ਸਠਿਆਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਠਿਆਲਾ . ਇੱਕ ਪਿੰਡ , ਜੋ ਜਿਲਾ ਤਸੀਲ ਅਮ੍ਰਿਤਸਰ ਵਿੱਚ ਹੈ. ਇੱਥੇ ਸ਼੍ਰੀ ਗੁਰੂ ਹਰਗੋਬਿੰਦ ਜੀ ਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਵਿਰਾਜਣ ਦੇ ਦੋ ਪਵਿਤ੍ਰ ਅਸਥਾਨ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਠਿਆਲਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਠਿਆਲਾ : ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਬਾਬਾ ਬਕਾਲਾ ਦੇ 4 ਕਿਲੋਮੀਟਰ ਉੱਤਰ ਪੂਰਬ ਵਿਚ ਇਕ ਪਿੰਡ ਹੈ ਜਿੱਥੇ ਤਿੰਨ ਗੁਰੂ ਵਿਅਕਤੀ -ਗੁਰੂ ਨਾਨਕ , ਗੁਰੂ ਹਰਗੋਬਿੰਦ ਅਤੇ ਗੁਰੂ ਤੇਗ਼ ਬਹਾਦਰ ਜੀ ਪਧਾਰੇ ਹਨ । ਇਹਨਾਂ ਦੇ ਇਸ ਪਿੰਡ ਪਧਾਰਨ ਦੀ ਯਾਦ ਵਿਚ ਤਿੰਨ ਵਖਰੇ ਵਖਰੇ ਗੁਰਦੁਆਰੇ ਇਥੇ ਸਥਿਤ ਹਨ ।

ਗੁਰਦੁਆਰਾ ਨਾਨਕਸਰ ਪਾਤਸ਼ਾਹੀ ਪਹਿਲੀ -ਉਸ ਜਗ੍ਹਾ ਤੇ ਬਣਿਆ ਹੋਇਆ ਹੈ ਜਿਥੇ ਗੁਰੂ ਨਾਨਕ ਧਰਮ ਦਾ ਉਪਦੇਸ਼ ਦੇਣ ਲਈ ਇਕ ਛੋਟੇ ਜਿਹੇ ਤਲਾਬ ਦੇ ਨੇੜੇ ਬੈਠੇ ਸਨ । ਇਹਨਾਂ ਦਾ ਉਪਦੇਸ਼ ਸੁਣਨ ਵਾਲਿਆਂ ਵਿਚੋਂ ਬਹੁਤੀਆਂ ਮੁਸਲਿਮ ਇਸਤਰੀਆਂ ਸਨ । ਇਹਨਾਂ ਇਸਤਰੀਆਂ ਨੇ ਗੁਰੂ ਜੀ ਨੂੰ ਪਿੰਡ ਵਿਚ ਫੈਲੀ ਹੋਈ ਚਮੜੀ ਦੀ ਬੀਮਾਰੀ ਅਤੇ ਪੋਲੀਓ ਬਾਰੇ ਦੱਸਿਆ ਜਿਹੜੀਆਂ ਇਸ ਪਿੰਡ ਵਾਸਤੇ ਘਾਤਕ ਸਨ । ਗੁਰੂ ਜੀ ਨੇ ਇਹਨਾਂ ਨੂੰ ਸਲਾਹ ਦਿੱਤੀ ਕਿ ਆਪਣੇ ਬੱਚਿਆਂ ਨੂੰ ਨੇਮ ਨਾਲ ਇਸ ਤਲਾਬ ਵਿਚ ਇਸ਼ਨਾਨ ਕਰਾਉ । ਇਸ ਤਰ੍ਹਾਂ ਕਰਨ ਨਾਲ ਬਿਮਾਰੀ ਤੋਂ ਰਾਹਤ ਮਿਲੀ ਅਤੇ ਪਿੰਡ ਦੇ ਲੋਕਾਂ ਨੇ ਗੁਰੂ ਨਾਨਕ ਦੇ ਸਨਮਾਨ ਵਿਚ ਇਕ ਯਾਦਗਾਰ ਸਥਾਪਿਤ ਕਰ ਦਿੱਤੀ । ਹੁਣੇ ਜਿਹੇ ਇਸ ਜਗ੍ਹਾ ਤੇ ਗੁਰਦੁਆਰਾ ਨਾਨਕਸਰ ਦੀ ਇਮਾਰਤ ਬਣਾਈ ਗਈ ਹੈ । ਇਸ ਇਮਾਰਤ ਦਾ ਇਕ ਆਇਤਾਕਾਰ ਹਾਲ ਹੈ ਜਿਸ ਵਿਚ ਇਕ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ ਜਿਸ ਉਤੇ ਚਿੱਟੀਆਂ ਚਮਕੀਲੀਆਂ ਟਾਈਲਾਂ ਲੱਗੀਆਂ ਹੋਈਆਂ ਹਨ । ਪੁਰਾਣੇ ਤਲਾਬ ਨੂੰ ਅੱਜ-ਕੱਲ੍ਹ ਇਕ ਛੋਟੇ ਅੱਠਕੋਣੇ ਸਰੋਵਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਲੋਕ ਅੱਜ ਵੀ ਇਸ ਦੇ ਜਲ ਦੇ ਇਲਾਜ ਵਾਲੇ ਗੁਣ ਵਿਚ ਵਿਸ਼ਵਾਸ ਰਖਦੇ ਹਨ । ਇਸ ਗੁਰਦੁਆਰੇ ਦਾ ਪ੍ਰਬੰਧ ਪਿੰਡ ਦੀ ਸੰਗਤ ਦੁਆਰਾ ਕੀਤਾ ਜਾਂਦਾ ਹੈ ।

ਗੁਰਦੁਆਰਾ ਬੁੰਗਾ ਸਾਹਿਬ : ਗੁਰੂ ਹਰਗੋਬਿੰਦ ਜੀ ਨੂੰ ਸਮਰਪਿਤ ਪਿੰਡ ਦੀ ਫਿਰਨੀ ਦੇ ਪੂਰਬ ਵਲ ਨੂੰ ਪੱਧਰੀ ਛੱਤ ਵਾਲਾ ਇਕ ਆਇਤਾਕਾਰ ਕਮਰਾ ਹੈ । ਇਸ ਦਾ ਪ੍ਰਬੰਧ ਨਿਹੰਗ ਸਿੱਖਾਂ ਦੁਆਰਾ ਕੀਤਾ ਜਾਂਦਾ ਹੈ ।

ਗੁਰਦੁਆਰਾ ਡੇਰਾ ਸਾਹਿਬ ਪਾਤਸ਼ਾਹੀ ਨੌਵੀਂ : ਗੁਰੂ ਤੇਗ਼ ਬਹਾਦਰ ਦੀ ਯਾਦ ਵਿਚ ਬਣਾਇਆ ਗਿਆ ਹੈ ਜੋ ਇਥੇ ਬਾਬਾ ਬਕਾਲਾ ਤੋਂ ਆਏ ਸਨ ਅਤੇ ਇਕ ਪਿੱਪਲ ਦੇ ਦਰਖ਼ਤ ਹੇਠ ਬੈਠੇ ਸਨ । ਇਹ ਪਿੱਪਲ ਅੱਜ ਤਕ ਵੀ ਪ੍ਰਕਾਸ਼ ਅਸਥਾਨ ਦੇ ਪਿਛਲੇ ਪਾਸੇ ਖੜ੍ਹਾ ਹੈ । ਪਿੰਡ ਦੇ ਵਿਚ ਇਹ ਗੁਰਦੁਆਰਾ 1939 ਵਿਚ ਬਣਾਇਆ ਗਿਆ ਸੀ ਅਤੇ ਇਸ ਵਿਚ ਦੋ ਮੰਜਲੀ ਡਿਉੜੀ ਰਾਹੀਂ ਦਾਖਲ ਹੋਈਦਾ ਹੈ । ਅੰਦਰ ਸੰਗਮਰਮਰ ਦੇ ਹਾਲ ਵਿਚ ਇਕ ਵਰਗਾਕਾਰ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ ਅਤੇ ਇਸ ਉੱਪਰ ਇਕ ਛੱਜੇ ਵਾਲਾ ਗੁੰਬਦ ਬਣਿਆ ਹੋਇਆ ਹੈ । ਇਸ ਗੁਰਦੁਆਰੇ ਦੀ ਦੇਖ-ਭਾਲ ਭਿੰਡਰਾਵਾਲੇ ਸੰਤਾਂ ਦਾ ਇਕ ਪੈਰੋਕਾਰ ਕਰਦਾ ਹੈ ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਠਿਆਲਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਠਿਆਲਾ : ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਪਿੰਡ ਹੈ ਜੋ ਅੰਮ੍ਰਿਤਸਰ ਸ਼ਹਿਰ ਤੋਂ ਤਕਰੀਬਨ 40 ਕਿ. ਮੀ. ਤੇ ਬਟਾਲੇ ਤੋਂ ਲਗਭਗ 24 ਕਿ. ਮੀ. ਦੀ ਦੂਰੀ ਉੱਤੇ ਸਥਿਤ ਹੈ । ਕਿਹਾ ਜਾਂਦਾ ਹੈ ਕਿ ਇਸ ਪਿੰਡ ਵਿਚ ਗੁਰੂ ਹਰਿਗੋਬਿੰਦ ਜੀ ਤੇ ਗੁਰੂ ਤੇਗ਼ ਬਹਾਦਰ ਜੀ ਬਿਰਾਜੇ ਸਨ । ਉਨ੍ਹਾਂ ਦੀ ਯਾਦ ਵਿਚ ਇਥੇ ਦੋ ਗੁਰਦੁਆਰੇ ਮੌਜੂਦ ਹਨ । ਇਥੇ ਇਕ ਸਰਕਾਰੀ ਕਾਲਜ ਵੀ ਹੈ ।

              ਇਸ ਪਿੰਡ ਤੋਂ ਜੀਂਦ ਜੀ. ਟੀ. ਰੋਡ ਵੱਲ ਲਗਭਗ 5 ਕਿ. ਮੀ. ਦੂਰ ਇਕ ਇਤਿਹਾਸਕ ਪਿੰਡ ਬਾਬਾ ਬਕਾਲਾ ਹੈ ਜੋ ਬਿਆਸ ਸਟੇਸ਼ਨ ਤੋਂ 14 ਕਿ. ਮੀ. ਦੂਰ ਹੈ । ਇਥੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਵਾਲੇ ਦਿਨ ( ਮਘਰ ਸੁਦੀ 5 ਨੂੰ ) ਅਤੇ ਸਾਵਣ ਸੁਦੀ ਪੂਰਨਮਾਸ਼ੀ ਨੂੰ ਭਾਰੀ ਮੇਲਾ ਲਗਦਾ ਹੈ ।

              ਆਬਾਦੀ – 7 , 020 ( 1981 )


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-04-57-18, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਵਿ. ਕੋ. 3.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.