ਸਾਹਿਬ ਚੰਦ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹਿਬ ਚੰਦ : ਪੰਜਾਬ ਦੇ ਜ਼ਿਲਾ ਫ਼ਰੀਦਕੋਟ ਵਿਚ ਗਿੱਦੜਬਾਹਾ ਤੋਂ ਉੱਤਰ-ਪੂਰਬ ਵੱਲ 11 ਕਿਲੋਮੀਟਰ ਉੱਤੇ ਇਕ ਪਿੰਡ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ( 1666-1708 ) ਨੇ ਚਰਨ ਪਾਏ ਸਨ । ਇਸ ਇਲਾਕੇ ਵਿਚ ਦੀ ਲੰਘਦੇ ਗੁਰੂ ਜੀ ਇਸ ਪਿੰਡ ਵਿਚ ਜਿਥੇ ਕੁਝ ਦੇਰ ਠਹਿਰੇ ਸਨ , ਉਥੇ ਹੀ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਣਿਆ ਹੋਇਆ ਹੈ । ਇਹ ਇਤਿਹਾਸਿਕ ਗੁਰਦੁਆਰਾ ਪਿੰਡ ਦੇ ਉੱਤਰ ਪੱਛਮ ਵੱਲ ਇਕ ਸਰੋਵਰ ਦੇ ਕਿਨਾਰੇ ਹੈ । 1960 ਵਿਚ ਉਸਾਰੀ ਗਈ ਵਰਤਮਾਨ ਇਮਾਰਤ ਵਿਚ ਇਕ ਚਾਰ ਮੀਟਰ ਵਰਗਾਕਾਰ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸਥਾਨ ਹੈ ਅਤੇ ਇਸਦੇ ਸਾਮ੍ਹਣੇ ਇਕ ਹਾਲ ਹੈ । ਹਾਲ ਦੇ ਤਿੰਨ ਪਾਸੇ ਬਰਾਂਡਾ ਹੈ । ਇਸ ਗੁਰਦੁਆਰੇ ਦੇ ਨਾਂ ਕੁਝ ਜ਼ਰਾਇਤੀ ਜ਼ਮੀਨ ਹੈ , ਅਤੇ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਦੇਖ ਰੇਖ ਅਧੀਨ , ਸਥਾਨਿਕ ਕਮੇਟੀ ਕਰਦੀ ਹੈ ।


ਲੇਖਕ : ਮ.ਗ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 590, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਾਹਿਬ ਚੰਦ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹਿਬ ਚੰਦ ( ਅ.ਚ. 1700 ) : ਗੁਰੂ ਗੋਬਿੰਦ ਸਿੰਘ ਜੀ ( 1666-1708 ) ਦਾ ਇਕ ਮਹਾਨ ਯੋਧਾ ਸੀ । ਇਸ ਨੇ ਭੰਗਾਣੀ ਦੇ ਯੁੱਧ ਵਿਚ ਭਾਗ ਲਿਆ ਅਤੇ ਇਸ ਬਾਰੇ ਗੁਰੂ ਜੀ ਨੇ ਆਪਣੀ ਜੀਵਨ ਕਥਾ ਬਚਿਤ੍ਰ ਨਾਟਕ ਵਿਚ ਇਸ ਦੀ ਸੂਰਮਤਾਈ ਦਾ ਵਿਸ਼ੇਸ਼ ਵਰਨਨ ਕੀਤਾ ਹੈ । ਸਾਹਿਬ ਚੰਦ ਨੇ ਸ਼ਾਹੀ ਫ਼ੌਜਾਂ ਅਤੇ ਪਹਾੜੀ ਰਾਜਿਆਂ ਨਾਲ ਹੋਈਆਂ ਮੁੱਠਭੇੜਾਂ , ਤੇ ਲੜਾਈਆਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ 1700 ਈ. ਵਿਚ ਨਿਰਮੋਹਗੜ੍ਹ ਦੀ ਲੜਾਈ ਵਿਚ ਸ਼ਹੀਦ ਹੋ ਗਿਆ । ਸਮਕਾਲੀ ਕਵੀ ਸੈਨਾਪਤਿ ਨੇ ਆਪਣੀ ਪ੍ਰਸਿੱਧ ਰਚਨਾ ਸ੍ਰੀ ਗੁਰ ਸੋਭਾ ਵਿਚ ਵੀ ਇਸ ਦਾ ਇਸ ਲੜਾਈ ਵਿਚ ਸ਼ਹੀਦ ਹੋਣ ਦਾ ਜ਼ਿਕਰ ਕੀਤਾ ਹੈ ।


ਲੇਖਕ : ਪ.ਸ.ਪ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਾਹਿਬ ਚੰਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਾਹਿਬ ਚੰਦ : ਇਹ ਮਹਾਨ ਯੋਧਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਪ੍ਰੇਮੀ ਸਿੱਖ ਸੀ । ਇਹ ਆਨੰਦਪੁਰ ਦੇ ਯੁੱਧ ਵਿਚ ਸ਼ਹੀਦ ਹੋਇਆ । ਗੁਰੂ ਸਾਹਿਬ ਦੀ ਆਗਿਆ ਨਾਲ ਇਸ ਦਾ ਅੰਤਿਮ ਸੰਸਕਾਰ ਨਿਰਮੋਹਗੜ੍ਹ ਵਿਖੇ ਕੀਤਾ ਗਿਆ । ਇਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੈਨਾਪਤਿ ਦੀ ਲਿਖੀ ਪੁਸਤਕ ‘ ਗੁਰੁ ਸੋਭਾ’ ਵਿਚ ਮਿਲਦਾ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 34, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-03-38-21, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ.: 178; ਗੁਰੁ ਸੋਭਾ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.