ਸੂਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਲੀ ( ਨਾਂ , ਇ ) ਫਾਹਾ ਦੇਣ ਲਈ ਗੱਡੀ ਥੰਮ੍ਹੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2506, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੂਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੂਲੀ ਸੰਗ੍ਯਾ— ਸਲੀਬ. ਸ਼ੂਲਾ2. “ ਜਿਉ ਤਸਕਰ ਉਪਰਿ ਸੂਲਿ.” ( ਵਾਰ ਗਉ ੨ ਮ : ੫ ) ੨ ਚਿੰਤਾ. ਫਿਕਰ. “ ਖਾਵਣ ਸੰਦੜੈ ਸੂਲਿ.” ( ਵਾਰ ਗਉ ੨ ਮ : ੫ ) ੩ ਦੁੱਖ. ਪੀੜਾ. “ ਪੜਹਿ ਦੋਜਕ ਕੈ ਸੂਲਿ.” ( ਵਾਰ ਗਉ ੨ ਮ : ੫ ) ੪ ਸੰ. शूलिन्. ਵਿ— ਤ੍ਰਿਸੂਲਧਾਰੀ । ੫ ਸੰਗ੍ਯਾ— ਸ਼ਿਵ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੂਲੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੂਲੀ : ਇਹ ਲੋਹੇ ਜਾਂ ਲੱਕੜੀ ਦਾ ਨੁਕੀਲਾ ਡੰਡਾ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਚੀਜ਼ ਹੁੰਦੀ ਸੀ , ਜਿਸ ਉੱਤੇ ਬਿਠਾ ਕੇ ਲਿਟਾ ਕੇ ਜਾਂ ਕਿੱਲਾਂ ਨਾਲ ਗੱਡ ਕੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ । ਮੌਤ ਦੀ ਸਜ਼ਾ ਦੇਣ ਲਈ ਸੂਲੀ ਦੀ ਵਰਤੋਂ ਬਹੁਤ ਪੁਰਾਣੇ ਸਮਿਆਂ ਤੋਂ ਪ੍ਰਚਲਤ ਸੀ । ਕੁਝ ਇਤਿਹਾਸਕਾਰਾਂ ਦਾ ਵਿਚਾਰ ਇਹ ਹੈ ਕਿ ਯੂਨਾਨ ਅਤੇ ਰੋਮ ਵਿਚ ਘੋਰ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਸੂਲੀ ਦੀ ਵਰਤੋਂ ਕੀਤੀ ਜਾਂਦੀ ਸੀ । ਉਨ੍ਹਾਂ ਨੇ ਇਹ ਤਰੀਕਾ ਸ਼ਾਇਦ ਕਾਰਥਿਜੀਅਨਾਂ ਤੋਂ ਲਿਆ ਸੀ , ਜਿਹੜੇ ਕਿ ਬੜੇ ਜ਼ਾਲਮ ਸਨ ।

                  ਰਿਗਵੇਦ ਅਤੇ ਯਜੁਰਵੇਦ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਪੁਰਾਣੇ ਸਮਿਆਂ ਵਿਚ ਹਿੰਦੂਆਂ ਵਿਚ ਸੂਲੀ ਦੀ ਸਜ਼ਾ ਦੇਣ ਦਾ ਰਿਵਾਜ ਨਹੀਂ ਸੀ । ਮੈਗਸਥਨੀਜ਼ , ਜੋ ਸੀਲਿਊਕਸ ਵੱਲੋਂ ਚੰਦਰਗੁਪਤ ਮੋਰੀਆ ਦੇ ਦਰਬਾਰ ਵਿਚ 302 ਈ. ਪੂ. ਤੋਂ 291 ਈ. ਪੂ. ਤਕ ਰਿਹਾ , ਬੱਧ ਜਾਂ ਕਤਲ ਦਾ ਜ਼ਿਕਰ ਕਰਦਾ ਹੈ , ਪਰ ਇਹ ਸਪਸ਼ਟ ਨਹੀਂ ਕਿ ਬੱਧ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਸੀ । ਉਸਨੇ ‘ ਇੰਡੀਕਾ’ ਵਿਚ ਲਿਖਿਆ ਹੈ ਕਿ ਚੋਰੀ , ਡਾਕਾ , ਬਦਚਲਣੀ ਵਰਗੇ ਖ਼ਤਰਨਾਕ ਜੁਰਮਾਂ ਦੀ ਸਜ਼ਾ ਹੱਥ ਪੈਰ ਕਟ ਦੇਣਾ ਜਾਂ ਮੌਤ ਦੀ ਸਜ਼ਾ ਸੀ । ਇਨ੍ਹਾਂ ਸਖ਼ਤ ਸਜ਼ਾਵਾਂ ਦੇ ਕਾਰਨ ਜੁਰਮ ਬਹੁਤ ਘੱਟ ਹੁੰਦੇ ਸਨ । ਫ਼ਾਹੀਆਨ , ਜੋ 402 ਈ. ਤੋਂ 414 ਈ. ਤਕ ਹਿੰਦੁਸਤਾਨ ਵਿਚ ਰਿਹਾ , ਲਿਖਦਾ ਹੈ ਕਿ ਕਾਨੂੰਨ ਨਰਮ ਸਨ ਅਤੇ ਮੌਤ ਦੀ ਸਜ਼ਾ ਦਾ ਕਿਤੇ ਜ਼ਿਕਰ ਨਹੀਂ ਕਰਦਾ । ਇਸੇ ਪ੍ਰਕਾਰ ਹਿਊਨਸਾਂਗ ਨੇ ਵੀ ਸੂਲੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ ।

                  ਇਕ ਅਰਬ ਯਾਤਰੀ ਸੁਲੇਮਾਨ ਤਾਜਰ 237 ਹਿਜਰੀ ਵਿਚ ਹਿੰਦੁਸਤਾਨ ਆਇਆ ਸੀ । ਉਹ ਆਪਣੇ ਸਫ਼ਰਨਾਮੇ ਵਿਚ ਲਿਖਦਾ ਹੈ ਕਿ ਹਿੰਦ ਵਿਚ ਬਦਕਾਰੀ ਦੀ ਸਜ਼ਾ ਦੋਹਾਂ ਮੁਜਰਮਾਂ ਦਾ ਕਤਲ ਅਤੇ ਚੋਰੀ ਦੀ ਸਜ਼ਾ ਵੀ ਮੌਤ ਸੀ । ਇਸਦਾ ਤਰੀਕਾ ਇਹ ਸੀ ਕਿ ਮੁਜਰਮ ਨੂੰ ਇਕ ਨੋਕਦਾਰ ਲੱਕੜੀ ਉੱਤੇ ਬਿਠਾ ਦਿੱਤਾ ਜਾਂਦਾ ਸੀ ਅਤੇ ਨੋਕ ਹੇਠਾਂ ਤੋਂ ਹਲਕ ਤੱਕ ਚਲੀ ਜਾਂਦੀ ਸੀ ।

                  ਅਬੂਰੀਹਾਨ ਅਲਬੈਰੂਨੀ ( ਮੌਤ 1048 ) ਮਹਿਮੂਦ ਗ਼ਜ਼ਨਵੀ ਨਾਲ ਹਿੰਦੁਸਤਾਨ ਆਇਆ ਸੀ । ਉਸਨੇ ਲਿਖਿਆ ਹੈ ਕਿ ਕਾਨੂੰਨ ਬਹੁਤ ਸਖ਼ਤ ਸਨ । ਹੱਥ-ਪੈਰ ਕੱਟਣ ਅਤੇ ਮੌਤ ਦੀ ਸਜ਼ਾ ਆਮ ਸੀ । ਉਸਨੇ ਸੂਲੀ ਦੀ ਸਜ਼ਾ ਬਾਰੇ ਕੋਈ ਜ਼ਿਕਰ ਨਹੀਂ ਕੀਤਾ ।

                  ਇਬਨ ਬਤੂਤਾ 1333 ਤੋਂ 1342 ਈ. ਤਕ ਹਿੰਦੁਸਤਾਨ ਵਿਚ ਰਿਹਾ । ਉਸਨੇ ਆਪਣੇ ਸਫ਼ਰਨਾਮੇ ਵਿਚ ਮੁਹੰਮਦ ਤੁਗ਼ਲਕ ਦੀਆਂ ਸਖ਼ਤੀਆਂ ਅਤੇ ਖ਼ਤਰਨਾਕ ਸਜ਼ਾਵਾਂ ਦਾ ਜ਼ਿਕਰ ਕੀਤਾ ਹੈ । ਉਹ ਲਿਖਦਾ ਹੈ ਕਿ ਉਸ ਸਮੇਂ ਹਾਥੀਆਂ ਦੇ ਪੈਰਾਂ ਹੇਠ ਕੁਚਲਣ ਜਾਂ ਸੂਲੀ ਤੇ ਲਟਕਾਉਣ ਦੀ ਸਜ਼ਾ ਆਮ ਸੀ ।

                  ਸੂਲੀ ਦੇ ਨਿਸ਼ਾਨ ਨੂੰ ਅੱਜ ਕਲ੍ਹ ਈਸਾਈ ਜਗਤ ਵਿਚ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ । ਭਾਵੇਂ ਹਜ਼ਰਤ ਈਸਾ ਨੂੰ ਸੂਲੀ ਤੇ ਲਟਕਾਏ ਜਾਣ ਤੋਂ ਮਗਰੋਂ ਸੂਲੀ ਨੇ ਬਹੁਤ ਮਹੱਤਤਾ ਪ੍ਰਾਪਤ ਕੀਤੀ , ਪਰ ਇਸ ਨਿਸ਼ਾਨ ਦੀ ਵਰਤੋਂ ਇਕ ਧਾਰਮਕ ਨਿਸ਼ਾਨ ਦੇ ਤੌਰ ਤੇ ਪਹਿਲਾਂ ਵੀ ਪ੍ਰਚਲਤ ਸੀ । ਉਸ ਸਮੇਂ ਸੂਲੀ ਦੇ ਨਿਸ਼ਾਨ ਦੋ ਕਿਸਮਾਂ ਦੇ ਹੁੰਦੇ ਸਨ । ਸੂਲੀ ਦਾ ਨਿਸ਼ਾਨ ਅੰਗਰੇਜ਼ੀ ਅੱਖਰ T ਦੀ ਸ਼ਕਲ ਦਾ ਹੁੰਦਾ ਸੀ ਜਾਂ ਇਹ ਨਿਸ਼ਾਨ ਸਵਾਸਤਿਕਾ 卐 ਦਾ ਹੁੰਦਾ ਸੀ । T ਦੀ ਸ਼ਕਲ ਦਾ ਨਿਸ਼ਾਨ ਮਿਸਰ ਅਤੇ ਸੀਰੀਆ ਵਿਚ ਆਮ ਮਿਲਦਾ ਹੈ । ਸਵਾਸਤਿਕਾ ਦੇ ਨਿਸ਼ਾਨ ਦੀ ਵਰਤੋਂ ਹਿੰਦੁਸਤਾਨ ਅਤੇ ਚੀਨ ਵਿਚ ਈਸਾ ਤੋਂ ਬਹੁਤ ਪਹਿਲਾਂ ਹੁੰਦੀ ਸੀ । ਹਜ਼ਰਤ ਈਸਾ ਦੇ ਸਲੀਬ ਤੇ ਚੜ੍ਹਨ ਤੋਂ ਬਾਅਦ ਈਸਾਈ ਜਗਤ ਵਿਚ ਸੂਲੀ ਦਾ ਨਿਸ਼ਾਨ ਬਹੁਤ ਮਹੱਤਵ ਧਾਰਨ ਕਰ ਗਿਆ । ਰੋਮਨ ਸ਼ਹਿਨਸ਼ਾਹ ਕਾਨਸਟੈਨਟਾਈਨ ਨੇ ਇਸ ਨੂੰ ਈਸਾਈ ਧਰਮ ਦਾ ਨਿਸ਼ਾਨ ਕਰਾਰ ਦਿੱਤਾ ।

                  ਸੇਂਟ ਅਗਸਟੀਨ ਨੇ ਲਿਖਿਆ ਹੈ ਕਿ ਧਾਰਮਕ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੂਲੀ ਦਾ ਨਿਸ਼ਾਨ ਬਣਾਉਣਾ ਚਾਹੀਦਾ ਹੈ । ਯੂਨਾਨੀ ਅਤੇ ਲਾਤੀਨੀ ਰੋਮਨ ਕੈਥੋਲਿਕ ਧਰਮ ਦੀਆਂ ਸਰਵਿਸ ਬੁੱਕਾਂ ਵਿਚ ਸੂਲੀ ਦੇ ਨਿਸ਼ਾਨ ਦੀ ਵਰਤੋਂ ਥਾਂ ਥਾਂ ਮਿਲਦੀ ਹੈ । ਕਈ ਯੂਨਾਨੀ ਮੁਲਕਾਂ ਦੇ ਕੌਮੀ ਝੰਡਿਆਂ ਉੱਤੇ ਸੂਲੀ ਦਾ ਨਿਸ਼ਾਨ ਮਿਲਦਾ ਹੈ । ਯੂਨੀਅਨ ਜੈਕ ਤਿੰਨ ਸਲੀਬਾਂ ਦਾ ਮੇਲ ਹੈ । ਮੱਧ ਯੁੱਗ ਦੇ ਕਈ ਸਰਦਾਰਾਂ ਦੀਆਂ ਸੰਜੋਆਂ ਉੱਤੇ ਵੀ ਕਰਾਸ ਦਾ ਨਿਸ਼ਾਨ ਹੁੰਦਾ ਸੀ । ਕਈ ਈਸਾਈ ਬਾਦਸ਼ਾਹਾਂ ਅਤੇ ਰਾਣੀਆਂ ਦੇ ਗਲੇ ਦੇ ਜ਼ੇਵਰਾਂ ਉੱਤੇ ਅਤੇ ਬਿਸ਼ਪਾਂ ਦੇ ਚੋਗਿਆਂ ਉੱਤੇ ਵੀ ਕਰਾਸ ਦਾ ਨਿਸ਼ਾਨ ਬਣਵਾਇਆ ਜਾਂਦਾ ਸੀ ।

                  ਹ. ਪੁ.– – ਐਨ. ਬ੍ਰਿ. 6; ਹਿਸਟਰੀ ਆਫ਼ ਮੀ. ਇੰ.; ਐਨ. ਰਿ. ਐਥਿ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 930, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.