ਸ੍ਵਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ੍ਵਰ : ਭਾਸ਼ਾਈ ਧੁਨੀਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ-ਸ੍ਵਰ , ਵਿਅੰਜਨ ਅਤੇ ਅਰਧ ਸ੍ਵਰ/ ਵਿਅੰਜਨ । ਧੁਨੀਆਂ ਅਜਿਹੀਆਂ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਆਉਂਦੀ ਵਾਯੂਧਾਰਾ ( ਹਵਾ ) ਮੂੰਹ ਵਿੱਚ ਕਿਸੇ ਨਾ ਕਿਸੇ ਥਾਂ ਤੇ ਰੁਕ ਕੇ ਧੁਨੀਆਂ ਦਾ ਉਚਾਰਨ ਕਰਦੀ ਹੈ । ਇਹਨਾਂ ਧੁਨੀਆਂ ਨੂੰ ਵਿਅੰਜਨ ਕਿਹਾ ਜਾਂਦਾ ਹੈ । ਜਿਸ ਥਾਂ ਤੇ ਹਵਾ ਨੂੰ ਰੋਕ ਕੇ ਧੁਨੀਆਂ ਉਚਾਰੀਆਂ ਜਾਂਦੀਆਂ ਹਨ , ਉਸ ਜਗ੍ਹਾ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ । ਸ੍ਵਰ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਆਉਂਦੀ ਵਾਯੂਧਾਰਾ ਬੇਰੋਕ ਬਾਹਰ ਆ ਜਾਂਦੀ ਹੈ । ਅਰਧ ਸ੍ਵਰ/ ਵਿਅੰਜਨ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਉਚਾਰਨ ਸ੍ਵਰਾਂ ਵਰਗਾ ਹੁੰਦਾ ਹੈ ਪਰ ਭਾਸ਼ਾ ਵਿੱਚ ਇਹ ਧੁਨੀਆਂ ਵਿਅੰਜਨਾਂ ਵਾਂਗੂ ਵਰਤੀਆਂ ਜਾਂਦੀਆਂ ਹਨ ।

        ਪੰਜਾਬੀ ਭਾਸ਼ਾ ਵਿੱਚ ਦਸ ਸ੍ਵਰ ਹਨ-ਉ , ਊ , ਓ , ਅ , ਆ , ਔ , ਐ , ਇ , ਈ , ਏ । ਕਈ ਵਾਰ ਪੰਜਾਬੀ ਦੇ 10 ਸ੍ਵਰਾਂ ਨੂੰ ੳ ਅ ੲ ਨਾਲ ਰਲਗੱਡ ਕਰ ਕੇ ਸ੍ਵਰਾਂ ਦੀ ਗਿਣਤੀ ਤਿੰਨ ਦੱਸੀ ਜਾਂਦੀ ਹੈ । ਇਹ ਠੀਕ ਨਹੀਂ ਹੈ । ੳ ਅ ੲ ਸ੍ਵਰ ਵਾਹਕ ਹਨ , ਸ੍ਵਰ ਨਹੀਂ । ਇਹ ਅਜਿਹੇ ਚਿੰਨ੍ਹ ਹਨ ਜਿਨ੍ਹਾਂ ਨਾਲ ਪੰਜਾਬੀ ਦੇ ਦਸ ਸ੍ਵਰ ਅੰਕਿਤ ਕੀਤੇ ਜਾਂਦੇ ਹਨ :

                  ੳ              —           ਉ ,           ਊ             ਓ

                  ਅ            —           ਅ ,           ਆ ,         ਐ ,           ਔ

                  ੲ              —           ਇ ,         ਈ ,         ਏ

        ਇਹਨਾਂ ਸ੍ਵਰਾਂ ਨੂੰ ਅੱਗੋਂ ਦੀਰਘ ਅਤੇ ਲਘੂ ਸ੍ਵਰਾਂ ਵਿੱਚ ਵੰਡਿਆ ਜਾਂਦਾ ਹੈ । ਅ , ਉ , ਇ ਲਘੂ ਸ੍ਵਰ ਹਨ ਜਦੋਂ ਕਿ ਬਾਕੀ ਦੇ ਸੱਤ ਸ੍ਵਰ ਊ , ਓ , ਆ , ਐ , ਔ , ਈ , ਏ ਦੀਰਘ ਹਨ । ਲਘੂ ਅਤੇ ਦੀਰਘ ਸ੍ਵਰਾਂ ਦੀ ਵੰਡ ਉਚਾਰਨ ਦੇ ਸਮੇਂ ਦੇ ਆਧਾਰ ਤੇ ਕੀਤੀ ਜਾਂਦੀ ਹੈ , ਉ , ਅ , ਇ ਸ੍ਵਰਾਂ ਨੂੰ ਉਚਾਰਨ ਲਈ ਘੱਟ ਸਮਾਂ ਲੱਗਦਾ ਹੈ ਜਦੋਂ ਕਿ ਬਾਕੀ ਦੇ ਸੱਤ ਸ੍ਵਰਾਂ ਨੂੰ ਉਚਾਰਨ ਦਾ ਸਮਾਂ ਇਹਨਾਂ ਨਾਲੋਂ ਤਕਰੀਬਨ ਦੁਗਣਾ ਹੁੰਦਾ ਹੈ । ਇਸ ਤੋਂ ਇਲਾਵਾ ਪੰਜਾਬੀ ਦੇ ਸ੍ਵਰਾਂ ਨੂੰ ਹੇਠ ਲਿਖੇ ਤਿੰਨ ਆਧਾਰਾਂ ਤੇ ਵੰਡਿਆ ਜਾਂਦਾ ਹੈ :

                  1.   ਜੀਭ ਦੀ ਸਥਿਤੀ ,

                  2.   ਜੀਭ ਦੀ ਉਚਾਈ ,

                  3.   ਬੁੱਲ੍ਹਾਂ ਦੀ ਸਥਿਤੀ ।

        1. ਜੀਭ ਦੀ ਸਥਿਤੀ : ਦੇ ਆਧਾਰ ਤੇ ਸ੍ਵਰਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਜਾਂਦਾ ਹੈ : ਅਗਲੇਰੇ , ਪਿਛਲੇਰੇ ਅਤੇ ਵਿਚਕਾਰਲੇ ਸ੍ਵਰ । ਈ , ਏ , ਐ ਅਗਲੇਰੇ ਸ੍ਵਰ ਹਨ , ਊ , ਔ , ਓ ਪਿਛਲੇਰੇ ਸ੍ਵਰ ਹਨ ਅਤੇ ਇ , ਅ , ਉ , ਆ ਵਿਚਕਾਰਲੇ ਸ੍ਵਰ ।

        2. ਜੀਭ ਦੀ ਉਚਾਈ : ਦੇ ਆਧਾਰ ਤੇ ਸ੍ਵਰਾਂ ਨੂੰ ਉੱਚੇ ਅਤੇ ਨੀਵੇਂ ਸ੍ਵਰਾਂ ਵਿੱਚ ਰੱਖਿਆ ਜਾਂਦਾ ਹੈ । ਉੱਚੇ ਅਤੇ ਨੀਵੇਂ ਸ੍ਵਰਾਂ ਦੇ ਵਿਚਕਾਰ ਅਰਧ ਉੱਚੇ ਅਤੇ ਅਰਧ ਨੀਵੇਂ ਸ੍ਵਰ ਆਉਂਦੇ ਹਨ;

                                    ਉੱਚੇ ਸ੍ਵਰ                                   :               ਈ , ਊ

                                    ਅਰਧ ਉੱਚੇ                             :               ਇ , ਉ

                                    ਅਰਧ ਨੀਵੇਂ                           :               ਏ , ਅ , ਓ

                                    ਨੀਵੇਂ                                             :               ਐ , ਆ , ਔ

        3. ਬੁੱਲ੍ਹਾਂ ਦੀ ਸਥਿਤੀ : ਦੇ ਆਧਾਰ ਤੇ ਪੰਜਾਬੀ ਦੇ ਦਸ ਸ੍ਵਰਾਂ ਨੂੰ ਗੋਲਾਈਦਾਰ ਅਤੇ ਗੋਲਾਈ ਰਹਿਤ ਸ੍ਵਰਾਂ ਵਿੱਚ ਵੰਡਿਆ ਜਾਂਦਾ ਹੈ । ਉ , ਊ , ਓ , ਔ ਸ੍ਵਰ ਗੋਲਾਈਦਾਰ ਹਨ ਜਦੋਂ ਕਿ ਈ , ਏ , ਐ , ਇ , ਅ , ਆ ਸ੍ਵਰ ਗੋਲਾਈ ਰਹਿਤ ਹਨ । ਗੋਲਾਈਦਾਰ ਸ੍ਵਰਾਂ ਦੇ ਉਚਾਰਨ ਸਮੇਂ ਬੁੱਲ੍ਹਾਂ ਦੀ ਸ਼ਕਲ ਗੋਲਾਈਦਾਰ ਹੋ ਜਾਂਦੀ ਹੈ ।

                  ਪੰਜਾਬੀ ਸ੍ਵਰਾਂ ਨੂੰ ਉਪਰੋਕਤ ਤੋਂ ਇਲਾਵਾ ਉਚਾਰਨ ਦਾਇਰੇ ਦੇ ਆਧਾਰ ਤੇ ਬਾਹਰਲੇ ਗੁੱਟ ਦੇ ਸ੍ਵਰਾਂ ਅਤੇ ਅੰਦਰਲੇ ਗੁੱਟ ਦੇ ਸ੍ਵਰਾਂ ਵਿੱਚ ਵੀ ਵੰਡਿਆ ਜਾਂਦਾ ਹੈ । ਲਘੂ ਸ੍ਵਰ/ਇ , ਅ , ਉ/ਅੰਦਰਲੇ ਗੁੱਟ ਦੇ ਸ੍ਵਰ ਹੁੰਦੇ ਹਨ ਜਦੋਂ ਕਿ ਦੀਰਘ ਸ੍ਵਰ/ਈ , ੲੈ , ਐ , ਆ , ਔ , ਉ , ਊ/ਬਾਹਰਲੇ ਗੁੱਟ ਦੇ ਸ੍ਵਰ ਹੁੰਦੇ ਹਨ ।


ਲੇਖਕ : ਸੁਖਵਿੰਦਰ ਸਿੰਘ ਸੰਘਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14419, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸ੍ਵਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ੍ਵ . ਸੰ. स्वर्. ਸੰਗ੍ਯਾ— ਸ੍ਵਰਗ. ਆਕਾਸ਼ । ੨ ਵਿ— ਉੱਤਮ. ਸ਼੍ਰੇ੄਎ । ੩ ਸੰਗ੍ਯਾ— ਪ੍ਰਾਣ ਪਵਨ ਦਾ ਵਿਹਾਰ. ਸ੍ਵਾਸ ਦਾ ਅੰਦਰ ਬਾਹਰ ਆਉਣਾ ਜਾਣਾ । ੪ ਗਾਉਣ ਦੀ ਧੁਨਿ.1  ਰਾਗ ਦੇ ਮੂਲ ਰੂਪ ਸੱਤ ਸੁਰ. ੄ੜਜ , ਰਿ੄ਭ , ਗਾਂਧਾਰ , ਮਧ੍ਯਮ , ਪੰਚਮ , ਧੈਵਤ ਅਤੇ ਨਿ੄੠ਦ.

ਰਾਗ ਦੇ ਆਚਾਰਯ ਦੇਵਤਾ ਅਤੇ ਰਿਖੀਆਂ ਨੇ ਮੋਰ ਦੀ ਆਵਾਜ ਤੋਂ ੄ੜਜ , ਪਪੀਹੇ ( ਚਾਤ੍ਰਕ ) ਦੀ ਧੁਨਿ ਤੋਂ ਰਿ੄ਭ ( ਕਈਆਂ ਨੇ ਗਊ ਦੇ ਰੰਭਣ ਦੀ ਆਵਾਜ਼ ਤੋਂ ਰਿ੄ਭ ਮੰਨਿਆ ਹੈ ) , ਬਕਰੀ ਅਤੇ ਭੇਡ ਦੀ ਆਵਾਜ਼ ਤੋਂ ਗਾਂਧਾਰ , ਕੂੰਜ ਦੀ ਧੁਨਿ ਤੋਂ ਮਧ੍ਯਮ , ਕੋਇਲ ( ਕੋਕਿਲਾ ) ਤੋਂ ਪੰਚਮ , ਡੱਡੂ ( ਅਥਵਾ ਘੋੜੇ ) ਦੀ ਧੁਨਿ ਤੋਂ ਧੈਵਤ ਅਤੇ ਹਾਥੀ ਦੀ ਚਿੰਘਾਰ ਤੋਂ ਨਿ੄੠ਦ ਸੁਰ ਕਲਪਿਆ ਹੈ.2

ਇਹ ਸੱਤ ਸ਼ੁੱਧ ਸ੍ਵਰ1  ਜੇਹੇ ਕਿ ਬਿਲਾਵਲ ਠਾਟ ਦੇ ਹਨ , ਅਤੇ ਚਾਰ ਕੋਮਲ ਸ੍ਵਰ ( ਰਿ੃ਭ , ਗਾਂਧਾਰ , ਧੈਵਤ , ਨਿ੃੠ਦ ) ਜੇਹੇ ਕਿ ਭੈਰਵੀ ਠਾਟ ਦੇ ਹਨ , ਅਰ ਇੱਕ ਤੀਵ੍ਰ ਮਧ੍ਯਮ ਸ੍ਵਰ , ਜੋ ਹਿੰਡੋਲ ਆਦਿ ਰਾਗਾਂ ਵਿੱਚ ਵਰਤਿਆ ਜਾਂਦਾ ਹੈ , ਇਹ ਬਾਰਾਂ ਸ੍ਵਰ ਸਾਰੇ ਰਾਗਾਂ ਦੇ ਗਾਉਣ ਵਜਾਉਣ ਲਈ ਰਾਗ ਵਿਦ੍ਯਾ ਦੇ ਆਚਾਰਯਾਂ ਨੇ ਕਾਯਮ ਕੀਤੇ ਹਨ. ਦੇਖੋ , ਠਾਟ.

ਸੱਤਾਂ ਸੁਰਾਂ ਦੀਆਂ ੨੨ ਸ਼੍ਰੁਤੀਆਂ ( quarter tones ) ਹਨ , ਜੋ ਸੁਰਾਂ ਦੇ ਅੰਸ਼ ਆਖਣੇ ਚਾਹੀਏ. ਦੇਖੋ , ਸ਼੍ਰੁਤਿ ੬.

ਕਈ ਅਗ੍ਯਾਨੀ , ਸ਼੍ਰੁਤਿ ਨੂੰ ਮੂਰਛਨਾ ਸਮਝਦੇ ਹਨ , ਪਰ ਐਸਾ ਨਹੀਂ ਹੈ. ਮੂਰਛਨਾ ਨਾਉਂ ਠਾਟ ਦੀ ਇਸਥਿਤੀ ਦਾ ਹੈ. ਸੁਰਾਂ ਦੀਆਂ ਤਿੰਨ ਸਪਤਕਾਂ ਹੋਣ ਕਰਕੇ ਇੱਕੀ ਮੂਰਛਨਾ , ਅਰਥਾਤ ਇੱਕੀ ਸੁਰਾਂ ਦੀ ਇਸਥਿਤੀ ਆਲਾਪ ਲਈ ਠਹਿਰਾਈ ਗਈ ਹੈ.

ਇਸ ਗ੍ਰੰਥ ਵਿੱਚ ਲਿਖੇ ਸ਼ੁੱਧ , ਕੋਮਲ ਅਤੇ ਤੀਵ੍ਰ ਸੁਰ ਸਮਝਣ ਲਈ ਅਸੀਂ ਇਹ ਸੰਕੇਤ ਰੱਖਿਆ ਹੈ ਕਿ ਮੁਕਤੇ ਅੱਖਰ ਵਾਲਾ ਸ਼ੁੱਧ ਸੁਰ , ਕੰਨੇ ਵਾਲਾ ਕੋਮਲ ਅਤੇ ਬਿਹਾਰੀ ਵਾਲਾ ਤੀਵ੍ਰ ਹੈ. ਯਥਾ—

ਸ਼ੁੱਧ— ੄ ਰ ਗ ਮ ਪ ਧ ਨ.

ਕੋਮਲ— ਰਾ ਗਾ ਧਾ ਨਾ.

ਤੀਵ੍ਰ-ਮੀ.

ਰਾਗਾਂ ਦੇ ਬਿਆਨ ਵਿੱਚ ਗ੍ਰਹਸ੍ਵਰ , ਵਾਦੀ , ਸੰਵਾਦੀ , ਅਨੁਵਾਦੀ ਅਤੇ ਵਿਵਾਦੀ ਸ਼ਬਦ ਵਰਤੇ ਗਏ ਹਨ , ਇਸ ਲਈ ਇਨ੍ਹਾਂ ਬਾਬਤ ਭੀ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਏ.

ਗ੍ਰਹਸ੍ਵਰ ਉਹ ਹੈ , ਜਿਸ ਵਿੱਚ ਰਾਗ ਦੇ ਆਲਾਪ ਦੀ ਸਮਾਪਤੀ ਹੋਵੇ.

ਵਾਦੀ ਅਥਵਾ ਅੰਸ਼ ( ਜੀਵ ) ਸ੍ਵਰ ਉਹ ਹੈ , ਜੋ ਰਾਗ ਦੀ ਜਾਨ ਹੋਵੇ.

ਸੰਵਾਦੀ ਸੁਰ ਉਹ ਹੈ , ਜੋ ਰਾਗ ਦੀ ਸ਼ਕਲ ਬਣਾਉਣ ਵਿੱਚ ਵਾਦੀ ਸੁਰ ਨੂੰ ਸਹਾਇਤਾ ਦੇਵੇ.

ਅਨੁਵਾਦੀ ਉਹ ਹੈ , ਜੋ ਵਾਦੀ ਸੰਵਾਦੀ ਨੂੰ ਸਹਾਇਤਾ ਦੇਕੇ ਰਾਗ ਦਾ ਪੂਰਾ ਸਰੂਪ ਪ੍ਰਗਟ ਕਰ ਦੇਵੇ.

ਵਿਵਾਦੀ ਸੁਰ ਉਹ ਹੈ , ਜੋ ਰਾਗ ਦੀ ਸ਼ਕਲ ਵਿਗਾੜ ਦੇਵੇ. ਇਸ ਨੂੰ ਵਰਜਿਤ ਅਤੇ ਸ਼ਤ੍ਰੁ ਸ੍ਵਰ ਭੀ ਆਖਦੇ ਹਨ । 2  ੫ ਉਹ ਅੱਖਰ ਜੋ ਸੁਤੇ ਆਵਾਜ਼ ਦੇਵੇ. ਜੋ ਆਪ ਹੀ ਪ੍ਰਕਾਸ਼ ਉਹ ਸ੍ਵਰ ( vowel ) ਹੈ. ਪੰਜਾਬੀ ਵਰਣਮਾਲਾ ਵਿੱਚ ੳ ਅ ੲ ਤਿੰਨ ਸ੍ਵਰ ਹਨ । ੬ ਬ੍ਰਹ੝.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸ੍ਵਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸ੍ਵਰ ਜਾਂ ਸੁਰ : ਗਾਉਣ ਦੀ ਧੁਨੀ ਨੂੰ ਸ੍ਵਰ ਕਹਿੰਦੇ ਹਨ । ਰਾਗ ਦੇ ਮੂਲ ਰੂਪ ਸੱਤ ਸੁਰ– – ਸ਼ੜਜ , ਰਿਸ਼ਭ , ਗਾਂਧਾਰ , ਮਧਯਮ , ਪੰਚਮ , ਧੈਵਤ ਅਤੇ ਨਿਸ਼ਾਦ ਹਨ ।

                  ਰਾਗ ਦੇ ਆਚਾਰਿਆ ਨੇ ਮੋਰ ਦੀ ਆਵਾਜ਼ ਤੋਂ ਸ਼ੜਜ , ਪਪੀਹੇ ਦੀ ਧੁਨੀ ਤੋਂ ਰਿਸ਼ਭ ( ਕਈਆ ਨੇ ਗਊ ਦੇ ਰੰਭਣ ਦੀ ਆਵਾਜ਼ ਤੋਂ ਭੀ ਰਿਸ਼ਭ ਮੰਨਿਆ ਹੈ ) , ਬਕਰੀ ਅਤੇ ਭੇਡ ਦੀ ਆਵਾਜ਼ ਤੋਂ ਗਾਂਧਾਰ , ਕੂੰਜ ਦੀ ਧੁਨੀ ਤੋਂ ਮਧਯਮ , ਕੋਇਲ ਤੋਂ ਪੰਚਮ , ਡੱਡੂ ( ਅਥਵਾ ਘੋੜੇ ) ਦੀ ਧੁਨੀ ਤੋਂ ਧੈਵਤ ਅਤੇ ਹਾਥੀ ਦੀ ਚਿੰਘਾੜ ਤੋਂ ਨਿਸ਼ਾਦ ਸੁਰ ਕਲਪਿਆ ਹੈ ।

                  ਜੋ ਸ੍ਵਰ ਰਿਸ਼ੀਆਂ ਨੇ ਰਾਗ ਵਿਦਆ ਦੇ ਆਰੰਭ ਵਿਚ ਥਾਪੇ , ਉਹ ਸ਼ੁੱਧ ਆਖੇ ਜਾਂਦੇ ਹਨ , ਫੇਰ ਪਿਛੋਂ ਕਈ ਰਾਗਾਂ ਵਾਸਤੇ ਜੋ ਨੀਵੇਂ ਅਤੇ ਉੱਚੇ ਸ੍ਵਰ ਦੀ ਲੋੜ ਪਈ ਤਾਂ ਪੰਜ ਵਿਕ੍ਰਿਤ ਸ੍ਵਰ ਬਣਾਏ । ਇਨ੍ਹਾਂ ਵਿਚੋਂ ਚਾਰ– – ਰਿਸ਼ਭ , ਗਾਂਧਾਰ , ਧੈਵਤ ਅਤੇ ਨਿਸ਼ਾਦ ਵਿਕਾਰੀ ਹੋ ਕੇ ਕੋਮਲ ਹੋ ਜਾਂਦੇ ਹਨ ਅਤੇ ਮਧਯਮ ਵਿਕ੍ਰਿਤ ਹੋਕੇ ਤੀਬਰ ( ਕੜਾ ) ਹੁੰਦਾ ਹੈ । ਇਸ ਹਿਸਾਬ ਨਾਲ 12 ( ਸੱਤ ਸ਼ੁੱਧ ਤੇ ਪੰਜ ਵਿਕ੍ਰਿਤ ) ਸ੍ਵਰਾਂ ਤੋਂ ਸਾਰੇ ਰਾਗਾਂ ਦੇ ਠਾਟ ਬਣਦੇ ਹਨ ।

                  ਸੱਤਾਂ ਸ੍ਵਰਾਂ ਦੀਆਂ 22 ਸ਼੍ਰੁਤੀਆਂ ਹਨ ਜੋ ਸ੍ਵਰਾਂ ਦੇ ਅੰਸ਼ ਆਖਣੇ ਚਾਹੀਦੇ ਹਨ । ਕਈ ਅਗਿਆਨੀ ਸ਼੍ਰੁਤਿ ਨੂੰ ਮੂਰਛਨਾ ਸਮਝਦੇ ਹਨ ਪਰ ਅਜਿਹਾ ਨਹੀਂ ਹੈ । ਮੂਰਛਨਾ ਠਾਟ ਦੀ ਇਸਥਿਤੀ ਨੂੰ ਕਹਿੰਦੇ ਹਨ । ਸ੍ਵਰਾਂ ਦੀਆਂ ਤਿੰਨ ਸਪਤਕਾਂ ਹੋਣ ਕਰਕੇ ਇੱਕੀ ਮੂਰਛਨਾ ਅਰਥਾਤ ਇੱਕੀ ਸੁਰਾਂ ਦੀ ਇਸਥਿਤੀ ਅਲਾਪ ਲਈ ਠਹਿਰਾਈ ਗਈ ਹੈ । ਸ਼ੁੱਧ , ਕੋਮਲ ਅਤੇ ਤੀਬਰ ਸੁਰ ਸਮਝਣ ਲਈ ਇਹ ਸੰਕੇਤ ਰੱਖਿਆ ਗਿਆ ਹੈ ਕਿ ਮੁਕਤੇ ਵਾਲਾ ਅੱਖਰ ਸ਼ੁੱਧ ਸੁਰ , ਕੰਨੇ ਵਾਲਾ ਕੋਮਲ ਅਤੇ ਬਿਹਾਰੀ ਵਾਲਾ ਤੀਬਰ ਹੈ ਜਿਵੇਂ : – –

                  ਸ਼ੁੱਧ– – ਸ ਰ ਗ ਮ ਪ ਧ ਨ

                  ਕੋਮਲ– – ਰਾ ਗਾ ਧਾ ਨਾ

                  ਤੀਬਰ– – ਮੀ

                  ਰਾਗਾਂ ਦੇ ਬਿਆਨ ਵਿਚ ਗ੍ਰਹਸ੍ਵਰ , ਵਾਦੀ , ਸੰਵਾਦੀ , ਅਨੁਵਾਦੀ ਅਤੇ ਵਿਵਾਦੀ ਸ਼ਬਦ ਵਰਤੇ ਗਏ ਹਨ ਜਿਨ੍ਹਾਂ ਦਾ ਭਾਵ ਇਉਂ ਹੈ : – – ਗ੍ਰਹਸ੍ਵਰ ਉਹ ਹੈ ਜਿਸ ਵਿਚ ਰਾਗ ਦੇ ਅਲਾਪ ਦੀ ਸਮਾਪਤੀ ਹੋਵੇ ।

                  ਵਾਦੀ ਅਥਵਾ ਅੰਸ਼ ਸ੍ਵਰ ਉਹ ਹੈ ਜੋ ਰਾਗ ਦੀ ਜਾਨ ਹੋਵੇ । ਸੰਵਾਦੀ ਸ੍ਵਰ ਉਹ ਹੈ ਜੋ ਰਾਗ ਦੀ ਸ਼ਕਲ ਬਣਾਉਣ ਵਿਚ ਵਾਦੀ ਸੁਰ ਨੂੰ ਸਹਾਇਤਾ ਦੇਵੇ ।

                  ਅਨੁਵਾਦੀ ਸ੍ਵਰ ਸੰਵਾਦੀ ਨੂੰ ਸਹਾਇਤਾ ਦੇਕੇ ਰਾਗ ਦਾ ਪੂਰਾ ਸਰੂਪ ਪ੍ਰਗਟ ਕਰਦਾ ਹੈ ।

                  ਵਿਵਾਦੀ ਸ੍ਵਰ ਉਹ ਹੈ ਜੋ ਰਾਗ ਦੀ ਸ਼ਕਲ ਵਿਗਾੜ ਦੇਵੇ । ਇਸਨੂੰ ਵਰਜਿਤ ਅਤੇ ਸ਼ੱਤਰੂ ਸ੍ਵਰ ਵੀ ਕਿਹਾ ਜਾਂਦਾ ਹੈ ।

                  ਹ. ਪੁ.– – ਮ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.