ਲਾਗ–ਇਨ/ਨਵਾਂ ਖਾਤਾ |
+
-
 
ਸਿਮਰਨ

ਸਿਮਰਨ: ਭਗਤੀ ਸਾਧਨਾ ਦੀ ਇਹ ਇਕ ਵਿਧੀ ਹੈ। ਇਹ ਪਦ ਸੰਸਕ੍ਰਿਤ ਦੇ ‘ਸੑਮਰਣ’ ਸ਼ਬਦ ਦਾ ਤਦਭਵ ਰੂਪ ਹੈ। ਇਸ਼ਟ-ਦੇਵ ਦੇ ਨਾਮ (ਜਾਂ ਗੁਣ) ਨੂੰ ਮਨ ਦੀ ਇਕਾਗ੍ਰ ਬਿਰਤੀ ਨਾਲ ਯਾਦ ਕਰਨਾ ਹੀ ਸਿਮਰਨ ਦਾ ਪ੍ਰਕਾਰਜ ਹੈ। ਇਸ ਨੂੰ ਨਾਮ-ਸਾਧਨਾ ਦੀ ਵਿਧੀ ਵੀ ਕਿਹਾ ਜਾ ਸਕਦਾ ਹੈ। ਇਸ ਨੂੰ ਜਪ/ਜਾਪ ਦਾ ਨਾਂ ਵੀ ਦਿੱਤਾ ਜਾਂਦਾ ਹੈ ਕਿਉਂਕਿ ਇਸ ਵਿਚ ਨਾਮ ਨੂੰ ਬਾਰ ਬਾਰ ਜਪਿਆ ਜਾਂਦਾ ਹੈ। ਨਾਮ ਦੇ ਸਿਮਰਨ ਵਿਚ ਸਾਧਕ ਇਤਨਾ ਮਗਨ ਹੋ ਜਾਂਦਾ ਹੈ ਕਿ ਉਹ ਸੰਸਾਰਿਕ ਕੰਮ-ਕਾਰ ਕਰਦਾ ਹੋਇਆ ਵੀ ਸਿਮਰਨ ਕਰੀ ਜਾਂਦਾ ਹੈ।

            ਭਾਰਤ ਵਿਚ ਸਿਮਰਨ ਦੀ ਲਿੰਬੀ ਪਰੰਪਰਾ ਹੈ। ਵੈਦਿਕ ਸਾਹਿਤ ਤੋਂ ਲੈ ਕੇ ਪੌਰਾਣਿਕ ਸਾਹਿਤ ਤਕ ਇਸ ਦਾ ਵਿਸਤਾਰ ਹੈ। ‘ਨਾਰਦ-ਭਕੑਤਿ-ਸੂਤ੍ਰ’ (82) ਵਿਚ ਇਸ ਨੂੰ ਸੑਮਰਣ-ਆਸਕਤੀ ਦਸਿਆ ਗਿਆ ਹੈ। ‘ਭਾਗਵਤ- ਪੁਰਾਣ ’ (7/5/23-24) ਵਿਚ ਨਵਧਾ-ਭਗਤੀ ਵਿਚ ਸਿਮਰਨ ਨੂੰ ਤੀਜਾ ਸਥਾਨ ਦਿੱਤਾ ਗਿਆ ਹੈ। ਇਸਲਾਮ ਵਿਚ ਸਿਮਰਨ ਨੂੰ ‘ਜ਼ਿਕ੍ਰ’ ਕਿਹਾ ਗਿਆ ਹੈ। ਇਹ ਦੋ ਤਰ੍ਹਾਂ ਦਾ ਹੈ— ਇਕ ਜੱਲੀ ਅਤੇ ਦੂਜਾ ਖ਼ਫ਼ੀ। ਇਨ੍ਹਾਂ ਵਿਚੋਂ ‘ਜੱਲੀ’ ਵਾਚਿਕ ਹੈ ਅਤੇ ‘ਖ਼ੱਫ਼ੀ’ ਕਾਇਕ ਅਤੇ ਮਾਨਸਿਕ ਦੋਹਾਂ ਤਰ੍ਹਾਂ ਦਾ ਹੈ।

            ਸਿਮਰਨ ਦੇ ਸਾਧਨਾ-ਗਤ ਰੂਪ ਦਾ ਜੋ ਨਿਖਾਰ ਨਿਰਗੁਣਪੰਥੀ ਸੰਤਾਂ ਦੁਆਰਾ ਹੋਇਆ ਹੈ, ਉਸ ਤਰ੍ਹਾਂ ਦਾ ਕਿਸੇ ਹੋਰ ਸੰਪ੍ਰਦਾਇ ਵਿਚ ਨਹੀਂ ਹੋਇਆ। ਅਸਲ ਵਿਚ, ਨਾਮ-ਸਾਧਨਾ ਨਿਰਗੁਣ ਪੰਥੀਆਂ ਲਈ ਇਕ ਅਜਿਹੀ ਪ੍ਰੇਮ-ਸਾਧਨਾ ਹੈ ਜੋ ਕਦੇ ਵਿਅਰਥ ਜਾਂ ਨਿਸ਼ਫਲ ਨਹੀਂ ਜਾਂਦੀ। ਇਹ ਇਕ ਅੰਦਰਲੀ ਬਿਰਤੀ ਹੈ ਜੋ ਸਾਧਕ ਨੂੰ ਇਸ਼ਟ-ਦੇਵ ਵਲ ਪ੍ਰਵ੍ਰਿਤ ਕਰਦੀ ਹੈ। ਸੰਤਾਂ ਵਿਚ ਆਮ ਤੌਰ ’ਤੇ ਸਿਮਰਨ ਤਿੰਨ ਤਰ੍ਹਾਂ ਦਾ ਮੰਨਿਆ ਜਾਂਦਾ ਹੈ— ਸਾਧਾਰਣ-ਜਪ, ਅਜਪਾ-ਜਪ ਅਤੇ ਲਿਵ-ਜਪ। ਇਸ ਪ੍ਰਕ੍ਰਿਆ ਨੂੰ ਵਿਸਤਾਰ ਲਈ ਵੇਖੋ ‘ਜਪ/ਜਾਪ’। ਇਨ੍ਹਾਂ ਤਿੰਨਾਂ ਜਪਾਂ ਵਿਚ ‘ਲਿਵ ਜਪ ’ ਨੂੰ ਸ੍ਰੇਸ਼ਠ ਮੰਨਿਆ ਗਿਆ ਹੈ।

            ਗੁਰਬਾਣੀ ਵਿਚ ਸਿਮਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ। ਗੁਰਮਤਿ-ਸਾਧਨਾ ਵਿਚ ਸਿਮਰਨ ਰੀੜ੍ਹ ਦੀ ਹੱਡੀ ਦੀ ਭੂਮਿਕਾ ਨਿਭਾਉਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ’ ਨਾਂ ਦੀ ਬਾਣੀ ਵਿਚ ਸਿਮਰਨ ਦੀ ਵਿਸਤਾਰ ਸਹਿਤ ਚਰਚਾ ਕੀਤੀ ਹੈ। ਇਸ ਤੋਂ ਪ੍ਰਾਪਤ ਹੋਣ ਵਾਲੇ ਫਲਾਂ ਵਲ ਵੀ ਸੰਕੇਤ ਕੀਤਾ ਹੈ। ਮੋਟੇ ਤੌਰ’ਤੇ ਉਨ੍ਹਾਂ ਨੇ ਦਸਿਆ ਹੈ ਕਿ —ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਕਲਿ ਕਲੇਸ ਤਨ ਮਾਹਿ ਮਿਟਾਵਉ ਗੁਰੂ ਨਾਨਕ ਦੇਵ ਜੀ ਨੇ ‘ਸਿਧ-ਗੋਸਟਿ’ ਵਿਚ ਸਿਮਰਨ ਦੀ ਸਥਾਪਨਾ ਸ਼ਬਦ- ਸਾਧਨਾ ਰਾਹੀਂ ਕੀਤੀ ਹੈ। ‘ਜਪੁਜੀ ’ ਦੇ ਅੰਤ’ਤੇ ਤਾਂ ਇਥੋਂ ਤਕ ਕਿਹਾ ਹੈ ਕਿ ਨਾਮ-ਸਿਮਰਨ ਵਾਲਾ ਸਾਧਕ ਆਪ ਹੀ ਨਹੀਂ ਸੁਧਰਦਾ, ਸਗੋਂ ਉਸ ਦੇ ਸੰਪਰਕ ਵਿਚ ਆਉਣ ਵਾਲੇ ਅਨੇਕਾਂ ਲੋਗ ਭਵ-ਬੰਧਨ ਤੋਂ ਖ਼ਲਾਸ ਹੋ ਜਾਂਦੇ ਹਨ— ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ਗੁਰੂ ਅਰਜਨ ਦੇਵ ਜੀ ਨੇ ‘ਗੂਜਰੀ ਕੀ ਵਾਰ ’ ਵਿਚ ਸਪੱਸ਼ਟ ਕੀਤਾ ਹੈ — ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਡਿਠਮੁ ਕੋਈ (ਗੁ.ਗ੍ਰੰ.520)।

            ਗੁਰਬਾਣੀ ਵਿਚ ਸਿਮਰਨ ਤੋਂ ਵਿਹੂਣੇ ਵਿਅਕਤੀ ਦੇ ਆਚਰਣ ਨੂੰ ਬਹੁਤ ਹੀਣਾ ਸਮਝਿਆ ਗਿਆ ਹੈ। ਇਸ ਸੰਬੰਧ ਵਿਚ ਅਨੇਕ ਥਾਂਵਾਂ ਉਤੇ ਭਾਵਨਾਵਾਂ ਦਾ ਪ੍ਰਗਟਾਵਾ ਹੋਇਆ ਹੈ। ਇਥੋਂ ਤਕ ਕਿਹਾ ਗਿਆ ਹੈ ਕਿ ਜਿਸ ਮੁਖ ਵਿਚ ਨਾਮ ਦਾ ਸਿਮਰਨ ਨਹੀਂ ਹੁੰਦਾ ਅਤੇ ਬਿਨਾ ਨਾਮ ਉਚਾਰੇ ਜੋ ਅਨੇਕ ਤਰ੍ਹਾਂ ਦੇ ਭੋਜਨ ਦਾ ਸੇਵਨ ਕਰਦਾ ਹੈ, ਉਸ ਦੇ ਮੁਖ ਵਿਚ ਥੁੱਕਾਂ ਪੈਂਦੀਆਂ ਹਨ— ਜਿਤੁ ਮੁਖਿ ਨਾਮੁ ਊਚਰਹਿ ਬਿਨੁ ਨਾਵੈ ਰਸ ਖਾਹਿ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ (ਗੁ.ਗ੍ਰੰ.473)। ਗੁਰੂ ਅਰਜਨ ਦੇਵ ਜੀ ਨੇ ਵੀ ਬਿਨਾ ਸਿਮਰਨ ਮਨੁੱਖ ਦਾ ਜੀਵਨ ਸਰਪ ਵਰਗਾ ਦਸਿਆ ਹੈ ਜੋ ਸਦਾ ਵਿਸ਼ ਦਾ ਪ੍ਰਸਾਰ ਕਰਦਾ ਰਹਿੰਦਾ ਹੈ। ਅਜਿਹੇ ਆਚਰਣ ਵਾਲੇ ਵਿਅਕਤੀ ਲਈ ਹਾਰ ਹੀ ਹਾਰ ਹੈ— ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ (ਗੁ.ਗ੍ਰੰ. 712)। ਇਕ ਹੋਰ ਥਾਂ’ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ— ਬਿਨੁ ਸਿਮਰਨ ਹੈ ਆਤਮ ਘਾਤੀ ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ (ਗੁ.ਗ੍ਰੰ. 239)।

            ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਵੀ ਕਿਹਾ ਹੈ ਕਿ ਨਾਮ ਨੂੰ ਵੱਡੇ ਤੋਂ ਵੱਡੇ ਸੁਖ ਦੇ ਪ੍ਰਾਪਤ ਹੋਣ’ਤੇ ਵੀ ਭੁਲਾਉਣਾ ਨਹੀਂ ਚਾਹੀਦਾ। ਇਸ ਗੱਲ ਨੂੰ ਮੋਤੀ ਮੰਦਰ ਊਸਰਹਿ ਰਤਨੀ ਹੋਹਿ ਜੜਾਉ (ਗੁ.ਗ੍ਰੰ.14) ਵਾਲੇ ਸ਼ਬਦ ਦੁਆਰਾ ਚੰਗੀ ਤਰ੍ਹਾਂ ਪ੍ਰਗਟਾਇਆ ਗਿਆ ਹੈ।

            ਨਾਮ ਦਾ ਸਿਮਰਨ ਗੁਰਮਤਿ ਵਿਚ ਪਰਮ- ਆਵੱਸ਼ਕ ਹੈ। ਸੰਖੇਪ ਵਿਚ ਕਿਹਾ ਜਾਏ ਤਾਂ ਗੁਰਮਤਿ-ਸਾਧਨਾ ਹੈ ਹੀ ਨਾਮ-ਸਾਧਨਾ ਜਾਂ ਨਾਮ-ਸਿਮਰਨ। ਨਾਮ-ਸਿਮਰਨ ਲਈ ਤਾਕੀਦ ਕਰਦਿਆਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਹੈ— ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ (ਗੁ.ਗ੍ਰੰ.1352)।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1685,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/9/2015 12:00:00 AM
ਹਵਾਲੇ/ਟਿੱਪਣੀਆਂ: noreference

ਸਿਮਰਨ

ਸਿਮਰਨ (ਸੰ.। ਦੇਖੋ , ਸਿਮਰਿ) ਯਾਦ। ਯਥਾ-‘ਬਿਨੁ ਸਿਮਰਨ ਜੋ ਜੀਵਨੁ ਬਲਨਾ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1685,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਿਮਰਨੁ

ਸਿਮਰਨੁ. ਦੇਖੋ, ਸਿਮਰਣ. “ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ.” (ਸੁਖਮਨੀ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1697,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਿਮਰਨ

ਸਿਮਰਨ. ਦੇਖੋ, ਸਿਮਰਣ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1818,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਿਮਰਨ

ਸਿਮਰਨ [ਨਾਂਪੁ] ਯਾਦ ਕਰਨ ਦਾ ਭਾਵ; ਨਾਮ , ਜਾਪ; ਮਾਲ਼ਾ ਦਾ ਪਾਠ ਕਰਨ ਦਾ ਭਾਵ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2001,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ