ਹਨ , ਘਿਓ , ਚਾਵਲ ਅਤੇ ਸਣ ਇਥੋਂ ਬਾਹਰ ਭੇਜੇ ਜਾਂਦੇ ਹਨ । ਤਹਿਸੀਲ ਦਾ ਸਦਰ-ਮੁਕਾਮ , ਸ਼ਕਰਗੜ੍ਹ ਨਾਂ ਦੇ ਕਸਬੇ ਵਿਚ ਹੈ ਇਥੇ ਵਿਸਾਖੀ ਦਾ ਮੇਲਾ ਲਗਦਾ ਹੁੰਦਾ ਸੀ । ਹ. ਪੁ. – ਇੰਪ. ਗ. ਇੰਡ. 22 : 228


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.