ਲਾਗ–ਇਨ/ਨਵਾਂ ਖਾਤਾ |
+
-
 
ਸਿੱਖ ਧਰਮ

ਸਿੱਖ ਧਰਮ: ਵੇਖੋ ‘ਪੰਥ ’।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1975,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/7/2015 12:00:00 AM
ਹਵਾਲੇ/ਟਿੱਪਣੀਆਂ: noreference

ਸਿੱਖ ਧਰਮ

ਸਿੱਖ ਧਰਮ : ਦੁਨੀਆਂ ਦੇ ਪ੍ਰਮੁਖ ਧਰਮਾਂ ਵਿਚੋਂ ਸਭ ਤੋਂ ਛੋਟੀ ਉਮਰ ਦਾ ਧਰਮ ਹੈ ਅਤੇ ਇਸ ਦੇ ਮੂਲ ਸਿਧਾਂਤਾਂ ਅਨੁਸਾਰ ਪੂਰੇ ਤੌਰ ਤੇ ਇਕੇਸ਼ਵਰਵਾਦੀ ਧਰਮ ਹੈ। ਇਸ ਦਾ ਜਨਮ ਪੰਜਾਬ ਵਿਚ ਗੁਰੂ ਨਾਨਕ (1469-1539) ਦੇ ਇਲਹਾਮ (ਅਗੰਮੀ ਗਿਆਨ) ਨਾਲ ਹੋਇਆ। ਭਾਵੇਂ ਸ਼ਬਦਾਵਲੀ ਪੱਖੋਂ ਅਤੇ ਕੁਝ ਇਕ ਦਾਰਸ਼ਨਿਕ ਧਾਰਨਾਵਾਂ ਦੇ ਪੱਖੋਂ ਬਾਕੀ ਭਾਰਤ ਵਿਚ ਪੈਦਾ ਹੋਏ ਧਰਮਾਂ ਅਤੇ ਇਸਲਾਮ ਦੇ ਇਹ ਕਾਫੀ ਨੇੜੇ ਹੈ ਪਰੰਤੂ ਆਪਣੇ ਪ੍ਰਮੁਖ ਸਿਧਾਂਤਾਂ ਦੇ ਪੱਖੋਂ ਇਹ ਇਕ ਨਿਵੇਕਲਾ ਅਤੇ ਸੁਤੰਤਰ ਧਰਮ ਹੈ। ਸਿੱਖ ਧਰਮ ਦੇ ਨਿਵੇਕਲੇਪਨ ਦਾ ਸਪਸ਼ਟ ਰੂਪ ਅਰੰਭ ਤੋਂ ਹੀ ਗੁਰੂ ਨਾਨਕ ਬਾਣੀ ਵਿਚ ਪ੍ਰਗਟ ਹੋਇਆ ਹੈ। ਬਾਣੀ ਕੋਈ ਤਰਤੀਬਵਾਰ ਤਿਆਰ ਕੀਤਾ ਹੋਇਆ ਨਿਬੰਧ ਨਹੀਂ , ਸਗੋਂ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰੂ ਨਾਨਕ ਦੀ ਬਾਣੀ ਵਿਚ ਇਹ ਨਿਵੇਕਲਾਪਨ ਵੱਖ-ਵੱਖ ਥਾਵਾਂ ਤੇ ਉਪਲਬਧ ਹੈ ਅਤੇ ਇਸੇ ਵਿਚਾਰ ਨੂੰ ਬਾਕੀ ਨੌਂ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਅਤੇ ਰਚਨਾਵਾਂ ਭਾਵ ਬਾਣੀ ਰਾਹੀਂ ਉਜਾਗਰ ਕੀਤਾ ਗਿਆ ਹੈ, ਅਤੇ ਸੋਲ੍ਹਵੀਂ ਸਦੀ ਦੇ ਅਖੀਰ ਤਥਾ ਸਤਾਰ੍ਹਵੀਂ ਸਦੀ ਦੇ ਅਰੰਭ ਦੇ ਸਿੱਖ ਵਿਦਵਾਨਾਂ ਦੀਆਂ ਵਿਆਖਿਆਤਮਿਕ ਰਚਨਾਵਾਂ ਵਿਚ ਇਸਦਾ ਵਰਨਨ ਉਪਲਬਧ ਹੈ। ਸਿੱਖ ਧਰਮ ਇਕ ਦਾਰਸ਼ਨਿਕ ਪੱਧਤੀ ਹੀ ਨਹੀਂ ਹੈ ਇਸਦਾ ਆਪਣਾ ਇਕ ਵੱਖਰਾ ਜੀਵਨ ਢੰਗ ਅਤੇ ਸਭਿਆਚਾਰਿਕ ਜੀਵਨ ਸ਼ੈਲੀ ਹੈ ਜੋ ਸ਼ਬਦ ‘ਸਿੱਖ ਪੰਥ` ਤੋਂ ਪ੍ਰਗਟ ਹੁੰਦੀ ਹੈ।

    ਵਿਓਤਪੱਤੀ ਪਖੋਂ ਸਿੱਖ ਸ਼ਬਦ ਸੰਸਕ੍ਰਿਤ ਸ਼ਿਸ਼ਯ ਤੋਂ ਨਿਕਲਿਆ ਹੈ ਜੋ ‘ਸ਼ਿਸ` ਜਾਂ ਸ਼ਾਸ` ਤੋਂ ਬਣਿਆ ਹੈ ਜਿਸਦਾ ਅਰਥ ਹੈ ਠੀਕ, ਸ਼ੁੱਧ , ਠੀਕ ਕਰਨਾ, ਗਿਆਨ ਪ੍ਰਦਾਨ ਕਰਨਾ, ਅਤੇ ਆਦੇਸ਼ ਦੇਣਾ। ਪਾਲੀ ਭਾਸ਼ਾ ਵਿਚ ਸ਼ਿਸ਼ਯ (ਇਕ ਵਿਦਿਆਰਥੀ, ਵਿਦਵਾਨ, ਅਤੇ ਅਨੁਯਾਈ) ਸਿੱਸ ਅਤੇ ਪਿਛੋਂ ਜਾ ਕੇ ‘ਸੇਖ` ਜਾਂ ਸੇੱਖਾ ਬਣ ਗਿਆ ਜਿਸਦਾ ਅਰਥ ਹੈ ਵਿਦਿਆਰਥੀ ਜਾਂ ਧਾਰਮਿਕ ਸਿਧਾਂਤਾਂ ਵਿਚ ਸਿਖਾਂਦਰੂ (ਸੰਸਕ੍ਰਿਤ ਸ਼ਿਕਸ਼ਾ ਅਤੇ ਪਾਲੀ ਵਿਚ ਸਿੱਖਾ)। ਪੰਜਾਬੀ ਵਿਚ ਇਹ ਸ਼ਬਦ ਸਿੱਖ ਹੈ ਜੋ ਹੁਣ ਸੰਸਾਰ ਪੱਧਰ ਤੇ ਗੁਰੂ ਨਾਨਕ ਦੇਵ ਜੀ ਦੇ ਅਤੇ ਉਹਨਾਂ ਦੇ ਨੌ ਗੱਦੀਨਸ਼ੀਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਦੇ ਅਨੁਯਾਈਆਂ ਵਜੋਂ ਜਾਣੇ ਜਾਂਦੇ ਹਨ। ਇਸ ਤਰ੍ਹਾਂ ਇਹਨਾਂ ਦੇ ਮੰਨਣ ਵਾਲੇ ਧਰਮ ਨੂੰ ‘ਸਿੱਖ ਧਰਮ` ਕਿਹਾ ਜਾਂਦਾ ਹੈ। ਸਿੱਖ ਸੰਸਾਰ ਵਿਚ ਹਰ ਥਾਂ ਫ਼ੈਲੇ ਹੋਏ ਹਨ ਅਤੇ ਇਹ ਵਿਸ਼ੇਸ਼ ਕਰਕੇ ਉੱਤਰੀ ਭਾਰਤ ਵਿਚ ਕਾਫ਼ੀ ਗਿਣਤੀ ਵਿਚ ਵੱਸੇ ਹੋਏ ਹਨ। 1991 ਦੀ ਜਨ ਗਣਨਾ ਅਨੁਸਾਰ ਭਾਰਤ ਵਿਚ ਸਿੱਖਾਂ ਦੀ ਕੁੱਲ ਗਿਣਤੀ ਇਕ ਕਰੋੜ ਸੱਤਰ ਲੱਖ ਹੈ ਜਿਸ ਵਿਚੋਂ 85 ਪ੍ਰਤੀਸ਼ਤ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਰਹਿੰਦੇ ਹਨ ਜਿਹੜਾ 1966 ਤਕ ਇਕ ਹੀ ਸੂਬਾ ਸੀ ਜਿਸ ਨੂੰ ਪੰਜਾਬ ਕਹਿੰਦੇ ਸਨ। ਪੰਜਾਬ ਦੇ ਮੌਜੂਦਾ ਰਾਜ ਅੰਦਰ ਜਿਸ ਵਿਚ ਇਹ ਇਕ ਕਰੋੜ ਵੀਹ ਲੱਖ ਹਨ ਇਹ 62.95 ਪ੍ਰਤੀਸ਼ਤ ਦੀ ਗਿਣਤੀ ਵਿਚ ਮੌਜੂਦ ਹਨ।

    ਸਿੱਖ ਧਰਮ ਵਿਚ ਸਭ ਤੋਂ ਪਹਿਲੀ ਤਾਰੀਖ਼ 1469 ਉਹ ਸਾਲ ਹੈ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਉਹਨਾਂ ਦੇ ਪਰੰਪਰਾਗਤ ਜੀਵਨ ਬਿਰਤਾਂਤ ਜਨਮ ਸਾਖੀਆਂ ਮੁਤਾਬਿਕ, ਗੁਰੂ ਜੀ ਬਚਪਨ ਤੋਂ ਹੀ ਚਿੰਤਨਸ਼ੀਲ ਸਨ ਅਤੇ ਵੱਖ-ਵੱਖ ਫਿਰਕਿਆਂ ਦੇ ਸਾਧੂ ਸੰਤਾਂ ਦੀ ਸੰਗਤ ਕਰਨੀ ਪਸੰਦ ਕਰਦੇ ਸਨ। ਪੰਦਰ੍ਹਵੀਂ ਸਦੀ ਦੇ ਅੰਤ ਵਿਚ ਜਦੋਂ ਇਹਨਾਂ ਨੂੰ ਪਰਮਾਤਮਾ ਦੀ ਰਹਸਾਤਮਿਕ ਅਨੁਭੂਤੀ ਹੋਈ ਤਾਂ ਉਸ ਵੇਲੇ ਤਕ ਆਪ ਜੀ ਦੀ ਸ਼ਾਦੀ ਹੋ ਚੁੱਕੀ ਸੀ ਅਤੇ ਦੋ ਪੁੱਤਰਾਂ ਨੇ ਆਪ ਜੀ ਦੇ ਘਰ ਜਨਮ ਲਿਆ ਹੋਇਆ ਸੀ। ਇਸ ਪਰਮਾਤਮਾ ਨੂੰ ਆਪ ਨਿਰੰਕਾਰ ਕਹਿੰਦੇ ਸਨ। ਇਸ ਪਿੱਛੋਂ ਇਹਨਾਂ ਨੂੰ ਜਿਸ ‘ਸ਼ਬਦ` ਦਾ ਗਿਆਨ ਹੋਇਆ ਸੀ ਉਸ ਦਾ ਪ੍ਰਚਾਰ ਕਰਨ ਲਈ ਇਹ ਦੂਰ ਦੁਰਾਡੇ ਦੇਸਾਂ ਵਿਚ ਗਏ।

    ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਇਕ ਹੈ ਅਤੇ ਇਕ ਹੀ ਪਰਮ ਸੱਚ ਹੈ। ਪਰਮਾਤਮਾ ਇਸ ਦੁਨੀਆਂ ਦਾ ਰਚਨਹਾਰ, ਸੰਭਾਲਣ ਵਾਲਾ, ਖ਼ਤਮ ਕਰਨ ਵਾਲਾ ਅਤੇ ਮਾਦਾ (ਪਦਾਰਥ) ਦੀ ਹੋਂਦ ਨੂੰ ਮੁੜ ਪੈਦਾ ਕਰਨ ਵਾਲਾ ਹੈ ਪਰੰਤੂ ਪਰਮਾਤਮਾ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ; ਉਹ ਅਜੂਨੀ ਹੈ ਅਤੇ ਉਸ ਦੀ ਹੋਂਦ ਆਪਣੇ ਆਪ ਤੋਂ ਹੀ ਹੈ ਭਾਵ ਉਹ ਸੈਭੰ ਹੈ। ਦਰਅਸਲ ਰਚਨਹਾਰ ਆਪਣੀ ਰਚਨਾ ਤੋਂ ਵੱਖ ਨਹੀਂ ਹੈ ਸਗੋਂ ਇਸ ਨਾਲ ਇਕ-ਮਿਕ ਹੈ। ਸਾਰੀ ਮਾਦਾ ਹੋਂਦ ਉਸ ਪਰਮਾਤਮਾ ਤੋਂ ਪੈਦਾ ਹੁੰਦੀ ਹੈ ਅਤੇ ਉਸੇ ਦਾ ਪ੍ਰਗਟਾਵਾ ਹੈ। ਇਸ ਦੀ ਦਿਸਣ ਵਾਲੀ ਭਿੰਨਤਾ ਦਾ ਇਹ ਅਰਥ ਨਹੀਂ ਕਿ ਉਹ ਇਕ ਸੰਪੂਰਨਤਾ ਨਹੀਂ ਹੈ। ਪਰਮਾਤਮਾ ਸਰਬੋਤਮ ਸੱਚ ਦੇ ਰੂਪ ਵਿਚ ਆਪਣੀ ਰਚਨਾ ਵਿਚ ਬਿਰਾਜਮਾਨ ਹੈ ਪਰੰਤੂ ਇਸ ਰਾਹੀਂ ਸੀਮਾਬੱਧ ਨਹੀਂ; ਪਰਮਾਤਮਾ ਇਸ ਤੋਂ ਪਰ੍ਹਾਂ ਵੀ ਹੈ; ਉਹ ਅਕਾਲ ਅਤੇ ਅਸੀਮ ਹੈ ਅਤੇ ਸਮੇਂ ਅਤੇ ਸਥਾਨ ਤੋਂ ਵੀ ਅੱਗੇ ਹੈ।

    ਸਿੱਖ ਧਰਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਰਬੋਤਮ ਸੱਚ ਪਰਮਾਤਮਾ ਦਾ ਸੰਕਲਪ ਕ੍ਰਿਆਸ਼ੀਲ ਅਤੇ ਜੀਵੰਤ ਹੀ ਨਹੀਂ ਹੈ ਸਗੋਂ ਕਈ ਅਨੇਕਤਾਵਾਂ ਜਿਵੇਂ ਨਿਰਗੁਣ ਅਤੇ ਸਰਗੁਣ, ਸਰਬਵਿਆਪਕਤਾ ਅਤੇ ਅਗੋਚਰਤਾ ਉਸ ਵਿਚ ਹੀ ਸਮਾਈਆਂ ਹੋਈਆਂ ਹਨ। ਉਹ ਪਰਮਾਤਮਾ ਨਿਰਗੁਣ ਭਾਵ ਗੁਣਾਂ ਤੋਂ ਪਰੇ ਹੈ ਪਰ ਫਿਰ ਵੀ ਉਹ ਸਰਗੁਣ ਭਾਵ ਗੁਣਾਂ ਨਾਲ ਭਰਪੂਰ ਵੀ ਹੈ ਕਿਉਂਕਿ ਪ੍ਰਗਟ ਰੂਪ ਵਿਚ ਇਹ ਸਾਰੇ ਗੁਣ ਉਸ ਪਰਮਾਤਮਾ ਦੇ ਹੀ ਹਨ। ਨਾਲ ਹੀ ਨਾਲ ਪਰਮਾਤਮਾ ਅੰਤਿਮ ਸੱਚਾਈ ਦੇ ਰੂਪ ਵਿਚ ਆਪਣੇ ਆਪ ਨੂੰ ਕਿਸੇ ਖਾਸ ਮੂਰਤ ਰੂਪ ਵਿਚ ਸੀਮਿਤ ਨਹੀਂ ਕਰਦਾ। ਸਿੱਖ ਧਰਮ ਸਾਫ਼ ਤੌਰ ਤੇ ਅਵਤਾਰਵਾਦ ਅਤੇ ਮੂਰਤੀ ਪੂਜਾ ਦਾ ਖੰਡਨ ਕਰਦਾ ਹੈ।

    ਗੁਰੂ ਸਾਹਿਬਾਨਾਂ ਲਈ ਪਰਮਾਤਮਾ ਇਕ ਸੁਸਪਸ਼ਟ ਹੋਂਦ ਸੀ। ਉਹ ਪਰਮਾਤਮਾ ਦੇ ਪ੍ਰੇਮ ਵਿਚ ਇਤਨੇ ਭਿੱਜੇ ਹੋਏ ਸਨ ਕਿ ਉਹ ਇਸ ਗੱਲ ਦੀ ਕਲਪਨਾ ਤਕ ਨਹੀਂ ਕਰਦੇ ਕਿ ਪਰਮਾਤਮਾ ਦੀ ਹੋਂਦ ਬਾਰੇ ਕੋਈ ਸ਼ਕ ਹੋ ਸਕਦਾ ਹੈ ਪਰ ਇਹ ਵੀ ਸੱਚਾਈ ਹੈ ਕਿ ਮਨੁੱਖ ਸਮੁੱਚੀ ਹੋਂਦ ਦਾ ਇਕ ਕਿਣਕਾ ਮਾਤਰ ਹੋਣ ਕਰਕੇ ਸਮੁੱਚੇ ਸੱਚ ਨੂੰ ਜਾਣਨ ਦੇ ਸਮਰੱਥ ਨਹੀਂ ਹੈ। ਸਮੁੱਚੇ ਸੱਚ ਦੇ ਰੂਪ ਵਿਚ ਪਰਮ ਤੱਤ ਨੂੰ ਜਾਣਿਆ ਨਹੀਂ ਜਾ ਸਕਦਾ। ਅੰਮ੍ਰਿਤ ਵੇਲੇ ਦੀ ਨਿਤਨੇਮ ਦੀਆਂ ਬਾਣੀਆਂ ਵਿਚੋਂ ਇਕ ਲੰਮੀ ਬਾਣੀ ‘ਜਪੁ` ਵਿਚ ਗੁਰੂ ਨਾਨਕ ਦੇਵ ਕਹਿੰਦੇ ਹਨ: ‘ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ`।(ਗੁ.ਗ੍ਰੰ. 2) ਇਕ ਹੋਰ ਜਗ੍ਹਾ ਤੇ ਗੁਰੂ ਜੀ ਇਕ ਕਾਵਿਕ ਬਿੰਬ ਦੀ ਵਰਤੋਂ ਕਰਦੇ ਹੋਏ ਦਸਦੇ ਹਨ, “ਤੂ ਦਰੀਆਉ ਦਾਨਾ ਬੀਨਾ ਮੈਂ ਮਛੁਲੀ ਕੈਸੇ ਅੰਤੁ ਲਹਾ ।” (ਗੁ.ਗ੍ਰੰ.25)। ਫਿਰ ਵੀ ਵਿਅਕਤੀ ਪਰਮਾਤਮਾ ਰੂਪੀ ਅਸੀਮ ਰੋਸ਼ਨੀ ਦੀ ਇਕ ਛੋਟੀ ਜਿਹੀ ਕਿਰਨ ਹੈ ਜਿਹੜੀ ਹਮੇਸ਼ਾ ਲਈ ਇਸ ਸ੍ਰੋਤ ਨਾਲ ਜੁੜੀ ਹੋਈ ਹੈ ਅਤੇ ਇਸ ਤਰ੍ਹਾਂ ਭਾਵੇਂ ਅਸਪਸ਼ਟ ਰੂਪ ਵਿਚ ਹੀ ਸਹੀ ਇਹ ਉਸ ਦੀ ਹੋਂਦ ਨੂੰ ਮਹਿਸੂਸ ਕਰ ਸਕਦੀ ਹੈ ਅਤੇ ਜਾਣ ਸਕਦੀ ਹੈ। ਗੁਰੂ ਸਾਹਿਬਾਨ ਅਕਸਰ ਪਰਮਾਤਮਾ ਅਤੇ ਮਨੁੱਖ ਦੇ ਸੰਬੰਧ ਨੂੰ ਦਰਸਾਉਣ ਲਈ ਸੂਰਜ ਅਤੇ ਕਿਰਨ ਦੇ ਬਿੰਬ ਦੀ ਵਰਤੋਂ ਕਰਦੇ ਹਨ। ਗੁਰੂ ਜੀ ਆਤਮਾ ਨੂੰ ਇਕ ਕਿਰਨ ਦੇ ਤੌਰ ਤੇ ਪਰਵਾਨ ਕਰਦੇ ਹਨ ਜਿਸ ਰਾਹੀਂ ਪਰਮਾਤਮਾ ਜੀਵਾਂ ਵਿਚ ਵਿਅਕਤੀਗਤ ਰੂਪ ਵਿਚ ਵੱਸਦਾ ਹੈ। ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨ ਲਈ ਆਤਮਾ ਨੂੰ ਸੁਚੇਤ ਅਤੇ ਗਿਆਨਵਾਨ ਹੋਣਾ ਪਏਗਾ; ਇਹ ਗੁਰੂ ਦੀ ਅਗਵਾਈ ਵਿਚ ਨਿੱਜੀ ਯਤਨ ਨਾਲ ਸੰਭਵ ਹੈ ਪਰੰਤੂ ਇਸ ਤੋਂ ਇਲਾਵਾ ਇਹ ਪਰਮਾਤਮਾ ਦੀ ਮਿਹਰ ਨਦਰ ਜਾਂ ਕਰਮ(ਬਖ਼ਸ਼ਸ਼) ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਮਾਤਮਾ ਨੂੰ ਜਾਣਨਾ ਅਤੇ ਪਰਮਾਤਮਾ ਨਾਲ ਮੇਲ ਹੋਣਾ ਇਕ ਹੀ ਗੱਲ ਹੈ; ਉਸ ਨਾਲ ਇਕ-ਮਿਕ ਹੋਣਾ, ਵਿਅਕਤੀਗਤ ਆਤਮਾ ਨੂੰ ਪਰਮਾਤਮਾ ਵਿਚ ਅਭੇਦ ਕਰ ਲੈਣਾ , ਪਰਮਾਤਮਾ ਨੂੰ ਪਾਉਣਾ ਇਕ ਅਧਿਆਤਮਿਕ ਅਨੁਭਵ ਹੈ। ਇਹ ਰੱਬੀ ਇਲਹਾਮ ਹੈ ਜਿਹੜਾ ਅਨੁਭਵ ਅਤੇ ਦੈਵੀ ਬਖਸ਼ਸ਼ ਦੁਆਰਾ ਪ੍ਰਾਪਤ ਹੁੰਦਾ ਹੈ। ਕਿਸੇ ਕਿਸਮ ਦਾ ਤਰਕ-ਵਿਤਰਕ ਇਥੇ ਸਫ਼ਲ ਨਹੀਂ ਹੁੰਦਾ। ਕਿਉਂਕਿ ਕਿਸੇ ਇਕ ਵਿਚਾਰ ਦੇ ਵਿਰੁੱਧ ਹੋਰ ਤਰਕ ਪੇਸ਼ ਕੀਤਾ ਜਾ ਸਕਦਾ ਹੈ ਜਿਸਦਾ ਕੋਈ ਅੰਤ ਨਹੀਂ ਹੈ। ਇਸ ਲਈ ਸਾਧਕ ਲਈ ਜ਼ਰੂਰੀ ਹੈ ਕਿ ਉਹ ਨਿਮਰਤਾ ਨਾਲ ਅਰਦਾਸ ਕਰੇ ਅਤੇ ਸ਼ਰਧਾ ਨਾਲ ਉਸ ਪਰਮਾਤਮਾ ਦਾ ਸਿਮਰਨ ਕਰੇ ਜਾਂ ਸ਼ਬਦ ਦਾ ਧਿਆਨ ਧਰੇ। ਇਸ ਕਿਸਮ ਦੇ ਕਿਸੇ ਵੀ ਯਤਨ ਲਈ ਸਿੱਖ ਧਰਮ ਤਪੱਸਿਆ ਜਾਂ ਸੰਸਾਰ ਤਿਆਗ ਦੀ ਤਜਵੀਜ਼ ਨਹੀਂ ਕਰਦਾ। ਇਹ ਵਿਅਕਤੀ ਨੂੰ ਘਰਬਾਰੀ ਰਹਿੰਦਿਆਂ ਹੋਇਆਂ ਨਿਮਰਤਾ, ਅਰਦਾਸ, ਸ਼ਰਧਾ ਅਤੇ ਸਿਮਰਨ ਦਾ ਅਭਿਆਸ ਕਰਨ ਉਤੇ ਜ਼ੋਰ ਦਿੰਦਾ ਹੈ। ਸ੍ਰਿਸ਼ਟੀ ਨੂੰ ਝੂਠਾ ਸਮਝ ਕੇ ਤਿਆਗਣ ਦਾ ਅਰਥ ਪਰਮਾਤਮਾ ਦੇ ਕੀਤੇ ਕਾਰਜ ਨੂੰ ਝੁਠਲਾਉਣਾ ਹੈ।

    ਸਮੇਂ ਅਤੇ ਸਥਾਨ ਵਿਚ ਪੈਦਾ ਕੀਤੀ ਇਹ ਦੁਨੀਆਂ ਪਰਮਾਤਮਾ ਦੀ ਰਚਨਾ ਹੈ। ਇਹ ਸੰਸਾਰ ਅਸਲੀ ਹੈ ਸੱਚਾ ਹੈ ਕਿਉਂਕਿ ਉਹ ਪਰਮਾਤਮਾ ਆਪ ਸਤਿ ਹੈ। ਇਸ ਸਬੰਧ ਵਿਚ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ‘ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥` (ਗੁ.ਗ੍ਰੰ.294)। ਸਿੱਖ ਧਰਮ ਵਿਚ ਕਿਉਂ, ਕਦੋਂ ਅਤੇ ਕਿਵੇਂ ਸੰਸਾਰ ਹੋਂਦ ਵਿਚ ਆਇਆ ਨੂੰ ਤਰਕ ਦਾ ਵਿਸ਼ਾ ਨਹੀਂ ਬਣਾਇਆ ਗਿਆ ਅਤੇ ਨਾ ਹੀ ਤਰਕ ਵਿਤਰਕ ਨੂੰ ਇਤਿਹਾਸਿਕ ਅਤੇ ਵਿਗਿਆਨਿਕ ਖੋਜ ਦਾ ਵਿਸ਼ਾ ਬਣਾਇਆ ਗਿਆ ਹੈ। ਪਰਮਾਤਮਾ ਸੰਸਾਰ ਦੀ ਰਚਨਾ ਕਰਦਾ ਹੈ ਜਦੋਂ ਉਸਦੇ ਮਨ ਵਿਚ ਇਸ ਦੀ ਰਚਨਾ ਕਰਨ ਦੀ ਇੱਛਾ ਹੁੰਦੀ ਹੈ ਅਤੇ ਜਦੋਂ ਉਹ ਚਾਹੁੰਦਾ ਹੈ ਇਸਦਾ ਅੰਤ ਕਰ ਦਿੰਦਾ ਹੈ। ਗੁਰੂ ਅਰਜਨ ਦੇਵ ਜੀ ਅਗੇ ਫਿਰ ਦਸਦੇ ਹਨ ਕਰਤੇ ਕੀ ਮਿਤਿ ਨਾ ਜਾਨੈ ਕੀਆ॥ ਨਾਨਕ ਜੋ ਤਿਸੁ ਭਾਵੈ ਸੋ ਵਰਤੀਆ॥(ਗੁ.ਗ੍ਰੰ.285)। ਅਗੇ ਹੋਰ ਹੈ: ‘ਆਪਨ ਖੇਲੁ ਆਪਿ ਕਰਿ ਦੇਖੈ॥ ਖੇਲੁ ਸੰਕੋਚੈ ਤਉ ਨਾਨਕ ਏਕੈ॥(ਗੁ.ਗ੍ਰੰ. 292)। ਪਰਮਾਤਮਾ ਦੇ ਇਸ ਤਰ੍ਹਾਂ ਸੰਸਾਰ ਰਚਨ ਅਤੇ ਫਿਰ ਸਮੇਟ ਕੇ ਆਪਣੇ ਵਿਚ ਸਮੋ ਲੈਣ ਨੂੰ ਗੁਰੂ ਗੋਬਿੰਦ ਸਿੰਘ ਜੀ ਉਦਕਰਖ (ਸੰਸਕ੍ਰਿਤ ਉਤਕਰਸ਼ਣ) ਅਤੇ ਆਕਰਖ (ਸੰਸਕ੍ਰਿਤ ਆਕਰਸ਼ਨ) ਸ਼ਬਦਾਂ ਦੀ ਵਰਤੋਂ ਕਰਦੇ ਹਨ। ਗੁਰੂ ਜੀ ਫੁਰਮਾਉਂਦੇ ਹਨ ਕਿ ਜਦੋਂ ਪਰਮਾਤਮਾ ਨੇ ਚਾਹਿਆ ਤਾਂ ‘ਉਦਕਰਖ` ਰਾਹੀਂ ਸੰਸਾਰ ਦੀ ਰਚਨਾ ਕਰ ਦਿਤੀ ਅਤੇ ਜਦੋਂ ਉਸਨੇ ਚਾਹਿਆ ਤਾਂ ‘ਆਕਰਖ` ਰਾਹੀਂ ਸਾਰੀ ਰਚਨਾ ਉਸੇ ਪਰਮਾਤਮਾ ਵਿਚ ਸਮਾ ਗਈ (ਬੇਨਤੀ ਚਉਪਈ)। ਸੰਸਾਰ ਕਦੋਂ ਪੈਦਾ ਹੋਇਆ ਬਾਰੇ ਗੁਰੂ ਜੀ ਕਹਿੰਦੇ ਹਨ, ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥(ਗੁ.ਗ੍ਰੰ. 4)। ਇਕ ਹੋਰ ਜਗ੍ਹਾ ਗੁਰੂ ਨਾਨਕ ਦੇਵ ਜੀ ਮਾਰੂ ਸੋਲਹਿਆਂ ਵਿਚ ਸੰਸਾਰ ਰਚਨਾ ਤੋਂ ਪੂਰਵ ਦੀ ਸਥਿਤੀ ਦਾ ਬਿਆਨ ਕਰਦੇ ਹੋਏ ਦਸਦੇ ਹਨ:

    ਅਰਬਦ ਨਰਬਦ ਧੁੰਧੂਕਾਰਾ। ਧਰਣਿ ਨ ਗਗਨਾ ਹੁਕਮੁ ਅਪਾਰਾ॥

    ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥1॥

    ਖਾਣੀ ਨ ਬਾਣੀ ਪਉਣ ਨ ਪਾਣੀ ।ਓਪਤਿ ਖਪਤਿ ਨ ਆਵਣ ਜਾਣੀ॥

    ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨ ਨੀਰੁ ਵਹਾਇਦਾ॥ ......

    ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ...॥

    ਅੰਤ ਵਿਚ ਗੁਰੂ ਜੀ ਕਹਿੰਦੇ ਹਨ,

    ਤਾ ਕਾ ਅੰਤੁ ਨ ਜਾਣੈ ਕੋਈ॥ ਪੁਰੇ ਗੁਰ ਤੇ ਸੋਝੀ ਹੋਈ॥

      ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ (ਗੁ.ਗ੍ਰੰ. 1035-36)

    ਪਰਮਾਤਮਾ ਦੁਆਰਾ ਰਚਿਆ ਹੋਇਆ ਇਹ ਸੰਸਾਰ ਮਾਇਆ ਨਹੀਂ ਹੈ। ਇਹ ਕੇਵਲ ਸੱਚਾ ਹੀ ਨਹੀਂ ਹੈ ਸਗੋਂ ਇਹ ਪਵਿੱਤਰ ਵੀ ਹੈ ਕਿਉਂਕਿ ਗੁਰੂ ਅੰਗਦ ਦੇਵ ਜੀ ਦੇ ਸ਼ਬਦਾਂ ਵਿਚ ਇਹ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥(ਗੁ.ਗ੍ਰੰ.463)।

    ਤੀਸਰੇ ਗੁਰੂ, ਗੁਰੂ ਅਮਰ ਦਾਸ ਜੀ ਇਸ ਸੰਸਾਰ ਨੂੰ ਪਰਮਾਤਮਾ ਨਾਲ ਇਕ-ਮਿਕ ਦਸਦੇ ਹਨ, ‘ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥(ਗੁ.ਗ੍ਰੰ.922)। ਇਕ ਹੋਰ ਜਗ੍ਹਾ ਤੇ ਇਸ ਸੰਸਾਰ ਨੂੰ ਝੂਠਾ, ਧੋਖਾ , ਸੁਪਨਾ ਜਾਂ ਪਾਣੀ ਦਾ ਬੁਲਬੁਲਾ ਬਿਆਨਿਆ ਗਿਆ ਹੈ। ਇਸ ਦਿਸਦੇ ਵਿਰੋਧਾਭਾਸ ਨੂੰ ਸਤਿ (ਸੁੱਚਾ) ਅਤੇ ਅਸਤਿ (ਝੂਠਾ) ਨੂੰ ਦੋਹਰੇ ਅਰਥਾਂ ਵਿਚ ਪੇਸ਼ ਕਰਕੇ ਦੂਰ ਕੀਤਾ ਗਿਆ ਹੈ। ਸਤ ਦਾ ਅਰਥ ਸੱਚਾ, ਅਸਲੀ, ਵਾਸਤਵ, ਜਿਸਦੀ ਪੁਸ਼ਟੀ ਹੋ ਸਕੇ , ਅਸਲ ਜੋ ਅਸਤਿ, ਜਾਂ ਕਾਲਪਨਿਕ ਨਾ ਹੋਵੇ; ਇਸਦਾ ਅਰਥ ਨਿਰੰਤਰ, ਯਕੀਨਨ, ਸਪਸ਼ਟ, ਪੱਕਾ , ਜੋ ਅਬਦਲ ਹੋਵੇ ਵੀ ਕੀਤਾ ਗਿਆ ਹੈ। ਮਾਦਾ ਜਾਂ ਰਚੇ ਹੋਏ ਸੰਸਾਰ ਦੇ ਕੁਝ ਮੁੱਖ ਨਿਰਧਾਰਿਤ ਗੁਣ ਹਨ ਜਿਹੜੇ ਉਪਰ ਪਹਿਲਾਂ ਦੱਸੇ ਗਏ ਹਨ ਅਤੇ ਇਹ ਗੁਣ ਬਾਅਦ ਵਾਲੇ ਗੁਣਾਂ ਨਾਲ ਮੇਲ ਨਹੀਂ ਖਾਂਦੇ।ਕਿਉਂਕਿ ਇਹ ਕਾਲਪਨਿਕ ਨਹੀਂ ਹੈ ਇਸ ਲਈ ਇਹ ਸੱਚ ਹੈ ਅਤੇ ਦਰਅਸਲ ਇਹ ਪਰਮਾਤਮਾ ਦਾ ਹੀ ਪ੍ਰਤੀਬਿੰਬ ਹੈ। ਇਸ ਤਰ੍ਹਾਂ ਹੀ ਆਤਮਾਵਾਂ ਬ੍ਰਹਿਮੰਡੀ ਆਤਮਾ ਦਾ ਲਘੁ ਨਮੂਨਾ ਹਨ ਜੋ ਵਾਸਤਵ ਵਿਚ ਬ੍ਰਹਿਮੰਡ ਤੋਂ ਵੀ ਪਰ੍ਹਾਂ ਹੈ। ਪਰੰਤੂ ਸਰੀਰ ਜਿਹੜੇ ਇਹਨਾਂ ਆਤਮਾਵਾਂ ਅਤੇ ਪਰਮਾਤਮਾ ਦਾ ਨਿਵਾਸ ਅਸਥਾਨ ਹਨ ਛਿੰਨਭੰਗਰ, ਬਦਲਵੇਂ ਅਤੇ ਹਮੇਸ਼ਾਂ ਰੂਪ ਵਟਾਉਣ ਵਾਲੇ ਹਨ। ਇਹਨਾਂ ਅਰਥਾਂ ਵਿਚ ਗੁਰੂ ਨਾਨਕ ਦੇਵ ਜੀ ਇਸ ਸੰਸਾਰ ਵਿਚ ਰਹਿਣ ਵਾਲਿਆਂ ਅਤੇ ਸੰਸਾਰ ਨੂੰ ਅਤੇ ਮਨੁੱਖੀ ਸੰਬੰਧਾਂ ਨੂੰ ਝੂਠਾ ਦਸਦੇ ਹੋਏ ਕਹਿੰਦੇ ਹਨ, ‘ਕਿਸੁ ਨਾਲਿ ਕੀਚੈ ਦੋਸਤੀ ਸਭ ਜਗ ਚਲਣਹਾਰ॥`(ਗੁ.ਗ੍ਰੰ. 468)। ਸਿੱਖ ਧਰਮ ਦੇ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਹੋਰ ਥਾਂ ਤੇ ਦੁਨੀਆਂ ਨੂੰ ਝੂਠ , ਧੋਖਾ, ਸੁਪਨਾ, ਪਾਣੀ ਦਾ ਬੁਲਬੁਲਾ, ਰੇਤ ਦੀ ਕੰਧ , ਭੱਜਣਹਾਰ ਕਿਹਾ ਗਿਆ ਹੈ। ਇਸ ਲਈ ਸਿੱਖ ਧਰਮ ਅਨੁਸਾਰ ਸੰਸਾਰ ਦਵੰਦਾਤਮਿਕ ਸੱਚ ਹੈ ਜੋ ਅੰਤਿਮ ਸੱਚ ਅਤੇ ਬੁੱਧ-ਸ਼ੰਕਰਾਚਾਰਯ ਦੀ ਮਾਇਆ ਦੇ ਸੰਕਲਪ ਦੇ ਵਿਚਕਾਰ ਸਥਿਤ ਬਿਆਨ ਕੀਤਾ ਗਿਆ ਹੈ।

    ਇਹ ਸੰਸਾਰ ਪਰਮਾਤਮਾ ਦੀ ਇੱਛਾ ਨਾਲ ਹੋਂਦ ਵਿਚ ਆਇਆ ਅਤੇ ਹਮੇਸ਼ਾਂ ਉਸਦੇ ਹੁਕਮ ਵਿਚ ਚੱਲ ਰਿਹਾ ਹੈ। ਹੁਕਮ ਫ਼ਾਰਸੀ ਦਾ ਸ਼ਬਦ ਹੈ ਜਿਸਦਾ ਅਰਥ ਹੁਕਮ, ਫ਼ੈਸਲਾ , ਨਿਯਮ , ਕਾਨੂੰਨ , ਕੰਟਰੋਲ , ਦਿਸ਼ਾ ਨਿਰਦੇਸ਼ਨ, ਹਸਤੀ , ਕਾਰਜ ਖੇਤਰ ਆਦਿ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਹੁਕਮ ਦੈਵੀ ਇੱਛਾ ਵੀ ਹੈ ਅਤੇ ਦੈਵੀ ਕਾਨੂੰਨ ਵੀ ਹੈ। ਦਰਅਸਲ ਦੈਵੀ ਕਾਨੂੰਨ ਦੈਵੀ ਇੱਛਾ ਤੋਂ ਪੈਦਾ ਹੁੰਦਾ ਹੈ। ਇਸ ਪਿੱਛੇ ਪਰਮਾਤਮਾ ਦਾ ਭੈਅ ਜਾਂ ਭਉ ਭਾਵ ਡਰ ਕੰਮ ਕਰਦਾ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਸਾਰੀ ਕਾਇਨਾਤ ਉਸ ਭੈ ਅਧੀਨ ਕੰਮ ਕਰਦੀ ਹੈ (ਗੁ.ਗ੍ਰੰ. 464)। ਇਸੇ ਤਰ੍ਹਾਂ ਹੁਕਮ ਨਾਲ ਕੁਝ ਹੋਰ ਸਮਾਨਾਰਥੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਅਮਰ ਅਤੇ ਫ਼ੁਰਮਾਨ, ਭਾਣਾ ਅਤੇ ਰਜ਼ਾ ਅਤੇ ਕੁਦਰਤ (ਦੈਵੀ ਸ਼ਕਤੀ)। ਪਰੰਤੂ ਪਰਮਾਤਮਾ ਕੁਝ ਸੈਮੇਟਿਕ (ਸਾਮੀ) ਧਰਮਾਂ ਦੇ ਵਿਪਰੀਤ ਜੱਬਾਰ-ਜ਼ਾਲਮ ਜਾਂ ਦਮਨਕਾਰੀ ਨਹੀਂ ਹੈ ਜਾਂ ਗੱਹਾਰ (ਗੁੱਸੈਲਾ, ਬਦਲਾ ਲੈਣ ਵਾਲਾ) ਨਹੀਂ ਹੈ ਅਤੇ ਹੁਕਮ ਪਰਮਾਤਮਾ ਦੀ ਅੰਧੀ ਭਾਵੁਕਤਾ ਨਹੀਂ ਹੈ, ਇਸ ਨੂੰ ਨਿਯਮ ਅਤੇ ਨਿਆਂ ਰਾਹੀਂ ਨਿਯਮਿਤ ਕੀਤਾ ਗਿਆ ਹੈ। ਇਹ ਸੰਸਾਰ ਉਸਦੇ ਅਨੰਦ ਦਾ ਪ੍ਰਗਟਾਵਾ ਹੋਣ ਕਰਕੇ ਪਰਮਾਤਮਾ ਇਸ ਦਾ ਅਨੰਦ ਮਾਣਦਾ ਹੈ। ਪਰਮਾਤਮਾ ਦੈਵੀ ਨਿਆਂ ਪ੍ਰਦਾਨ ਕਰ ਰਿਹਾ ਹੈ ਪਰੰਤੂ ਇਸ ਨੂੰ ਉਸਦੀ ਮਿਹਰ ਅਤੇ ਨਦਰ ਰਾਹੀਂ ਸੁਖਾਵਾਂ ਬਣਾਇਆ ਗਿਆ ਹੈ। ਪਰਮਾਤਮਾ ਆਪਣੀ ਰਚਨਾ ਵੱਲ ਦਿਆਲੂ ਅਤੇ ਕਿਰਪਾਲੂ ਹੈ।

    ਪਰਮਾਤਮਾ ਦੀ ਰਚਨਾ ਇਕ ਢੇਰ ਰੂਪ ਨਹੀਂ ਹੈ। ਅਵਿਨਾਸ਼ੀ ਪਰਮਾਤਮਾ ਏਕੰਕਾਰ ਆਪਣਾ ਫੈਲਾਅ ਕਈ ਰੂਪਾਂ ਕਈ ਰੰਗਾਂ ਅਤੇ ਕਈ ਭੇਖਾਂ ਵਿਚ ਕਰਦਾ ਹੈ (ਗੁ.ਗ੍ਰੰ.284)। ਉਹ ਇਹਨਾਂ ਸਾਰੇ ਭਿੰਨ-ਭਿੰਨ ਜੀਵਾਂ ਵਿਚ ਬਿਰਾਜਮਾਨ ਹੈ ਅਤੇ ਉਹ ਉਸ ਹਰ ਆਤਮਾ ਵਿਚ ਬਿਰਾਜਮਾਨ ਹੋ ਕੇ ਸਰਬ ਵਿਆਪਕ ਹੈ। ਇੰਦਰੀਆਂ ਰਾਹੀਂ ਅਨੁਭਵ ਕਰ ਸਕਣ ਵਾਲੇ ਇਹਨਾਂ ਸਾਰੇ ਅਨੁਭਵੀ ਜੀਵਾਂ ਵਿਚ ਜੀਵਾਂ ਦੀ ਵਿਅਕਤੀਗਤ ਆਤਮਾ (ਜੀਵਾਤਮਾ) ਹੈ। ਇਸ ਲਈ ਜੀਵ , ਜੀਉ, ਅਤੇ ਜੀਓ ਸ਼ਬਦ ਸਿੱਖ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਹਨ। ਇਹ ਵਿਅਕਤੀਗਤ ਜੀਵਾਂ ਅਤੇ ਆਤਮਾ ਦੋਵਾਂ ਲਈ ਵਰਤੇ ਗਏ ਹਨ ਜਦੋਂ ਕਿ ਜੀਅ ਦੋਵੇਂ ਵਿਅਕਤੀਗਤ ਜੀਵ ਅਤੇ ਮਨ ਲਈ ਵਰਤੇ ਗਏ ਹਨ। ਜੀਵ ਪਰਮਾਤਮਾ ਦੇ ਹੁਕਮ ਨਾਲ ਅਰੂਪ ਆਤਮਾ ਦੇ ਕਿਸੇ ਸਰੀਰ ਨਾਲ ਇਕਮਿਕ ਹੋ ਜਾਣ ਨਾਲ ਜਨਮ ਲੈਂਦਾ ਹੈ। ਜੀਵ ਪਰਮਾਤਮਾ ਦਾ ਅੰਸ਼ ਹੋਣ ਕਰਕੇ ਅਮਰ ਹੈ ਪਰ ਸਰੀਰ ਸਮੇਂ ਅਤੇ ਸਥਾਨ ਨਾਲ ਸੰਬੰਧਿਤ ਹੋਣ ਕਰਕੇ ਛਿੰਨਭੰਗਰ ਅਤੇ ਅਸਥਾਈ ਹੈ ਅਤੇ ਵਾਧੇ , ਟੁੱਟ ਭੱਜ ਅਤੇ ਮੌਤ ਦੇ ਨਿਯਮਾਂ ਨਾਲ ਬੰਨ੍ਹਿਆ ਹੋਇਆ ਹੈ। ਜੀਵ ਦੀ ਮੌਤ ਹੋ ਜਾਂਦੀ ਹੈ ਜਦੋਂ ਜੀਵਾਤਮਾ ਜਾਂ ਵਿਅਕਤੀਗਤ ਆਤਮਾ ਆਪਣਾ ਅਸਥਾਈ ਸਰੀਰ ਤਿਆਗ ਦਿੰਦੀ ਹੈ। ਜਨਮ ਦੀ ਤਰ੍ਹਾਂ ਮੌਤ ਪਰਮਾਤਮਾ ਦੇ ਹੁਕਮ ਜਾਂ ਇੱਛਾ ਦੇ ਅਧੀਨ ਕੰਮ ਕਰਦੀ ਹੈ। ਹੁਕਮ ਜਨਮ ਅਤੇ ਮੌਤ ਦੋਵਾਂ ਉੱਤੇ ਲਾਗੂ ਹੁੰਦਾ ਹੈ ਪਰੰਤੂ ਇਥੇ ਇਹ ਮੁੱਢਲੇ ਰੂਪ ਵਿਚ ਕਰਮ ਦੇ ਰੂਪ ਵਿਚ ਲਾਗੂ ਹੁੰਦਾ ਹੈ ਜੋ ਕਾਰਨ-ਕਾਰਜ ਦੇ ਦੈਵੀ ਕਾਨੂੰਨ ਨਾਲ ਬੱਝਾ ਹੋਇਆ ਹੈ।

    ਸਿੱਖ ਧਰਮ ਕਰਮ ਸਿਧਾਂਤ ਅਤੇ ਆਵਾਗਵਨ ਵਿਚ ਵਿਸ਼ਵਾਸ ਰੱਖਦਾ ਹੈ ਪਰੰਤੂ ਇਸ ਅਨੁਸਾਰ ਸਵਰਗ ਅਤੇ ਨਰਕਾਂ ਦੀ ਕੇਵਲ ਚਿੰਨ੍ਹਾਤਮਿਕ ਮਹੱਤਤਾ ਹੀ ਹੈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿਚ ਆਇਆ ਹੈ ਕਰਮ ਦੇ ਤਿੰਨ ਅਰਥ ਹਨ। ਇਹ ਸੰਸਕ੍ਰਿਤ ਕਰਮਨ ਜਿਸਦੀ ਧਾਤੂ ਕ੍ਰੀ (ਕਰਨਾ, ਪੂਰਾ ਕਰਨਾ) ਹੈ ਦੇ ਰੂਪ ਵਿਚ ਇਸਦਾ ਅਰਥ ਹੈ ਕੋਈ ਕੰਮ ਕਾਰਜ, ਆਦਿ ਹੈ। ਇਸਦਾ ਅਰਥ ਕਿਸਮਤ , ਪੂਰਵ ਨਿਰਧਾਰਨ ਹੈ, ਜੋ ਕਿ ਮਨੁੱਖ ਦੇ ਕੰਮਾਂ ਦੇ ਫਲਸਰੂਪ ਸਾਮ੍ਹਣੇ ਆਉਂਦਾ ਹੈ। ਤੀਸਰਾ, ਇਹ ਅਰਬੀ ਭਾਸ਼ਾ ਦੇ ਸ਼ਬਦ ਕਰਮ ਤੋਂ ਹੈ ਜੋ ਨਦਰ ਦਾ ਸਮਅਰਥੀ ਹੈ ਜਿਸਦਾ ਅਰਥ ਮਿਹਰ ਕਿਰਪਾਲਤਾ ਅਤੇ ਖਿਮਾ ਹੈ। ਕਈ ਪੂਰਵੀ ਧਰਮਾਂ ਵਿਚ ਪ੍ਰਚਲਿਤ ਕਰਮ ਦੇ ਨਿਯਮ ਅਧੀਨ ਜੀਵਾਤਮਾ ਇਕ ਸਰੀਰ ਨੂੰ ਛੱਡ ਕੇ ਦੂਸਰੇ ਸਰੀਰ ਵਿਚ ਜਨਮ ਲੈਂਦੀ ਹੈ ਜਿਹੜਾ ਸਰੀਰ 84,00,000 ਜੂਨਾਂ ਵਿਚੋਂ ਕਿਸੇ ਦਾ ਵੀ ਹੋ ਸਕਦਾ ਹੈ। ਹੁਣ ਇਹ ਨਵਾਂ ਸਰੀਰ ਛਡੇ ਹੋਏ ਸਰੀਰ ਨਾਲੋਂ ਉੱਚੀ ਜਾਂ ਨੀਵੀਂ ਕਿਸਮ ਦਾ ਹੋਵੇਗਾ ਇਹ ਮਨੁੱਖ ਦੇ ਪਿਛਲੇ ਜਨਮਾਂ ਵਿਚ ਕੀਤੇ ਚੰਗੇ ਅਤੇ ਮਾੜੇ ਕੰਮਾਂ ਤੇ ਨਿਰਭਰ ਕਰਦਾ ਹੈ। ਇਹ ਮਨੁੱਖ ਦੇ ਕੀਤੇ ਚੰਗੇ ਕੰਮਾਂ ਤੇ ਜੋ ਉਸ ਨੇ ਪਿਛਲੇ ਜਨਮਾਂ ਵਿਚ ਕੀਤੇ ਹਨ ਖਾਸ ਕਰਕੇ ਮਨੁੱਖਾ ਜਨਮਾਂ ਵਿਚ ਕਿ ਪਰਮਾਤਮਾ ਦੀ ਨਦਰ ਮਿਹਰ ਜਾਂ ਬਖਸ਼ਸ਼ ਪ੍ਰਾਪਤ ਕਰਕੇ ਜੀਵਾਤਮਾ ਮੁਕਤੀ (ਸੰਸਕ੍ਰਿਤ ਮੋਕਸ਼) ਪ੍ਰਾਪਤ ਕਰਦਾ ਹੈ ਜਿਸਦਾ ਭਾਵ ਹੈ ਜਨਮ ਅਤੇ ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰਦਾ ਹੈ। ਜੀਵਾਤਮਾ ਜੋ ਕੇਵਲ ਇਕ ਬੂੰਦ ਹੈ ਆਖਰ ਨੂੰ ਅਥਾਹ ਸਮੁੰਦਰ ਭਾਵ ਪਰਮਾਤਮਾ ਨਾਲ ਜਾ ਮਿਲਦਾ ਹੈ ਅਤੇ ਉਸ ਨਾਲ ਅਭੇਦ ਹੋ ਜਾਂਦਾ ਹੈ। ਪਰੰਤੂ ਜਦੋਂ ਤਕ ਇਸ ਤਰ੍ਹਾਂ ਦੀ ਅਭੇਦਤਾ ਪੂਰਨ ਰੂਪ ਵਿਚ ਨਹੀਂ ਹੁੰਦੀ ਉਤਨੀ ਦੇਰ ਤਕ ਆਤਮਾ ਵੱਖ-ਵੱਖ ਸਥੂਲ ਸਰੀਰਾਂ ਵਿਚ ਵੱਖ-ਵੱਖ ਥਾਵਾਂ ਤੇ ਅਤੇ ਵੱਖ-ਵੱਖ ਜਾਤੀਆਂ ਜਾਂ ਨਸਲਾਂ ਵਿਚ ਘੁੰਮਦੀ ਹੋਈ ਆਵਾਗਵਨ ਦੇ ਚੱਕਰ ਵਿਚ ਪਈ ਰਹਿੰਦੀ ਹੈ।

    ਇਹਨਾਂ ਸਾਰੀਆਂ ਨਸਲਾਂ ਅਤੇ ਕਿਸਮਾਂ ਵਿਚੋਂ ਮਨੁੱਖ ਸਭ ਤੋਂ ਸਰਬੋਤਮ ਅਤੇ ਸਭ ਤੋਂ ਵੱਧ ਮਹੱਤਵਪੂਰਨ ਹੈ। ਗੁਰੂ ਅਰਜਨ ਦੇਵ ਜੀ ਦਸਦੇ ਹਨ- ਲਖ ਚਉਰਾਸੀਹ ਜੋਨਿ ਸਬਾਈ ਮਾਣਸ ਕਉ ਪ੍ਰਭਿ ਦੀਈ ਵਡਿਆਈ (ਗੁ.ਗ੍ਰੰ.1075) ਅਤੇ ਅੱਗੇ ਲਿਖਦੇ ਹਨ: ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥(ਗੁ.ਗ੍ਰੰ.374)। ਮਨੁੱਖ ਇਸ ਕਰਕੇ ਸਰਬੋਤਮ ਹੈ ਕਿਉਂਕਿ ਇਹ ਬੁਧੀਵਾਨ ਹੈ, ਛੇਤੀ ਗਲ ਸਮਝਦਾ ਹੈ, ਗਿਆਨਵਾਨ ਹੈ ਅਤੇ ਇਕ ਵਧੀਆ ਨੈਤਿਕ ਭਾਵ ਵਾਲਾ ਜੀਵ ਹੈ। ਇਸ ਲਈ ਮਨੁੱਖੀ ਜਨਮ ਹੀ ਮੋਕਸ਼ ਜਾਂ ਮੁਕਤੀ ਪ੍ਰਾਪਤੀ ਲਈ ਸਭ ਤੋਂ ਵਧੀਆ ਮੌਕਾ ਹੈ। ਇਹ ਬਹੁਤ ਸੁਨਹਿਰੀ ਅਵਸਰ ਹੈ ਜਦੋਂ ਮਨੁੱਖ ਜਾਂ ਜੀਵਾਤਮਾ ਪਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰ ਸਕਦਾ ਹੈ। ਗੁਰੂ ਅਰਜਨ ਦੇਵ ਦੁਬਾਰਾ ਫਿਰ ਅੱਗੇ ਜਾ ਕੇ ਕਹਿੰਦੇ ਹਨ- ਭਈ ਪਰਾਪਤਿ ਮਾਨੁਖ ਦੇਹੁਰੀਆ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥(ਗੁ.ਗ੍ਰੰ.378)। ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਇਸ ਬਾਰੇ ਸੁਚੇਤ ਕਰਦੇ ਹਨ- ਸੁਣਿ ਸੁਣਿ ਸਿਖ ਹਮਾਰੀ॥ ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ (ਗੁ.ਗ੍ਰੰ. 154)।

    ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਨੁੱਖੀ ਜੀਵਨ ਦਾ ਅੰਤਿਮ ਉਦੇਸ਼ ਮੁਕਤੀ ਜਾਂ ਪਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰਨਾ ਹੈ। ਸਰਬੋਤਮ ਗਿਆਨ ਸ਼ਕਤੀ, ਕਿਰਿਆਸ਼ਕਤੀ ਅਤੇ ਪ੍ਰਭਾਵਸ਼ਾਲੀ ਸ਼ਕਤੀਆਂ ਦੇ ਮਾਲਕ ਮਨੁੱਖੀ ਮਨ ਅੰਦਰ ਅਧਿਆਤਮਿਕ ਚਿਣਗ ਸਭ ਤੋਂ ਵਧ ਚਮਕਦੀ ਹੈ। ਹਉਮੈ ਮਨੁੱਖ ਦੇ ਅੰਦਰਲੀ ਦਿੱਬ ਚਿਨਗਾਰੀ ਨੂੰ ਮੱਧਮ ਕਰਦੀ ਹੈ ਅਤੇ ਉਸ ਦੇ ਅਸਲ ਸੱਚ ਨੂੰ ਪਛਾਣਨ ਦੀ ਰਾਹ ਵਿਚ ਬੰਧਨ ਬਣਦੀ ਹੈ। ਹਉਮੈ ਮਨੁੱਖ ਦੀ ਸਮਝ ਦੁਆਲੇ ਆਪਣੇ ਸੁਆਰਥ ਦੀ ਇਕ ਕੰਧ ਪੈਦਾ ਕਰ ਦਿੰਦੀ ਹੈ; ਉਸ ਨੂੰ ਮੂਲ ਸ੍ਰੋਤ ਨਾਲੋਂ ਵੱਖ ਕਰਦੀ ਹੈ ਅਤੇ ਉਸਦੇ ਅੰਦਰ ਅਗਿਆਨ ਪੈਦਾ ਕਰਦੀ ਹੈ।ਇਹ ਹਉਮੈ ਹੀ ਹੈ ਜਿਹੜੀ ਪੰਜ ਵਾਸਨਾਵਾਂ ਅਰਥਾਤ ਕਾਮ , ਕ੍ਰੋਧ , ਲੋਭ , ਮੋਹ ਅਤੇ ਅਹੰਕਾਰ ਨੂੰ ਵਧਾਈ ਜਾਂਦੀ ਹੈ। ਇਹਨਾਂ ਦੇ ਪ੍ਰਭਾਵ ਅਧੀਨ ਮਨੁੱਖ ਮਨਮੁਖ ਬਣ ਜਾਂਦਾ ਹੈ ਅਤੇ ਸਵੈ ਕੇਂਦਰਿਤ, ਸਵੈ ਇੱਛਤ, ਹਠ ਧਰਮੀ, ਅਤੇ ਉਪਦੇਸ਼ ਪ੍ਰਤੀ ਭਾਵਹੀਣ ਹੋ ਜਾਂਦਾ ਹੈ। ਉਸਦੀ ਮੁਕਤੀ ਇਸੇ ਗੱਲ ਵਿਚ ਹੀ ਹੈ ਕਿ ਉਹ ਹਉਮੈ ਤੇ ਕਾਬੂ ਪਾਏ ਅਤੇ ਆਪਣੀ ਸੱਚੀ ਆਤਮਾ ਨੂੰ ਪਛਾਣੇ ਜੋ ਸਦੀਵੀ ਨੂਰ ਦੀ ਚਿਣਗਾਰੀ ਹੈ। ਇਸ ਸੰਬੰਧ ਵਿਚ ਗੁਰੂ ਅਮਰਦਾਸ ਜੀ ਕਹਿੰਦੇ ਹਨ- ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਅਤੇ ਇਸੇ ਸ਼ਬਦ ਵਿਚ ਅੱਗੇ ਜਾ ਕੇ ਪਛਾਨਣ ਲਈ ਰਸਤਾ ਵੀ ਦੱਸਦੇ ਹਨ: ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਇ॥(ਗੁ. ਗ੍ਰੰ. 441)। ਸਾਧਕ ਨੂੰ ਗੁਰਮਤਿ ਅਨੁਸਾਰ ਜੀਵਨ ਜਿਉਣ ਦੀ ਹਿਦਾਇਤ ਹੈ ਅਤੇ ਇਕ ਮਨਮੁਖ ਨਾਲੋਂ ਗੁਰਮੁਖ ਹੋਣ ਲਈ ਉਪਦੇਸ਼ ਹੈ। ਸਿੱਖ ਧਰਮ ਵਿਚ ਗੁਰੂ ਦਾ ਅਰਥ ਹੈ ਪਰਮਾਤਮਾ ਤੋਂ ਇਲਾਵਾ ਦਸ ਸਿੱਖ ਗੁਰੂ, ਗੁਰੂ ਨਾਨਕ (1469-1539) ਤੋਂ ਗੁਰੂ ਗੋਬਿੰਦ ਸਿੰਘ (1666-1708) ਅਤੇ ਇਹਨਾਂ ਤੋਂ ਪਿੱਛੋਂ ‘ਸ਼ਬਦ` ਜੋ ਸਿੱਖਾਂ ਦੇ ਪਵਿੱਤਰ ਧਾਰਮਿਕ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿਚ ਹੈ। ਇਸ ਲਈ ਗੁਰਮਤਿ ਤੋਂ ਅਰਥ ਗੁਰੂ ਗ੍ਰੰਥ ਸਾਹਿਬ ਵਿਚ ਆਏ ਸਿਧਾਂਤ ਤੋਂ ਹੈ। ਗੁਰੂ ਪਰਮਾਤਮਾ ਦੀ ਅਵਾਜ਼ ਹੈ ਅਤੇ ਗੁਰੂ ਦਾ ਸ਼ਬਦ ਉਸਦੇ ਦੈਵੀ ਆਪੇ ਦਾ ਪ੍ਰਗਟਾਵਾ ਹੈ।

    ਗੁਰਮਤਿ ਅਨੁਸਾਰ, ਹਉਮੈ ਉੱਤੇ ਕਾਬੂ ਹੁਕਮ ਨੂੰ ਸਮਝ ਕੇ ਹੀ ਪਾਇਆ ਜਾ ਸਕਦਾ ਹੈ ਜੋ ਪਰਮਾਤਮਾ ਦੀ ਕਿਰਿਆਸ਼ੀਲਤਾ ਦਾ ਪ੍ਰਮੁਖ ਸਿਧਾਂਤ ਹੈ ਅਤੇ ਜੀਵਨ ਪੂਰੀ ਤਰ੍ਹਾਂ ਇਸ ਅਨੁਸਾਰ ਜਿਉਣ ਨਾਲ ਹੀ ਹਉਮੈ ਕਾਬੂ ਹੋ ਸਕਦੀ ਹੈ। ਇਹ ਗਿਆਨ ਰਸਮਾਂ ਰਿਵਾਜਾਂ ਰਾਹੀਂ ਪ੍ਰਾਪਤ ਨਹੀਂ ਹੁੰਦਾ ਅਤੇ ਨਾ ਹੀ ਇਹ ਵੱਡੇ-ਵੱਡੇ ਗ੍ਰੰਥਾਂ ਦੇ ਪੜ੍ਹਨ ਜਾਂ ਤਰਕ-ਵਿਤਰਕ ਕਰਨ ਨਾਲ ਪ੍ਰਾਪਤ ਹੁੰਦਾ ਹੈ। ਇਸ ਨੂੰ ਤਿਆਗ, ਤਪੱਸਿਆ ਅਤੇ ਸਾਧਨਾਵਾਂ ਰਾਹੀਂ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਿੱਖ ਧਰਮ ਵਿਚ ਗ੍ਰਹਿਸਤੀ ਜੀਵਨ ਜਿਉਣ ਦਾ ਉਪਦੇਸ਼ ਕੀਤਾ ਗਿਆ ਹੈ ਪਰੰਤੂ ਦੁਨੀਆਵੀ ਜੀਵਨ ਵਿਚ ਲੀਨ ਨਹੀਂ ਹੋ ਜਾਣਾ ਚਾਹੀਦਾ ਸਗੋਂ ਕੰਵਲ ਫੁੱਲ ਦੀ ਨਿਆਂਈ ਨਿਰਲੇਪ ਰਹਿਣਾ ਚਾਹੀਦਾ ਹੈ। ਪਰਮਾਤਮਾ ਵਿਚ ਸ਼ਰਧਾ ਰਖਣੀ ਹੀ ਅਸਲ ਸੱਚਾ ਪ੍ਰੇਮ ਹੈ। ਗੁਰੂ ਨਾਨਕ ਦੇਵ ਜੀ ਨੇ ਦ੍ਰਿੜ ਅਤੇ ਸੱਚਾ ਪ੍ਰੇਮ ਹੀ ਅਸਲੀ ਤੇ ਸਭ ਤੋਂ ਸੱਚਾ ਗੁਣ ਮੰਨਿਆ ਹੈ। ਪਰਮਾਤਮਾ ਦੇ ਪ੍ਰੇਮ ਦਾ ਭਾਵ ਹੈ ਹਮੇਸ਼ਾ ਸਿਮਰਨ ਵਿਚ ਲੀਨ ਬਣੇ ਰਹਿਣਾ ਭਾਵ ਲਗਾਤਾਰ ਪਰਮਾਤਮਾ ਦੇ ਨਾਮ ਨੂੰ ਯਾਦ ਰਖਣਾ; ਉਸਦੇ ਭੈਅ ਅਤੇ ਵਿਸਮਾਦ ਦੀ ਅਸੀਮਤਾ ਉੱਤੇ ਧਿਆਨ ਧਰਨਾ ਅਤੇ ਉਸ ਪਰਮਾਤਮਾ ਦੇ ਗੁਣਗਾਇਨ ਕਰਨਾ। ਅਜਿਹੀ ਪ੍ਰੇਮ ਭਰੀ ਸ਼ਰਧਾ ਮਨੁੱਖ ਨੂੰ ਹਉਮੈ ਤੋਂ ਰਹਿਤ ਕਰਦੀ ਹੈ ਅਤੇ ਮਨੁੱਖ ਜਨਮ, ਮਰਨ ਅਤੇ ਪੁਨਰ ਜਨਮ ਦੇ ਚੱਕਰ ਤੋਂ ਮੁਕਤੀ ਜਾਂ ਮੋਖ-ਦੁਆਰ ਪ੍ਰਾਪਤ ਕਰਦਾ ਹੈ। ਇਸਦੇ ਨਾਲ ਇਕ ਗ੍ਰਹਿਸਤੀ ਦੇ ਤੌਰ ਤੇ ਮਨੁੱਖ ਨੂੰ ਕਿਰਤ ਕਰਕੇ ਅਤੇ ਇਮਾਨਦਾਰ ਢੰਗ ਤਰੀਕੇ ਅਪਨਾ ਕੇ ਆਪਣਾ ਜੀਵਨ ਨਿਰਬਾਹ ਕਰਨਾ ਚਾਹੀਦਾ ਹੈ। ਤੀਸਰਾ ਗੁਣ ਹੈ ਦੂਸਰਿਆਂ ਵਿਚ ਵੰਡ ਕੇ ਛਕਣਾ। ਇਹਨਾਂ ਤੋਂ ਇਲਾਵਾ ਗੁਰੂ ਨਾਨਕ ਦੇਵ ਸੇਵਾ ਉੱਤੇ ਵਿਸ਼ੇਸ਼ ਜ਼ੋਰ ਦਿੰਦੇ ਹਨ। ਪੰਜਵੇਂ ਨਾਨਕ ਕਹਿੰਦੇ ਹਨ: ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥(ਗੁ.ਗ੍ਰੰ.286)। ਸ਼ੀਲ, ਸੰਜਮ, ਸੰਤੋਖ ਅਤੇ ਗਰੀਬੀ (ਨਿਮਰਤਾ) ਇਕ ਸਿੱਖ ਲਈ ਵਿਅਕਤੀਗਤ ਗੁਣ ਹਨ ਜਿਨ੍ਹਾਂ ਦੀ ਸਿੱਖ ਨੂੰ ਨਿਭਾਉਣ ਦੀ ਹਿਦਾਇਤ ਹੈ।

    ਸਮਾਜਿਕ ਪੱਧਰ ਤੇ ਗੁਰੂ ਨਾਨਕ ਦੇਵ ਜੀ ਨੇ ਸਾਰੇ ਮਨੁੱਖਾਂ ਦੀ ਬਰਾਬਰੀ ਦਾ ਪ੍ਰਚਾਰ ਕੀਤਾ। ਜਾਤ , ਧਰਮ, ਲਿੰਗ ਅਤੇ ਸੰਸਾਰਿਕ ਪਦਾਰਥਾਂ ਕਰਕੇ ਪਾਏ ਗਏ ਵਖਰੇਵਿਆਂ, ਭਿੰਨ-ਭੇਦਾਂ ਦਾ ਗੁਰੂ ਜੀ ਨੇ ਜ਼ੋਰਦਾਰ ਖੰਡਨ ਕੀਤਾ। ਮਨੁੱਖਤਾਵਾਦ , ਸੰਸਾਰਿਕ ਸਹਿਹੋਂਦ ਅਤੇ ਸੇਵਾ ਸਿੱਖਾਂ ਦੀ ਸਮਾਜਿਕ ਨੈਤਿਕਤਾ ਦੇ ਥੰਮ ਹਨ।

    ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨੇ ਮੁੱਖ ਸੱਚਾਈਆਂ ਅਤੇ ਸਿਧਾਂਤਾਂ ਨੂੰ ਹੀ ਸਥਾਪਿਤ ਨਹੀਂ ਕੀਤਾ ਸਗੋਂ ਇਹ ਵੀ ਯਤਨ ਕੀਤਾ ਅਤੇ ਧਿਆਨ ਰੱਖਿਆ ਕਿ ਇਹ ਸਿੱਖਿਆਵਾਂ ਚਿਰ ਸਥਾਈ ਹੋਣ। ਜਿਥੇ ਵੀ ਗੁਰੂ ਨਾਨਕ ਦੇਵ ਗਏ ਉਹਨਾਂ ਨੇ ਆਪਣੇ ਅਨੁਯਾਈਆਂ ਨੂੰ ਸੰਗਤ ਵਿਚ ਜੁੜ ਬੈਠਣ ਦਾ ਧਰਮਸਾਲਾ ਬਣਾਉਣ ਅਤੇ ਲੋੜਵੰਦਾਂ ਲਈ ਲੰਗਰ ਤਿਆਰ ਕਰਨ ਦਾ ਉਪਦੇਸ਼ ਦਿੱਤਾ। ਆਪਣੀਆਂ ਉਦਾਸੀਆਂ ਦੇ ਅੰਤ ਤੇ ਉਹਨਾਂ ਨੇ ਆਪ ਕਰਤਾਰਪੁਰ ਵਿਖੇ ਦਰਿਆ ਰਾਵੀ ਦੇ ਸੱਜੇ ਕੰਢੇ ਤੇ ਇਕ ਅਜਿਹੀ ਸੰਗਤ ਸਥਾਪਿਤ ਕੀਤੀ। ਇਹ ਮੱਠਵਾਦੀ ਸੰਗਠਨ ਨਹੀਂ ਸੀ ਸਗੋਂ ਇਹ ਆਮ ਲੋਕਾਂ ਦੀ ਸੰਗਤ ਸੀ ਜੋ ਜੀਵਨ ਦੇ ਆਮ ਕੰਮਾਂ ਧੰਦਿਆਂ ਵਿਚ ਰੁੱਝੇ ਹੋਏ ਸਨ। ਅਰਦਾਸ ਲਈ ਇਹ ਇਕੱਠੇ ਹੁੰਦੇ ਸਨ ਅਤੇ ਇਕੱਠੇ ਬੈਠ ਕੇ ਸਾਂਝਾ ਲੰਗਰ ਛਕਦੇ ਸਨ ਜਿਸ ਵਿਚ ਜਾਤ-ਪਾਤ ਦਾ ਧਿਆਨ ਨਹੀਂ ਰੱਖਿਆ ਜਾਂਦਾ ਸੀ। ਆਪਣੇ ਕੰਮ ਨੂੰ ਅੱਗੇ ਤੋਰਨ ਲਈ ਉਹਨਾਂ ਨੇ ਆਪਣੇ ਇਕ ਸ਼ਰਧਾਵਾਨ ਸਿੱਖ ਭਾਈ ਲਹਿਣੇ ਨੂੰ ਆਪਣਾ ਵਾਰਸ ਨਿਯੁਕਤ ਕੀਤਾ ਜਿਸ ਦਾ ਨਾਂ ਬਦਲ ਕੇ ਉਹਨਾਂ ਆਪਣੇ ‘ਸਰੀਰ ਦਾ ਹਿੱਸਾ` (ਅੰਗਦ) ਰੱਖ ਦਿੱਤਾ ਅਤੇ ਜਿਸ ਨੂੰ ਉਹਨਾਂ ਨੇ ਇਕ ਕਿਤਾਬ ਵੀ ਦਿੱਤੀ ਜਿਸ ਵਿਚ ਉਹਨਾਂ ਦੀ ਬਾਣੀ ਅੰਕਿਤ ਸੀ। ਇਸ ਤਰ੍ਹਾਂ ਉਹਨਾਂ ਦੀ ਜੋਤ ਅਗਲੇ ਗੁਰੂ ਵਿਚ ਪ੍ਰਵੇਸ਼ ਕਰ ਗਈ ਤਾਂ ਕਿ ਸਿੱਖ ਇਹ ਵਿਸ਼ਵਾਸ ਕਰਨ ਕਿ ਸਾਰੇ ਗੁਰੂ ਅਧਿਆਤਮਿਕ ਤੌਰ ਤੇ ਇਕ ਹਨ ਜੋ ਗੁਰੂ ਨਾਨਕ ਦਾ ਇਲਹਾਮ ਲੈ ਕੇ ਆਏ ਹਨ ਅਤੇ ਉਹਨਾਂ ਦੇ ਉਪਦੇਸ਼ ਨੂੰ ਉਹ ਅੱਗੇ ਹੋਰ ਵਿਸਥਾਰ ਨਾਲ ਪ੍ਰਚਾਰ ਕਰ ਰਹੇ ਹਨ। ਲੋਕ ਇਹ ਵੀ ਵਿਸ਼ਵਾਸ ਕਰਨ ਕਿ ਉਹਨਾਂ ਨੇ ਗੁਰੂ ਨਾਨਕ ਦੁਆਰਾ ਸਥਾਪਿਤ ਸੰਗਤ ਅਤੇ ਪੰਗਤ ਦੀਆਂ ਸੰਸਥਾਵਾਂ ਨੂੰ ਅੱਗੇ ਹੋਰ ਵਧਾਇਆ ਅਤੇ ਪੱਕਾ ਕੀਤਾ ਹੈ। ਇਸ ਤਰ੍ਹਾਂ ਠੋਸ ਤਰੀਕੇ ਨਾਲ ਗੁਰੂ ਨਾਨਕ ਦੇ ਸਿੱਖ ਅੰਤ ਵਿਚ ਸਿੱਖ ਪੰਥ ਦੇ ਰੂਪ ਵਿਚ ਵਿਕਾਸਮਾਨ ਹੋ ਗਏ।

    ਗੁਰੂ ਅੰਗਦ ਜੀ (1504-52) ਨੇ ਸਿੱਖਾਂ ਵਿਚ ਗੁਰਮੁਖੀ ਲਿਪੀ ਨੂੰ ਪ੍ਰਚਲਿਤ ਕੀਤਾ ਅਤੇ ਗੁਰੂ ਅਮਰ ਦਾਸ (1479-1574) ਨੇ ਇਕ ਮਜ਼ਬੂਤ ਧਾਰਮਿਕ ਪ੍ਰਣਾਲੀ ਚਾਲੂ ਕੀਤੀ ਜੋ ਮੰਜੀਆਂ ਉੱਤੇ ਆਧਾਰਿਤ ਸੀ। ਉਹਨਾਂ ਨੇ ਸਿੱਖਾਂ ਲਈ ਗੋਇੰਦਵਾਲ ਵਿਖੇ ਨਿਯਮਿਤ ਰੂਪ ਵਿਚ ਜੋੜ ਮੇਲੇ ਕਰਨੇ ਅਰੰਭ ਕੀਤੇ ਜਿਹੜੇ ਉਹਨਾਂ ਦੀਆਂ ਯਾਤਰਾਵਾਂ ਦੇ ਵਿਸ਼ੇਸ਼ ਕੇਂਦਰ ਬਣ ਗਏ। ਗੁਰੂ ਰਾਮ ਦਾਸ (1534-81) ਜੀ ਨੇ ਇਕ ਹੋਰ ਕੇਂਦਰ ਅੰਮ੍ਰਿਤਸਰ ਦਾ ਸ਼ਹਿਰ ਵਸਾ ਕੇ ਸਥਾਪਿਤ ਕੀਤਾ ਜੋ ਹੁਣ ਸਿੱਖਾਂ ਦੀ ਧਾਰਮਿਕ ਰਾਜਧਾਨੀ ਹੈ। ਗੁਰੂ ਅਰਜਨ ਦੇਵ (1563-1606) ਦੇ ਸਮੇਂ ਸਿੱਖ ਧਰਮ ਹੋਰ ਜ਼ਿਆਦਾ ਮਜ਼ਬੂਤੀ ਨਾਲ ਸਥਾਪਿਤ ਹੋ ਗਿਆ। ਉਹਨਾਂ ਨੇ ਅੰਮ੍ਰਿਤਸਰ ਦੇ ਸਰੋਵਰ ਵਿਚਕਾਰ ਹਰਿਮੰਦਰ ਜਿਸ ਨੂੰ ਅੱਜ-ਕੱਲ੍ਹ ‘ਗੋਲਡਨ ਟੈਂਪਲ` (ਦਰਬਾਰ ਸਾਹਿਬ) ਕਹਿੰਦੇ ਹਨ ਉਸਾਰਿਆ। ਉਹਨਾਂ ਨੇ ਤਰਨ ਤਾਰਨ, ਕਰਤਾਰਪੁਰ ਅਤੇ ਸ੍ਰੀ ਹਰਗੋਬਿੰਦਪੁਰ ਆਦਿ ਨਵੇਂ ਸ਼ਹਿਰ ਵਸਾਏ ਅਤੇ ਦੂਰ ਦੁਰਾਡੇ ਜ਼ਿਲਿਆਂ ਵਿਚ ਪ੍ਰਚਾਰ ਹਿਤ ਮਸੰਦ ਨਿਯੁਕਤ ਕਰਕੇ ਮੰਜੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ।

    ਹੋਰ ਵੀ ਵਧ ਮਹੱਤਵਪੂਰਨ ਕੰਮ ਗੁਰੂ ਸਾਹਿਬਾਨਾਂ ਅਤੇ ਬਾਕੀ ਸੰਤਾਂ ਦੀ ਬਾਣੀ ਇਕੱਤਰ ਕਰਨਾ ਅਤੇ ਇਸ ਦਾ ਆਦਿ ਗ੍ਰੰਥ ਦੇ ਰੂਪ ਵਿਚ ਸੰਕਲਨ ਕਰਨਾ ਸੀ ਜਿਸ ਦਾ ਪ੍ਰਕਾਸ਼ ਉਹਨਾਂ ਨੇ ਹਰਿਮੰਦਰ ਵਿਚ ਕੀਤਾ। ਕੇਂਦਰੀ ਪੂਜਾ ਸਥਾਨ ਅਤੇ ਗੁਰੂ ਗ੍ਰੰਥ ਦੇ ਸਥਾਪਿਤ ਹੋ ਜਾਣ ਨਾਲ ਸਿੱਖਾਂ ਦੀ ਸਵੈ ਚੇਤੰਨਤਾ ਦੇ ਬਣਨ ਵਿਚ ਬਹੁਤ ਯੋਗਦਾਨ ਪਿਆ ਅਤੇ ਸਿੱਖ ਜੀਵਨ ਅਤੇ ਸਮਾਜ ਦੇ ਪ੍ਰਗਟੀਕਰਨ ਵਿਚ ਇਸ ਤੱਥ ਨੇ ਮਹੱਤਵਪੂਰਨ ਹਿੱਸਾ ਪਾਇਆ। ਹੁਣ ਸਿੱਖ ਇਕ ਵਿਲੱਖਣ ਕੌਮ ਸਨ ਅਤੇ ਇਹ ਤੱਥ ਦਿੱਲੀ ਦਰਬਾਰ ਦੇ ਵਾਰਸ ਦੇ ਗੁੱਸੇ ਦਾ ਸ਼ਿਕਾਰ ਹੋਣ ਲਈ ਕਾਫ਼ੀ ਸੀ। 1605 ਵਿਚ ਬਾਦਸ਼ਾਹ ਜਹਾਂਗੀਰ ਦੇ ਬਾਦਸ਼ਾਹ ਦੇ ਤੌਰ ਤੇ ਗੱਦੀ ਬੈਠਦੇ ਸਾਰ ਹੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਸਿੱਖ ਧਰਮ ਦੇ ਇਤਿਹਾਸ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇਕ ਪਹਿਲੀ ਮਹੱਤਵਪੂਰਨ ਘਟਨਾ ਸੀ ਜਿਸ ਨਾਲ ਸਿੱਖ ਕੌਮ ਜੰਗਜੂ ਰੂਪ ਅਖ਼ਤਿਆਰ ਕਰ ਗਈ। ਉਹਨਾਂ ਦੇ ਪੁੱਤਰ ਅਤੇ ਗੱਦੀ ਦੇ ਵਾਰਸ ਗੁਰੂ ਹਰਗੋਬਿੰਦ (1595-1644) ਨੇ ਮਾਲਾ ਅਤੇ ਹੋਰ ਸੰਤਾਂ ਵਾਲੇ ਪਹਿਰਾਵੇ ਪਹਿਨਣ ਦੀ ਬਜਾਏ, ਗੱਦੀ ਤੇ ਬੈਠਣ ਸਮੇਂ ਇਕ ਸਿਪਾਹੀ ਦਾ ਪਹਿਰਾਵਾ ਪਹਿਨਿਆ ਅਤੇ ਆਪਣੇ ਸਿੱਖਾਂ ਨੂੰ ਇਕ ਸਿਪਾਹੀ ਦੇ ਤੌਰ ਤੇ ਸਿੱਖਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਇਹਨਾਂ ਨੇ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਲਾਗੂ ਕੀਤਾ ਜਿਸ ਦਾ ਭਾਵ ਦੁਨਿਆਵੀ ਸ਼ਕਤੀ ਨੂੰ ਅਧਿਆਤਮਿਕ ਵਿਸ਼ਵਾਸ ਅਤੇ ਸ਼ਰਧਾ ਨਾਲ ਮੇਲਣਾ ਸੀ। ਅਜੋਕੇ ਸਮੇਂ ਦੀ ਸ਼ਬਦਾਵਲੀ ਵਰਤੀ ਜਾਏ ਤਾਂ ਇਹਨਾਂ ਧਰਮ ਅਤੇ ਰਾਜਨੀਤੀ ਨੂੰ ਇਕੱਠਾ ਕਰ ਦਿੱਤਾ। ਇਸਦਾ ਇਹ ਭਾਵ ਨਹੀਂ ਹੈ ਕਿ ਪਹਿਲੇ ਗੁਰੂ ਸਾਹਿਬਾਨ ਆਪਣੇ ਆਲੇ-ਦੁਆਲੇ ਦੀਆਂ ਰਾਜਨੀਤਿਕ ਘਟਨਾਵਾਂ ਤੋਂ ਅਣਜਾਣ ਸਨ; ਸੰਸਾਰਿਕਤਾ ਅਤੇ ਪਰਾਭੌਤਿਕਤਾ ਦਾ ਮੇਲ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਵਿਚ ਧੁਰੋਂ ਹੀ ਸੀ। ਗੁਰੂ ਸਾਹਿਬਾਨ ਨੇ ਇਸ ਸੰਸਾਰ ਤੋਂ ਭੱਜਣ ਦੀ ਬਜਾਇ ਇਸ ਵਿਚ ਵਿਚਰ ਕੇ ਕ੍ਰਿਆਸ਼ੀਲ ਬਣੇ ਰਹਿਣ ਲਈ ਉਪਦੇਸ਼ ਦਿੱਤਾ। ਗੁਰੂ ਹਰਗੋਬਿੰਦ ਜੀ ਨੇ ਕੱਟੜਧਰਮੀ ਰਾਜ ਦੇ ਦਮਨ ਵਿਰੁੱਧ ਕੌਮ ਨੂੰ ਆਪਣੇ ਧਰਮ ਦੀ ਸਥਾਪਤੀ ਲਈ ਤਿਆਰ ਕੀਤਾ। ਉਹਨਾਂ ਦਾ ਕੰਮ ਉਹਨਾਂ ਦੇ ਪੂਰਵਜਾਂ ਦੀਆਂ ਸਿੱਖਿਆਵਾਂ ਰਾਹੀਂ ਪੈਦਾ ਹੋਈ ਚੇਤਨਤਾ ਨਾਲ ਹੋ ਗਿਆ ਸੀ। ਗੁਰੂ ਜੀ ਇਕ ਵੱਡੀ ਕ੍ਰਾਂਤੀ ਲਈ ਹਥਿਆਰ ਪੈਦਾ ਕਰਨ ਵਿਚ ਸਫਲ ਰਹੇ ਜਿਨ੍ਹਾਂ ਦੀ ਪਰਖ ਉਹਨਾਂ ਨੇ ਆਪਣੇ ਜੀਵਨ ਕਾਲ ਵਿਚ ਹੀ ਕੀਤੀ। ਉਹਨਾਂ ਦੇ ਵਾਰਸ, ਗੁਰੂ ਹਰ ਰਾਇ (1630-31) ਅਤੇ ਗੁਰੂ ਹਰ ਕ੍ਰਿਸ਼ਨ (1656-64) ਨੇ ਵੀ ਇਹੀ ਸ਼ੈਲੀ ਅਪਣਾਈ ਰਖੀ ਅਤੇ ਇਹਨਾਂ ਕੋਲ ਹਥਿਆਰਬੰਦ ਸਿੱਖ ਹਮੇਸ਼ਾਂ ਰਹਿੰਦੇ ਸਨ। ਭਾਵੇਂ ਕਿ ਇਹਨਾਂ ਨੂੰ ਦਰਬਾਰ ਵਿਚ ਬੁਲਾਇਆ ਗਿਆ ਸੀ ਫਿਰ ਵੀ ਸ਼ਾਸਕਾਂ ਨੇ ਜਿਆਦਾਤਰ ਇਹਨਾਂ ਨਾਲ ਸ਼ਾਂਤੀ ਦਾ ਮਾਹੌਲ ਸਿਰਜੀ ਰਖਿਆ। ਨੌਂਵੇਂ ਗੁਰੂ, ਗੁਰੂ ਤੇਗ਼ ਬਹਾਦਰ (1621-75) ਨੂੰ ਪੰਜਵੇਂ ਗੁਰੂ ਦੀ ਤਰ੍ਹਾਂ ਸ਼ਹਾਦਤ ਦੇਣੀ ਪਈ। ਉਹਨਾਂ ਨੇ ਵਿਅਕਤੀ ਦੀ ਧਾਰਮਿਕ ਅਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ। ਉਹਨਾਂ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ (1666-1708) ਨੇ ਜੰਗਜੂ ਖ਼ਾਲਸਾ ਸਾਜਿਆ ਜਿਹੜਾ ਆਪਾ ਸਮਰਪਣ ਕਰਨ ਵਾਲੇ ਸਿੱਖਾਂ ਦਾ ਸੰਗਠਨ ਸੀ ਜੋ ਜਾਤਪਾਤ ਵਿਚ ਵਿਸ਼ਵਾਸ ਨਹੀਂ ਰੱਖਦਾ ਸੀ ਅਤੇ ਜਿਨ੍ਹਾਂ ਨੂੰ ਹੁਣ ‘ਸਿੰਘ` ਕਿਹਾ ਜਾਂਦਾ ਸੀ। ਇਹ ਇਕ ਪਰਮਾਤਮਾ ਦੇ ਸ਼ਰਧਾਲੂ ਅਤੇ ਸ਼ਾਂਤੀ ਦੇ ਪੁਜਾਰੀ ਸਨ ਪਰੰਤੂ ਅਨਿਆਂ ਅਤੇ ਜ਼ੁਲਮ ਨਾਲ ਕਦੇ ਵੀ ਸਮਝੌਤਾ ਨਹੀਂ ਕਰਦੇ ਸਨ।

    ਸੇਵਾ, ਸਿੱਖਾਂ ਦਾ ਪ੍ਰਸੰਸਾਯੋਗ ਆਦਰਸ਼ ਰਿਹਾ ਹੈ। ਇਸ ਵਿਚ ਕੁਝ ਨ ਕੁਝ ਕੁਰਬਾਨੀ ਕਰਨੀ ਪੈਂਦੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਇਹ ਸਿੱਖਾਂ ਲਈ ਇਕ ਆਦਰਸ਼ ਬਣ ਗਈ ਕਿਉਂਕਿ ਇਹ ਕਿਸੇ ਚੰਗੇ ਕੰਮ ਲਈ ਜੀਵਨ ਦੀ ਕੁਰਬਾਨੀ ਹੈ। ਸਚਾਈ ਦੀ ਰਾਖੀ ਲਈ ਲੜਦੇ ਹੋਏ ਸ਼ਹੀਦ ਹੋਣਾ ਸਿੱਖਾਂ ਦੀ ਇੱਛਾ ਦਾ ਪ੍ਰਤੀਕ ਬਣ ਗਿਆ। ਇਸ ਸੰਬੰਧ ਵਿਚ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਸੰਗੀਤਮਈ ਯਾਚਨਾ ਕਰਦੇ ਹਨ:

    ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੁੰ ਨ ਟਰੋਂ॥

    ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋਂ॥

    ਅਰੁ ਸਿਖਹੋਂ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥

    ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥

    ਗੁਰੂ ਗੋਬਿੰਦ ਸਿੰਘ ਨੇ ਸਿੱਖ ਸੰਗਤ ਨੂੰ ਖ਼ਾਲਸਾ ਪੰਥ ਵਿਚ ਤਬਦੀਲ ਕਰ ਦਿੱਤਾ ਅਤੇ ਇਸ ਨੂੰ ਰੂਪ ਅਤੇ ਆਤਮਿਕ ਪੱਖ ਤੋਂ ਇਕ ਵਖਰੀ ਹੋਂਦ ਪ੍ਰਦਾਨ ਕਰ ਦਿੱਤੀ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਵਿਅਕਤੀ ਗੁਰੂ ਦੀ ਪਰੰਪਰਾ ਨੂੰ ਖ਼ਤਮ ਕਰ ਦਿੱਤਾ ਅਤੇ ਸਿੱਖ ਪੰਥ ਦੀ ਅਧਿਆਤਮਿਕ ਰਹਿਨੁਮਾਈ ਪਵਿੱਤਰ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਪੱਕੇ ਤੌਰ ਤੇ ਦੇ ਦਿੱਤੀ ਅਤੇ ਸੰਸਾਰਿਕ ਰਹਿਨੁਮਾਈ ਪੰਥ ਨੂੰ ਦੇ ਦਿੱਤੀ ਜਿਸਨੇ ਗੁਰੂ ਗ੍ਰੰਥ ਦੀ ਅਗਵਾਈ ਵਿਚ ਭਵਿੱਖ ਵਿਚ ਆਪਣੀ ਹੋਂਦ ਹਸਤੀ ਨੂੰ ਕਾਇਮ ਰੱਖਣਾ ਹੈ। ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਤੋਂ ਬਾਅਦ ਦੇ ਗੁਰੂ ਸਾਹਿਬਾਨ ਦੁਆਰਾ ਦਿੱਤੇ ਗਿਆਨ ਅਤੇ ਅਧਿਆਤਮਿਕ ਅਤੇ ਨੈਤਿਕ ਮੁੱਢਲੇ ਸਿਧਾਂਤਾਂ ਦੇ ਸਦੀਵੀ ਖਜ਼ਾਨੇ ਦੇ ਰੂਪ ਵਿਚ ਸਦਾ ਕਾਇਮ ਬਣਿਆ ਰਹਿਣ ਵਾਲਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੇ ਅੱਧੀ ਸਦੀ ਵਿਚ ਹੀ ਸਿੱਖ ਧਰਮ ਇਕ ਰਾਜਨੀਤਿਕ ਸ਼ਕਤੀ ਦੇ ਰੂਪ ਵਿਚ ਸਾਮ੍ਹਣੇ ਆਇਆ ਅਤੇ ਅਗਲੇ ਹੋਰ ਚਾਲ੍ਹੀ ਸਾਲਾਂ ਵਿਚ ਇਹ ਰਾਜ ਦਾ ਰੂਪ ਧਾਰਨ ਕਰ ਗਿਆ। ਇਸ ਪ੍ਰਕਿਰਿਆ ਰਾਹੀਂ ਗੁਜਰਨ ਸਮੇਂ ਸਿੱਖ ਪੰਥ ਨੂੰ ਸਭ ਤੋਂ ਵਧ ਰਾਜ-ਕ੍ਰੋਪੀ ਅਤੇ ਕਤਲੇਆਮਾਂ ਦਾ ਸਾਮ੍ਹਣਾ ਕਰਨਾ ਪਿਆ ਜਿਹੜਾ ਕਿ ਮਨੁੱਖੀ ਇਤਿਹਾਸ ਵਿਚ ਆਪਣੀ ਕਿਸਮ ਦਾ ਸੀ ।ਹੌਂਸਲਾ , ਨਿਡਰਤਾ ਅਤੇ ਸਵੈ ਵਿਸ਼ਵਾਸ ਜਿਸ ਨਾਲ ਸਿੱਖ ਪੰਥ ਨੇ ਇਸਦਾ ਮੁਕਾਬਲਾ ਕੀਤਾ, ਇਹ ਵੀ ਲਾਜਵਾਬ ਸੀ। ਅੰਤ ਵਿਚ ਉੱਤਰ-ਪੱਛਮੀ ਭਾਰਤ ਵਿਚ ਸਿੱਖਾਂ ਦਾ ਰਾਜ ਸਥਾਪਿਤ ਹੋ ਗਿਆ ਪਰੰਤੂ ਇਸ ਨਾਲ ਸਿਧਾਂਤਿਕ ਪਖੋਂ ਕੁਝ ਨੁਕਸਾਨ ਵੀ ਹੋ ਗਿਆ। ਸਿੱਖ ਸਿਧਾਂਤ ਕੋਈ ਇਕਹਰੀ ਵਿਦਵਤਾ ਦਾ ਨਿਯਮ ਨਹੀਂ ਹੈ ਸਗੋਂ ਇਹ ਸਿਧਾਂਤ ਗੁਰੂ ਗ੍ਰੰਥ ਸਾਹਿਬ ਵਿਚ ਅਤੇ ਪੰਥ ਦੀਆਂ ਪਰੰਪਰਾਗਤ ਸੰਸਥਾਵਾਂ ਵਿਚ ਖਿਲਰੇ ਪਏ ਹਨ। ਇਸ ਲਈ ਸਿਧਾਂਤਿਕ ਸ਼ੁੱਧਤਾ ਦੀ ਸੰਭਾਲ ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਅਤੇ ਪਰੰਪਰਾ ਦੀ ਸਹੀ ਵਿਆਖਿਆ ਉੱਤੇ ਨਿਰਭਰ ਕਰਦੀ ਹੈ। ਬਦਕਿਸਮਤੀ ਨਾਲ ਗੜਬੜ ਵਾਲੀ ਅਠਾਰ੍ਹਵੀਂ ਸਦੀ ਵਿਚ ਜਦੋਂ ਕਿ ਖ਼ਾਲਸਾ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਅਤੇ ਪਿੱਛੋਂ ਜਿੱਤਾਂ ਅਤੇ ਰਾਜਨੀਤਿਕ ਪ੍ਰਬੰਧ ਕਰਨ ਲਈ ਪੂਰੀ ਤਰ੍ਹਾਂ ਯੁੱਧ ਵਿਚ ਫਸਿਆ ਹੋਇਆ ਸੀ ਤਾਂ ਧਰਮ ਸ਼ਾਸਤਰੀ ਮਾਮਲੇ ਉਦਾਸੀ ਅਤੇ ਨਿਰਮਲੇ ਸੰਤਾਂ ਦੇ ਹੱਥ ਆ ਗਏ ਜਿਨ੍ਹਾਂ ਉੱਤੇ ਹਿੰਦੂ ਪੰਡਤਾਊਪੁਣੇ ਦਾ ਗਹਿਰਾ ਪ੍ਰਭਾਵ ਸੀ। ਇਹਨਾਂ ਨੇ ਪੁਜਾਰੀਵਾਦ, ਕਰਮਕਾਂਡਵਾਦ ਅਤੇ ਜਿਸਦੀ ਸਿੱਖ ਧਰਮ ਵਿਚ ਪੂਰੀ ਤਰ੍ਹਾਂ ਮਨਾਹੀ ਕੀਤੀ ਗਈ ਕਈ ਥਾਂਵਾਂ ਤੇ ਮੂਰਤੀ ਪੂਜਾ ਵੀ ਲੈ ਆਂਦੀ। ਕੁਲੀਨਤੰਤਰ ਅਤੇ ਪਿੱਛੋਂ ਜਾ ਕੇ ਰਾਜਤੰਤਰ ਦੇ ਆਉਣ ਨਾਲ ਗਣਤਾਂਤਰਿਕ, ਪਰਜਾਤਾਂਤਰਿਕ ਸੰਸਥਾਵਾਂ ਜਿਵੇਂ ਕਿ ਸਰਬੱਤ ਖ਼ਾਲਸਾ , ਗੁਰਮਤਾ ਅਤੇ ਦਲ ਖ਼ਾਲਸਾ ਆਦਿ ਦਾ ਭੋਗ ਪਾ ਦਿੱਤਾ ਗਿਆ।

    ਬ੍ਰਿਟਿਸ਼ ਦੇ ਪੰਜਾਬ ਉੱਤੇ ਕਬਜ਼ਾ ਕਰਨ ਉਪਰੰਤ ਸਿੱਖ ਜਨਗਣਨਾ ਵਿਚ ਭਾਰੀ ਕਟੌਤੀ ਆਈ। ਸਿੱਖ ਸਿਧਾਂਤਾਂ ਦੀ ਸ਼ੁੱਧਤਾ ਦੀ ਸੰਭਾਲ ਲਈ ਸ਼ੁਰੂ ਵਿਚ ਦੋ ਯਤਨ ਕੀਤੇ ਗਏ ਜਿਨ੍ਹਾਂ ਵਿਚੋਂ ਇਕ ਬਾਬਾ ਦਿਆਲ (1783-1855) ਦੁਆਰਾ ਚਲਾਈ ਨਿਰੰਕਾਰੀ ਲਹਿਰ ਸੀ ਅਤੇ ਦੂਜੀ ਬਾਬਾ ਰਾਮ ਸਿੰਘ (1815-85) ਦੀ ਅਗਵਾਈ ਵਿਚ ਨਾਮਧਾਰੀ ਲਹਿਰ ਸੀ। ਹਕੀਕਤਨ ਪੁਨਰਜਾਗਰਤੀ 1873 ਵਿਚ ਸਿੰਘ ਸਭਾ ਲਹਿਰ ਦੇ ਅਰੰਭ ਹੋਣ ਨਾਲ ਪੈਦਾ ਹੋਈ। ਇਹ ਸਿੱਖ ਧਰਮ ਦੀਆਂ ਨੀਂਹਾਂ ਤਕ ਗਈ ਅਤੇ ਇਸ ਨੇ ਸਿੱਖ ਧਰਮ ਨੂੰ ਆਪਣੀ ਵਖਰੀ ਹੋਂਦ ਦੀ ਭਾਲ ਕਰਨ ਲਈ ਇਕ ਜੀਵੰਤ ਸ਼ਕਤੀ ਬਣਾ ਦਿੱਤਾ। ਇਸਨੇ ਸਿੱਖਾਂ ਲਈ ਅਜੋਕੀ ਖੋਜ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਹੁਣ ਇਹ ਵਿੱਦਿਅਕ ਅਤੇ ਸਾਹਿਤਿਕ ਸਰਗਰਮੀਆਂ ਵਿਚ ਤਕੜੇ ਹੋ ਕੇ ਲੱਗ ਗਏ। ਸਿੰਘ ਸਭਾ ਲਹਿਰ ਦੀ ਥਾਂ ਤੇ 1920 ਦੇ ਅਰੰਭ ਵਿਚ ਗੁਰਦੁਆਰਾ ਸੁਧਾਰ ਲਹਿਰ ਹੋਂਦ ਵਿਚ ਆਈ ਜਿਸਨੇ ਪੁਜਾਰੀ ਸ਼੍ਰੇਣੀ ਦੇ ਪ੍ਰਭਾਵ ਨੂੰ ਹਟਾ ਦਿੱਤਾ ਅਤੇ ਇਸਦੀ ਥਾਂ ਤੇ ਜਮਹੂਰੀ ਢੰਗ ਨਾਲ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਿਤ ਕੀਤੀ ਗਈ ਜਿਸਦਾ ਕੰਮ ਪੰਥ ਦੇ ਧਾਰਮਿਕ ਮਾਮਲਿਆਂ ਦੀ ਦੇਖ ਰੇਖ ਕਰਨੀ ਅਤੇ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਸੀ। ਰਾਜਨੀਤਿਕ ਅਗਵਾਈ ਲਈ ਜ਼ਿਆਦਾਤਰ ਸਿੱਖ ਪੰਥ ਸ਼੍ਰੋਮਣੀ ਅਕਾਲੀ ਦਲ ਵੱਲ ਹੀ ਦੇਖਦਾ ਸੀ। ਕੌਮੀ ਪੱਧਰ ਤੇ ਭਾਰਤ ਦੀ ਅਜ਼ਾਦੀ ਲਈ ਇਹ ਪੂਰੀ ਤਰ੍ਹਾਂ ਵਚਨਬੱਧ ਸਨ ਅਤੇ ਇਸ ਵਿਚ ਇਹਨਾਂ ਦੁਆਰਾ ਪਾਇਆ ਗਿਆ ਯੋਗਦਾਨ ਵੀ ਵਰਨਨਯੋਗ ਸੀ।

        1940 ਵਿਚ, ਭਾਰਤ ਦੇ ਮੁਸਲਮਾਨਾਂ ਨੇ ਭਾਰਤੀ ਮੁਸਲਿਮ ਲੀਗ ਰਾਹੀਂ ਆਪਣਾ ਵਖਰਾ ਦੇਸ ਪਾਕਿਸਤਾਨ ਬਣਾ ਲੈਣ ਲਈ ਯਤਨ ਕੀਤਾ ਜਿਸ ਵਿਚ ਮੁਸਲਮਾਨ ਵਸੋਂ ਵਾਲੇ ਇਲਾਕੇ ਹੀ ਭਾਰਤ ਵਿਚੋਂ ਲਏ ਜਾਣੇ ਸਨ। ਸਿੱਖ ਇਸ ਬਾਰੇ ਸੁਚੇਤ ਅਤੇ ਉਤਸ਼ਾਹਪੂਰਨ ਸਨ। ਪੰਜਾਬ ਜਿਹੜਾ ਉਹਨਾਂ ਦਾ ਆਪਣਾ ਘਰ ਸੀ ਇਕ ਮੁਸਲਮਾਨ ਬਹੁਗਿਣਤੀ ਵਾਲਾ ਸੂਬਾ ਸੀ। ਇਸਦੇ ਪਾਕਿਸਤਾਨ ਵਿਚ ਚਲੇ ਜਾਣ ਨਾਲ ਉਹਨਾਂ ਦੇ ਹਿੱਤਾਂ ਦਾ ਨੁਕਸਾਨ ਹੋਣਾ ਸੀ ਅਤੇ ਉਹਨਾਂ ਦੀ ਨਵੀਂ ਲੱਭੀ ਗਈ ਵਿਲੱਖਣ ਹੋਂਦ ਨੂੰ ਇਸ ਨਾਲ ਖਤਰਾ ਪੈਦਾ ਹੋ ਸਕਦਾ ਸੀ। ਸਿੱਖਾਂ ਨੇ ਆਪਣਾ ਅਜ਼ਾਦ ਦੇਸ ਬਣਾਉਣ ਦਾ ਜਤਨ ਕੀਤਾ ਪਰੰਤੂ ਇਹ ਇਕ ਤਾਂ ਗਿਣਤੀ ਵਿਚ ਘੱਟ ਸਨ (ਸਾਰੇ ਭਾਰਤ ਦੀ ਅਬਾਦੀ ਦੇ ਇਹ 1.47% ਸਨ ਅਤੇ 1941 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ 13% ਸਨ) ਅਤੇ ਬਹੁਤ ਘੱਟ ਗਿਣਤੀ ਵਿਚ ਹੋਣ ਦੇ ਨਾਲ ਇਧਰ-ਉਧਰ ਖਿੰਡੇ ਪੁੰਡੇ ਹੋਏ ਵੀ ਸਨ। ਇਸ ਲਈ ਇਹ ਆਪਣਾ ਵਖਰਾ ਦੇਸ਼ ਲੈਣ ਦਾ ਹੱਕ ਠੀਕ ਸਿੱਧ ਨਹੀਂ ਕਰ ਸਕਦੇ ਸਨ।

        1947 ਵਿਚ ਪੰਜਾਬ-ਵੰਡ ਨੇ ਸਿੱਖ ਅਬਾਦੀ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਜਿਸ ਨਾਲ ਸਿੱਖਾਂ ਨੂੰ ਕਾਫ਼ੀ ਧੱਕਾ ਲੱਗਾ। ਜਿਹੜੇ ਪਾਕਿਸਤਾਨ ਦੇ ਜ਼ਿਲਿਆਂ ਵਿਚ ਰਹਿ ਗਏ ਉਹਨਾਂ ਨੂੰ ਭਾਰਤੀ ਪੰਜਾਬ ਵੱਲ ਆਉਣਾ ਪਿਆ ਅਤੇ ਕੁਝ ਸਿੱਖ ਸਤਲੁਜ ਖੇਤਰ ਵਿਚ ਸਿੱਖ ਰਿਆਸਤਾਂ ਵਿਚ ਆ ਗਏ। ਪਰੰਤੂ ਇਹਨਾਂ ਦੇ ਜੱਦੀ ਗੁਣ ਨਿਡਰਤਾ ਅਤੇ ਹਿੰਮਤ ਕਰਕੇ ਇਹ ਛੇਤੀ ਹੀ ਅਜ਼ਾਦ ਭਾਰਤ ਵਿਚ ਮੁੜ ਵੱਸਣ ਵਿਚ ਪੂਰੀ ਤਰਾਂ ਸਫ਼ਲ ਹੋ ਗਏ ਪਰੰਤੂ ਇਹਨਾਂ ਵੱਲੋਂ ਬੜੀ ਮੁਸ਼ਕਿਲ ਅਤੇ ਹੁਸ਼ਿਆਰੀ ਨਾਲ ਸੰਭਾਲੀ ਹੋਈ ਪਛਾਣ ਅਤੇ ਇਹਨਾਂ ਦੇ ਸਭਿਆਚਾਰਿਕ ਵਿਰਸੇ ਬਾਰੇ ਇਥੇ ਵੀ ਸ਼ੱਕ ਅਤੇ ਗਲਤਫਹਿਮੀਆਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਭਾਰਤ ਦੇ ਨਵੇਂ ਸੰਵਿਧਾਨ-ਘਾੜਿਆਂ ਨੇ ਇਹਨਾਂ ਨੂੰ ਘੱਟ ਗਿਣਤੀ ਦੇ ਤੌਰ ਤੇ ਵਿਸ਼ੇਸ਼ ਹੱਕ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਭਾਰੀ ਗਿਣਤੀ ਵਿਚ ਗੈਰ ਸਿੱਖ ਪੰਜਾਬੀਆਂ ਨੇ ਪੰਜਾਬੀ ਨੂੰ ਮਾਂ ਬੋਲੀ ਮੰਨਣੋਂ ਇਨਕਾਰ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਜਦੋਂ ਕਿ ਸਾਰਾ ਭਾਰਤ ਭਾਸ਼ਾਈ-ਆਧਾਰ ਤੇ ਪੁਨਰਸੰਗਠਿਤ ਹੋਇਆ ਤਾਂ ਕੇਵਲ ਸਿੱਖਾਂ ਨੂੰ ਪੰਜਾਬੀ ਬੋਲਦਾ ਸੂਬਾ ਲੈਣ ਲਈ ਲੰਮਾ ਮੋਰਚਾ ਲਗਾਉਣਾ ਪਿਆ। ਭਾਸ਼ਾ ਕਿਸੇ ਵੀ ਸਭਿਆਚਾਰ ਦਾ ਸਭ ਤੋਂ ਮਹੱਤਵਪੂਰਨ ਤੱਤ ਹੋਣ ਕਰਕੇ ਸਿੱਖ ਇਸ ਪ੍ਰਤੀ ਬਹੁਤ ਸੰਵੇਦਨਸ਼ੀਲ ਹਨ।

    ਧਰਮ ਸ਼ਾਸਤਰੀ ਪੱਖ ਤੋਂ ਮੌਜੂਦਾ ਸਿੱਖ ਧਰਮ ਵਿਚ ਸਿੰਘ ਸਭਾ ਦੀ ਨਿਰੰਤਰਤਾ ਹੀ ਹੈ। ਜਦੋਂ ਕਿ ਇਸਨੇ ਇਕ ਪਾਸੇ ਤਾਂ ਆਪਣੀ ਸਿਧਾਂਤਿਕ ਏਕਤਾ ਬਣਾਈ ਰੱਖੀ ਹੈ ਅਤੇ ਆਪਣੀ ਮੂਲ ਤੱਤ-ਮੀਮਾਂਸਾ ਅਤੇ ਚਿੰਨ੍ਹਵਾਦ ਨੂੰ ਸੰਭਾਲਿਆ ਹੋਇਆ ਹੈ ਤਾਂ ਦੂਜੇ ਪਾਸੇ ਇਸਨੇ ਜੋ ਵਿਰਸੇ ਵਿਚ ਲਿਆ ਹੈ ਉਸ ਪ੍ਰਤੀ ਕਾਫ਼ੀ ਲਚਕ ਵੀ ਕਾਇਮ ਰੱਖੀ ਹੋਈ ਹੈ ਤਾਂ ਕਿ ਆਪਣੇ ਮੁੱਢਲੇ ਸਿਧਾਂਤਾਂ ਨੂੰ ਕਾਇਮ ਰੱਖਦੇ ਹੋਏ ਇਹ ਅਜੋਕੇ ਤਰੱਕੀ ਦੇ ਦੌਰ ਵਿਚ ਪਿੱਛੇ ਨਾ ਰਹਿ ਜਾਵੇ। ਆਪਣੇ ਘਟਨਾਪੂਰਨ ਇਤਿਹਾਸ ਬਾਰੇ ਸੁਚੇਤ ਰਹਿੰਦੇ ਹੋਏ ਇਸਦਾ ਦ੍ਰਿਸ਼ਟੀਕੋਣ ਨਿਸ਼ਚਿਤ ਤੌਰ ਤੇ ਅਗਾਂਹ ਵਧੂ ਹੈ। ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੀ ਨਿਰੰਤਰ ਅਧਿਆਤਮਿਕ ਸ਼ਕਤੀ ਹੈ ਅਤੇ ਇਕ ਜੀਵੰਤ ਗੁਰੂ ਦੇ ਤੌਰ ਤੇ ਇਸਦਾ ਸਤਿਕਾਰ ਕੀਤਾ ਜਾਂਦਾ ਹੈ। ਇਸਨੇ ਸਿੱਖਾਂ ਦੀ ਧਾਰਮਿਕ ਸ਼ੈਲੀ ਅਤੇ ਸਮਾਜਿਕ ਰੀਤੀ ਰਿਵਾਜਾਂ ਨੂੰ ਇਕ ਰੂਪ ਅਤੇ ਅਰਥ ਦਿੱਤਾ ਹੈ। ਇਹ ਇਹਨਾਂ ਦੀ ਮਾਨਸਿਕਤਾ ਦੇ ਕੇਂਦਰੀ ਬਿੰਦੂ ਦਾ ਮੁੱਖ ਭਾਗ ਹੈ ਅਤੇ ਇਹਨਾਂ ਦੀ ਸ਼ਰਧਾ ਅਤੇ ਸਾਧਨਾਂ ਨੂੰ ਨਿਯਮਿਤ ਕਰਨ ਵਾਲਾ ਸਿਧਾਂਤ ਹੈ। ਆਪਣੇ ਪਵਿੱਤਰ ਧਾਰਮਿਕ ਗ੍ਰੰਥ ਅਤੇ ਆਪਣੇ 500 ਸਾਲਾਂ ਪੁਰਾਤਨ ਇਤਿਹਾਸ ਰਾਹੀਂ ਇਹਨਾਂ ਨੇ ਆਪਣੇ ਧਾਰਮਿਕ ਵਿਰਸੇ ਨਾਲ ਪੀਡੀ ਸਾਂਝ ਬਣਾਈ ਹੋਈ ਹੈ। ਫਿਰ ਵੀ ਇਹਨਾਂ ਦੇ ਇਸ ਨਾਲ ਡੂੰਘੇ ਤੌਰ ਤੇ ਜੁੜਣ ਨਾਲ ਸਿੱਖ ਸੰਸਾਰ ਤੋਂ ਇਕ ਪਾਸੇ ਇਕੱਲੇ ਹੀ ਨਹੀਂ ਰਹਿ ਗਏ ਹਨ। ਇਹਨਾਂ ਦੇ ਧਰਮ ਦਾ ਇਕ ਵਿਸ਼ਾਲ ਮਨੁੱਖਤਾਵਾਦੀ ਆਧਾਰ ਹੈ। ਇਕੱਲੇ ਆਪਣੇ ਘਰਾਂ ਵਿਚ, ਅਤੇ ਸੰਗਤ ਰੂਪ ਵਿਚ ਇਕੱਠੇ ਆਪਣੇ ਗੁਰਦੁਆਰਿਆਂ ਅੰਦਰ, ਇਹ ਸਵੇਰੇ ਸ਼ਾਮ ਜਦੋਂ ਅਰਦਾਸ ਕਰਦੇ ਹਨ ਤਾਂ ਅਖ਼ੀਰ ਤੇ ਕਹਿੰਦੇ ਹਨ, ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ।`

ਲੇਖਕ : ਗ.ਸ.ਤ. ਅਤੇ ਅਨੁ. ਗ.ਨ.ਸ.,     ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1975,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ:

1.     ਜੋਧ ਸਿੰਘ, ਭਾਈ, ਗੁਰਮਤਿ ਨਿਰਣਯ, (ਦੂਜੀ ਛਾਪ), ਪਟਿਆਲਾ, 1990

2.     ਹਰਬੰਸ ਸਿੰਘ, ਗੁਰੂ ਨਾਨਕ ਐਂਡ ਓਰੀਜਿਨਸ ਆਫ਼ ਦ ਸਿੱਖ ਫੇਥ, ਪਟਿਆਲਾ, 1969

3. ਨਿਰਭੈ ਸਿੰਘ, ਫਿਲਾਸਫ਼ੀ ਆਫ਼ ਸਿਖਿਜ਼ਮ, ਦਿੱਲੀ, 1990

4.     ਸ਼ੇਰ ਸਿੰਘ, ਦ ਫਿਲਾਸਫ਼ੀ ਆਫ਼ ਸਿਖਿਜ਼ਮ, ਲਾਹੌਰ, 1944

5.     ਕਪੂਰ ਸਿੰਘ, ਪਰਾਸ਼ਰ ਪ੍ਰਸ਼ਨ, ਅੰਮ੍ਰਿਤਸਰ, 1989

6.     ਜੋਧ ਸਿੰਘ (ਡਾ.) ਦ ਰਿਲਿਜਿਅਸ ਫਿਲਾਸਫੀ ਆਫ਼ ਗੁਰੂ ਨਾਨਕ ਦੇਵ, ਵਾਰਾਨਸੀ, 1983

7. ਹਰਬੰਸ ਸਿੰਘ ਐਂਡ ਲਾਲ ਮਨੀ ਜ਼ੋਸ਼ੀ, ਐਨ ਇੰਟਰੋਡਕਸ਼ਨ ਟੂ ਇੰਡੀਅਨ ਰਿਲਿਜਨਸ, ਪਟਿਆਲਾ, 1973

8.     ਤਾਲਿਬ, ਗੁਰਬਚਨ ਸਿੰਘ, ਐਨ ਇੰਟਰੋਡਕਸ਼ਨ ਟੂ ਸ੍ਰੀ ਗੁਰੂ ਗ੍ਰੰਥ ਸਾਹਿਬ, ਪਟਿਆਲਾ, 1991

9.     ਧਰਮ ਸਿੰਘ, ਸਿੱਖ ਥਿਓਲਾਜੀ ਆਫ਼ ਲਿਬਰੇਸ਼ਨ, ਦਿੱਲੀ, 1991

10.   ਅਵਤਾਰ ਸਿੰਘ, ਐਥਿਕਸ ਆਫ਼ ਦ ਸਿਖਸ, ਪਟਿਆਲਾ, 1970


ਵਿਚਾਰ / ਸੁਝਾਅ