ਸੁਰ-ਤੰਦਾਂ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸੁਰ-ਤੰਦਾਂ : ( 1 ) ਘੰਡੀ ਦੇ ਅੰਦਰਵਾਰ ਟਰੈਚੀਆ ( ਸਾਹ ਨਾਲੀ ) ਦੇ ਉਪਰ ਇਕ ਮਾਸ ਪੱਠਿਆਂ ਦਾ ਪੋਲ ਟਿਕਿਆ ਹੁੰਦਾ ਹੈ । ਇਸ ਪੋਲ ਵਿਚਲੀ ਵਿੱਥ ਤਿੰਨ ਪਰਕਾਰ ਦੀ ਹੋ ਸਕਦੀ ਹੈ । ਇਹ ਵਿੱਥ ਦੋ ਝਿਲੀਆਂ ਦੀ ਹਿਲਜੁਲ ਨਾਲ ਪੈਦਾ ਹੁੰਦੀ ਹੈ । ਇਨ੍ਹਾਂ ਦੋਹਾਂ ਝਿਲੀਆਂ ਨੂੰ ਸੁਰ-ਤੰਦਾਂ ( Vocal cords ) ਕਿਹਾ ਜਾਂਦਾ ਹੈ । ਸੁਰ-ਤੰਦਾਂ ਨੂੰ ਵਿੱਥ ਦੇ ਅਧਾਰ ’ ਤੇ ਇਸ ਤਰ੍ਹਾਂ ਵੰਡਿਆ ਜਾਂਦਾ ਹੈ , ਜਿਵੇਂ : ( i ) ਸੁਰ-ਤੰਦਾਂ ਰਾਹੀਂ ਰਾਹ ਬੰਦ ( ii ) ਰਾਹ ਖੁੱਲ੍ਹਾ ਅਤੇ ( iii ) ਰਾਹ ਵਿਚਲੀ ਵਿੱਥ ਘੱਟ । ਸੁਰ-ਤੰਦਾਂ ਵਿਚਲੀ ਵਿੱਥ ਨੂੰ Glotis ਕਿਹਾ ਜਾਂਦਾ ਹੈ । ਇਹ ਉਚਾਰਨ ਸਥਾਨ ਵਜੋਂ ਕਾਰਜ ਕਰਦੀ ਹੈ । ਇਸ ਸਥਾਨ ਤੋਂ ਪੈਦਾ ਹੋਈਆਂ ਧੁਨੀਆਂ ਨੂੰ ਕੰਠੀ ਜਾਂ ਗਲੋਟਲ ਧੁਨੀਆਂ ਕਿਹਾ ਜਾਂਦਾ ਹੈ । ਪੰਜਾਬੀ ਵਿਚ ( ਹ ) ਧੁਨੀ ਇਸ ਸਥਾਨ ਤੋਂ ਪੈਦਾ ਹੁੰਦੀ ਹੈ । ਜਦੋਂ ਸੁਰ-ਤੰਦਾਂ ਦੇ ਰਾਹੀਂ ਸਾਹ ਨਲੀ ਦਾ ਰਾਹ ਬੰਦ ਹੁੰਦਾ ਹੈ ਤਾਂ ਫੇਫੜਿਆਂ ਦੇ ਅੰਦਰਵਾਰ ਅਤੇ ਬਾਹਰਵਾਰ ਸਾਹ ਦੀ ਪਰਕਿਰਿਆ ਬੰਦ ਹੁੰਦੀ ਹੈ । ਸੁਰ-ਤੰਦਾਂ ਨੂੰ ਉਸ ਵਕਤ ਬੰਦ ਕੀਤਾ ਜਾਂਦਾ ਹੈ ਜਦੋਂ ਭਾਰ ਚੁੱਕਣਾ , ਧੱਕਾ ਲਾਉਣਾ ਜਾਂ ਜਰਕ ਨਾਲ ਕੋਈ ਕੰਮ ਕਰਨਾ ਹੋਵੇ , ਨਹੀਂ ਤਾਂ ਸਧਾਰਨ ਹਾਲਤ ਵਿਚ ਸੁਰ-ਤੰਦਾਂ ਵਿਚਲਾ ਰਾਹ ਖੁੱਲ੍ਹਾ ਹੁੰਦਾ ਹੈ ਅਤੇ ਸਾਹ ਨਲੀ ਵਿਚ ਸਾਹ ਆਉਂਦਾ ਜਾਂਦਾ ਰਹਿੰਦਾ ਹੈ

              ( 2 ) ਸੁਰ ਤੰਦਾਂ ਦੀ ਖੁੱਲ੍ਹੀ ਅਤੇ ਬੰਦ ਅਵਸਥਾ ਦੇ ਅਧਾਰ ’ ਤੇ ਧੁਨੀਆਂ ਦੇ ਉਚਾਰਨ ’ ਤੇ ਪਰਭਾਵ ਪੈਂਦਾ ਹੈ । ਇਸ ਪਰਭਾਵ ਨੂੰ ਘੋਸ਼ਤਾ ਕਿਹਾ ਜਾਂਦਾ ਹੈ । ਸੁਰ-ਤੰਦਾਂ ਜਦੋਂ ਪੂਰੀਆਂ ਖੁੱਲ੍ਹੀਆਂ ਹੋਈਆਂ ਹੁੰਦੀਆਂ ਹਨ ਤਾਂ ਉਸ ਵਕਤ ਧੁਨੀਆਂ ਦੇ ਉਚਾਰਨ ਨਾਲ ਸੁਰ-ਤੰਦਾਂ ਦੇ ਧੁਨੀ ਲੱਛਣ ਸ਼ਾਮਲ ਨਹੀਂ ਹੁੰਦੇ ਇਸ ਅਵਸਥਾ ਤੋਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਸਘੋਸ਼ ਧੁਨੀਆਂ ਕਿਹਾ ਜਾਂਦਾ ਹੈ । ਪੰਜਾਬੀ ਵਿਚ ( ਕ , ਖ , ਚ , ਛ , ਟ , ਠ , ਤ , ਥ , ਪ , ਫ ) ਅਘੋਸ਼ ਧੁਨੀਆਂ ਹਨ । ਦੂਜੇ ਪਾਸੇ ਜਦੋਂ ਸੁਰ-ਤੰਦਾਂ ਅਰਧ ਖੁੱਲ੍ਹੀਆਂ ਹੁੰਦੀਆਂ ਹਨ ਤਾਂ ਉਸ ਸਥਿਤੀ ਵਿਚ ਪੈਦਾ ਹੋਈਆਂ ਧੁਨੀਆਂ ਦੇ ਨਾਲ ਸੁਰ-ਤੰਦਾਂ ਦੇ ਧੁਨੀ ਲੱਛਣ ਜੁੜ ਜਾਂਦੇ ਹਨ । ਇਸ ਅਵਸਥਾ ਵਿਚੋਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਅਘੋਸ਼ ਧੁਨੀਆਂ ਕਿਹਾ ਜਾਂਦਾ ਹੈ । ਪੰਜਾਬੀ ਵਿਚ ( ਗ , ਜ , ਡ , ਦ , ਬ ) ਸਘੋਸ਼ ਧੁਨੀਆਂ ਹਨ । ਪੰਜਾਬੀ ਵਿਚਲੀਆਂ ਸਘੋਸ਼ ਧੁਨੀਆਂ ਦੀ ਦੂਜੀ ਪਾਲ ( ਘ , ਝ , ਢ , ਧ , ਭ ) ਆਪਣੇ ਸਘੋਸ਼ਤਾ ਧੁਨਾਤਮਕ ਲੱਛਣ ਗੁਆ ਬੈਠੀ ਹੈ ਅਤੇ ਇਨ੍ਹਾਂ ਦੀ ਥਾਂ ਸੁਰ ਨੇ ਲੈ ਲਈ ਹੈ ।

        ( 3 ) ਸੁਰ-ਤੰਦਾਂ ਦਾ ਧੁਨੀ-ਵਿਉਂਤ ਵਿਚ ਸੁਰ ਨਾਲ ਸਬੰਧ ਹੈ । ਸੁਰ-ਤੰਦਾਂ ਦਾ ਸਬੰਧ ਪਿੱਚ ਨਾਲ ਹੈ ਅਤੇ ਪਿੱਚ ਦੀ ਵਰਤੋਂ ਨੂੰ ਸੁਰ ਕਿਹਾ ਜਾਂਦਾ ਹੈ । ਸੁਰ-ਤੰਦਾਂ ਵਿਚੋਂ ਬਾਹਰ ਨਿਕਲਦੀ ਹਵਾ ਵੇਲੇ ਸੁਰ-ਤੰਦਾਂ ਵਿਚ ਕੰਪਣ ਪੈਦਾ ਹੁੰਦੀ ਹੈ ਜਿਸ ਦੀ ਗਤੀ ਇਕੋ ਜਿਹੀ ਨਹੀਂ ਰਹਿੰਦੀ ਸਗੋਂ ਘੱਟਦੀ ਵੱਧਦੀ ਰਹਿੰਦੀ ਹੈ । ਕੰਪਣ ਦੀ ਗਤੀ ਜਦੋਂ ਸ਼ਬਦ ਦੇ ਪੱਧਰ ’ ਤੇ ਅਰਥ ਨਿਖੇੜੂ ਹੁੰਦੀ ਹੈ ਉਸ ਨੂੰ ਸੁਰ ਕਿਹਾ ਜਾਂਦਾ ਹੈ । ਪੰਜਾਬੀ ਵਿਚ ਤਿੰਨ ਸੁਰਾਂ ਹਨ , ਉੱਚੀ , ਨੀਵੀਂ ਅਤੇ ਵਿਚਕਾਰਲੀ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.