ਸੁਤੰਤਰ ਭਾਵਾਂਸ਼ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸੁਤੰਤਰ ਭਾਵਾਂਸ਼ : ਇਹ ਸੰਕਲਪ ਭਾਵਾਂਸ਼-ਵਿਉਂਤ ਵਿਚ ਵਰਤਿਆ ਜਾਂਦਾ ਹੈ । ਭਾਵਾਂਸ਼ , ਵਿਆਕਰਨ ਦੀ ਛੋਟੀ ਤੋਂ ਛੋਟੀ ਇਕਾਈ ਹੈ । ਇਹ ਇਕਾਈ ਅਰਥਪੂਰਨ ਹੁੰਦੀ ਹੈ । ਭਾਵਾਂਸ਼ ਨੂੰ ਅੱਗੋਂ ਵੰਡਿਆ ਨਹੀਂ ਜਾ ਸਕਦਾ । ਸ਼ਬਦ ਦੀ ਬਣਤਰ ਦੋ ਪਰਕਾਰ ਦੀ ਹੁੰਦੀ ਹੈ : ਇਕ-ਭਾਵਾਂਸ਼ੀ ਅਤੇ ਬਹੁ-ਭਾਵਾਂਸ਼ੀ । ਇਕ-ਭਾਵਾਂਸ਼ੀ ਸ਼ਬਦਾਂ ਦੀ ਬਣਤਰ ਵਿਚ ਇਕੋ ਭਾਵਾਂਸ਼ ਵਿਚਰਦਾ ਹੈ ਅਤੇ ਬਹੁ-ਭਾਵਾਂਸ਼ੀ ਸ਼ਬਦਾਂ ਦੀ ਬਣਤਰ ਵਿਚ ਇਕ ਤੋਂ ਵਧੇਰੇ ਭਾਵਾਂਸ਼ ਵਿਚਰਦੇ ਹਨ । ਭਾਵਾਂਸ਼ ਅੱਗੋਂ ਦੋ ਪਰਕਾਰ ਦੇ ਹੁੰਦੇ ਹਨ ( i ) ਸੁਤੰਤਰ ਅਤੇ ( ii ) ਬੰਧੇਜੀ । ਸੁਤੰਤਰ ਭਾਵਾਂਸ਼ ਸ਼ਬਦ ਵਾਂਗ ਵਿਚਰ ਸਕਦੇ ਹਨ ਪਰ ਬੰਧੇਜੀ ਭਾਵਾਂਸ਼ ਸ਼ਬਦ ਵਾਂਗ ਨਹੀਂ ਵਿਚਰ ਸਕਦੇ ਜਿਵੇਂ : ‘ ਟੁੱਟ’ ਸੁਤੰਤਰ ਭਾਵਾਂਸ਼ ਹੈ । ਇਹ ਸੁਤੰਤਰ ਸ਼ਬਦ ਵਜੋਂ ਵਿਚਰਦਾ ਹੈ ਪਰ ‘ ਅਟੁੱਟ’ ਵਿਚ ‘ ਅ-’ ਬੰਧੇਜੀ ਭਾਵਾਂਸ਼ ਹੈ ਜੋ ਇਕੱਲੇ ਤੌਰ ’ ਤੇ ਨਹੀਂ ਵਿਚਰ ਸਕਦਾ । ਇਕ ਬਹੁ-ਭਾਵਾਂਸ਼ੀ ਸ਼ਬਦ ਵਿਚ ਸੁਤੰਤਰ ਭਾਵਾਂਸ਼ ਨੂੰ ‘ ਧਾਤੂ’ ਜਾਂ ਸੁਤੰਤਰ ਤੌਰ ’ ਤੇ ਵਿਚਰਨ ਵਾਲੇ ਨੂੰ ‘ ਸ਼ਬਦ’ ਕਿਹਾ ਜਾਂਦਾ ਹੈ । ਸੁਤੰਤਰ ਭਾਵਾਂਸ਼ ਅੱਗੋਂ ਦੋ ਪਰਕਾਰ ਦੇ ਹਨ : ( i ) ਕੋਸ਼ਗਤ ( ii ) ਸਬੰਧਗਤ । ਕੋਸ਼ਗਤ ਭਾਵਾਂਸ਼ ਵਿਚ ਉਨ੍ਹਾਂ ਸ਼ਬਦ ਰੂਪਾਂ ਨੂੰ ਰੱਖਿਆ ਜਾਂਦਾ ਹੈ ਜੋ ਧਾਤੂ ਰੂਪ ਵਿਚ ਵਿਚਰਦੇ ਹਨ ਇਨ੍ਹਾਂ ਦੀ ਲਿਸਟ ਵਿਚ ਮੁੱਖ ਸ਼ਬਦ-ਸ਼ਰੇਣੀਆਂ ਦੇ ਮੂਲ ਰੂਪਾਂ ਨੂੰ ਲਿਆ ਜਾਂਦਾ ਹੈ , ਜਿਵੇਂ : ਘਰ , ਕਰ , ਕਦ , ਸਫੈਦ , ਉਹ ਆਦਿ । ਦੂਜੇ ਪਾਸੇ ਸਬੰਧਗਤ ਰੂਪਾਂ ਲਈ ਗੋਣ ਸ਼ਬਦ-ਸ਼ਰੇਣੀਆਂ ਦੇ ਮੂਲ ਰੂਪਾਂ ਨੂੰ ਰੱਖਿਆ ਜਾਂਦਾ ਹੈ ਜਿਵੇਂ : ਪਰ , ਤਾਂ , ਜੇ , ਕਿਉਂਕਿ , ਤੋਂ , ਨੇ , ਨੂੰ , ਦਾ ਆਦਿ । ਇਹ ਰੂਪ ਗੈਰ-ਧਾਤੂ ਰੂਪ ਹਨ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 675, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.