ਸਤਿਨਾਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਿਨਾਮ [ ਨਾਂਪੁ ] ਰੱਬ , ਪਰਮਾਤਮਾ , ਖ਼ੁਦਾ , ਵਾਹਿਗੁਰੂ , ਅੱਲਾ , ਪਰਮੇਸ਼ਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1885, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਤਿਨਾਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਿਨਾਮ ਸੰਗ੍ਯਾ— “ ਸਤਿ” ਇਹ ਨਾਮ , ਅਥਵਾ ਸਤ੍ਯ ਹੈ ਨਾਮ. ਅਰਥਾਤ ਤਿੰਨ ਕਾਲ ਵਿੱਚ ਇੱਕ ਰਸ ਹੋਣ ਵਾਲਾ ਪਾਰਬ੍ਰਹਮ. “ ਕਿਰਤਮਨਾਮ ਕਥੇ ਤੇਰੇ ਜਿਹਵਾ , ਸਤਿਨਾਮੁ ਤੇਰਾ ਪਰਾਪੂਰਬਲਾ.” ( ਮਾਰੂ ਸੋਲਹੇ ਮ : ੫ ) “ ਸਤਿਨਾਮੁ ਪ੍ਰਭੁ ਕਾ ਸੁਖਦਾਈ.” ( ਸੁਖਮਨੀ ) “ ਜਪਿ ਮਨਿ , ਸਤਿਨਾਮੁ ਸਦਾ ਸਤਿਨਾਮੁ.” ( ਧਨਾ. ਮ : ੪ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1831, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਤਿਨਾਮੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਿਨਾਮੁ ਸੰਗ੍ਯਾ— “ ਸਤਿ” ਇਹ ਨਾਮ , ਅਥਵਾ ਸਤ੍ਯ ਹੈ ਨਾਮ. ਅਰਥਾਤ ਤਿੰਨ ਕਾਲ ਵਿੱਚ ਇੱਕ ਰਸ ਹੋਣ ਵਾਲਾ ਪਾਰਬ੍ਰਹਮ. “ ਕਿਰਤਮਨਾਮ ਕਥੇ ਤੇਰੇ ਜਿਹਵਾ , ਸਤਿਨਾਮੁ ਤੇਰਾ ਪਰਾਪੂਰਬਲਾ.” ( ਮਾਰੂ ਸੋਲਹੇ ਮ : ੫ ) “ ਸਤਿਨਾਮੁ ਪ੍ਰਭੁ ਕਾ ਸੁਖਦਾਈ.” ( ਸੁਖਮਨੀ ) “ ਜਪਿ ਮਨਿ , ਸਤਿਨਾਮੁ ਸਦਾ ਸਤਿਨਾਮੁ.” ( ਧਨਾ. ਮ : ੪ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਤਿਨਾਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤਿਨਾਮ : ਜਪੁਜੀ ਦੇ ਆਰੰਭ ਵਿਚ ਮੂਲ-ਮੰਤ੍ਰ ਅੰਦਰ ਦਰਜ ਇਹ ਸ਼ਬਦ ਪਰਮ-ਸੱਤਾ ਦੇ ਵਾਚਕ ਵਜੋਂ ਵਰਤਿਆ ਗਿਆ ਹੈ । ਇਹ ‘ ਸਤਿ’ ਅਤੇਨਾਮ ’ ਦਾ ਸੰਯੁਕਤ ਰੂਪ ਹੈ । ਸਤਿ ( ਸੰਸਕ੍ਰਿਤ— ‘ ਸਤੑਯ’ ) ਦਾ ਅਰਥ ਹੈ ਸਦਾ ਵਿਦਮਾਨ ਰਹਿਣ ਵਾਲਾ । ਇਸ ਪਦ ਦਾ ਸਰੂਪ ਕਿਤੇ ਕਿਤੇ ‘ ਸਚ ’ ਵੀ ਹੈ । ਅਰਥ ਦੋਹਾਂ ਦਾ ਇਕੋ ਹੈ । ‘ ਨਾਮ’ ਦਾ ਅਰਥ ਹੈ ਜਿਸ ਸ਼ਬਦ ਰਾਹੀਂ ਕਿਸੇ ਨੂੰ ਸੰਬੋਧਿਤ ਕੀਤਾ ਜਾਏ ।

                      ਮਹਾਨਕੋਸ਼ਕਾਰ ਅਨੁਸਾਰ ‘ ਸਤਿਨਾਮ’ ਦਾ ਅਰਥ ਹੈ ਤਿੰਨ ਕਾਲਾਂ ਵਿਚ ਇਕ-ਰਸ ਹੋਣ ਵਾਲਾ ਪ੍ਰਸਿੱਧ ਪਾਰਬ੍ਰਹਮਜਪੁ ਮੰਤ੍ਰ ਕੇਵਲ ‘ ਸਤਿ’ ਹੈ , ‘ ਨਾਮ’ ਸ਼ਬਦ ਇਦੰਤਾ ਬੋਧਕ ਹੈ , ਜਿਵੇਂ ਹਰਿਨਾਮ , ਰਾਮਨਾਮ ਆਦਿ ਸ਼ਬਦਾਂ ਵਿਚ ਵੇਖਿਆ ਜਾਂਦਾ ਹੈ ।

                      ਵੇਦਾਂਤ ਦੇ ਪ੍ਰਸਿੱਧ ਭਾਸ਼ੑਯਕਾਰ ਸ਼ੰਕਰਾਚਾਰਯ ਨੇ ਪਰਮਾਰਥ ਜਾਂ ਸਤੑਯ ਉਸ ਪਦਾਰਥ ਨੂੰ ਮੰਨਿਆ ਹੈ ਜੋ ਸਾਰੀਆਂ ਅਵਸਥਾਵਾਂ ਵਿਚ ਆਪਣੇ ਸਰੂਪ ਵਿਚ ਸਥਿਰ ਰਹਿੰਦਾ ਹੈ । ਸੰਤ ਕਬੀਰ ਨੇ ਸਦਾ ਸਥਿਰ ਰਹਿਣ ਵਾਲੇ ਪਦਾਰਥ ਨੂੰ ‘ ਸਤਿ’ ਕਿਹਾ ਹੈ ਕਿਉਂਕਿ ਉਤਪੱਤੀ ਅਤੇ ਨਾਸ਼ ਦੇ ਕ੍ਰਮ ਵਿਚ ਪਰਿਵਰਤਿਤ ਹੋਣ ਵਾਲਾ ਪਦਾਰਥ ਅਸਤੑਯ ਹੈ— ਸਾਂਚ ਸੋਈ ਜੋ ਥਿਰਹ ਰਹਾਈ ਉਪਜੈ ਬਿਨਸੈ ਝੂੰਠ ਹ੍ਵੈ ਜਾਈ ( ‘ ਕਬੀਰ ਗ੍ਰੰਥਾਵਲੀ’ 117 ) । ਸਪੱਸ਼ਟ ਹੈ ਕਿ ਸੰਸਾਰ ਨਾਸ਼ਮਾਨ ਹੈ , ਪਰੰਤੂ ਪਰਮ-ਸੱਤਾ ਸਦਾ ਸਥਿਰ ਰਹਿਣ ਵਾਲੀ ਸਤੑਯ-ਸਰੂਪ ਹੈ ।

                      ਗੁਰਬਾਣੀ ਵਿਚ ‘ ਸਤਿ’ ਦੇ ਉਪਰੋਕਤ ਅਰਥਾਂ ਦਾ ਕਈ ਥਾਂਵਾਂ ਉਤੇ ਵਿਸਤਾਰ ਨਾਲ ਚਿਤ੍ਰਣ ਹੋਇਆ ਹੈ । ‘ ਜਪੁਜੀ’ ਦੇ ਪਹਿਲੇ ਸ਼ਲੋਕ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ ਕਿ ਪਰਮਾਤਮਾ ਆਦਿ ਵਿਚ ( ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ) ਸਤੑਯ ਸਰੂਪ ਸੀ , ਯੁਗਾਂ ਦੇ ਆਦਿ ਵੇਲੇ ਸਤੑਯ ਸਰੂਪ ਸੀ , ਵਰਤਮਾਨ ਕਾਲ ਵਿਚ ਸਤੑਯ ਹੈ ਅਤੇ ਭਵਿਸ਼ ਵਿਚ ਵੀ ਸਤੑਯ ਹੀ ਹੋਵੇਗਾ — ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ‘ ਜਪੁਜੀ’ ਦੀ 27ਵੀਂ ਪਉੜੀ ਵਿਚ ਵੀ ਅੰਕਿਤ ਹੈ ਕਿ ਸੱਚਾ ਸਾਹਿਬ ਸਦਾ ਸੱਚਾ ਅਤੇ ਸੱਚੇ ਨਾਮ ਵਾਲਾ ਹੈ । ਉਹੀ ਪਰਮਾਤਮਾ ਵਰਤਮਾਨ ਹੈ , ਉਹੀ ਭੂਤਕਾਲ ਵਿਚ ਸੀ ਅਤੇ ਉਹੀ ਭਵਿਸ਼ ਵਿਚ ਰਹੇਗਾ । ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ , ਉਹ ਨ ਜਾ ਸਕਦਾ ਹੈ , ਨ ਜਾਏਗਾ , ਅਰਥਾਤ ਨਾਸ਼ ਨੂੰ ਪ੍ਰਾਪਤ ਨਹੀਂ ਹੋਵੇਗਾ— ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਜਾਸੀ ਰਚਨਾ ਜਿਨਿ ਰਚਾਈ ( ਗੁ.ਗ੍ਰੰ.9 ) । ਰਾਮਕਲੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਸਤਿ ਚਿਰ-ਨਵੀਨ ਹੈ , ਕਦੇ ਪੁਰਾਣਾ ਨਹੀਂ ਹੁੰਦਾ । ਇਸ ਨਾਲ ਇਕ ਵਾਰ ਸਾਖਿਆਤਕਾਰ ਹੋ ਜਾਣ ਨਾਲ ਫਿਰ ਵਿਛੋੜਾ ਨਹੀਂ ਹੁੰਦਾ । ਉਹ ਤਦ ਤਕ ਪ੍ਰਤੀਤ ਹੁੰਦਾ ਰਹਿੰਦਾ ਹੈ ਜਦ ਤਕ ਉਸ ਨੂੰ ਜਪਿਆ ਜਾਂਦਾ ਹੈ— ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਪਾਟੈ ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ( ਗੁ.ਗ੍ਰੰ.955-56 ) ।

                      ‘ ਸਤਿ’ ਨਾਂ ਦੀ ਮਹਿਮਾ ਦਾ ਵਰਣਨ ਵੇਦਾਂ ਤੋਂ ਆਰੰਭ ਹੋ ਗਿਆ ਸੀ । ‘ ਰਿਗਵੇਦ ’ ( 10/85/1 ) ਵਿਚ ਆਕਾਸ਼ , ਪ੍ਰਿਥਵੀ , ਵਾਯੂ ਆਦਿ ਪੰਜ-ਭੂਤਾਂ ਨੂੰ ਸਤਿ ਤੋਂ ਹੀ ਸਥਿਰ ਮੰਨਿਆ ਗਿਆ ਹੈ । ਸ੍ਰਿਸ਼ਟੀ ਤੋਂ ਪਹਿਲਾਂ ਵੀ ‘ ਸਤਿ’ ਹੀ ਸੀ । ਉਪਨਿਸ਼ਦਾਂ ਵਿਚ ਇਹ ਬ੍ਰਹਮ ਦੇ ਵਾਚਕ ਵਜੋਂ ਵਰਤਿਆ ਮਿਲਦਾ ਹੈ । ਇਹ ਧਾਰਣਾ ਕੇਵਲ ਭਾਰਤੀ ਅਧਿਆਤਮਿਕ ਜਗਤ ਦੀ ਹੀ ਨਹੀਂ , ਅਭਾਰਤੀ ਧਰਮਾਂ ਵਿਚ ਵੀ ਪਰਮਾਤਮਾ ਨੂੰ ਸਚ ( Truth ) ਕਹਿਣ ਦੀ ਪਰੰਪਰਾ ਮੌਜੂਦ ਹੈ ।

                      ਗੁਰਬਾਣੀ ਵਿਚ ‘ ਸਤਿ’ /‘ ਸਚ’ ਨੂੰ ਸਰਵਤ੍ਰ ਪਰਮ-ਸੱਤਾ ਦੇ ਵਾਚਕ ਵਜੋਂ ਅਨੇਕ ਥਾਂਵਾਂ ਉਤੇ ਵਰਤਿਆ ਮਿਲਦਾ ਹੈ । ਗੁਰੂ ਨਾਨਕ ਦੇਵ ਜੀ ਅਨੁਸਾਰ ਸਤਿ ਸਰੂਪ ਪਰਮਾਤਮਾ ਹੀ ਸੱਚਾ ਹੈ , ਉਸ ਤੋਂ ਭਿੰਨ ਹੋਰ ਕੋਈ ਦੂਜਾ ਨਹੀਂ ਹੈ । ਉਸੇ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਅਤੇ ਉਹੀ ਉਸ ਦਾ ਵਿਨਾਸ਼ ਕਰਦਾ ਹੈ— ਸਾਚਾ ਸਚੁ ਸੋਈ ਅਵਰੁ ਕੋਈ ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ( ਗੁ.ਗ੍ਰੰ.1020 ) ।

                      ਗੁਰਮਤਿ ਵਿਚ ਪਰਮਾਤਮਾ ਦੇ ਵਾਚਕ ਇਸ ਸ਼ਬਦ ਦਾ ਮਹੱਤਵ ਇਹ ਵੀ ਹੈ ਕਿ ਇਹ ਨਾਮ ਸਭ ਤੋਂ ਪੁਰਾਤਨ ਹੈ । ਜੀਭ ਰਾਹੀਂ ਕਥਨ ਕੀਤੇ ਜਾਣ ਵਾਲੇ ਬਾਕੀ ਸਾਰੇ ਨਾਮ ਬਨਾਵਟੀ ਹਨ— ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤਿਨਾਮੁ ਤੇਰਾ ਪਰਾ ਪੂਰਬਲਾ ( ਗੁ.ਗ੍ਰੰ.1083 ) । ਜੇ ਸਚਮੁਚ ਪਰਮਾਤਮਾ ਦਾ ਕੋਈ ਨਾਮ ਹੈ ਤਾਂ ਉਹ ਸਤਿ ( ਸਚ ) ਹੀ ਹੈ— ਤੇਰਾ ਸਚੁ ਨਾਮੁ ਪਰਮੇਸਰਾ ( ਗੁ.ਗ੍ਰੰ.1168 ) ।

                      ਸਾਫ਼ ਹੈ ਕਿ ਮੂਲ-ਮੰਤ੍ਰ ਪ੍ਰਤਿਪਾਦਿਤ ਬ੍ਰਹਮ ਦਾ ਸਰੂਪ ਜੇ ਕਰਤਾ-ਪੁਰਖ ਅਤੇ ਸੈਭੰ ਹੈ , ਤਾਂ ਨਿਸਚੇ ਹੀ ਉਹ ‘ ਸਤਿਨਾਮ’ ਵੀ ਹੈ ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਤਿਨਾਮੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਤਿਨਾਮੁ ( ਗੁ. ਸੰ. । ਸੰਸਕ੍ਰਿਤ ਸਤ੍ਯ ਨਾਮਨ ) ੧. ਸਤ ਇਹ ਨਾਮ ਹੈ । ਯਥਾ-‘ ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿਨਾਮੁ ਤੇਰਾ ਪਰਾ ਪੂਰਬਲਾ’ ।

੨. ਸੱਤ੍ਯ ਹੈ ( ਅਰ ) ਨਾਮ ) ਗ੍ਯਾਨ ਸਰੂਪ ਹੈ । ਦੇਖੋ , ‘ ਨਾਮ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਤਿਨਾਮ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਤਿਨਾਮ : ‘ ਸਤਿਨਾਮ’ ਸਿੱਖ ਧਰਮ– ਸਾਧਨਾ ਦਾ ਪਰਿਭਾਸ਼ਕ ਸ਼ਬਦ ਹੈ । ‘ ਸਤਿ’ ਅਤੇ ‘ ਨਾਮ’ ਦੇ ਇਸ ਸੰਯੁਕਤ ਸ਼ਬਦ ਦਾ ਅਰਥ ਭਾਈ ਕਾਨ੍ਹ ਸਿੰਘ ਅਨੁਸਾਰ ਤਿੰਨ ਕਾਲ ਵਿਚ ਇਸ ਰਸ ਹੋਣ ਵਾਲਾ ਪ੍ਰਸਿੱਧ ਪਾਰਬ੍ਰਹਮ ਹੈ । ਜਪ ਮੰਤ੍ਰ ਕੇਵਲ ‘ ਸਤਿ’ ਹੈ , ਨਾਮ ਸ਼ਬਦ ਇਦੰਤਾ ਬੋਧਕ ਹੈ ਜਿਵੇਂ ਹਰਿਨਾਮ , ਰਾਮ– ਨਾਮ ਆਦਿਕ ਸ਼ਬਦਾਂ ਵਿਚ ਵੇਖਿਆ ਜਾਂਦਾ ਹੈ । ਪਰ ਨਾਮ ਦੇ ਇਦੰਤਾ ਬੋਧਕ ਹੋਣ ਦੇ ਕਥਨ ਨਾਲ ਸਹਿਮਤ ਹੋਣਾ ਸਰਲ ਨਹੀਂ ਹੈ । ਭਗਤੀ ਸਾਧਨਾ ਵਿਚ ਨਾਮ ਦਾ ਵਿਸ਼ੇਸ਼ ਮਹੱਤਵ ਹੈ । ‘ ਨਾਮ– ਸਾਧਨਾ’ ਭਗਤੀ ਸਾਧਨਾ ਦਾ ਹੀ ਪ੍ਰਯਾਯ ਹੈ । ਨਾਮ– ਸਾਧਨਾ ਤੋਂ ਬਿਨਾ ਸਿੱਖ ਧਰਮ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ , ਇਸ ਦੇ ਸਿਮਰਨ ਉੱਤੇ ਮੱਧ ਯੁਗ ਦੀਆਂ ਸਾਰੀਆਂ ਧਰਮ ਪਰੰਪਰਾਵਾਂ ਨੇ ਬਲ ਦਿੱਤਾ ਹੈ । ਇਸ ਤਰ੍ਹਾਂ ‘ ਸਤਿ’ ਨਾਲ ‘ ਨਾਮ’ ਸ਼ਬਦ ਦੀ ਵਰਤੋਂ ਅਰਥ– ਪੂਰਣ ਹੈ ਕਿਉਂਕਿ ਸਤਿ ਸਰੂਪ ਦੇ ਨਾਮ– ਸਿਮਰਨ ਉਤੇ ਵੀ ਨਾਲ ਨਾਲ ਬਲ ਦਿੱਤਾ ਗਿਆ ਹੈ । ( ਵਿਸਥਾਰ ਲਈ ਵੇਖੋ ‘ ਨਾਮ ਸਾਧਨਾ’ ) ਵਿਉਪੱਤੀ ਦੀ ਦ੍ਰਿਸ਼ਟੀ ਤੋਂ ਵੀ ‘ ਸਤਿ’ ਸ਼ਬਦ ਦਾ ਅਰਥ ਸਦਾ ਕਾਇਮ ਰਹਿਣ ਵਾਲਾ ਹੈ , ਇਸ ਲਈ ਪਰਮ ਸੱਤਾ ਦਾ ਸੂਚਕ ਵੀ ਬਣ ਗਿਆ ਹੈ ।

                  ਸ਼ੰਕਰਾਚਾਰਯ ਨੇ ਪਰਮਾਰਥ ਜਾਂ ਸਤਿ ਉਸ ਪਦਾਰਥ ਨੂੰ ਮੰਨਿਆ ਹੈ ਜੋ ਸਾਰੀਆਂ ਅਵਸਥਾਵਾਂ ਵਿਚ ਇਕ ਰੂਪ ਰਹਿੰਦਾ ਹੈ । ਕਬੀਰ ਵੀ ਇਸੇ ਧਾਰਨਾ ਦੇ ਹਨ ( ਸਾਂਚ ਸੋਈ ਜੋ ਬਿਰਹ ਰਹਾਈ । ਉਪਜੈ ਬਿਨਸੈ ਝੂਠ ਹਵੈ ਜਾਈ ) । ‘ ਸਤਿ’ ਨੂੰ ਪਰਮਾਤਮਾ ਦੇ ਵਾਚਕ ਸ਼ਬਦ ਵਜੋਂ ਮੰਨਣ ਦੀ ਬੜੀ ਪ੍ਰਾਚੀਨ ਪਰੰਪਰਾ ਹੈ । ਛਾਂਦੋਗੑਯ ਉਪਨਿਸ਼ਦ ( 8/3/4 ) ਅਨੁਸਾਰ ਬ੍ਰਹਮ ਸਤਿ ਹੈ । ਤੈਤਿਰੀਯ ਉਪਨਿਸ਼ਦ ( 2/1/1 ) ਵਿਚ ਸਤਿ ਬ੍ਰਹਮ ਦਾ ਨਾਮਾਂਤਰ ਹੈ । ਇਹੀ ਭਾਵਧਾਰਾ ਭਗਤੀਕਾਲ ਤਕ ਜਾਰੀ ਰਹੀ ਹੈ ।

                  ਗੁਰੂ ਗ੍ਰੰਥ ਸਾਹਿਬ ਦੇ ਮੂਲ ਮੰਤ੍ਰ ਵਿਚ ਪਰਮਾਤਮਾ ਦੇ ਵਾਚਕ ਸ਼ਬਦ ਵਜੋਂ ਇਸ ਦੀ ਵਰਤੋਂ ਹੋਈ ਹੈ । ‘ ਜਪੁਜੀ’ ਦੇ ਪਹਿਲੇ ਸ਼ਲੋਕ ਵਿਚ ਪ੍ਰਭੂ ਨੂੰ “ ਆਦਿ ਸਚੁ ਜੁਗਾਦਿ ਸਚੁ । ਹੈ ਭੀ ਸਚੁ ਨਾਨਕ ਹੋਸੀ ਭੀ ਸਚੁ” ਕਿਹਾ ਗਿਆ ਹੈ । ਗੁਰੂ ਨਾਨਕ ਦੇਵ ਨੇ ਸਪਸ਼ਟ ਕਿਹਾ ਹੈ– ‘ ਤੇਰਾ ਸਚੁ ਨਾਮੁ ਪਰਮੇਸਰਾ’ ( ਆ. ਗ੍ਰੰਥ , 1168 ) । ਗੁਰੂ ਅਰਜਨ ਦੇਵ ਨੇ ਪਰਮਾਤਮਾ ਦੇ ਹੋਰ ਸਾਰੇ ਨਾਂ ਬਨਾਵਟੀ ਦਸ ਕੇ ‘ ਸਤਿਨਾਮ’ ਨੂੰ ਪੁਰਾਤਨ ਮੰਨਿਆ ਹੈ– “ ਕਿਰਤਮ ਨਾਮ ਕਥੇ ਤੇਰੇ ਜਿਹਵਾ । ਸਤਿਨਾਮ ਤੇਰਾ ਪਰਾ ਪੂਰਬਲਾ” । ( ਆ. ਗ੍ਰੰਥ , 1083 ) । ਇਹ ਨਾ ਕਦੇ ਪੁਰਾਣਾ ਹੁੰਦਾ ਹੈ ਨਾ ਹੀ ਸੀਤਾ ਹੋਇਆ ਫਟ ਵੀ ਸਕਦਾ ਹੈ , ਅਰਥਾਤ ਇਹ ਵਿਨਾਸ਼ ਤੋਂ ਪਰੇ ਹੈ ( “ ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ” – ਆ. ਗ੍ਰੰਥ , 955 ) ।

                  [ ਸਹਾ. ਗ੍ਰੰਥ– – ਮ. ਕੋ.; ਡਾ. ਹਰਵੰਸ਼ ਲਾਲ : ‘ ਭਾਰਤੀ ਦਰਸ਼ਨ– ਪਰਪੰਰਾ ਔਰ ਆਦਿ ਗ੍ਰੰਥ’ ( ਹਿੰਦੀ ) ; ਡਾ. ਰਤਨ ਸਿੰਘ ਜੱਗੀ : ‘ ਗੁਰੂ ਨਾਨਕ ਦੀ ਵਿਚਾਰਧਾਰਾ’ ]    


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 67, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.