ਸਨੁਕੜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਨੁਕੜਾ ( ਨਾਂ , ਪੁ ) ਸਣ ਤੋਂ ਕੁਝ ਮੋਟਾ ਅਤੇ ਉੱਚੇ ਕੱਦ ਦੀ ਸੀਖ ਤੋਂ ਰੱਸੇ ਆਦਿ ਵੱਟਣ ਲਈ ਰੇਸ਼ਾ ਪ੍ਰਾਪਤ ਕੀਤਾ ਜਾ ਸਕਣ ਵਾਲਾ ਬੂਟਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 417, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਨੁਕੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਨੁਕੜਾ [ ਨਾਂਪੁ ] ਸਣ ਦੀ ਇੱਕ ਕਿਸਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਨੁਕੜਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਨੁਕੜਾ : ਇਹ ਟਿਲੀਏਸੀ ( Tiliaceae ) ਕੁਲ , ਕਾੱਰਕੋਰਸ ( Corchorus ) ਪ੍ਰਜਾਤੀ ਅਤੇ ਓਲੀਟੋਰੀਅਸ ( Olitorius ) ਜਾਤੀ ਦਾ ਮੈਂਬਰ ਹੈ । ਇਹ ਇਕ-ਵਰਸ਼ੀ ਪੌਦਾ ਹੈ , ਜੋ ਲਗਭਗ 2 ਤੋਂ 5 ਮੀ. ਤਕ ਉੱਚਾ ਹੋ ਜਾਂਦਾ ਹੈ । ਇਸਦਾ ਤਣਾ ਪਧਰਾ ਅਤੇ ਸ਼ਾਖ਼ਾਵਾਂ ਵਾਲਾ ਹੁੰਦਾ ਹੈ । ਇਸ ਦੇ ਪੱਤੇ ਹਲਕੇ ਹਰੇ ਰੰਗ ਦੇ , ਲਗਭਗ 10-15 ਸੈਂ. ਮੀ. ਲੰਬੇ , 5 ਸੈਂ. ਮੀ. ਚੌੜੇ ਅਤੇ ਦੰਦੇਦਾਰ ਕਿਨਾਰਿਆਂ ਵਾਲੇ ਅੰਡਾਕਾਰ ਜਾਂ ਬਰਛਾਨੁਮਾ ਆਕਾਰ ਦੇ ਹੁੰਦੇ ਹਨ । ਸਭ ਤੋਂ ਹੇਠਲੇ ਦੋ ਦੰਦੇ ਲੰਬੇ , ਮੁੜੇ ਹੋਏ ਬ੍ਰਿਸਲਜ਼ ਵਿਚ ਵਧੇ ਹੁੰਦੇ ਹਨ । ਇਨ੍ਹਾਂ ਦੀਆਂ ਸ਼ਿਰਾਂਵਾਂ ਹੇਠਲੀ ਸਤ੍ਹਾ ਤੇ ਅਤੇ ਰੋਮਦਾਰ ਹੁੰਦੀਆਂ ਹਨ । ਇਸਦੇ ਫੁੱਲ ਪੀਲੇ ਰੰਗ ਦੇ , ਇਕੱਲੇ ਇਕੱਲੇ ਜਾਂ ਗੁੱਛਿਆਂ ਵਿਚ ਹੁੰਦੇ ਹਨ । ਇਸ ਪੌਦੇ ਨੂੰ ਫਲੀਆਂ ਲਗਦੀਆਂ ਹਨ । ਇਹ ਫਲੀਆਂ 5-8 ਸੈਂ. ਮੀ. ਲਬੀਆਂ ਤੇ ਵੇਲਣਾਕਾਰ ਹੁੰਦੀਆਂ ਹਨ ।

                  ਸਨੁਕੜੇ ਦੀ ਪੈਦਾਵਾਰ ਲਈ ਜ਼ਮੀਨ ਉਪਜਾਊ ਅਤੇ ਜਲ-ਨਿਕਾਸੀ ਅਤੇ ਜਲਵਾਯੂ ਗਰਮ ਤੇ ਸਿਲ੍ਹਾ ਹੋਣਾ ਚਾਹੀਦਾ ਹੈ । ਬਰਖਾ 8 ਤੋਂ 10 ਸੈਂ. ਮੀ. ਪ੍ਰਤਿ ਮਹੀਨਾ ਚਾਹੀਦੀ ਹੈ । ਇਸਦੀ ਬੀਜਾਈ ਮਾਰਚ ਤੋਂ ਜੂਨ ਤਕ ਕੀਤੀ ਜਾਂਦੀ ਹੈ ਅਤੇ ਕਟਾਈ ਜੁਲਾਈ ਤੋਂ ਅਕਤੂਬਰ ਦੇ ਅੱਧ ਤਕ ਹੁੰਦੀ ਹੈ । ਇਸ ਦੇ ਤਣੇ ਕੱਟ ਕੇ ਛੱਪੜਾਂ ਜਾਂ ਨਹਿਰਾਂ ਦੇ ਪਾਣੀ ਵਿਚ ਦੱਬ ਦਿਤੇ ਜਾਂਦੇ ਹਨ । ਇਨ੍ਹਾਂ ਨੂੰ ਇਸ ਤਰ੍ਹਾਂ 10 ਤੋਂ 30 ਦਿਨਾਂ ਤਕ ਪਾਣੀ ਵਿਚ ਰਖਿਆ ਜਾਂਦਾ ਹੈ । ਇਸ ਸਮੇਂ ਵਿਚ ਬੈਕਟੀਰੀਆ ਰੇਸ਼ਿਆਂ ਦੇ ਦੁਆਲੇ ਦੇ ਟਿਸ਼ੂਆਂ ਨੂੰ ਖ਼ਤਮ ਕਰ ਦਿੰਦੇ ਹਨ ।

                  ਜਦੋਂ ਰੇਸ਼ੇ ਛਿੱਲਣ ਯੋਗ ਹੋ ਜਾਂਦੇ ਹਨ ਤਾਂ ਇਨ੍ਹਾਂ ਤਣਿਆਂ ਨੂੰ ਪਾਣੀ ਦੇ ਕਿਨਾਰੇ ਤੇ ਲਿਆਇਆ ਜਾਂਦਾ ਹੈ । ਰੇਸ਼ੇ ਵੱਖ ਕਰਨ ਲਈ ਇਨ੍ਹਾਂ ਦੇ ਛੋਟੇ ਛੋਟੇ ਗੁੱਛੇ ਬਣਾ ਕੇ ਜੜ੍ਹਾਂ ਵੱਲੋਂ ਮੋਗਰੀ ਨਾਲ ਕੁੱਟਦੇ ਹਨ । ਫਿਰ ਇਨ੍ਹਾਂ ਨੂੰ ਤੋੜ ਕੇ ਝਟਕਿਆਂ ਨਾਲ ਰੇਸ਼ਿਆਂ ਤੋਂ ਵਖਰਾ ਕਰ ਦਿੱਤਾ ਜਾਂਦਾ ਹੈ । ਅੰਤ ਵਿਚ ਰੇਸ਼ਿਆਂ ਨੂੰ ਪਾਣੀ ਨਾਲ ਧੋਣ ਮਗਰੋਂ ਨਿਚੋੜ ਕੇ ਸੁੱਕਣੇ ਪਾ ਦਿਤਾ ਜਾਂਦਾ ਹੈ । ਇਹ ਰੇਸ਼ੇ ਇਕ ਦੂਜੇ ਨੂੰ ਢਕਦੇ ਹੋਏ ਸੈੱਲਾਂ ਦੀ ਇਕ ਲੜੀ ਦੇ ਬਣੇ ਹੁੰਦੇ ਹਨ । ਹਰ ਸੈੱਲ ਦਾ ਵਿਆਸ 2 ਤੋਂ 20 ਮਾਈਕ੍ਰਾੱਨ ਤਕ ਹੁੰਦਾ ਹੈ । ਜਿਹੜੇ ਰੇਸ਼ੇ ਤਣੇ ਦੁਆਲੇ , ਛਿਲਕੇ ਦੇ ਨੇੜੇ ਹੁੰਦੇ ਹਨ ਉਹ ਤਣੇ ਦੀ ਪੂਰੀ ਲੰਬਾਈ ਤਕ ਜਾਂਦੇ ਹਨ ਪਰ ਬਾਕੀ ਦੇ ਹੌਲੀ ਹੌਲੀ ਛੋਟੇ ਹੁੰਦੇ ਜਾਂਦੇ ਹਨ । ਦੇਖਣ ਵਿਚ ਤਾਂ ਇਹ ਰੇਸ਼ੇ ਸਮਾਂਤਰ ਨਜ਼ਰ ਆਉਂਦੇ ਹਨ , ਪਰ ਸੂਖ਼ਮ ਤੌਰ ਤੇ ਨਿਰੀਖਣ ਕੀਤਿਆਂ ਪਤਾ ਲਗਦਾ ਹੈ ਕਿ ਇਨ੍ਹਾਂ ਦਾ ਇਕ ਜਾਲ ਜਿਹਾ ਬਣਿਆ ਹੋਇਆ ਹੈ ।  

                  ਸਨੁਕੜੇ ਦੇ ਪੱਤੇ , ਜੜ੍ਹਾਂ ਅਤੇ ਕੱਚੀਆਂ ਫਲੀਆਂ ਦਵਾਈਆਂ ਵਿਚ ਵੀ ਵਰਤੀਆਂ ਜਾਂਦੀਆਂ ਹਨ । ਸੁੱਕੀਆਂ ਜੜ੍ਹਾਂ ਤੇ ਕੱਚੀਆਂ ਫਲੀਆਂ ਦਾ ਕਾੜ੍ਹਾ ਹੈਜ਼ੇ ਵਿਚ ਗੁਣਕਾਰੀ ਹੁੰਦਾ ਹੈ । ਇਸ ਦੀਆਂ ਫਲੀਆਂ ਤੋਂ ਬਣਾਈ ਮੱਲ੍ਹਮ ਫੋੜਿਆਂ ਤੇ ਲਾਉਣ ਦੇ ਕੰਮ ਆਉਂਦੀ ਹੈ । ਇਸਦੇ ਪੱਤੇ ਹਾਜ਼ਮੇ ਲਈ ਜੁਲਾਬ ਵਜੋਂ ਅਤੇ ਖ਼ੂਨ ਦੇ ਪ੍ਰਵਾਹ ਨੂੰ ਰੋਕਣ ਲਈ ਵੀ ਵਰਤੇ ਜਾਂਦੇ ਹਨ । ਇਹ ਕਿਰਮਨਾਸ਼ਕ ਤੇ ਬਲਵਰਧਕ ਹੁੰਦੇ ਹਨ ।

                  ਹ. ਪੁ.– – ਮੈ. ਪ. ਇੰ. ਪਾ : 90.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 30, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.