ਸੰਧੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੰਧੀ : ਜਦੋਂ ਦੋ ਪਦਾਂਸ਼ ( morpheme ) ਜਾਂ ਸ਼ਬਦ ਇੱਕ ਦੂਜੇ ਤੋਂ ਬਾਅਦ ਆਉਂਦੇ ਹਨ ਤਾਂ ਉਹਨਾਂ ਦੇ ਅੰਤ ਤੇ ਅਰੰਭ ਦੇ ਸ੍ਵਰਾਂ ਜਾਂ ਵਿਅੰਜਨਾਂ ਵਿੱਚ ਤਬਦੀਲੀ ਆ ਸਕਦੀ ਹੈ ਤੇ ਜਦੋਂ ਇਹ ਤਬਦੀਲੀ ਆਉਂਦੀ ਹੈ ਤਾਂ ਅਸੀਂ ਇਸ ਨੂੰ ਸੰਧੀ ਆਖਦੇ ਹਾਂ । ਅਰਥਾਤ , ਸੰਧੀ ਦੋ ਪਦਾਂਸ਼ਾਂ ਵਿੱਚ ਇੱਕ ਪ੍ਰਕਾਰ ਦਾ ਪੁਲ ਹੈ । ਆਓ , ਅਸੀਂ ਅੰਗਰੇਜ਼ੀ ਦੀਆਂ ਕੁਝ ਉਦਾਹਰਨਾਂ ਲਈਏ । ਅੰਗਰੇਜ਼ੀ ਵਿੱਚ ਬਹੁਵਚਨ ਦਰਸਾਉਣ ਵਾਲਾ ਰੂਪ-s ਹੈ ਪਰ ਇਸ ਦਾ ਪ੍ਰਗਟਾਵਾ ਹਮੇਸ਼ਾਂ / ਸ / ਨਹੀਂ ਹੁੰਦਾ । ਹੇਠ ਲਿਖੀਆਂ ਉਦਾਹਰਨਾਂ ਵੱਲ ਜ਼ਰਾ ਧਿਆਨ ਨਾਲ ਵੇਖੋ :

                  I.                                map      :                 maps

                                                        mat      :                 mats

                                                        park    :                 parks

                  ਇਹਨਾਂ ਸ਼ਬਦਾਂ ਵਿੱਚ -s ਦਾ ਪ੍ਰਗਟਾਵਾ /ਸ/ ਹੀ ਰਹਿੰਦਾ ਹੈ ।

                  II.                              tube    :                 tubes

                                                        lad        :                 lads

                                                        leg        :                 legs

                  ਇਹਨਾਂ ਸ਼ਬਦਾਂ ਵਿੱਚ / ਸ / ਦਾ ਪ੍ਰਗਟਾਵਾ / ਸ / ਨਾ ਹੋ ਕੇ / ਜ਼ / ਹੋ ਜਾਂਦਾ ਹੈ ।

                  III.                church            :                 churches

                                            judge                  :                 judges

                                            horse                  :                 horses

                                            cheese                :               cheeses

        ਇਹਨਾਂ ਸ਼ਬਦਾਂ ਵਿੱਚ / ਸ / ਦਾ ਪ੍ਰਗਟਾਵਾ /ਇਜ਼/ ਹੈ । ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਸ਼ਬਦ ਜਿਹੜੇ / p , -t , -k / ਅੰਤਕ ਹਨ ਉਹਨਾਂ ਪਿੱਛੋਂ ' s' ਦਾ ਪ੍ਰਗਟਾਵਾ / ਸ / ਹੈ ਤੇ ਬਾਕੀ ਸ਼ਬਦਾਂ ਵਿੱਚ -ਜ਼ , ਜਾਂ -ਇਜ਼ ਹੈ । ਅਸੀਂ ਇਉਂ ਵੀ ਕਹਿ ਸਕਦੇ ਹਾਂ ਕਿ ' s' , ' z' , ' ch' , ' j' ਆਦਿ ਦੇ ਬਾਅਦ ਵਿੱਚ ਆਉਣ ਵਾਲੇ / ਸ / ਦਾ ਉਚਾਰਨ /ਇਜ਼/ ਹੈ ਤੇ ਬਾਕੀ ਸਭ ਥਾਵਾਂ ਤੇ -ਜ਼ ਹੈ ਜਿਵੇਂ : bell : bells । ਇਸ ਪ੍ਰਕਿਰਿਆ ਨੂੰ ਅਸੀਂ ਸੰਧੀ ਆਖਦੇ ਹਾਂ ਤੇ ਜਦੋਂ ਸੰਧੀ ਦੋ ਵਿਅੰਜਨਾਂ ਵਿੱਚ ਹੁੰਦੀ ਹੈ ਤਾਂ ਅਸੀਂ ਇਸ ਨੂੰ ਵਿਅੰਜਨ ਸੰਧੀ ਜਾਂ ਸੰਸਕ੍ਰਿਤ ਵਿੱਚ ਹਲ ਸੰਧੀ ਕਹਿੰਦੇ ਹਾਂ ( ਹਲ ਦਾ ਅਰਥ ਹੈ ਸਾਰੇ ਵਿਅੰਜਨ ) ।

        ਇਸ ਹਲ ਸੰਧੀ ਦੇ ਵਿਪਰੀਤ ਜਦੋਂ ਇੱਕ ਰੂਪਾਂਸ਼ ਜਾਂ ਪਦ ਦੇ ਅੰਤ ਵਿੱਚ ਇੱਕ ਸ੍ਵਰ ਆਉਂਦਾ ਹੈ ਤੇ ਅਗਲਾ ਰੂਪਾਂਸ਼/ਪਦ ਇੱਕ ਸ੍ਵਰ ਨਾਲ ਸ਼ੁਰੂ ਹੁੰਦਾ ਹੈ ਤਾਂ ਇਹਨਾਂ ਸ੍ਵਰਾਂ ਵਿੱਚ ਅੰਤਰ ਹੋ ਸਕਦਾ ਹੈ ਤੇ ਇਸ ਅੰਤਰ ਨਾਲ ਨਜਿੱਠਣ ਦੀ ਪ੍ਰਕਿਰਿਆ ਨੂੰ ਸ੍ਵਰ ਸੰਧੀ ਜਾਂ ਅਚ ਸੰਧੀ ਕਹਿੰਦੇ ਹਾਂ ।

        ਅਚ ਸੰਧੀ ਵਿੱਚ ਜਦੋਂ ਇੱਕ ਸਥਾਨ ਤੋਂ ਉਚਾਰੇ ਜਾਣ ਵਾਲੇ ਸ੍ਵਰ ( ਦੋ ਪਦਾਂ ਵਿੱਚ ) ਇੱਕ ਦੂਜੇ ਤੋਂ ਬਾਅਦ ਆਉਂਦੇ ਹਨ ਤਾਂ ਉਹ ਸ੍ਵਰ ਦੀਰਘ ਹੋ ਜਾਂਦਾ ਹੈ ਜਿਵੇਂ : ਵਿੱਦਿਆ + ਆਤੁਰ = ਵਿੱਦਿਆਤੁਰ; ਅਤਰ + ਆਸੀਤ = ਅਤਰਾਸੀਤ ( ਉਹ ਓਥੇ ਸੀ ) ; ਸਾਧੁ + ਉਦਾਸ = ਸਾਧੂਦਾਸ ( ਸਾਧੂ ਨੇ ਕਿਹਾ ) ।

        ਜਦੋਂ ਅ , ਆ ਤੋਂ ਬਾਅਦ ਇ / ਈ ਉ / ਊ ਆਉਂਦੇ ਹਨ ਤਾਂ ਅ + ਇ = ਏ , ਜਿਵੇਂ ਉਪੈ + ਇੰਦਰਾ = ਉਪੇਂਦਰ; ਪਰਮੈ + ਈਸ਼ਵਰ = ਪਰਮੇਸ਼ਵਰ; ਹਿਤੈ + ਉਪਦੇਸ਼ = ਹਿਤੋਪਦੇਸ਼; ਗੰਗਾ + ਉਦਕਮ = ਗੰਗੋਦਕਮ ।

        ਜਦੋਂ ਇ / ਈ ਉ / ਊ ਤੋਂ ਉਪਰੰਤ ਭਿੰਨ ਸਥਾਨ ਤੋਂ ਉਚਰਿਆ ਜਾਣ ਵਾਲਾ ਸ੍ਵਰ ਆਉਂਦਾ ਹੈ ਤਾਂ ਇ / ਈ ਯ ਬਣ ਜਾਂਦੇ ਹਨ ਤੇ ਉ / ਊ ਵ ਬਣ ਜਾਂਦੇ ਹਨ; ਜਿਵੇਂ ਅਗਨਿ + ਆ = ਅਗਨਯਾ , ‘ ਅੱਗ ਨਾਲ` ,   ਮਧੁ + ਆ = ਮਧੁਵਾ , ‘ ਸ਼ਹਿਦ ਨਾਲ` , ਦੇਵੀ + ਆ = ਦੇਵਯਾ ਦੇਵੀ ਨਾਲ

ਗੁਰੂ ਗ੍ਰੰਥ ਸਾਹਿਬ ਵਿੱਚ ਸੰਧੀ ਦੇ ਕੁਝ ਨਮੂਨੇ ਵੇਖੋ :

        ਪੀਤ + ਅੰਬਰ = ਪੀਤਾਂਬਰ ( ਪੀਲੇ ਵਸਤਰਾਂ , ਭਗਵਾਨ ਕ੍ਰਿਸ਼ਨ ) ( ਇੱਥੇ ਇਹ ਵੀ ਵੇਖਣ ਵਾਲੀ ਗੱਲ ਹੈ ਕਿ ‘ ਪੀਤ` ਲੱਗਦਾ ਤਾਂ ਇਉਂ ਹੈ ਕਿ ਇਹ -ਤ ਅੰਤਕ ਹੈ ਪਰੰਤੂ -ਤ ਉਪਰੰਤ ਇੱਕ ਛੋਟਾ ‘ ਅ` ਹੈ ਤੇ ਬਹੁਤ ਵਾਰੀ ਇਹ ਛੋਟਾ ‘ ਅ` ਕਈ ਖ਼ਾਸ ਸਥਿਤੀਆਂ ਵਿੱਚ ਪ੍ਰਗਟ ਹੁੰਦਾ ਹੈ ਜਿਵੇਂ ‘ ਸੜਕ` ਵਿੱਚ /ਸ/ ਤੇ /ੜ/ ਤੋਂ ਬਾਅਦ ਇੱਕ ਛੋਟਾ /ਅ/ ਹੈ ਤੇ ਇਹ /-ਕ/ ਤੋਂ ਪਹਿਲਾਂ ਵਾਲਾ ਛੋਟਾ /ਅ/ ਬਹੁਵਚਨ ਵਿੱਚ ਲੋਪ ਹੋ ਜਾਂਦਾ ਹੈ ਜਿਵੇਂ ਸੜਕਾਂ ਵਿੱਚ ।

        ‘ ਅਚ ਸੰਧੀ` ਪੁਛ + ਅਪੁਛ = ਪੁਛਾਪੁਛ; ਮੁਖਅ + ਅਰਬਿੰਦ = ਮੁਖਾਰਬਿੰਦ; ਤੁਰੀਆ + ਅਵਸਥਾ = ਤੁਰੀਆਵਸਥਾ; ਜੋਗਅ + ਈਸੁਰ = ਜੋਗੇਸ੍ਵਰ; ਪੁਰਖਅ + ਉਤਮੁ = ਪੁਰਖੋਤਮੁ

ਹਲ ਸੰਧੀ :     ਜਗਨ + ਨਾਥ = ਜਗਨਨਾਥ ਜਾਂ ਜਗਨਾਥ

                            ਤਿਨ + ਨਰ = ਤਿਨਰ

                  ਨਕ + ਕਟੀ = ਨਕਟੀ

                  ਦਰਅਸਲ ਸੰਧੀ ਸੰਜੋਗਾਤਮਿਕ ਭਾਸ਼ਾਵਾਂ ਵਿੱਚ ਜ਼ਿਆਦਾ ਮਿਲਦੀ ਹੈ ਤੇ ਵਿਯੋਗਾਤਮਿਕ ਭਾਸ਼ਾਵਾਂ ਵਿੱਚ ਇਸ ਦਾ ਬਹੁਤ ਘੱਟ ਪ੍ਰਚਲਨ ਹੈ । ਸੰਜੋਗਾਤਮਿਕ ਭਾਸ਼ਾ ਤੋਂ ਸਾਡਾ ਭਾਵ ਹੈ ਉਹ ਭਾਸ਼ਾ ਜਿਸ ਵਿੱਚ ਵੱਖ-ਵੱਖ ਵਿਆਕਰਨਿਕ ਅੰਸ਼ ਇੱਕ ਦੂਸਰੇ ਵਿੱਚ ਸਮਾ ਜਾਂਦੇ ਹਨ , ਜਿਵੇਂ ‘ ਪਟਿਆਲਿਉਂ` ਵਿੱਚ ਪਟਿਆਲਾ ਤੇ /ਇਓਂ/ ਦੋ ਅੰਸ਼ ਇੱਕ ਹੋ ਸਕਦੇ ਹਨ ਤੇ ਵਿਜੋਗਾਤਮਿਕ ਰੂਪ ਇਸੇ ਦਾ ਹੋ ਜਾਂਦਾ ਹੈ ‘ ਪਟਿਆਲੇ ਤੋਂ` । ਅਜੋਕੀ ਬੋਲ-ਚਾਲ ਦੀ ਪੰਜਾਬੀ ਵਿੱਚ ਸੰਧੀ ਬਹੁਤ ਹੀ ਘੱਟ ਹੈ ਜਾਂ ਹੈ ਹੀ ਨਹੀਂ ।


ਲੇਖਕ : ਪ੍ਰੇਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੰਧੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਧੀ [ ਨਾਂਇ ] ਸਮਝੌਤਾ; ਮੇਲ਼ , ਜੋੜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2378, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਧੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਧੀ . ਦੇਖੋ , ਸੰਧਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.