ਸਤਵਾਰਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਤਵਾਰਾ : ਪੰਜਾਬੀ ਦਾ ਇੱਕ ਪ੍ਰਸਿੱਧ ਕਾਵਿ-ਰੂਪ ਸਤਵਾਰਾ ਹੈ । ਸਤਾਂ ਵਾਰਾਂ/ਦਿਨਾਂ ਦੇ ਨਾਂ ਤੇ ਰਚੀ ਕਵਿਤਾ ਨੂੰ ਸਤਵਾਰਾ ਕਹਿੰਦੇ ਹਨ । ਪੰਜਾਬੀ ਵਿੱਚ ਸਤਵਾਰਾ ਕਾਵਿ ਦੀ ਰਚਨਾ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਕਵਿਤਾ ਦਾ ਹਰ ਬੰਦ ਕ੍ਰਮਵਾਰ ਇੱਕ ਦਿਨ ਦੇ ਨਾਲ ਸ਼ੁਰੂ ਹੁੰਦਾ ਹੈ । ਇਸ ਪ੍ਰਕਾਰ ਹਫ਼ਤੇ ਦੇ ਦਿਨਾਂ ( ਵਾਰਾਂ ) ਨੂੰ ਆਧਾਰ ਬਣਾ ਕੇ ਲਿਖੀ ਕਵਿਤਾ ਸਤਵਾਰਾ ਅਖਵਾਉ਼ਂਦੀ ਹੈ ।

        ਪੰਜਾਬੀ ਦੀਆਂ ਮੌਖਿਕ ਅਤੇ ਲਿਖਤ ਦੋਹਾਂ ਕਾਵਿ- ਪ੍ਰਣਾਲੀਆਂ ਵਿੱਚ ਸਤਵਾਰੇ ਦੀ ਪਰੰਪਰਾ ਬੜੀ ਪੁਰਾਣੀ ਹੈ । ਵਿਕਾਸ ਕ੍ਰਮ ਵਿੱਚ ਸਤਵਾਰਾ ਬਾਰਾਂਮਾਹ ਦਾ ਪੂਰਵਵਰਤੀ ਪ੍ਰਤੀਤ ਹੁੰਦਾ ਹੈ । ਇਸ ਕਾਵਿ-ਰੂਪ ਦੀ ਉਤਪਤੀ ਲੋਕ-ਮਨ ਦੀ ਅਭਿਵਿਅਕਤੀ ਵਿੱਚੋਂ ਹੋਈ । ਹਫ਼ਤੇ ਦੇ ਦਿਨਾਂ ਨਾਲ ਚੰਗੀ ਮਾੜੀ ਭਾਵਨਾ ਜੁੜਨ ਦੀ ਪਰੰਪਰਾ ਵੀ ਪ੍ਰਾਚੀਨ ਹੈ । ਅਰੰਭਲੇ ਪੜਾਅ ਤੇ ਇਹਨਾਂ ਸਤਵਾਰਿਆਂ ਵਿੱਚ ਲੋਕ-ਧਾਰਾਈ ਸਮਗਰੀ ਨੂੰ ਹੀ ਪੇਸ਼ ਕੀਤਾ ਜਾਂਦਾ ਰਿਹਾ ਹੈ । ਇਹਨਾਂ ਵਿੱਚ ਹਫ਼ਤੇ ਦੇ ਵੱਖ-ਵੱਖ ਵਾਰਾਂ ਨਾਲ ਜੁੜੇ ਭਰਮ-ਚਰਿੱਤਰ ਨੂੰ ਬਿਆਨ ਕੀਤਾ ਗਿਆ । ਨਾਲ ਹੀ ਲੋਕ-ਮਨ ਹਫ਼ਤੇ ਦੇ ਦਿਨਾਂ ਵਿੱਚ ਆਧਾਰ ਬਣਾ ਕੇ ਕੁਝ ਰੋਕਾਂ ਵੀ ਲਾਉਂਦਾ ਰਿਹਾ :

ਸੋਮਵਾਰ ਨਾ ਜਾਈਂ ਪਹਾੜ

ਜਿੱਤੀ ਬਾਜ਼ੀ ਆਵੇਂ ਹਾਰ

ਮੰਗਲਵਾਰ ਦੀ ਬੁਰੀ ਦਿਹਾੜ

ਸ਼ੁਰੂ ਕੰਮ ਨਾ ਚੜ੍ਹਦਾ ਪਾਰ ।

ਬੁੱਧਵਾਰ ਨਾ ਉਭੇ ਜਾਈਏ

ਜੇ ਜਾਈਏ ਤਾਂ ਦੁੱਖ ਹੀ ਪਾਈਏ ।

ਵੀਰਵਾਰ ਜੋ ਸਿਰ ਮੁੰਨਾਏ

ਕਾਲ਼ਖ ਆਪਣੇ ਮੱਥੇ ਲਾਏ ।

ਸ਼ੁਕਰ ਜਿਹੜਾ ਖੇਡਣ ਜਾਏ

ਯਾ ਗੋਡਾ ਯਾ ਲੱਤ ਭੰਨਾਏ ।

ਸ਼ਨਿਚਰ ਨੂੰ ਜੋ ਸ਼ਨੀ ਧਿਆਇ

ਸਭ ਬਲਾ ਉਸ ਦੀ ਟਲ ਜਾਇ ।

ਐਤਵਾਰ ਨਾ ਲੰਘੀਂ ਪਾਰ

                      ਮਤੇ ਜਿੱਤਾ ਆਵੇਂ ਹਾਰ ।

        ਸਤਵਾਰਿਆਂ ਨਾਲ ਜੁੜੀ ਸਮਗਰੀ ਜੇ ਇੱਕ ਪਾਸੇ ਸੂਚਨਾਦਾਇਕ ਹੈ ( ‘ ਐਤਵਾਰ ਤਾਂ ਜਾਣੀਏ , ਜੇ ਪੋਚਾ ਫੇਰਨ ਬਾਣੀਏ` ) ਤਾਂ ਦੂਸਰੇ ਪਾਸੇ ਇਹਨਾਂ ਰਾਹੀਂ ਕੰਮ ਵਿੱਚ ਸਫਲਤਾ ਤੇ ਚੜ੍ਹਦੀ ਕਲਾ ਲਈ ਕੀ ਖਾਣਾ ਤੇ ਕੀ ਪਹਿਨਣਾ ਸ਼ੁਭ ਹੈ , ਦਾ ਵੀ ਬਿਆਨ ਬਖ਼ੂਬੀ ਮਿਲਦਾ ਹੈ ਜਿਵੇਂ :

                  ‘ ਬੁੱਧ ਸ਼ਨਿਚਰ ਕੱਪੜਾ ਤੇ ਗਹਿਣਾ ਐਤਵਾਰ । `

                                    ਜਾਂ

                ਮੰਗਲਵਾਰ ਲੋਂਗ , ਬੁੱਧਵਾਰ ਮਿੱਠਾ , ਵੀਰਵਾਰ ਲੱਸੀ , ਸ਼ੁਕਰਵਾਰ ਮੱਖਣ , ਸ਼ਨਿਚਰਵਾਰ ਲੂਣ ਅਤੇ ਐਤਵਾਰ ਪਾਨ ਖਾਣਾ ਕਲਿਆਣਕਾਰੀ ਹੈ ।

        ਲੋਕ ਮਾਨਸਿਕਤਾ ਲੰਮੇ ਅਨੁਭਵ ਵਿੱਚੋਂ ਕੁਝ ਸਿੱਟੇ ਕੱਢਦੀ ਹੈ । ਹਫ਼ਤੇ ਦੇ ਵਾਰਾਂ ਨਾਲ ਵਰਖਾ ਚਿੱਤਰ ਦਾ ਜੁੜ ਜਾਣਾ ਇਸ ਦਾ ਇੱਕ ਪ੍ਰਮਾਣ ਹੈ । ਵਿਗਿਆਨਿਕ ਸਾਧਨਾ ਦੀ ਅਣਹੋਂਦ ਵੇਲੇ ਤੋਂ ਹੀ ਵਰਖਾ ਹੋਣ ਜਾਂ ਨਾ ਹੋਣ , ਉਸ ਦੇ ਚੰਗੇ ਮਾੜੇ ਪ੍ਰਭਾਵ ਹਫ਼ਤੇ ਦੇ ਦਿਨਾਂ ਨਾਲ ਜੋੜੇ ਲੋਕ-ਸਿਆਣਪ ਦਾ ਹਿੱਸਾ ਬਣੇ ਰਹੇ ਹਨ :

ਵੀਰਵਾਰ ਦੀ ਝੜੀ

ਅੰਦਰ ਰਹੋ ਦੜੀ ।

ਸ਼ੁਕਰਵਾਰ ਦੀ ਝੜੀ

ਨਾ ਰਹੇ ਕੋਠਾ ਨਾ ਰਹੇ ਕੜੀ

ਸ਼ਨਿਚਰਵਾਰ ਦਾ ਮੀਂਹ

                      ਬਾਰਸ਼ ਥੋੜ੍ਹੀ ਬਹੁਤਾ ਸੀਂ ।

        ਸਮੇਂ ਨਾਲ ਸਤਵਾਰਾ ਕਾਵਿ-ਰੂਪ ਮਨੌਤਾਂ ਦੇ ਨਾਲ- ਨਾਲ ਬਿਰਹਾ ਦੀਆਂ ਸਾਂਗਾਂ ਅਤੇ ਪ੍ਰੀਤਮ ਨੂੰ ਮਿਲਣ ਦੀਆਂ ਤਾਂਘਾਂ ਦੁਆਲੇ ਕੇਂਦਰਿਤ ਹੁੰਦਾ ਗਿਆ । ਹਫ਼ਤੇ ਦੇ ਹਰ ਦਿਨ ਦੀ ਵੇਦਨਾ ਤੇ ਬਿਰਹਾ ਦੇ ਜੋ ਭਾਵ ਪ੍ਰੇਮਿਕਾ ਦੇ ਦਿਲ ਵਿੱਚ ਉੱਠਦੇ ਰਹੇ ਉਹੀ ਭਾਵ ਵੱਖਰੇ-ਵੱਖਰੇ ਬੰਦ ਵਿੱਚ ਅੰਕਿਤ ਕੀਤੇ ਜਾਣ ਲੱਗ ਪਏ । ਕਰਨੈਲ ਸਿੰਘ ਥਿੰਦ ਅਨੁਸਾਰ :

          ਪ੍ਰੇਮ-ਵੇਦਨਾ ਵਿੱਚ ਮਾਹੀ ਦੀ ਉਡੀਕ ਬੇ-ਸਬਰੀ ਪੈਦਾ ਕਰਦੀ ਹੈ ਤਾਂ ਉਡੀਕਵਾਨ ਆਤਮਾ ਗਿਣ-ਗਿਣ ਕੇ ਦਿਨ ਕਟੀ ਉੱਤੇ ਉਤਰ ਆਉਂਦੀ ਹੈ । ਇਹੀ ਭਾਵਨਾ ਇਸ ਪਿੱਛੇ ਕੰਮ ਕਰਦੀ ਪ੍ਰਤੀਤ ਹੁੰਦੀ ਹੈ ।

        ਮੱਧਕਾਲ ਵਿੱਚ ਸਤਵਾਰੇ ਦਾ ਰੂਪ ਵਧੇਰੇ ਨਿਖਰਿਆ । ਇਹ ਕਾਵਿ-ਰੂਪ ਏਨਾ ਹਰਮਨਪਿਆਰਾ ਹੋ ਗਿਆ ਕਿ ਵਿਸ਼ਿਸ਼ਟ ਕਾਵਿ ਨੇ ਵੀ ਇਸ ਨੂੰ ਅਪਣਾ ਲਿਆ । ਸੰਤ , ਗੁਰਮਤਿ ਅਤੇ ਸੂਫ਼ੀ-ਕਾਵਿ ਵਿੱਚ ਸਤਵਾਰਾ ਆਤਮ- ਪ੍ਰਗਟਾਅ ਦਾ ਮਾਧਿਅਮ ਬਣ ਗਿਆ । ਕਬੀਰ ਜੀ ਨੇ ਗਉੜੀ ਰਾਗ ਵਿੱਚ ਸਤਵਾਰਾ ਲਿਖਿਆ ।

ਗੁਰੂ ਅਮਰਦਾਸ ਨੇ ਵੀ ਵਾਰਸਤ ਨਾਂ ਹੇਠ ਇੱਕ ਸਤਵਾਰਾ ਰਾਗ ਬਿਲਾਵਲ ਵਿੱਚ ਲਿਖਿਆ ਜੋ ਆਦਿ ਗ੍ਰੰਥ ਵਿੱਚ ਸ਼ਾਮਲ ਹੈ :

ਸੋਮਵਾਰਿ ਸਚਿ ਰਹਿਆ ਸਮਾਇ ।

ਤਿਸ ਕੀ ਕੀਮਤ ਕਹੀ ਨਾ ਜਾਇ ।

ਆਖਿ ਆਖਿ ਰਹੇ ਸਭਿ ਲਿਵ ਲਾਇ ।

ਜਿਸ ਦੇਵੈ ਤਿਸੁ ਪਲੈ ਪਾਇ ।

ਅਗਮ ਅਗੋਚਰ ਲਖਿਆ ਨ ਜਾਇ ।

                      ਗੁਰ ਕੈ ਸ਼ਬਦਿ ਹਰਿ ਰਹਿਆ ਸਮਾਇ ।

        ਇਹਨਾਂ ਸਤਵਾਰਿਆਂ ਵਿੱਚ ਹਫ਼ਤੇ ਦੇ ਵਾਰਾਂ ਨਾਲ ਸੰਬੰਧਿਤ ਮਨੌਤਾਂ ਅਤੇ ਮਾੜੇ ਚਰਿੱਤਰ ਦਾ ਖੰਡਨ ਕਰ ਕੇ ਨਵੇਂ ਸੰਕਲਪ ਰੂਪਮਾਨ ਕੀਤੇ ਹਨ । ਕਬੀਰ ਅਤੇ ਗੁਰੂ ਅਮਰਦਾਸ ਨੇ ਆਪਣੇ ਸਤਵਾਰਿਆਂ ਰਾਹੀਂ ਮਨੁੱਖ ਨੂੰ ਵਹਿਮਾਂ-ਭਰਮਾਂ ਤੋਂ ਉੱਪਰ ਉੱਠ ਕੇ ਚੰਗੇ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੱਤੀ ਹੈ ।

        ਸਤਵਾਰੇ ਵਿੱਚ ਕਵੀ ਜਦੋਂ ਸ਼ੁਰੂ ਵਾਲੇ ਵਾਰ ਨੂੰ ਅਖੀਰ ਵਿੱਚ ਦੁਹਰਾ ਕੇ ਬੰਦ ਮੁਕਾਵੇ ਤਾਂ ਉਹ ਕਾਵਿ-ਰੂਪ ਅਠਵਾਰਾ ਬਣ ਜਾਂਦਾ ਹੈ । ਬੁਲ੍ਹੇ-ਸ਼ਾਹ ਨੇ ਵੀ ਅਠਵਾਰਾ ਲਿਖਿਆ ਹੈ ਜਿਸ ਰਾਹੀਂ ਲੋਕ ਸਤਵਾਰਿਆਂ ਦੀ ਪ੍ਰੇਮ- ਪਰੰਪਰਾ ਨੂੰ ਸੂਫ਼ੀ ਰੰਗ ਵਿੱਚ ਸਿਰਜਿਆ ਹੈ :

ਸ਼ਨਿੱਚਰ ਵਾਰ ਉਤਾਵਲੇ ਦੇਖ ਸਜਣ ਦੀ ਸੋ ।

ਅਸਾਂ ਮੁੜ ਘਰਿ ਫੇਰ ਨਾ ਆਵਣਾ , ਜੋ ਹੋਣੀ ਸੋ ਹੋ । ...

ਵਾਹ ਵਾਹ ਸ਼ਨਿੱਚਰ ਵਾਰ ਵਹੀਲੇ ,

ਦੁਖ ਸਜਣ ਦੇ ਮੈਂ ਦਿਲ ਪੀਲੇ ।

ਢੂੰਡਾਂ ਔਝੜ ਜੰਗਲ ਬੇਲੇ , ਅੱਧੜੀ ਰੈਣ ਕਵੱਲੜੇ ਵੇਲੇ ।

                      ਬਿਰਹਾ ਘੇਰੀਆਂ... ।

        ਬਾਰਾਂਮਾਹ ਵਾਂਗ ਸਤਵਾਰੇ ਦੇ ਰਚੇਤਾ ਵੀ ਬਣਤਰ ਅਤੇ ਰੂਪ ਵਿਧਾਨ ਵਿੱਚ ਹਮੇਸ਼ਾਂ ਖੁੱਲ੍ਹ ਲੈਂਦੇ ਰਹੇ ਹਨ । ਹਫ਼ਤੇ ਦੇ ਜਿਸ ਦਿਨ ਤੋਂ ਵੀ ਕਵੀ ਦਾ ਮਨ ਹੋਵੇ ਆਪਣੀ ਰਚਨਾ ਸ਼ੁਰੂ ਕਰ ਸਕਦਾ ਹੈ ਅਤੇ ਦਿਨਾਂ ਦੀ ਗਿਣਤੀ ਅਤੇ ਕ੍ਰਮ ਠੀਕ ਰੱਖਦਿਆਂ ਰਚਨਾ ਸੰਪੂਰਨ ਕਰ ਲੈਂਦਾ ਹੈ । ਵਧੇਰੇਤਰ ਕਵੀਆਂ ਨੇ ਸਤਵਾਰਾ ਜਾਂ ਅਠਵਾਰਾ ਐਤਵਾਰ ਤੋਂ ਲਿਖਣਾ ਸ਼ੁਰੂ ਕੀਤਾ ਹੈ ਪਰ ਮੁਸਲਮਾਨ ਕਵੀ ਇਸ ਨੂੰ ਸ਼ਨਿੱਚਰਵਾਰ ਤੋਂ ਸ਼ੁਰੂ ਕਰਦੇ ਹਨ । ਸਤਵਾਰਾ ਲੋਕ-ਕਾਵਿ ਰੂਪ ਵਜੋਂ ਤਾਂ ਭਾਵੇਂ ਅੱਜ ਵੀ ਗਾਇਆ ਜਾਂਦਾ ਹੈ ਪਰ ਵਿਸ਼ਿਸ਼ਟ ਕਾਵਿ ਦੇ ਨਵੀਨ ਰੂਪਾਂ ਵਿੱਚ ਇਸ ਕਾਵਿ-ਰੂਪ ਨੂੰ ਕੋਈ ਥਾਂ ਨਹੀਂ ।


ਲੇਖਕ : ਕੁਲਦੀਪ ਸਿੰਘ ਧੀਰ, ਡੀ.ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਤਵਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਵਾਰਾ ( ਨਾਂ , ਪੁ ) ਸੱਤ ਵਾਰਾਂ ਨੂੰ ਆਧਾਰ ਬਣਾ ਕੇ ਰਚਿਆ ਜਾਂਦਾ ਇਕ ਕਾਵਿ ਰੂਪ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਤਵਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਵਾਰਾ [ ਨਾਂਪੁ ] ਹਫ਼ਤਾਵਰ , ਸੱਤਾਂ ਦਿਨਾਂ ਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਤਵਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਵਾਰਾ ਸੰਗ੍ਯਾ— ਸੱਤ ਦਿਨ ( ਵਾਰ ) ਦਾ ਸਮਾ. ਹਫ਼ਤਾ. ਸਪ੍ਤਾਹ. Week. ਦੇਖੋ , ਸੱਤਵਾਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2205, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.