ਲਾਗ–ਇਨ/ਨਵਾਂ ਖਾਤਾ |
+
-
 
ਸੰਤ

ਸੰਤ: ਵਿਉਤਪੱਤੀ ਦੀ ਦ੍ਰਿਸ਼ਟੀ ਤੋਂ ‘ਸੰਤ’ ਸ਼ਬਦ ਸੰਸਕ੍ਰਿਤ ਦੇ ‘ਸਤੑ ’ ਦੀ ਪ੍ਰਥਮਾ ਵਿਭਕੑਤਿ ਦਾ ਬਹੁਵਚਨਾਂਤ ਰੂਪ ਹੈ। ਇਸ ਦਾ ਸਾਧਾਰਣ ਅਰਥ ਹੁੰਦਾ ਹੈ ਸਜਨ ਜਾਂ ਧਾਰਮਿਕ ਵਿਅਕਤੀ। ਆਮ ਪ੍ਰਯੋਗ ਵਿਚ ਇਹ ਸ਼ਬਦ ਸਾਧਾਂ ਲਈ , ਜਾਂ ਸਾਧਾਂ ਵਰਗਾ ਆਚਰਣ ਕਰਨ ਵਾਲਿਆਂ ਲਈ ਵਰਤ ਲਿਆ ਜਾਂਦਾ ਹੈ। ਭਗਤੀ-ਸਾਹਿਤ ਵਿਚ ਇਸ ਦੀ ਵਰਤੋਂ ਪਰਉਪਕਾਰੀ ਵਿਅਕਤੀਆਂ ਜਾਂ ਸਾਧਕਾਂ ਲਈ ਕੀਤੀ ਜਾਂਦੀ ਸੀ। ਅਨੇਕ ਬਾਣੀਕਾਰਾਂ ਨੇ ਇਸ ਦੇ ਲੱਛਣ ਵੀ ਦਿੱਤੇ ਹਨ, ਜਿਵੇਂ ਸੰਤ ਕਬੀਰ ਅਨੁਸਾਰ ਨਿਰਵੈਰੀ ਨਿਹਕਾਮਤਾ ਸਾਂਈ ਸੇਤੀ ਨੇਹ ਵਿਸਿਯਾ ਸੂੰ ਨਿਆਰਾ ਰਹੈ ਸੰਤਨ ਕੋ ਅੰਗਿ ਏਹ (‘ਕਬੀਰ ਗ੍ਰੰਥਾਵਲੀ’)। ਗੋਸਵਾਮੀ ਤੁਲਸੀਦਾਸ ਨੇ ਉਸ ਨੂੰ ਸੰਤ ਕਿਹਾ ਹੈ ਜੋ ਸਾਰੇ ਸੰਸਾਰਿਕ ਸੰਬੰਧਾਂ ਪ੍ਰਤਿ ਮਮਤਾ ਰੂਪੀ ਸੂਤਰਾਂ ਨੂੰ ਇਕੱਠਾ ਕਰਕੇ, ਉਨ੍ਹਾਂ ਸਭ ਦੀ ਡੋਰੀ ਵਟ ਕੇ ਉਸ ਨਾਲ ਆਪਣੇ ਮਨ ਨੂੰ ਪ੍ਰਭੂ ਚਰਣਾਂ ਨਾਲ ਬੰਨ੍ਹ ਦਿੰਦਾ ਹੈ, ਜੋ ਸਮਦਰਸੀ ਹੈ, ਜਿਸ ਨੂੰ ਕੁਝ ਵੀ ਇੱਛਾ ਨਹੀਂ ਹੈ ਅਤੇ ਜਿਸ ਦੇ ਮਨ ਵਿਚ ਹਰਖ , ਸੋਗ ਅਤੇ ਭੈ ਨਹੀਂ ਹੈ।

            ਆਧੁਨਿਕ ਯੁਗ ਵਿਚ ਇਸ ਸ਼ਬਦ ਦੀ ਵਰਤੋਂ ਵਿਸ਼ੇਸ਼ ਰੂਪ ਵਿਚ ਨਿਰਗੁਣਵਾਦੀ ਧਰਮ-ਸਾਧਕਾਂ ਲਈ ਹੀ ਹੋਣ ਲਗੀ ਹੈ, ਜਿਵੇਂ ਪਰਸ਼ੁਰਾਮ ਚਤੁਰਵੇਦੀ ਨੇ ‘ਉਤਰੀ ਭਾਰਤ ਕੀ ਸੰਤ-ਪਰੰਪਰਾ’ ਵਿਚ ਕੀਤੀ ਹੈ। ਪਰ ਇਸ ਸ਼ਬਦ ਨਾਲ ਉਨ੍ਹਾਂ ਸਾਰਿਆਂ ਧਰਮੀ ਪੁਰਸ਼ਾਂ ਨੂੰ ਦਰਸਾਇਆ ਜਾ ਸਕਦਾ ਹੈ ਜੋ ਲੋਕਹਿਤਕਾਰੀ, ਮੰਗਲਕਾਰੀ ਜਾਂ ਕਲਿਆਣ- ਵਿਧਾਈ ਸਦਪੁਰਸ਼ ਹੋਵੇ। ‘ਬਾਲਮੀਕਿ-ਰਾਮਾਇਣ’ (ਉਤਰ- ਕਾਂਡ 3/33) ਅਤੇ ਬੌਧੀ ਜਾਤਕ ਸਾਹਿਤ ਵਿਚ ਦਸਿਆ ਗਿਆ ਹੈ ਕਿ ਸਹੀ ਸੰਤ ਉਹ ਹੈ ਜੋ ਧਰਮ ਦਾ ਵਿਖਿਆਨ ਕਰੇ ਅਤੇ ਰਾਗ , ਦ੍ਵੈਸ਼ (ਜਾਂ ਦੋਸ) ਪਾਪ ਅਤੇ ਮੋਹ ਤੋਂ ਉੱਚਾ ਹੋਵੇ।

            ਗੁਰੂ ਗ੍ਰੰਥ ਸਾਹਿਬ ਵਿਚ ‘ਸੰਤ’ ਦੇ ਸਰੂਪ ਬਾਰੇ ਵਿਸਤਾਰ ਨਾਲ ਝਾਤ ਪਾਈ ਗਈ ਹੈ। ਗੁਰੂ ਰਾਮਦਾਸ ਜੀ ਦੀ ਸਥਾਪਨਾ ਹੈ— ਜਿਨਾ ਸਾਸਿ ਗਿਰਾਸਿ ਵਿਸਰੈ ਹਰਿ ਨਾਮਾਂ ਮਨਿ ਮੰਤੁ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ (ਗੁ.ਗ੍ਰੰ.319)। ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ — ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰਿੋਧੁ ਲੋਭੁ ਪੀਠਾ ਜੀਉ (ਗੁ.ਗ੍ਰੰ. 108)। ‘ਸੁਖਮਨੀ ’ ਵਿਚ ਪੂਰੀ ਅਸ਼ਟਪਦੀ ਇਸ ਦੇ ਸਰੂਪ-ਵਿਸ਼ਲੇਸ਼ਣ ਨੂੰ ਅਰਪਿਤ ਹੈ।

            ਸੰਤ ਅਤੇ ਪਰਮਾਤਮਾ ਵਿਚ ਏਕਤ੍ਵ ਦਾ ਭਾਵ ਵੀ ਗੁਰਬਾਣੀ ਵਿਚ ਸਥਾਪਿਤ ਕੀਤਾ ਗਿਆ ਹੈ—ਹਰਿ ਕਾ ਸੰਤੁ ਹਰਿ ਕੀ ਹਰਿ ਮੂਰਤਿ ਜਿਸੁ ਹਿਰਦੈ ਹਰਿ ਨਾਮੁ ਮੁਰਾਰਿ (ਗੁ.ਗ੍ਰੰ.1135)। ਗੁਰੂ ਅਰਜਨ ਦੇਵ ਜੀ ਨੇ ਉਸ ਸਥਾਨ ਜਾਂ ਭਵਨ ਨੂੰ ਧੰਨ ਕਿਹਾ ਹੈ ਜਿਥੇ ਸੰਤ ਦਾ ਨਿਵਾਸ ਹੈ— ਧੰਨਿ ਸੁਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾ ਰੇ (ਗੁ.ਗ੍ਰੰ.681)।

            ਧਿਆਨ ਦੇਣ ਦੀ ਗੱਲ ਇਹ ਹੈ ਕਿ ਅਜਿਹੇ ਧਰਮ -ਸਾਧਕ ਜ਼ਰੂਰੀ ਨਹੀਂ ਕਿ ਵਿਦਵਾਨ ਹੋਣ। ਉਸ ਦਾ ਸੰਤ- ਪਨ ਲੋਕ-ਹਿਤ ਉਤੇ ਨਿਰਭਰ ਕਰਦਾ ਹੈ, ਨ ਕਿ ਵਿਦਿਆ- ਗਿਆਨ ’ਤੇ। ਉਨ੍ਹਾਂ ਦੀ ਬਾਣੀ ਦਾ ਅਨੁਭੂਤੀ-ਪੱਖ ਅਤੇ ਸਰਲ ਅਭਿਵਿਅਕਤੀ ਮਹੱਤਵਪੂਰਣ ਹੈ। ਭਾਸ਼ਾ-ਸ਼ੈਲੀ ਦਾ ਕੋਈ ਮਹੱਤਵ ਨਹੀਂ। ਉਨ੍ਹਾਂ ਨੇ ਹਰ ਗੱਲ ਨੂੰ ਅੱਖਾਂ ਬੰਦ ਕਰਕੇ ਨਹੀਂ ਮੰਨਿਆ, ਅਨੁਭਵ ਦੇ ਆਧਾਰ’ਤੇ ਪਰਖਿਆ ਹੈ। ਜੋ ਪੁਰਾਤਨ ਵਿਚ ਚੰਗਾ ਲਗਿਆ ਅਪਣਾ ਲਿਆ ਜਾਂ ਸੰਸ਼ੋਧਿਤ ਰੂਪ ਵਿਚ ਵਰਤ ਲਿਆ, ਜੋ ਨ ਜਚਿਆ, ਉਸ ਦਾ ਖੰਡਨ ਕਰ ਦਿੱਤਾ। ਇਸ ਤਰ੍ਹਾਂ ਮੱਧ-ਯੁਗ ਵਿਚ ਸੰਤਾਂ ਨੇ ਚਿੰਤਨ ਦੇ ਖੇਤਰ ਵਿਚ ਵੈਚਾਰਿਕ ਕ੍ਰਿਾਂਤੀ ਲਿਆ ਦਿੱਤੀ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9847,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/9/2015 12:00:00 AM
ਹਵਾਲੇ/ਟਿੱਪਣੀਆਂ: noreference

ਸੰਤ

ਸੰਤ : ਦਾ ਅੰਗਰੇਜ਼ੀ ਤਰਜਮਾ ਸੇਂਟ ਕੀਤਾ ਜਾਂਦਾ ਹੈ ਭਾਵੇਂ ਕਿ ਇਹ ਪੂਰੀ ਤਰ੍ਹਾਂ ਠੀਕ ਨਹੀਂ ਹੈ, ਕਿਉਂਕਿ, ਅੰਗਰੇਜ਼ੀ ਸ਼ਬਦ ‘ਸੇਂਟਲੀ` ਵਿਸ਼ੇਸ਼ਣ ਦੇ ਰੂਪ ਵਿਚ ਉਸ ਮਨੁੱਖ ਲਈ ਵਰਤਿਆ ਜਾਂਦਾ ਹੈ ਜੋ ਉਹ ਪਵਿੱਤਰ , ਗੁਣਵਾਨ ਅਤੇ ਦਇਆਵਾਨ ਹੁੰਦਾ ਹੈ। ਪੱਛਮੀ ਸਭਿਆਚਾਰ ਵਿਚ ਇਸ ਦਾ ਅਰਥ ਇਹੀ ਹੈ ਪਰ ਇਹ ‘ਸੰਤ` ਦਾ ਬਦਲਿਆ ਹੋਇਆ ਰੂਪ ਹੈ ਜਿਸਦਾ ਅਰਥ ਹੈ ਸਦੀਵੀ, ਅਸਲੀ, ਸਿਆਣਾ ਅਤੇ ਸਤਿਕਾਰਯੋਗ। ਸਤ ਜਾਂ ਸਤਯ ਵੈਦਿਕ ਸਮੇਂ ਤੋਂ ਹੀ ਸਦਾ ਸਥਿਰ , ਅਬਦਲ ਜਾਂ ਸਵੈ ਹੋਂਦ ਵਾਲੀ ਇਕ ਬ੍ਰਹਿਮੰਡੀ ਆਤਮਾ ਬ੍ਰਹਮ ਜਾਂ ਪਰਮਾਤਮਾ ਲਈ ਵਰਤਿਆ ਜਾਂਦਾ ਹੈ। ਸ਼ਬਦ ਸੰਤ ਕਾਫੀ ਸਮਾਂ ਪਿੱਛੋਂ ਪ੍ਰਚਲਿਤ ਹੋਇਆ। ਇਹ ਸ਼ਬਦ ਬੁੱਧ ਧਰਮ ਦੇ ਪੁਰਾਤਨ ਪਾਲੀ ਸਾਹਿਤ ਵਿਚ ਸ਼ਾਂਤ, ਸੱਚਾ ਜਾਂ ਸਿਆਣੇ ਦੇ ਅਰਥਾਂ ਵਿਚ ਅਕਸਰ ਵਰਤਿਆ ਜਾਂਦਾ ਰਿਹਾ ਹੈ। ਮੱਧ ਕਾਲ ਵਿਚ ਇਹ ਉਦੋਂ ਪੁਨਰਜੀਵਿਤ ਹੋ ਗਿਆ ਜਦੋਂ ਭਗਤੀ ਲਹਿਰ ਨੇ ਜਨਮ ਲਿਆ। ਸੰਤ ਦੀ ਉਪਾਧੀ ਆਮ ਤੌਰ ਤੇ ਮਹਾਂਰਾਸ਼ਟਰ ਦੇ ਵਿੱਠਲ ਜਾਂ ਵਾਰਕਰੀ ਸੰਪਰਦਾਵਾਂ ਦੇ ਵੈਸ਼ਨਵ ਭਗਤਾਂ ਜਿਵੇਂ ਕਿ ਗਿਆਨ ਦੇਵ , ਨਾਮਦੇਵ , ਏਕਨਾਥ ਅਤੇ ਤੁਕਾਰਾਮ ਨਾਲ ਜੁੜ ਗਈ। ਆਰ.ਡੀ.ਰਾਨਾਡੇ ਆਪਣੀ ਪੁਸਤਕ ਮਿਸਟੀਸਿਜ਼ਮ ਇਨ ਮਹਾਰਾਸ਼ਟਰ ਵਿਚ ਲਿਖਦਾ ਹੈ “ਹੁਣ ‘ਸੰਤ` ਵਿੱਠਲ ਸੰਪਰਦਾਇ ਵਿਚ ਲਗਪਗ ਇਕ ਤਕਨੀਕੀ ਸ਼ਬਦ ਹੈ ਅਤੇ ਇਸ ਦਾ ਭਾਵ ਉਸ ਮਨੁੱਖ ਤੋਂ ਹੈ ਜਿਹੜਾ ਇਸ ਸੰਪਰਦਾਇ ਦਾ ਪੈਰੋਕਾਰ ਹੈ। ਇਸ ਦਾ ਅਰਥ ਇਹ ਨਹੀਂ ਕਿ ਬਾਕੀ ਸੰਪਰਦਾਵਾਂ ਦੇ ਪੈਰੋਕਾਰ ਸੰਤ ਨਹੀਂ ਹਨ ਪਰੰਤੂ ਵਾਰਕਰੀ ਸੰਪਰਦਾਇ ਦੇ ਪੈਰੋਕਾਰ ਸਰਬੋਤੱਮ ਸੰਤ ਹਨ"। ਭਗਤੀ ਲਹਿਰ ਦੇ ਅੰਦਰ ਵੀ ਇਕ ਵੱਖਰੀ ਸੰਤ ਪਰੰਪਰਾ ਹੈ ਜਿਹੜੀ ਕਿ ਦੱਖਣ ਭਾਰਤੀ ਸ਼ੈਵ ਭਗਤੀ ਅਤੇ ਉੱਤਰੀ ਅਤੇ ਕੇਂਦਰੀ ਭਾਰਤ ਦੀ ਵੈਸ਼ਨਵ ਪਰੰਪਰਾ ਤੋਂ ਸਾਫ਼ ਤੌਰ ਤੇ ਨਿਖੇੜੀ ਜਾ ਸਕਦੀ ਹੈ। ਸੰਤ-ਭਗਤ ਪ੍ਰਮੁੱਖ ਰੂਪ ਵਿਚ ਅਸੰਪਰਦਾਇਕ ਸਨ। ਉਹ ਪੱਕੇ ਤੌਰ ਤੇ ‘ਏਕੇਸ਼ਵਰਵਾਦੀ` ਸਨ ਅਤੇ ਬ੍ਰਾਹਮਣੀ ਕਰਮ-ਕਾਂਡਾਂ, ਮੂਰਤੀ ਪੂਜਾ ਅਤੇ ਜਾਤੀ-ਪ੍ਰਣਾਲੀ ਦੇ ਵਿਰੋਧੀ ਸਨ। ਦੂਸਰੇ ਭਗਤਾਂ ਦੀ ਤਰ੍ਹਾਂ ਉਹ ਜਗਿਆਸੂ ਅਤੇ ਦੇਵਤੇ ਵਿਚਕਾਰ ਪ੍ਰੇਮ ਸੰਬੰਧਾਂ ਦੀ ਕਦਰ ਕਰਦੇ ਸਨ, ਪਰੰਤੂ ਉਹਨਾਂ ਦੇ ਦੇਵਤਾ ਨੂੰ ਭਾਵੇਂ ਆਮ ਤੌਰ ਤੇ ਵੈਸ਼ਨਵ ਨਾਂ ਦਿੱਤੇ ਜਾਂਦੇ ਸਨ ਪਰ ਉਹ ਇਕ ਅੰਤਿਮ ਸੱਚਾਈ, ਅਜੂਨੀ, ਅਰੂਪ , ਸਰਵ-ਵਿਆਪਿਕ, ਸੈਭੰ , ਨਿਰਗੁਣ (ਗੁਣਾਂਤੀਤ) ਪਰਮਾਤਮਾ ਹੈ ਜਿਹੜਾ ਆਪਣੇ ਆਪ ਨੂੰ ਧਿਆਨ ਲਾ ਸਕਣ ਅਤੇ ਉਚਾਰੇ ਜਾ ਸਕਣ ਵਾਲੇ ਨਾਂ (ਨਾਮ) ਰਾਹੀਂ ਪ੍ਰਗਟ ਕਰਦਾ ਹੈ। ਨਿਰਗੁਣਵਾਦੀ ਭਗਤ ਅਵਤਾਰਵਾਦ ਦਾ ਖੰਡਨ ਕਰਦੇ ਹਨ, ਪਰੰਤੂ ਉਹਨਾਂ ਦਾ ਵਿਸ਼ਵਾਸ ਹੈ ਕਿ ਸੰਤ ਸ਼ੁੱਧ ਜੀਵਨ ਅਤੇ ਨਾਮ ਅਭਿਆਸ ਰਾਹੀਂ ਮੁਕਤੀ ਪ੍ਰਾਪਤ ਕਰ ਸਕਦਾ ਹੈ।

    ਭਗਤੀ ਤੋਂ ਇਹ ਸ਼ਬਦ ਸਿੱਖ ਪਰੰਪਰਾ ਵਿਚ ਆ ਗਿਆ। ਗੁਰੂ ਗ੍ਰੰਥ ਸਾਹਿਬ ਵਿਚ ਸੰਤ ਦੇ ਰੁਤਬੇ ਅਤੇ ਮਹੱਤਵ ਦੀ ਆਮ ਚਰਚਾ ਹੋਈ ਹੈ ਜੋ ਇਕ ਪਵਿੱਤਰ ਮਨੁੱਖ ਹੈ, ਧਰਤੀ ਤੇ ਅਸਲੀਅਤ ਦਾ ਨੁਮਾਇੰਦਾ ਅਤੇ ਮਨੁੱਖਤਾ ਦੀ ਉਮੀਦ ਹੈ। ਗੁਰੂ ਅਰਜਨ ਦੇਵ ਸੰਤ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ: ‘ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾਂ ਮਨਿ ਮੰਤੁ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥` ਜੋ ਸੁਆਸ ਲੈਂਦੇ ਜਾਂ ਖਾਂਦੇ ਹੋਏ ਵੀ ਇਕ ਛਿੰਨ ਲਈ ਵੀ ਪਰਮਾਤਮਾ ਦਾ ਨਾਮ ਨਹੀਂ ਭੁਲਦੇ, ਹੇ ਨਾਨਕ ਉਹੀ ਪੂਰਨ ਸੰਤ ਹਨ।`(ਗੁ.ਗ੍ਰੰ. 319)। ਪੰਜਵੇਂ ਗੁਰੂ ਅਰਜਨ ਦੇਵ ਇਕ ਹੋਰ ਸ਼ਬਦ ਵਿਚ ਕਹਿੰਦੇ ਹਨ:

    ਆਠ ਪਹਰ ਨਿਕਟਿ ਕਰਿ ਜਾਨੈ॥ ਪ੍ਰਭ ਕਾ ਕੀਆ ਮੀਠਾ ਮਾਨੈ॥

    ਏਕੁ ਨਾਮੁ ਸੰਤਨ ਆਧਾਰੁ॥ ਹੋਇ ਰਹੇ ਸਭ ਕੀ ਪਗ ਛਾਰੁ॥1॥

    ਸੰਤ ਰਹਤ ਸੁਨਹੁ ਮੇਰੇ ਭਾਈ॥ ਉਆ ਕੀ ਮਹਿਮਾ ਕਥਨੁ ਨ ਜਾਈ॥1॥ਰਹਾਉ॥

    ਵਰਤਣਿ ਜਾ ਕੈ ਕੇਵਲ ਨਾਮ॥ ਅਨਦ ਰੂਪ ਕੀਰਤਨੁ ਬਿਸ੍ਰਾਮ॥

    ਮਿਤ੍ਰ ਸਤ੍ਰ ਜਾ ਕੈ ਏਕ ਸਮਾਨੈ॥ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ॥2॥

    ਕੋਟਿ ਕੋਟਿ ਅਘ ਕਾਟਨਹਾਰਾ॥ ਦੁਖ ਦੂਰਿ ਕਰਨ ਜੀਅ ਕੇ ਦਾਤਾਰਾ॥

    ਸੂਰਬੀਰ ਬਚਨ ਕੇ ਬਲੀ॥ ਕਉਲਾ ਬਪੁਰੀ ਸੰਤੀ ਛਲੀ॥3॥

    ਤਾ ਕਾ ਸੰਗੁ ਬਾਛਹਿ ਸੁਰ ਦੇਵ॥ ਅਮੋਘ ਦਰਸੁ ਸਫਲ ਜਾ ਕੀ ਸੇਵ॥

    ਕਰ ਜੋੜਿ ਨਾਨਕੁ ਕਰੇ ਅਰਦਾਸਿ॥ ਮੋਹਿ ਸੰਤਹ ਟਹਲ ਦੀਜੈ ਗੁਣਤਾਸਿ॥(ਗੁ.ਗ੍ਰੰ.392)

ਲੇਖਕ : ਡਬਲਯੂ.ਐਚ.ਐਮ. ਅਤੇ ਅਨੁ. ਗ.ਨ.ਸ.,     ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9847,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ:

1.     ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਮ੍ਰਿਤਸਰ, 1975

2.     ਰਣਧੀਰ ਸਿੰਘ, ਭਾਈ, ਸੰਤ ਪਦ ਨਿਰਣੈ, ਲੁਧਿਆਣਾ, 1954


ਸੰਤ

ਸੰਤ* (ਸੰ.। ਸੰਸਕ੍ਰਿਤ ਸੰਤ। ਸ਼ਾਂਤ: = ਬੀਤਰਾਗ ਮਹਾਤਮਾ ਜਿਸਨੇ ਵਿਸ਼ੇ ਜਿੱਤ ਲਏ ਹਨ ਤੇ ਬ੍ਰਹਮ ਦੇ ਧ੍ਯਾਨ ਵਿਚ ਲੀਨ ਰਹਿੰਦਾ ਹੈ। ਅਸੑ ਧਾਤੂ ਹੈ, ਸ਼ਤ੍ਰੀ ਪ੍ਰਤ੍ਯਯ ਹੈ ਸਤੑ ਸਨੑ , ਸਨ੍ਤੋ , ਸਨ੍ਤ: ਯਾ ਸੰਤ ਸਿਧ ਹੁੰਦਾ ਹੈ) ਵਾਹਿਗੁਰੂ ਦੇ ਪ੍ਯਾਰ ਵਿਚ ਰਹਿਣ ਵਾਲਾ। ਸਿਮਰਨ ਕਰ ਕੇ ਇਕ ਰਸ ਪ੍ਰਵਾਹ ਸਾਈਂ ਦੇ ਧ੍ਯਾਨ ਦਾ ਜਾਰੀ ਰਹੇ। ਜਿਸ ਦਾ ਇਹ ਰੂਪ ਸੰਤ ਦਾ ਗੁਰੂ ਜੀ ਨੇ ਆਪ ਦੱਸਿਆ ਹੈ- ਯਥਾ-‘ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾ ਮਨਿ ਮੰਤੁ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ’।

----------

* ਵਿਸਨੂ ਪੁਰੀ ਨਾਮੇਂ ਇਕ ਮਹਾਤਮਾਂ ਨੇ ਭਾਗਵਤ ਵਿਚੋਂ ਸੰਕਲਤ ਕਰ ਕੇ ਭਗਤ ਰਤਨਾਵਲੀ ਨਾਮੇਂ ਗ੍ਰੰਥ ਲਿਖਿਆ। ਇਸ ਸੰਸਕ੍ਰਿਤ ਪੁਸਤਕ ਵਿਚ ਪਦ ‘ਸੰਤ’ ਆਯਾ ਹੈ, ਸੰਤ ਤੇ ਸਨ੍ਤ ਦੋਹਾਂ ਰੂਪਾਂ ਵਿਚ। ਯਥਾ-‘ਸੰਤੋ ਬ੍ਰਹਮ ਵਿਦਾ ਸ਼ਾਂਤਾ’ ੬੨, ਪੁਨਾ-‘ਸਨ੍ਤ ਦਿਸ਼ੰਤਿ ਚਕਸ਼ਖਿ’ ੬੩, ਪੁਨਾ-‘ਦੇਵਤਾ ਬਾਂਧਵ ਸੰਤਾ ਸੰਤ ਆਤਮਾਹ ਮੇਵ ਚ’ ੬੪।

 ਇਸੀ ਤਰ੍ਹਾ ਕਾਲੀ ਦਾਸ ਦੇ ਰਘੁਵੰਸ਼ ਵਿਚ ਆਯਾ ਹੈ- ‘ਤੰ ਸੰਤ: ਸ੍ਰੋਤਮਰੑਹੰਤਿ ਸਦ ਸਦੑਵ੍ਯਕੁਤਿ ਹੋਤਵ:’ ੧-੧੦। ਇਸ ਤਰ੍ਹਾਂ ਵੇਦ ਵਿਚ ਵੀ ਆਇਆ ਹੈ- ਨ ਯ ਈਸ਼ੰਤੇ ਜਨਸ਼ੋਅਯਾ ਨਵੇ ਅੰਤ: ਸੰਤੋ ਅਵਦਯਾ ਪੁਨਾਤਾ: (ਰਿਗ ਸੰ. ੬ ਸੁਕਤ ੬੬ ਮੰਤਰ ੪) ਹੇ ਮਨੁਸ਼ੋ (ਸੇ, ਜੋ (ਜਨਸ਼:। ਜਨਮੋਂ ਕੋ (ਨ) ਨਹੀਂ (ਈਸ਼ੰਤੇ) ਨਸ਼ਟ ਕਰਤੇ ਕਿੰਤੂ (ਅਯਾ) ਇਸ ਸੇ (ਅੰਤ:) ਬੀਚ ਮੇਂ (ਸੰਤ:) ਸਤ ਪੁਰਸ਼ ਹੂਏ। ਇਨ੍ਹਾ ਪ੍ਰਮਾਣਾਂ ਥੀਂ ਸਿਧ ਹੈ ਕਿ ਸੰਤ ਪਦ ਪ੍ਰਾਚੀਨ ਹਿੰਦੁਸਤਾਨ ਦਾ ਅਪਨਾ ਪਦ ਹੈ ਕਿਸੇ ਯਵਨ ਭਾਸ਼ਾ ਤੋਂ ਨਹੀਂ ਆਇਆ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 9847,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਤ

ਸਤ (ਸੰ.। ਸੰਸਕ੍ਰਿਤ ਸਤ੍ਤਵ) ਤ੍ਰੈਗੁਣਾਂ ਵਿਚੋਂ ਤੀਸਰਾ ਗੁਣ , ਸਤੋ ਗੁਣ। ਇਹ ਨੇਕੀ ਦਾ ਗੁਣ ਹੈ, ਇਸ ਦੇ ਆਯਾਂ ਜੀਵ ਨੇਕ , ਸਖੀ , ਸਦਾਚਾਰੀ, ਪਵਿਤ੍ਰ , ਸੁਹਿਰਦ ਹੋ ਜਾਂਦਾ ਹੈ। ਮਨ ਟਿਕਦਾ ਹੈ, ਸ਼ਾਂਤੀ ਦਾ ਰਸ ਆਉਂਦਾ ਹੈ। ਯਥਾ-‘ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 9847,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੰਤੁ

ਸੰਤੁ ਵੇਖੋ ਸੰਤ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 9847,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਤੇ

ਸਤੇ (ਗੁ.। ਦੇਖੋ , ਸਤ. ੨) ੧. ਸ੍ਰੇਸ਼ਟ।

੨. ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਇਕ ਡੂਮ ਦਾ ਨਾਮ ਸੱਤਾ ਸੀ , ਜੋ ਬਲਵੰਡ ਦਾ ਭਾਈ ਸੀ। ਇਨ੍ਹਾਂ ਦੀ ਰਚੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਵਿਚ ਚੜ੍ਹੀ। ਯਥਾ-‘ਸਤੈ ਡੂਮਿ ਆਖੀ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 9847,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਤੈ

ਸਤੈ ਸੱਤੇ ਨੇ। ਸੱਤਾ ਅਤੇ ਬਲਵੰਡ ਮਿਰਾਸੀ ਜਾਤਿ ਦੇ ਦੋ ਕੀਰਤਨਕਾਰ ਸਨ। ਕੁਝ ਵਿਦਵਾਨਾਂ ਦਾ ਮੱਤ ਹੈ ਕਿ ਉਹ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਕੀਰਤਨ ਕਰਦੇ ਸਨ, ਪਰ ਦੂਜਾ ਮੱਤ ਇਹ ਹੈ ਕਿ ਉਹ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਕਾਲ ਵਿਚ ਹੋਏ ਹਨ। ਕੁਝ ਵਿਦਵਾਨ ਇਹ ਵੀ ਮੰਨਦੇ ਹਨ ਕਿ ਬਲਵੰਡ ਗੁਰੂ ਅੰਗਦ ਦੇਵ ਜੀ ਦੇ ਵੇਲੇ ਹੋਇਆ ਸੀ , ਜਦੋਂ ਕਿ ਉਸ ਦਾ ਪੁੱਤਰ ਸੱਤਾ ਗੁਰੂ ਅਰਜਨ ਦੇਵ ਜੀ ਦਾ ਦਰਬਾਰੀ ਕੀਰਤਨਕਾਰ ਸੀ। ਸੱਤੇ ਅਤੇ ਬਲਵੰਡ ਦਾ ਆਪਸੀ ਸੰਬੰਧ ਵੀ ਨਿਰਵਿਵਾਦ ਨਹੀਂ ਹੈ। ਪਰੰਪਰਾ ਅਨੁਸਾਰ ਸੱਤਾ ਅਤੇ ਬਲਵੰਡ ਰਾਗ ਵਿਦਿਆ ਵਿਚ ਨਿਪੁੰਨ ਹੋਣ ਕਾਰਨ ਚੰਗੇ ਕੀਰਤਨਕਾਰ ਸਨ, ਜਿਸ ਕਰ ਕੇ ਸਿਖ ਸੰਗਤਾਂ ਵਿਚ ਉਨ੍ਹਾਂ ਦਾ ਚੰਗਾ ਸਤਿਕਾਰ ਸੀ। ਇਸ ਸਤਿਕਾਰ ਕਰ ਕੇ ਹੌਲੀ-ਹੌਲੀ ਉਨ੍ਹਾਂ ਦੇ ਮਨ ਵਿਚ ਅਭਿਮਾਨ ਪੈਦਾ ਹੋ ਗਿਆ। ਇਕ ਵਾਰ ਬਾਬਾ ਬੁੱਢਾ ਜੀ ਨੇ ਕਿਸੇ ਸ਼ਬਦ ਦੀ ਫ਼ਰਮਾਇਸ਼ ਕੀਤੀ ਤਾਂ ਉਹ ਅਗੋਂ ਔਖੇ ਹੋ ਕੇ ਬੋਲੇ। ਇਸੇ ਤਰ੍ਹਾਂ ਲੜਕੀ ਦੇ ਵਿਆਹ ਵੇਲੇ ਗੁਰੂ ਸਾਹਿਬ ਵਲੋਂ ਪ੍ਰਾਪਤ ਮਾਲੀ ਸਹਾਇਤਾ ਤੋਂ ਅਸੰਤੁਸ਼ਟ ਹੋ ਕੇ ਉਨ੍ਹਾਂ ਨੇ ਗੁਰੂ ਦਰਬਾਰ ਵਿਚ ਕੀਰਤਨ ਕਰਨਾ ਬੰਦ ਕਰ ਦਿੱਤਾ ਅਤੇ ਅਹੰਕਾਰ ਵਿਚ ਆ ਕੇ ਗੁਰੂ-ਦਰਬਾਰ ਲਈ ਮੰਦੇ ਬਚਨ ਵੀ ਵਰਤੇ। ਕੁਝ ਸਮੇਂ ਦੀ ਆਰਥਿਕ ਅਤੇ ਸਮਾਜਿਕ ਖੁਆਰੀ ਪਿਛੋਂ ਉਹ ਲਾਹੌਰ ਦੇ ਇਕ ਪਰਉਪਕਾਰੀ ਸਿੱਖ ਭਾਈ ਲੱਧਾ ਨੂੰ ਨਾਲ ਲੈ ਕੇ ਗੁਰੂ ਜੀ ਕੋਲ ਖਿਮਾ ਮੰਗਣ ਲਈ ਆਏ ਤਾਂ ਭਾਈ ਲੱਧੇ ਦੀ ਸਿਫ਼ਾਰਿਸ਼ ਨਾਲ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਗਿਆ। ਆਪਣੇ ਗੁਨਾਹਾਂ ਦਾ ਪਸ਼ਚਾਤਾਪ ਕਰ ਕੇ ਗੁਰੂ ਦੀ ਸੱਚੀ ਵਡਿਆਈ ਪ੍ਰਗਟ ਕਰਨ ਲਈ ਉਨ੍ਹਾਂ ਨੇ ਰਾਮਕਲੀ ਰਾਗ ਵਿਚ ਗੁਰੂ-ਉਸਤਤਿ ਨਾਲ ਭਰਪੂਰ ਇਕ ਵਾਰ ਉਚਾਰਨ ਕੀਤੀ। ਇਸ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਕੀਤੀ ਗਈ ਹੈ। ਇਤਿਹਾਸਿਕ ਦ੍ਰਿਸ਼ਟੀ ਤੋਂ ਇਹ ਵਾਰ ਮਹੱਤਵਪੂਰਨ ਹੈ, ਕਿਉਂਕਿ ਇਸ ਵਿਚ ਗੁਰਗੱਦੀ ਸੌਂਪਣ ਵੇਲੇ ਪੁੱਤਰਾਂ ਅਤੇ ਸਿੱਖਾਂ ਦੀ ਘੋਖ-ਪੜਤਾਲ ਕਰਨਾ, ਜਿਊਂਦੇ ਜੀ ਗੱਦੀ ਸੌਂਪਣਾ, ਗੁਰੂ ਦੇ ਲੰਗਰ ਵਿਚ ਘਿਉ , ਦੁੱਧ , ਖੀਰ ਆਦਿ ਦੀ ਖੁਲ੍ਹੀ ਵਰਤੋਂ ਹੋਣ ਦਾ ਉਲੇਖ ਹੈ। ਇਸ ਵਿਚੋਂ ਸ਼ਰਧਾਲੂਆਂ ਦੇ ਭਾਰੀ ਗਿਣਤੀ ਵਿਚ ਗੁਰੂ-ਦਰ ਦੀ ਰੋਜ਼ ਹਾਜ਼ਰੀ ਭਰਨ ਦੀ ਅਤੇ ਗੁਰੂ ਸਾਹਿਬਾਨ ਨੂੰ ‘ਸੱਚਾ ਪਾਤਸ਼ਾਹ’ ਕਹਿਣ ਦੀ ਸੂਚਨਾ ਵੀ ਮਿਲਦੀ ਹੈ। ਇਸ ਨੂੰ ‘ਟਿੱਕੇ ਦੀ ਵਾਰ ’ ਵੀ ਕਿਹਾ ਜਾਂਦਾ ਹੈ। ਇਸ ਵਾਰ ਦੀਆਂ ਪਉੜੀਆਂ ਵਿਚ ਤੁਕਾਂ ਦੀ ਗਿਣਤੀ ਇਕ-ਸਮਾਨ ਨਹੀਂ, ਸੱਤ ਤੋਂ ਵੀਹ ਤਕ ਹਨ। ਭਾਸ਼ਾ ਦਾ ਸਰੂਪ ਕਾਫ਼ੀ ਪੁਰਾਤਨ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 9847,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੁਤੁ

ਸੁਤੁ (ਸੰ.। ਸੰਸਕ੍ਰਿਤ) ਪੁਤਰ। ਯਥਾ-‘ਸੁਤ ਅਪਰਾਧ ਕਰਤ ਹੈ ਜੇਤੇ ’।

ਦੇਖੋ, ‘ਸੁਤੁ ਭਾਈ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 9847,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੂਤੇ

ਸੂਤੇ (ਰੁ.। ਸੰਸਕ੍ਰਿਤ ਸ਼ਯਨ। ਪ੍ਰਾਕ੍ਰਿਤ ਸਯਣ। ਪੰਜਾਬੀ ਸੌਣਾਂ। ਹਿੰਦੀ ਸੋਨਾ। ਭੂਤਕਾਲ। ਸੁਤਾ , ਸੂਤਾ) ਸੁਤੇ ਹੋਏ। ਯਥਾ-‘ਸੂਤੇ ਗਏ ਮੁਹਾਇ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 9847,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੂਤੈ

ਸੂਤੈ ਸੂਤ੍ਰ ਦੀ ਤੰਦ ਨਾਲ- ਸੂਤੈ ਸੂਤ ਮਿਲਾਏ ਕੋਰੀ। ਵੇਖੋ ਸੂਤਾ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 9847,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੇਤ

ਸੇਤ (ਸੰ.। ਸੰਸਕ੍ਰਿਤ ਸੇਤੁ) ਪੁਲ। ਯਥਾ-‘ਗੁਰਮੁਖਿ ਬਾਂਧਿਓ ਸੇਤੁ

ਬਿਧਾਤੈ’ ਗੁਰੂ ਦੁਆਰੇ ਹੀ ਪੁਲ ਰਾਮ ਚੰਦ ਜੀ ਨੇ ਬੱਧਾ। ਅਥਵਾ ੨. ਗੁਰਮੁਖਾਂ ਨੇ (ਬਿਧਾਤੇ) ਈਸ਼੍ਵਰ ਦੇ ਨਾਮ ਦਾ ਪੁਲ ਬੰਨ੍ਹਕੇ ਦੇਹ ਰੂਪੀ ਲੰਕਾ ਜਿਤੀ।

੨. (ਸੰਸਕ੍ਰਿਤ ਸ਼੍ਵੇਤ) ਚਿੱਟਾ, ਉੱਜਲ। ਯਥਾ-‘ਪ੍ਰਭ ਕੀ ਦਰਗਹ ਸੋਭਾ ਸੇਤ’ ਹਰੀ ਦੀ ਦਰਗਾਹ ਵਿਚ ਉਜਲ ਸੋਭਾ ਹੁੰਦੀ ਹੈ।

੩. (ਸੰਸਕ੍ਰਿਤ ਸਮੇਤ। ਦੇਸ਼ ਭਾਸ਼ਾ , ਸੇਤ) ਨਾਲ , ਸਾਥ। ਯਥਾ-‘ਪ੍ਰਭ ਕੀ ਦਰਗਹ ਸੋਭਾ ਸੇਤ’ ਹਰੀ ਦੀ ਦਰਗਾਹ ਵਿਚ ਸੋਭਾ ਨਾਲ ਜਾਂਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 9847,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੋਤ

ਸੋਤ (ਸੰ.। ਦੇਸ਼ ਭਾਸ਼ਾ। ਸੰਸਕ੍ਰਿਤ ਸ਼੍ਰ (ਸ਼੍ਰਵਤਿ)=ਵਗਣਾ ਤੋਂ ਸ਼੍ਰੋਤਸੑ= ਗ੍ਯਾਨੇਂਦ੍ਰ੍ਯ) ਗੋਲਕਾਂ, ਸਰੀਰ ਦੇ ਰਸਤੇ- ਦੋ ਨਾਸਾਂ, ਮੂੰਹ , ਦੋ ਅੱਖਾਂ ਆਦਿਕ। ਯਥਾ-‘ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ’ ਰਾਤ ਲੁੰ ਨੀਂਦ ਵਿਚ ਗੁੱਟ ਹੋਇਆਂ ਨੌ ਗੋਲਕਾਂ ਸਭ ਢਿੱਲੇ ਹੋ ਜਾਂਦੇ ਹਨ।

ਦੇਖੋ, ‘ਊਘੈ’

੨. (ਸ.। ਸੰਸਕ੍ਰਿਤ (ਸ਼੍ਰਿਣੋਤਿ)=ਸੁਣਨਾ) ਸੁਣਨਾ। ਯਥਾ-‘ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 9847,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੋਤੇ

ਸੋਤੇ ਸੌਂਦੇ ਹਾਂ- ਤਬ ਕਾੜਾ ਛੋਡਿ ਅਚਿੰਤ ਹਮ ਸੋਤੇ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 9847,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੱਤ

ੱਤ. ਦੇਖੋ, ਸਤ, ਸਤਿ ਅਤੇ ਸਤ੍ਯ। ੨ ਸਪ੍ਤ. ਸਾਤ। ੩ ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ—“ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ.” (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿ੄ਨਦੇਵ. ਦੇਖੋ, ਸੱਤਰਿ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9852,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਤੇ

ਤੇ. ਵਿ—ਸਤ੍ਯਰੂਪ. “ਬੇਣੀ ਤ ਸੰਗਮੁ ਸਤ ਸਤੇ.” (ਧਨਾ ਛੰਤ ਮ: ੧) ਪਰਮ ਸਤ੍ਯ ਸੰਗਮ ਹੈ। ੨ ਦੇਖੋ, ਸਤੇਯ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9853,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੂਤੁ

ੂਤੁ. ਦੇਖੋ, ਸੂਤ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9853,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੌਤ

ੌਤ ਦੇਖੋ, ਸਉਤ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9853,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੇਤੁ

ੇਤੁ. ਸੰ. ਸੰਗ੍ਯਾ—ਪੁਲ. “ਬਾਂਧਿਓ ਸੇਤੁ ਬਿਧਾਤੈ.” (ਸਿਧਗੋਸਟਿ) ੨ ਹੱਦ ਬੰਦੀ । ੩ ਮਰਯਾਦਾ. ਰੀਤਿ। ੪ ਪ੍ਰਣਵ. ਓਅੰਕਾਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9854,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੁਤੇ

ਸੁਤੇ ਦੇਖੋ, ਸੁਤਹ ਅਤੇ ਸੁਤਹ ਸਿੱਧ. “ਸੁਤੈ ਕ੍ਰਿਤ੍ਯ ਕੋ ਕਰਤ ਨਿਸੰਕ.” (ਨਾਪ੍ਰ) ੨ ਸੁਤੈ ਦਾ ਅਰਥ ਸੌਣ ਨਾਲ (ਸ਼ਯਨ ਸੇ) ਭੀ ਹੈ. “ਜਿਤੁ ਸੁਤੈ ਤਨੁ ਪੀੜੀਐ.” (ਸ੍ਰੀ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9854,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੁਤੈ

ਸੁਤੈ        ਦੇਖੋ, ਸੁਤਹ ਅਤੇ ਸੁਤਹ ਸਿੱਧ. “ਸੁਤੈ ਕ੍ਰਿਤ੍ਯ ਕੋ ਕਰਤ ਨਿਸੰਕ.” (ਨਾਪ੍ਰ) ੨ ਸੁਤੈ ਦਾ ਅਰਥ ਸੌਣ ਨਾਲ (ਸ਼ਯਨ ਸੇ) ਭੀ ਹੈ. “ਜਿਤੁ ਸੁਤੈ ਤਨੁ ਪੀੜੀਐ.” (ਸ੍ਰੀ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9855,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੁਤੁ

ਸੁਤੁ. ਪੁਤ੍ਰ. “ਸੁਤੁ ਖਿਨੁ ਖਿਨੁ ਭੂਲਿ ਬਿਗਾਰਿ.” (ਕਲਿ ਮ: ੪)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9855,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੋਤ

ਸੋ. ਸੰਗ੍ਯਾ—ਸੌਣ ਦੇ ਵਸਤ੍ਰ। ੨ ਸੰ. ਸ੍ਰੋਤ. ਪ੍ਰਵਾਹ. ਸੋਤਾ. ਚਸ਼ਮਾ. “ਤਹਾਂ ਪ੍ਰਗਟ ਜਿਉਂ ਸੋਤ ਸੁ ਜਲ ਹੈ.” (ਨਾਪ੍ਰ) ੩ ਭਾਵ—ਇੰਦ੍ਰੀਆਂ. ਨਵਛਿਦ੍ਰ. “ਨਵੇ ਸੋਤ ਸਭਿ ਢਿਲਾ.” (ਮ: ੪ ਵਾਰ ਗਉ ੧) ੪ ਸੋਵਤ ਦਾ ਸੰਖੇਪ. “ਦੈ ਗਯੋ ਪ੍ਰੀਤਮ ਸੋਤ ਦਿਖਾਈ.” (ਕ੍ਰਿਸਨਾਵ) ਸੌਣ ਦੀ ਹਾਲਤ ਵਿੱਚ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9855,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੇਤ

ੇਤ. ਸੰ. ਸ਼੍ਵੇਤ. ਵਿ—ਚਿੱਟਾ. ਸਫੇਦ. “ਸਿਆਹਉ ਹੋਆ ਸੇਤ.” (ਬਾਰਹਮਾਹਾ ਮਾਝ) ਭਾਵ—ਜੁਆਨ ਤੋਂ ਬੁੱਢਾ ਹੋ ਗਿਆ. ਦੇਖੋ, ਸ਼੍ਵਿਤ। ੨ ਸਹਿਤ. ਸਾਥ. ਨਾਲ. “ਪ੍ਰਭ ਕੀ ਦਰਗਹ ਸੋਭਾ ਸੇਤ.” (ਗਉ ਮ: ੫) ੩ ਸੰ. ਸ਼ੈਤ੍ਯ. ਸੰਗ੍ਯਾ—ਸ਼ੀਤਲਤਾ। ੪ ਸ਼ਾਂਤਿ ਭਾਵ. “ਗਾਰ ਦੈਨ ਹਾਰੀ ਬੋਲਹਾਰੀ ਡਾਰੀ ਸੇਤ ਕੋ.” (ਭਾਗੁ ਕ) ਗਾਲੀ ਦੇਣ ਵਾਲੀ ਕਲਹਿਨੀ ਸ਼ਾਂਤ ਭਾਵ ਤਿਆਗ ਦਿੰਦੀ ਹੈ। ੫ ਦੇਖੋ, ਸੇਤੁ। ੬ ਸੇਤਜ (ਸ੍ਵੇਦਜ) ਦਾ ਸੰਖੇਪ. “ਉਤਭੁਜ ਸੇਤ ਬਿਨਾਧਾ.” (ਸਾਰ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9855,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਤੈ

ੰਤੈ. ਸੰਤ ਨੂੰ. “ਸੰਤੈ ਸੰਤੁ ਮਿਲੈ ਮਨੁ ਬਿਗਸੈ.” (ਨਟ ਅ: ਮ: ੪)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9855,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਤੁ

ਸੰਤੁ. ਦੇਖੋ, ਸੰਤ ਅਤੇ ਸੰਤੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9856,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਤੁ

ਤੁ. ਸੰਗ੍ਯਾ—ਸਤ੍ਯ. “ਸਤਜੁਗਿ ਸਤੁ ਤੇਤਾ ਜਗੀ.” (ਗਉ ਰਵਿਦਾਸ) ੨ ਦੇਖੋ, ਸ੍ਤੁ. ਸ੍ਤਵ. ਸ੍ਤੁਤਿ. ਜਸ. “ਸਤੁ ਪ੍ਰਗਟਿਓ ਰਵਿ ਲੋਇ.” (ਸਵੈਯੇ ਮ: ੨ ਕੇ) ਆਕਾਸ਼ ਮੰਡਲ (ਦੇਵਲੋਕ) ਵਿੱਚ ਆਪ ਦਾ ਜਸ ਪ੍ਰਗਟਿਓ। ੩ ਸੰ. ਸਤੑ. ਦਾਨ. “ਸਤੀ ਪਾਪ ਕਰਿ ਸਤੁ ਕਮਾਹਿ.” (ਮ: ੧ ਵਾਰ ਰਾਮ ੧) ਸਤੀ (ਦਾਨੀ) ਪਾਪ ਕਰਕੇ ਦਾਨ ਕਰਦੇ ਹਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9857,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੱਤੂ

ੱਤੂ. ਦੇਖੋ, ਸਤੂਆ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9858,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਤ

. ਸੰ. सत्. ਸੰਗ੍ਯਾ—ਸੱਚ. ਸਤ੍ਯ। ੨ ਪਤਿਵ੍ਰਤ. “ਬਿਨੁ ਸਤ ਸਤੀ ਹੋਇ ਕੈਸੇ ਨਾਰਿ?” (ਗਉ ਕਬੀਰ) ੩ ਪਰਮਾਤਮਾ. ਬ੍ਰਹ~ਮ। ੪ ਆਦਰ. ਸਨਮਾਨ। ੫ ਸਤੋਗੁਣ. “ਰਜ ਤਮ ਸਤ ਕਲ ਤੇਰੀ ਛਾਇਆ.” (ਮਾਰੂ ਸੋਲਹੇ ਮ: ੧) ੬ ਵਿ—ਸਾਧੁ. ਭਲਾ। ੭ ਪੂਜ੍ਯ। ੮ ਪ੍ਰਸ਼ੰਸਿਤ. ਸਲਾਹਿਆ ਹੋਇਆ। ੯ ਪ੍ਰਤੱਖ. ਵਿਦ੍ਯਮਾਨ। ੧੦ ਸੰ. सत्य—ਸਤ੍ਯ. ਸੰਗ੍ਯਾ—ਸਤਯੁਗ। ੧੧ ਸੁਗੰਦ. ਕਸਮ। ੧੨ ਸਿੱਧਾਂਤ. ਤਾਤਪਰਯ। ੧੩ ਤਪੋਲੋਕ ਤੋਂ ਉੱਪਰਲਾ ਲੋਕ. ਬ੍ਰਹਮਲੋਕ। ੧੪ ਸੰ. सत्व—ਸਤ੍ਵ ਪ੍ਰਾਣ. “ਚੰਦ ਸਤ ਭੇਦਿਆ, ਨਾਦ ਸਤ ਪੂਰਿਆ, ਸੂਰ ਸਤ ਖੋੜਸਾ ਦਤੁ ਕੀਆ.” (ਮਾਰੂ ਜੈਦੇਵ) ਚੰਦ੍ਰਮਾ ਨਾੜੀ ਦ੍ਵਾਰਾ ਸ੍ਵਾਸ ਅੰਦਰ ਕੀਤੇ, ਓਅੰਨਾਦ (ਧੁਨਿ) ਨਾਲ ਪ੍ਰਾਣਾਂ ਨੂੰ ਠਹਿਰਾਇਆ, ਸੂਰਜ ਦੀ ਨਾੜੀ ਦ੍ਵਾਰਾ ਸੋਲਾਂ ਵਾਰ ਓਅੰ ਧੁਨਿ ਨਾਲ ਬਾਹਰ ਕੱਢਿਆ. ਅਰਥਾਤ—ਪੂਰਕ ਕੁੰਭਕ ਅਤੇ ਰੇਚਕ ਕੀਤਾ। ੧੫ ਜੀਵਾਤਮਾ । ੧੬ ਮਨ । ੧੭ ਬਲ । ੧੮ ਅਰਕ. ਸਾਰ. ਨਿਚੋੜ। ੧੯ ਸੁਭਾਉ। ੨੦ ਉਮਰ । ੨੧ ਧਨ । ੨੨ ਉਤਸਾਹ। ੨੩ ਧੀਰਜ । ੨੪ ਜੀਵਨ. ਜ਼ਿੰਦਗੀ। ੨੫ ਧਰਮ । ੨੬ ਪੁੰਨ. “ਸਤੀ ਪਾਪ ਕਰਿ ਸਤ ਕਮਾਹਿ.” (ਮ: ੧ ਵਾਰ ਰਾਮ ੧) ੨੭ ਸੰ. सप्त—ਸਪ੍ਤ. ਸਾਤ. “ਪੰਦ੍ਰਹਿ ਥਿਤੀਂ ਤੈ ਸਤ ਵਾਰ.” (ਬਿਲਾ ਮ: ੩ ਵਾਰ ੭) ੨੮ ਸੰ. शत—ਸ਼ਤ. ਸੌ. “ਰੇ ਜਿਹਵਾ ਕਰਉ ਸਤ ਖੰਡ । ਜਾਮਿ ਨ ਉਚਰਹਿ ਸ੍ਰੀ ਗੋਬਿੰਦ ॥” (ਭੈਰ ਨਾਮਦੇਵ) ੨੯ ਨਿਘੰਟੁ ਵਿੱਚ ਸ਼ਤ ਦਾ ਅਰਥ ਅਨੰਤ ਭੀ ਹੈ, ਜਿਵੇਂ ਸਹਸ੍ਰ ਸ਼ਬਦ ਬੇਅੰਤ (ਅਗਣਿਤ) ਅਰਥ ਵਿੱਚ ਆਇਆ ਹੈ। ੩੦ ਸਤਲੁਜ ਦਾ ਸੰਖੇਪ ਭੀ ਸਤ ਸ਼ਬਦ ਵਰਤਿਆ ਹੈ, ਯਥਾ—“ਸਤ ਸਬਦਾਦਿ ਬਖਾਨਕੈ ਈਸਰਾਸਤ੍ਰ ਕਹਿ ਅੰਤ.” (ਸਨਾਮਾ) ਸ਼ਤਦ੍ਰਵ ਦਾ ਈਸ਼ ਵਰੁਣ , ਉਸ ਦਾ ਅਸਤ੍ਰ ਫਾਸੀ । ੩੧ ਸ਼ਸਤ੍ਰਨਾਮਮਾਲਾ ਵਿੱਚ ਕਿਸੇ ਲਿਖਾਰੀ ਨੇ ਸੁਤ ਦੀ ਥਾਂ ਭੀ ਸਤ ਸ਼ਬਦ ਲਿਖ ਦਿੱਤਾ ਹੈ, ਯਥਾ—“ਸਭ ਸਮੁਦ੍ਰ ਕੇ ਨਾਮ ਲੈ ਅੰਤ ਸ਼ਬਦ ਸਤ ਦੇਹੁ.” (੯੫) ਅਸਲ ਵਿੱਚ ਸਮੁਦ੍ਰਸੁਤ ਚੰਦ੍ਰਮਾ ਹੈ. ਅਰ—“ਪ੍ਰਿਥਮ ਪਵਨ ਕੇ ਨਾਮ ਲੈ ਸਤ ਪਦ ਬਹੁਰ ਬਖਾਨ.” ਪਵਨਸੁਤ ਭੀਮਸੇਨ ਹੈ। ੩੨ ਵਿਸ਼ੇ੄ ਨਿਰਣੇ ਲਈ ਦੇਖੋ, ਸਤਿ, ਸੱਤ, ਸਤ੍ਯ ਅਤੇ ਸਪਤ ਸ਼ਬਦ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9862,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੱਤੇਂ

ਸੱਤੇਂ [ਨਾਂਇ] (ਪੁਆ) ਵੇਖੋ ਸਤਮੀਂ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9863,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੌਤ

ਸੌਤ [ਨਾਂਇ] ਵੇਖੋ ਸੋਂਕਣ [ਵਿਸ਼ੇ] ਔਲਾਦ ਵਾਲ਼ਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9866,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਤੈ

ਤੈ. ਸੱਤੇ ਨੇ. ਦੇਖੋ, ਸੱਤਾ ੪.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9866,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੋਤ

ਸੋਤ 1 [ਨਾਂਇ] ਚਸ਼ਮਾ , ਸੋਮਾ 2 [ਨਾਂਇ] ਸੌਣ, ਨੀਂਦਰ [ਨਾਂਪੁ] ਸੌਣ ਵੇਲ਼ੇ ਦੇ ਹੇਠਲੇ-ਉਤਲੇ ਕੱਪੜੇ, ਬਿਸਤਰਾ , ਮੰਜਾ-ਬਿਸਤਰਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9868,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੱਤ

ਸੱਤ [ਵਿਸ਼ੇ] ਪੰਜ ਜਮ੍ਹਾ ਦੋ, 7

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9868,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੱਤੂ

ਸੱਤੂ [ਨਾਂਪੁ] ਥੋੜ੍ਹੇ ਘੱਟ ਪੱਕੇ ਹੋਏ ਜੌਆਂ ਨੂੰ ਭੁਨਾ ਕੇ ਪੀਸਿਆ ਹੋਇਆ ਇੱਕ ਤਰ੍ਹਾਂ ਦਾ ਆਟਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9871,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੁਤ

ਸੁ. ਸੰ. ਵਿ—ਨਚੋੜਕੇ ਕੱਢਿਆ ਹੋਇਆ। ੨ ਸੰਗ੍ਯਾ—ਪੁਤ੍ਰ. ਬੇਟਾ. “ਸੁਤ ਕਲਤ੍ਰ ਭ੍ਰਾਤ ਮੀਤ.” (ਰਾਮ ਮ: ੫) ੩ ਵਿ—ਸੁਪ੍ਤ (ਸੁੱਤਾ) ਦਾ ਸੰਖੇਪ। ੪ ਸੁਤਾ (ਪੁਤ੍ਰੀ) ਦੇ ਥਾਂ ਭੀ ਸੁਤ ਸ਼ਬਦ ਆਇਆ ਹੈ. ਦੇਖੋ, ਦੋਪ੍ਰਦ ਸੁਤ ੩.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9872,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੂਤ

ਸੂਤ. ਸੰ. ਸੂਤ੍ਰ. ਸੰਗ੍ਯਾ—ਤਾਗਾ. ਡੋਰਾ. “ਦਇਆ ਕਪਾਹ ਸੰਤੋਖ ਸੂਤ.” (ਵਾਰ ਆਸਾ) ੨ ਜਨੇਊ. “ਸੂਤ ਪਾਇ ਕਰੇ ਬੁਰਿਆਈ.” (ਮ: ੧ ਵਾਰ ਰਾਮ ੧) ੩ ਪ੍ਰਬੰਧ. ਇੰਤਜਾਮ। ੪ ਪਰਸਪਰ ਪ੍ਰੇਮ. ਮੇਲ ਮਿਲਾਪ. “ਰਾਖਹੁ ਸੂਤ ਇਹੀ ਬਨ ਆਵੈ.” (ਗੁਪ੍ਰਸੂ) ੫ ਰੀਤਿ. ਰਿਵਾਜ. “ਹੁਤੋ ਸੰਸਾਰ ਸੂਤ ਇਹੁ ਦਾਸਾ.” (ਨਾਪ੍ਰ) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸੀ। ੬ ਠੀਕ. ਸਹੀ. ਦੁਰੁਸ੍ਤ. “ਮੰਦਲ ਨ ਬਾਜੈ ਨਟਪੈ ਸੂਤਾ.” (ਆਸਾ ਕਬੀਰ) ੭ ਸੂਤ੍ਰ ਆਕਾਰ ਦੀ ਮਿਠਾਈ ਜੋ ਖੰਡ ਵਿੱਚ ਪਾਗੀ ਜਾਂਦੀ ਹੈ. ਸੇਵੀ. ਨੁਗਦੀ. “ਲਡੂਆ ਅਰ ਸੂਤ ਭਲੇ ਜੁ ਬਨੇ.” (ਕ੍ਰਿਸਨਾਵ) ੮ ਸੰ. सूत. ਰਥਵਾਨ. ਰਥ ਹੱਕਣ ਵਾਲਾ. “ਪਾਰਥ ਸੂਤ ਕੀ ਡੋਰ ਲਗਾਏ.” (ਕ੍ਰਿਸਨਾਵ) ਅਰਜੁਨ ਨੇ ਰਥਵਾਨ ਦੀ ਡੋਰ ਕ੍ਰਿਸਨ ਜੀ ਨੂੰ ਫੜਾਈ। ੯ ਸੂਰਜ । ੧੦ ਅੱਕ । ੧੧ ਬ੍ਰਾਹਮਣੀ ਦੇ ਪੇਟ ਤੋਂ ਛਤ੍ਰੀ ਦਾ ਪੁਤ੍ਰ. ਦੇਖੋ, ਔਸ਼ਨਸੀ ਸਿਮ੍ਰਿਤਿ ਸ: ੨ ਅਤੇ ੩। ੧੨ ਬੰਦੀਜਨ. ਦੇਵਤਾ ਰਾਜਾ ਰਿਖੀ ਆਦਿ ਦੀ ਵੰਸ਼ਾਵਲੀ ਚੇਤੇ ਰੱਖਣ ਅਰ ਪੜ੍ਹਨ ਵਾਲਾ ਕਵਿ1। ੧੩ ਪਾਰਾ । ੧੪ ਵ੍ਯਾਸ ਦਾ ਚੇਲਾ , ਲੋਮਹਰ੄ਣ, ਜੋ ਰਿਖੀਆਂ ਨੂੰ ਪੁਰਾਣਕਥਾ ਸੁਣਾਇਆ ਕਰਦਾ ਸੀ। ੧੫ ਵਿ—ਪ੍ਰਸੂਤ. ਸੂਇਆ ਹੋਇਆ. ੧੬ ਚੁਆਇਆ ਹੋਇਆ. ਟਪਕਾਇਆ ਹੋਇਆ। ੧੭ ਸੰ. सूत्त-ਸੂੱਤ. ਦਿੱਤਾ ਹੋਇਆ. ਦਾਨ ਕੀਤਾ. ਦੇਖੋ, ਸਾਤ ਸੂਤ ੨. ੧੮ ਤੁ. ਰਾਗ ਦੇ ਸੁਰਾਂ ਦਾ ਪ੍ਰਬੰਧ. ਠਾਟ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9881,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਤ

ਸਤ [ਨਾਂਪੁ] ਰਸ , ਨਿਚੋੜ, ਤੱਤ; ਤਾਕਤ, ਜ਼ੋਰ, ਹਿੰਮਤ; ਪਾਕੀਜ਼ਗੀ, ਇਸਤਰੀ-ਧਰਮ; ਸੱਚ, ਪਵਿੱਤਰਤਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9884,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੁੱਤ

ਸੁੱਤ [ਨਾਂਇ] ਤੰਗਲੀ ਦੀ ਸਾਂਗ; ਪੈਰ ਦੀ ਉਂਗਲੀ ਵਿੱਚ ਪਾਉਣ ਵਾਲ਼ਾ ਗਹਿਣਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9894,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੁੱਤ

ਸੁੱਤ (ਨਾਂ,ਪੁ) 1 ਪੈਰਾਂ ਦੀ ਉਂਗਲੀ ਵਿੱਚ ਪਾਉਣ ਵਾਲਾ ਚਾਂਦੀ ਦਾ ਨਮੂਨੇਦਾਰ ਛੱਲਾ 2 ਤੰਗਲੀ ਦੇ ਮੂਹਰੇ ਲੱਗੀ ਖ਼ਮਦਾਰ ਕਿੱਲੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9896,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੂਤ

ਸੂਤ [ਵਿਸ਼ੇ] ਠੀਕ-ਠਾਕ, ਸੂਤਰ, ਫਿਟ, ਸੰਵਰਿਆ ਹੋਇਆ [ਨਾਂਪੁ] ਸੂਤਰ, ਧਾਗਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9930,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੂਤ

ਸੂਤ (ਨਾਂ,ਪੁ) ਕੱਪੜਾ ਬੁਣਨ ਲਈ ਰੂੰਈਂ ਕੱਤ ਕੇ ਬਣਾਇਆ ਧਾਗਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9932,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਤ

ੰਤ. ਅਥਵਾ ਸੰਤੁ. ਸੰ. शान्त —ਸ਼ਾਂਤ. ਵਿ—ਮਨ ਇੰਦ੍ਰੀਆਂ ਨੂੰ ਜਿਸ ਨੇ ਟਿਕਾਇਆ ਹੈ. ਸ਼ਾਂਤਾਤਮਾ. “ਸੰਤ ਕੈ ਊਪਰਿ ਦੇਇ ਪ੍ਰਭੁ ਹਾਥ.” (ਗੌਂਡ ਮ: ੫) ਦੇਖੋ, ਅੰ. Saint.

ਗੁਰਬਾਣੀ ਵਿੱਚ ਸੰਤ ਦਾ ਲੱਛਣ ਅਤੇ ਮਹਿਮਾ ਇਸ ਤਰ੍ਹਾਂ ਹੈ:—

ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾਂ ਮਨਿ ਮੰਤ,

ਧੰਨੁ ਸਿ ਸੇਈ ਨਾਨਕਾ, ਪੂਰਨੁ ਸੋਈ ਸੰਤ.

(ਮ: ੫ ਵਾਰ ਗਉ ੨)

ਆਠ ਪਹਰ ਨਿਕਟਿ ਕਰਿ ਜਾਨੈ,

ਪ੍ਰਭ ਕਾ ਕੀਆ ਮੀਠਾ ਮਾਨੈ.

ਏਕੁ ਨਾਮੁ ਸੰਤਨ ਆਧਾਰੁ,

ਹੋਇ ਰਹੇ ਸਭ ਕੀ ਪਗਛਾਰੁ.

ਸੰਤ ਰਹਤ ਸੁਨਹੁ ਮੇਰੇ ਭਾਈ ,

ਉਆ ਕੀ ਮਹਿਮਾ ਕਥਨੁ ਨ ਜਾਈ.

ਵਰਤਣਿ ਜਾਕੈ ਕੇਵਲ ਨਾਮ ,

ਅਨਦ ਰੂਪ ਕੀਰਤਨੁ ਬਿਸਰਾਮ.

ਮਿਤ੍ਰ ਸਤ੍ਰੁ ਜਾਕੈ ਏਕ ਸਮਾਨੈ,

ਪ੍ਰਭ ਅਪੁਨੇ ਬਿਨ ਅਵਰੁ ਨ ਜਾਨੈ.

ਕੋਟਿ ਕੋਟਿ ਅਘ ਕਾਟਨਹਾਰਾ,

ਦੁਖ ਦੂਰਿ ਕਰਨ ਜੀਅ ਕੇ ਦਾਤਾਰਾ.

ਸੂਰਬੀਰ ਬਚਨ ਕੇ ਬਲੀ,

ਕਉਲਾ ਬਪੁਰੀ ਸੰਤੀ ਛਲੀ.

ਤਾਕਾ ਸੰਗੁ ਬਾਛਹਿ ਸੁਰਦੇਵ,

ਅਮੋਘ ਦਰਸੁ ਸਫਲ ਜਾਕੀ ਸੇਵ.

ਕਰਜੋੜਿ ਨਾਨਕੁ ਕਰੇ ਅਰਦਾਸਿ,

ਮੋਹਿ ਸੰਤਟਹਲ ਦੀਜੈ ਗੁਣਤਾਸਿ.

(ਆਸਾ ਮ: ੫)

੨ ਸੰ. सन्त्. ਵਿਦ੍ਵਾਨ. ਪੰਡਿਤ। ੩ ਉੱਤਮ. ਸ਼੍ਰੇ੄਎˜. “ਅਮ੍ਰਿਤ ਦ੍ਰਿਸਟਿ ਪੇਖੈ ਹੁਇ ਸੰਤ.” (ਸੁਖਮਨੀ) ੪ ਸੰਗ੍ਯਾ—ਗੁਰੂ ਨਾਨਕ ਦੇਵ ਦਾ ਸਿੱਖ. “ਸੰਤ ਸੰਗਿ ਹਰਿ ਮਨਿ ਵਸੈ.” (ਗਉ ਮ: ੫) ੫ ਸਨਤਕੁਮਾਰ ਦਾ ਸੰਖੇਪ ਭੀ ਸੰਤ ਸ਼ਬਦ ਆਇਆ ਹੈ. ਦੇਖੋ, ਪੁਰਾਰੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9944,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਤ

ਸੰਤ [ਨਾਂਪੁ] ਮਹਾਤਮਾ, ਸਾਧੂ, ਫ਼ਕੀਰ , ਭਗਤ; [ਵਿਸ਼ੇ] ਨੇਕ , ਭਲਾਮਾਣਸ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10090,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਤ

ਸੰਤ ਸਿੰਘ ਸੇਖੋਂ (1908–1997) : ਆਧੁਨਿਕ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਸੰਤ ਸਿੰਘ ਸੇਖੋਂ ਇੱਕ ਚਿੰਤਕ, ਆਲੋਚਕ, ਨਾਟਕਕਾਰ ਅਤੇ ਕਹਾਣੀਕਾਰ ਵਜੋਂ ਪੰਜਾਬੀ ਸਾਹਿਤਿਕ ਜਗਤ ਵਿੱਚ ਜਾਣਿਆ ਜਾਂਦਾ ਹੈ। ਉਸ ਨੇ ਕਵਿਤਾ, ਕਹਾਣੀ, ਨਾਵਲ, ਸ੍ਵੈਜੀਵਨੀ, ਆਲੋਚਨਾ ਅਤੇ ਅਨੁਵਾਦ ਦੇ ਖੇਤਰ ਵਿੱਚ ਵੱਡਮੁੱਲੀਆਂ ਰਚਨਾਵਾਂ ਰਚੀਆਂ।

     ਸੰਤ ਸਿੰਘ ਸੇਖੋਂ 1908 ਵਿੱਚ ਚੱਕ ਨੰਬਰ 70, ਝੰਗ, ਜ਼ਿਲ੍ਹਾ ਲਾਇਲਪੁਰ ਵਿਖੇ ਪ੍ਰੇਮ ਕੌਰ ਦੀ ਕੁੱਖੋਂ
ਹੁਕਮ ਸਿੰਘ ਦੇ ਘਰ ਪੈਦਾ ਹੋਇਆ। ਸੇਖੋਂ ਨੇ ਆਪਣੀ ਸਿੱਖਿਆ ਅੰਮ੍ਰਿਤਸਰ ਤੋਂ ਪ੍ਰਾਪਤ ਕਰ ਕੇ, ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਅਧਿਆਪਨ ਦਾ ਕਾਰਜ ਅਰੰਭਿਆ। ਅੰਗਰੇਜ਼ੀ, ਪੰਜਾਬੀ ਅਤੇ ਅਰਥ-ਸ਼ਾਸਤਰ ਸੇਖੋਂ ਦੇ ਵਿਸ਼ੇ ਰਹੇ। ਸੇਖੋਂ ਨੇ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਪ੍ਰਿੰਸੀਪਲ ਵਜੋਂ ਵੀ ਸੇਵਾ ਨਿਭਾਈ ਜਿਨ੍ਹਾਂ ਵਿੱਚ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ, ਖਾਲਸਾ ਕਾਲਜ, ਪਟਿਆਲਾ ਅਤੇ ਗੁਰੂ ਗੋਬਿੰਦ ਸਿੰਘ ਕਾਲਜ, ਜੰਡਿਆਲਾ, ਜ਼ਿਲ੍ਹਾ ਜਲੰਧਰ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੰਤ ਸਿੰਘ ਸੇਖੋਂ ਨੂੰ ਪ੍ਰੋਫ਼ੈਸਰ ਐਮੀਨੈਂਸ ਵਜੋਂ ਵੀ ਮਾਣ ਦਿੱਤਾ ਗਿਆ। ਸੰਤ ਸਿੰਘ ਸੇਖੋਂ ਨੇ ਆਪਣੇ ਜੀਵਨ ਦੇ ਅੰਤਲੇ ਵਰ੍ਹੇ ਆਪਣੇ ਪਿੰਡ ਮੁੱਲਾਂਪੁਰ ਦਾਖਾ, ਜ਼ਿਲ੍ਹਾ ਲੁਧਿਆਣਾ ਵਿੱਚ ਗੁਜ਼ਾਰੇ ਅਤੇ 7 ਅਕਤੂਬਰ 1997 ਨੂੰ ਉਸ ਦਾ ਦਿਹਾਂਤ ਹੋ ਗਿਆ।

     ਸੰਤ ਸਿੰਘ ਸੇਖੋਂ ਨੇ ਵੱਖ-ਵੱਖ ਸਾਹਿਤ ਰੂਪਾਂ ਅਤੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਲਗਪਗ ਚਾਰ ਦਰਜਨ ਪੁਸਤਕਾਂ ਰਚੀਆਂ ਹਨ ਜਿਨ੍ਹਾਂ ਵਿੱਚ ਸੇਖੋਂ ਰਚਿਤ ਨਾਟਕ ਸਾਹਿਤ ਦੀਆਂ ਪੁਸਤਕਾਂ-ਛੇ ਘਰ, ਕਲਾਕਰ, ਤਪਿਆ ਕਿਉਂ ਖਪਿਆ, ਨਾਟ ਸੁਨੇਹੇ, ਵਾਰਿਸ, ਭੂਦਾਨ, ਮੋਇਆਂ ਸਾਰ ਨਾ ਕਾਈ, ਸਿਆਲਾਂ ਦੀ ਨੱਢੀ, ਮਿੱਤਰ ਪਿਆਰਾ, ਬੰਦਾ ਬਹਾਦਰ ਅਤੇ ਵੱਡਾ ਘੱਲੂਘਾਰਾ ਵਿਸ਼ੇਸ਼ ਤੌਰ `ਤੇ ਗਿਣੀਆਂ ਜਾ ਸਕਦੀਆਂ ਹਨ। ਸੇਖੋਂ ਦੇ ਕਹਾਣੀ-ਸੰਗ੍ਰਹਿ ਸਮਾਚਾਰ, ਕਾਮੇ ਤੇ ਯੋਧੇ, ਅੱਧੀ ਵਾਟ, ਤੀਸਰਾ ਪਹਿਰ  ਅਤੇ ਸਿਆਣਪਾਂ  ਉਸ ਵੱਲੋਂ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਗਵਾਹੀ ਭਰਦੇ ਹਨ।

     ਪੰਜਾਬੀ ਵਿੱਚ ਸਾਹਿਤ ਚਿੰਤਨ ਨੂੰ ਪਾਠਕਾਂ ਤੱਕ ਪਹੁੰਚਾਉਣ ਵਾਲਾ ਮੁਢਲਾ ਮੁੱਲਵਾਨ ਕਾਰਜ ਵੀ ਸੇਖੋਂ ਦੀ ਪੁਸਤਕ ਸਾਹਿਤਿਆਰਥ ਦੇ ਰੂਪ ਵਿੱਚ ਉਸ ਦੀ ਵੱਡੀ ਦੇਣ ਹੈ। ਇਸ ਤੋਂ ਇਲਾਵਾ ਭਾਈ ਵੀਰ ਸਿੰਘ ਤੇ ਉਹਨਾਂ ਦਾ ਯੁੱਗ, ਭਾਈ ਗੁਰਦਾਸ, ਸਮੀਖਿਆ ਪ੍ਰਣਾਲੀਆਂ ਪੰਜਾਬੀ ਕਾਵਿ ਸ਼ਿਰੋਮਣੀ ਆਲੋਚਨਾ ਪੁਸਤਕਾਂ ਵੀ ਵਿਸ਼ੇਸ਼ ਮਹੱਤਵ ਰੱਖਦੀਆਂ ਹਨ ਕਿਉਂਕਿ ਸੇਖੋਂ ਦੀ ਮਾਰਕਸਵਾਦੀ ਵਿਚਾਰਧਾਰਾ ਅਤੇ ਇਸ ਵਿਚਾਰਧਾਰਿਕ ਪ੍ਰਤਿਬੱਧਤਾ ਨਾਲ ਰਚੀਆਂ ਗਈਆਂ ਇਹ ਪੁਸਤਕਾਂ ਪੰਜਾਬੀ ਦੀ ਮੁਢਲੀ, ਸੁਚੇਤ ਤੇ ਪ੍ਰਤਿਬੱਧ ਆਲੋਚਨਾ ਦਾ ਇਤਿਹਾਸਿਕ ਦਸਤਾਵੇਜ਼ ਹਨ।

     ਪੰਜਾਬੀ ਸਾਹਿਤ ਵਿੱਚ ਸੰਤ ਸਿੰਘ ਸੇਖੋਂ ਪ੍ਰਗਤੀਵਾਦੀ ਪੰਜਾਬੀ ਸਾਹਿਤ ਅਤੇ ਸਾਹਿਤ ਚਿੰਤਨ ਦਾ ਅਸਲ ਅਰਥਾਂ ਵਿੱਚ ਮੁੱਢ ਬੰਨਣ ਵਾਲਾ ਸਾਹਿਤਕਾਰ ਹੈ। ਉਸ ਨੇ ਮਾਰਕਸੀ ਵਿਚਾਰਧਾਰਾ ਨੂੰ ਜ਼ਿੰਦਗੀ ਅਤੇ ਸਾਹਿਤ ਉਪਰ ਲਾਗੂ ਕਰ ਕੇ ਸਿਧਾਂਤਿਕ ਅਤੇ ਵਿਹਾਰਿਕ ਪੱਧਰ `ਤੇ ਮਨੁੱਖੀ ਜ਼ਿੰਦਗੀ ਅਤੇ ਸਾਹਿਤ ਕਲਾ ਨੂੰ ਸਮਝਣ ਦਾ ਨਵੇਕਲਾ ਯਤਨ ਕੀਤਾ। ਉਸ ਦੀਆਂ ਸਾਹਿਤ ਰਚਨਾਵਾਂ ਜੀਵਨ ਦੇ ਅਸਲ ਵਿਰੋਧਾਂ ਨੂੰ ਪਛਾਣਨ ਵਿੱਚੋਂ ਉਸਰਦੀਆਂ ਹਨ। ਮਾਰਕਸੀ ਵਿਚਾਰਧਾਰਾ ਅਨੁਸਾਰ ਉਹ ਇਹਨਾਂ ਵਿਰੋਧਾਂ ਦੇ ਪੇਚੀਦਾ ਪੱਖਾਂ ਨੂੰ ਜੀਅ ਰਹੇ ਅਤੇ ਸਮਝਣ ਦੇ ਯਤਨਾਂ ਵਿੱਚ ਲੱਗੇ ਮਨੁੱਖਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਪਾਤਰਾਂ ਵਜੋਂ ਪੇਸ਼ ਕਰਦਾ ਹੈ। ਕਿਤੇ ਵੀ ਕਿਸੇ ਵੀ ਰਚਨਾ ਵਿੱਚ ਇਸੇ ਲਈ ਸੇਖੋਂ ਦੇ ਪਾਤਰ ਜ਼ਿੰਦਗੀ ਦੀ ਦੁੱਖਦਾਈ ਸਥਿਤੀ ਵਿੱਚੋਂ ਵੀ ਜ਼ਿੰਦਗੀ ਤੋਂ ਹਾਰਦੇ ਨਹੀਂ ਦਿੱਸਦੇ ਸਗੋਂ ਸੰਘਰਸ਼ ਵਿੱਚ ਜੁੱਟੇ ਹੋਏ ਦਿਖਾਈ ਦਿੰਦੇ ਹਨ। ਸੇਖੋਂ ਦੀ ਵਿਚਾਰਧਾਰਾ ਵਿਚਲਾ ਸੰਘਰਸ਼ ਹੀ ਜੀਵਨ ਨੂੰ ਪ੍ਰਗਤੀ ਦੇ ਰਾਹ ਤੋਰਨ ਦਾ ਆਧਾਰ ਬਣਦਾ ਹੈ।

     ਸੰਤ ਸਿੰਘ ਸੇਖੋਂ ਦਾ ਸਾਹਿਤ ਜ਼ਿੰਦਗੀ ਨਾਲ ਖਹਿ ਕੇ ਲੰਘਦਾ ਹੈ। ਇਸੇ ਲਈ ਉਸ ਦੀਆਂ ਰਚਨਾਵਾਂ ਜੀਵਨ ਦੇ ਨਿੱਕੇ-ਨਿੱਕੇ ਵੇਰਵਿਆਂ ਰਾਹੀਂ ਉਸਰਦੀਆਂ ਹਨ ਤੇ ਇੱਕ ਨਿਸ਼ਚਿਤ ਵਿਚਾਰਧਾਰਿਕ ਪੈਂਤੜੇ ਤੋਂ ਸੇਖੋਂ ਇਹਨਾਂ ਔਖੀਆਂ ਸਥਿਤੀਆਂ ਦੇ ਹੱਲ ਵੀ ਅਛੋਪਲੇ ਜਿਹੇ ਸੁਝਾਅ ਦਿੰਦਾ ਹੈ। ਨਾਟਕ/ਇਕਾਂਗੀਆਂ ਵਿੱਚ ਹੀ ਨਹੀਂ ਸੇਖੋਂ ਦੀਆਂ ਕਹਾਣੀਆਂ ਵਿੱਚ ਵੀ ਜੀਵਨ ਦੀਆਂ ਪੇਚੀਦਾ ਸਥਿਤੀਆਂ ਨੂੰ ਸਹਿਜਤਾ ਵਿੱਚ ਹੀ ਰੂਪਮਾਨ ਕਰਨ ਦੀ ਕਲਾਕਾਰੀ ਦਿਖਾਈ ਦਿੰਦੀ ਹੈ। ਸੇਖੋਂ ਨੇ ਨਾਟਕ ਜਾਂ ਗਲਪ ਰਾਹੀਂ ਹੀ ਪਾਠਕਾਂ ਨੂੰ ਯਥਾਰਥ ਤੋਂ ਜਾਣੂ ਨਹੀਂ ਕਰਵਾਇਆ ਸਗੋਂ ਸੇਖੋਂ ਦੀ ਬੇਬਾਕ ਸ਼ੈਲੀ ਅਤੇ ਸੱਚ ਨੂੰ ਸੱਚ ਕਹਿ ਸਕਣ ਦੀ ਦਲੇਰੀ ਉਸ ਦੀ ਸਵੈ-ਜੀਵਨੀ ਉਮਰ ਦਾ ਪੰਧ ਵਿੱਚ ਦੇਖੀ ਜਾ ਸਕਦੀ ਹੈ।

     ਵਰਤਮਾਨ, ਇਤਿਹਾਸ ਅਤੇ ਮਿਥਿਹਾਸ ਨੂੰ ਸੰਤ ਸਿੰਘ ਸੇਖੋਂ ਨਵੇਕਲੀ ਦ੍ਰਿਸ਼ਟੀ ਤੋਂ ਵੇਖਦਾ ਹੈ। ਇਸੇ ਲਈ ਉਸ ਦੀਆਂ ਰਚਨਾਵਾਂ ਬਹੁ-ਪਰਤੀ ਤੇ ਬਹੁ-ਪੱਖੀ ਸੁਭਾਅ ਧਾਰਨ ਕਰਦੀਆਂ ਹਨ। ਉਸ ਦੁਆਰਾ ਹੋਰਨਾਂ ਭਾਸ਼ਾਵਾਂ ਵਿੱਚ ਸਾਹਿਤਿਕ ਰਚਨਾਵਾਂ ਦਾ ਕੀਤਾ ਗਿਆ ਅਨੁਵਾਦ ਵੀ ਵੱਡੀ ਦੇਣ ਹੈ ਜਿਵੇਂ ਤਾਲਸਤਾਏ ਦੀ ਕਿਤਾਬ Resurrection ਦਾ ਮੋਇਆਂ ਦੀ ਜਾਗ ਸਿਰਲੇਖ ਹੇਠ ਅਨੁਵਾਦ ਜ਼ਿਕਰਯੋਗ ਹੈ। ਅੰਗਰੇਜ਼ੀ ਭਾਸ਼ਾ ਵਿੱਚ ਸੇਖੋਂ ਨੇ ਪੰਜਾਬੀ ਸਾਹਿਤ ਦੀ ਢੁੱਕਵੀਂ ਪਛਾਣ ਬਣਾਈ ਹੈ ਜਿਵੇਂ ਵਾਰਿਸ ਦੀ ਹੀਰ ਦਾ The Love of Heer and Ranjha ਸਿਰਲੇਖ ਹੇਠ ਅਨੁਵਾਦ ਸੇਖੋਂ ਦਾ ਮਹੱਤਵਪੂਰਨ ਕੰਮ ਹੈ।

     ਸੇਖੋਂ ਨੂੰ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ `ਤੇ ਮਾਣ ਤੇ ਸਨਮਾਨ ਮਿਲੇ। ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਦੀ ਉਪਾਧੀ, ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ ਕੈਨੇਡਾ ਵੱਲੋਂ ‘ਕੌਮਾਂਤਰੀ ਸਾਹਿਤ ਸ਼੍ਰੋਮਣੀ ਮਨਜੀਤ ਯਾਦਗਾਰੀ ਪੁਰਸਕਾਰ`, ਪੰਜਾਬ ਸਰਕਾਰ ਵੱਲੋਂ ਪੁਰਸਕਾਰ ਤੇ ਭਾਰਤ ਸਰਕਾਰ ਵੱਲੋਂ ਮਿੱਤਰ ਪਿਆਰਾ  ਉਪਰ ਪੁਰਸਕਾਰ ਤੋਂ ਇਲਾਵਾ ਅਨੇਕ ਹੋਰ ਸਾਹਿਤਿਕ ਸੰਸਥਾਵਾਂ ਵੱਲੋਂ ਸੇਖੋਂ ਨੂੰ ਪੁਰਸਕਾਰਾਂ ਨਾਲ ਸਨਮਾਨਿਆ ਗਿਆ।

          ਸੰਤ ਸਿੰਘ ਸੇਖੋਂ ਆਧੁਨਿਕ ਪੰਜਾਬੀ ਸਾਹਿਤ ਤੇ ਚਿੰਤਨ ਦੀ ਲਗਪਗ ਪੌਣੀ ਸਦੀ ਦੇ ਵਿਕਾਸ ਦਾ ਉਹ ਗਵਾਹ ਤੇ ਕਰਮਯੋਗੀ ਹੈ ਜਿਸ ਨੇ ਪੰਜਾਬ ਸਾਹਿਤ ਨੂੰ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ `ਤੇ ਪਛਾਣ ਦਿਵਾਉਣ ਵਿੱਚ ਮੁਢਲੀ ਤੇ ਵੱਡੀ ਭੂਮਿਕਾ ਨਿਭਾਈ ਹੈ। ਸ਼ਾਇਦ ਇਸੇ ਲਈ ਸੇਖੋਂ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਸਭ ਤੋਂ ਸਿਆਣੇ ਮਨੁੱਖ ਵਜੋਂ ਜਾਣਿਆ ਜਾਂਦਾ ਹੈ।

ਲੇਖਕ : ਉਮਿੰਦਰ ਜੌਹਲ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 10107,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/17/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ