ਸੁਰਿੰਦਰ ਸਿੰਘ ਕੋਹਲੀ, ਡਾ. (ਸੰਨ 1920-2003 ਈ.) ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੁਰਿੰਦਰ ਸਿੰਘ ਕੋਹਲੀ, ਡਾ. (ਸੰਨ 1920-2003 ਈ.): ਸਿੱਖ ਧਰਮ ਦੇ ਉਘੇ ਵਿਦਵਾਨ ਅਤੇ ਗੁਰਬਾਣੀ ਦੇ ਗੰਭੀਰ ਖੋਜੀ ਡਾ. ਸੁਰਿੰਦਰ ਸਿੰਘ ਕੋਹਲੀ ਦਾ ਜਨਮ ਜ਼ਿਲ੍ਹਾ ਰਾਵਲਪਿੰਡੀ ਦੇ ਪਿੰਡ ਨੂਰਪੁਰ ਸ਼ਾਹਾਂ ਵਿਚ ਸ. ਸੰਤ ਸਿੰਘ ਦੇ ਘਰ 1 ਜਨਵਰੀ 1920 ਈ. ਨੂੰ ਹੋਇਆ। ਮੁਢਲੀ ਤਾਲੀਮ ਆਪਣੇ ਪਿੰਡ ਵਿਚ ਪ੍ਰਾਪਤ ਕਰਨ ਉਪਰੰਤ ਇਸ ਨੇ ਗਾਰਡਨ ਕਾਲਜ, ਰਾਵਲਪਿੰਡੀ ਤੋਂ ਬੀ.ਏ. ਦੀ ਪਰੀਖਿਆ ਪਾਸ ਕੀਤੀ ਅਤੇ ਫਿਰ ਸੰਨ 1942 ਈ. ਵਿਚ ਪੰਜਾਬ ਯੂਨੀਵਰਸਿਟੀ ਤੋਂ ਐਮ.ਏ. ਅੰਗ੍ਰੇਜ਼ੀ ਦੀ ਡਿਗਰੀ ਪ੍ਰਾਪਤ ਕੀਤੀ। ਸੰਨ 1944 ਈ. ਵਿਚ ਫਰੈਂਚ ਭਾਸ਼ਾ ਦਾ ਅਧਿਐਨ ਕੀਤਾ ਅਤੇ ਉਸੇ ਸਾਲ ਖ਼ਾਲਸਾ ਕਾਲਜ ਰਾਵਲਪਿੰਡੀ ਵਿਚ ਪੰਜਾਬੀ ਅਤੇ ਫਰੈਂਚ ਦਾ ਅਧਿਆਪਕ ਨਿਯੁਕਤ ਹੋ ਗਿਆ।

            ਪੰਜਾਬ ਦੀ ਵੰਡ ਤੋਂ ਬਾਦ ਪਹਿਲਾਂ ਪਟਿਆਲੇ ਆ ਕੇ ਟਿਕਿਆ ਅਤੇ ਫਿਰ ਸੰਨ 1948 ਈ. ਵਿਚ ਦਿੱਲੀ ਚਲਾ ਗਿਆ। ਉਥੇ ਕੁਝ ਕਾਲਜਾਂ ਵਿਚ ਅਧਿਆਪਨ ਦਾ ਰੁਝੇਵਾਂ ਅਪਣਾਇਆ। ਸੰਨ 1951 ਈ. ਵਿਚ ਪੰਜਾਬ ਯੂਨੀਵਰਸਿਟੀ ਤੋਂ ਐਮ.ਏ. ਪੰਜਾਬੀ ਪਾਸ ਕਰਕੇ ਸੰਨ 1952 ਈ. ਵਿਚ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਦਿੱਲੀ ਵਿਚ ਪੰਜਾਬੀ ਦਾ ਲੈਕਚਰਾਰ ਲਗਾ। ਸੰਨ 1958 ਈ. ਵਿਚ ਇਸ ਨੇ ਦਿੱਲੀ ਯੂਨੀਵਰਸਿਟੀ ਤੋਂ ‘ਏ ਕ੍ਰਿਟੀਕਲ ਸਟੱਡੀ ਆਫ਼ ਆਦਿ ਗ੍ਰੰਥਵਿਸ਼ੇ ਉਤੇ ਖੋਜ ਕਰਕੇ ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਸੰਨ 1959 ਈ. ਤੋਂ ਇਹ ਦਿੱਲੀ ਯੂਨੀਵਰਸਿਟੀ ਦੀ ਇੰਸਟੀਚਿਊਟ ਆਫ਼ ਪੋਸਟ ਗਰੈਜੂਏਟ ਈਵਨਿੰਗ ਸਟੱਡੀਜ਼ ਵਿਚ ਪੰਜਾਬੀ ਦਾ ਰੀਡਰ ਨਿਯੁਕਤ ਹੋਇਆ ਅਤੇ ਫਿਰ ਸੰਨ 1961 ਈ. ਵਿਚ ਪੰਜਾਬੀ ਦਾ ਪਹਿਲਾ ਪ੍ਰੋਫੈਸਰ ਬਣ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਗਿਆ। 31 ਦਸੰਬਰ 1979 ਈ. ਵਿਚ ਉਥੋਂ ਸੇਵਾ ਮੁਕਤ ਹੋਇਆ। ਇਸ ਨੇ 18 ਸਾਲ ਪ੍ਰੋਫੈਸਰ ਅਤੇ ਵਿਭਾਗ ਮੁਖੀ ਦੀ ਜ਼ਿੰਮੇਵਾਰੀ ਨਿਭਾਈ। ਇਸ ਦੌਰਾਨ ਇਸ ਨੇ ਆਪਣੇ ਵਿਦਿਆਰਥੀ ਨੂੰ ਬੜੀ ਗੰਭੀਰਤਾ ਨਾਲ ਗੁਰਬਾਣੀ ਦਾ ਅਧਿਐਨ ਕਰਾਇਆ। 49 ਖੋਜ-ਅਰਥੀਆਂ ਨੂੰ ਪੀ-ਐਚ.ਡੀ. ਦੀ ਸਫਲ ਖੋਜ ਕਰਵਾਈ। ਨਿਠ ਕੇ ਪੜ੍ਹਿਆ ਅਤੇ ਪੜ੍ਹਾਇਆ। ਅਧਿਆਪਨ ਦੀ ਸੇਵਾ-ਮੁਕਤੀ ਤੋਂ ਬਾਦ ਇਹ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁਕ ਬੋਰਡ ਚੰਡੀਗੜ੍ਹ ਅਤੇ ਗੁਰੂ ਨਾਨਕ ਫਾਊਂਡੇਸ਼ਨ ਦਿੱਲੀ ਦਾ ਡਾਇਰੈਕਟਰ ਲਗਿਆ ਅਤੇ ਫਿਰ ‘ਇੰਡੀਅਨ ਕੌਂਸਲ ਆਫ਼ ਫ਼ਿਲਾਸਫ਼ੀਕਲ ਰਿਸਰਚ, ਨਵੀਂ ਦਿੱਲੀ ਵਿਚ ਫੈਲੋ ਰਿਹਾ।

            ਗੁਰੂ ਗ੍ਰੰਥ ਸਾਹਿਬ ਸੰਬੰਧੀ ਪੀ-ਐਚ.ਡੀ. ਦੀ ਖੋਜ ਕਰਨ ਤੋਂ ਇਲਾਵਾ ਸਿੱਖ ਧਰਮ ਅਤੇ ਗੁਰਬਾਣੀ ਸੰਬੰਧੀ ਕਈ ਪੁਸਤਕਾਂ ਲਿਖੀਆਂ, ਜਿਨ੍ਹਾਂ ਵਿਚੋਂ ਕੁਝ ਉੱਲੇਖਯੋਗ ਇਸ ਪ੍ਰਕਾਰ ਹਨ—Dictionary of Sri Guru Granth Sahib (1996), Dictionary of Mythological References in Guru Granth Sahib, The Sikh Philosophy (1992), Outlines of Sikh thought (1966), Life and Ideals of Guru Gobind Singh (1986), Philosophy of Guru Nanak (1969), Travels of Guru Nanak (1969), Sikhism and Guru Granth Sahib (1990), A conceptual Encyclopaedia of Guru Granth Sahib (1992), The Sikh and Sikhism, Ritualism and its Rejection in Sikhism, Sikh Predictions etc. ਇਨ੍ਹਾਂ ਅੰਗ੍ਰੇਜ਼ੀ ਪੁਸਤਕਾਂ ਤੋਂ ਇਲਾਵਾ ਇਸ ਨੇ ‘ਦਸਮ ਗ੍ਰੰਥ ’ ਦਾ ਅੰਗ੍ਰੇਜ਼ੀ ਅਨੁਵਾਦ ਕਰਕੇ ਤਿੰਨ ਜਿਲਦਾਂ ਵਿਚ ਸੰਨ 2003 ਈ. ਵਿਚ ਪ੍ਰਕਾਸ਼ਿਤ ਕੀਤਾ। ਪੰਜਾਬੀ ਵਿਚ ਵੀ ਸਿੱਖ ਧਰਮ ਅਤੇ ਪੰਜਾਬੀ ਸਾਹਿਤ ਬਾਰੇ ਕਈ ਪੁਸਤਕਾਂ ਲਿਖੀਆਂ ਅਤੇ ਕਈਆਂ ਦਾ ਸੰਪਾਦਨ ਕੀਤਾ।

            ਪਿਛਲੇ ਨੌਂ-ਦਸ ਸਾਲ ਤੋਂ ਇਹ ਇੰਗਲੈਂਡ ਵਿਚ ਆਪਣੀ ਲੜਕੀ ਪਾਸ ਰਹਿੰਦਾ ਰਿਹਾ। ਇਸ ਦੌਰਾਨ ਇਸ ਨੇ ਵਖ ਵਖ ਅੰਤਰ-ਰਾਸ਼ਟਰੀ ਕਾਨਫ੍ਰੰਸਾਂ ਅਤੇ ਸੈਮੀਨਾਰਾਂ ਵਿਚ ਹਿੱਸਾ ਲਿਆ ਅਤੇ ਸਿੱਖ ਧਰਮ ਦਾ ਦ੍ਰਿਸ਼ਟੀਕੋਣ ਸਪੱਸ਼ਟ ਕੀਤਾ। ਡਾ. ਕੋਹਲੀ ਦਾ 20 ਜੁਲਾਈ 2003 ਈ. ਵਿਚ ਚੰਡੀਗੜ੍ਹ ਵਿਚ ਦੇਹਾਂਤ ਹੋਇਆ। ਇਹ ਬੜਾ ਸਿਰੜੀ, ਸੁਹਿਰਦ ਅਤੇ ਸੰਤੁਸ਼ਟ ਸੁਭਾ ਵਾਲਾ ਇਕ ਸਾਊ ਵਿਦਵਾਨ ਸੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.