ਸੱਸੀ ਪੁੰਨੂੰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸੱਸੀ ਪੁੰਨੂੰ : ਸੱਸੀ ਪੰਨੂੰ ਇਕ ਪ੍ਰਸਿੱਧ ਪ੍ਰੀਤ ਕਥਾ ਹੈ । ਇਸ ਦਾ ਕਿੱਸਾ ਹਾਫ਼ਿਜ਼ ਬਰਖੁਰਦਾਰ , ਮੁਨਸ਼ੀ ਸੁੰਦਰ ਦਾਸ ਆਰਾਮ , ਬਹਿਬਲ , ਆਡਤ ਤੇ ਹਾਸ਼ਮ ਆਦਿ ਕਵੀਆਂ ਨੇ ਲਿਖਿਆ । ਸਭ ਤੋਂ ਵੱਧ ਪ੍ਰਸਿੱਧੀ ਸੱਸੀ ਹਾਸ਼ਮ ਨੂੰ ਮਿਲੀ । ਭਾਈ ਗੁਰਦਾਸ ਨੇ ਵੀ ਇਸ ਪ੍ਰੀਤ ਜੋੜੇ ਵੱਲ ਸੰਕੇਤ ਕੀਤਾ ਹੈ : ਸੱਸੀ ਪੁੰਨੂੰ ਦੋਸਤੀ ਹੋਇ ਜਾਤ ਅਜਾਤੀ । ਦਸਮ ਗ੍ਰੰਥ ਵਿਚ ਸੱਸੀ ਪੁੰਨੂੰ ਦੀ ਕਹਾਣੀ ਬਾਰੇ ਮਿਲਦੇ ਸੰਕੇਤ ਬਹੁਤ ਵਖਰੇ ਹਨ । ਮਿਥਿਹਾਸਕ ਪਾਣ ਚੜ੍ਹਨ ਕਰਕੇ ਇਹ ਅਲੌਕਿਕ ਕਥਾ ਬਣ ਗਈ ਹੈ । ਇਹ ਸੱਸੀ ਕਪਿਲ ਮੁਨੀ ਤੇ ਰੰਭਾ ਅਪਸਰਾ ਦੀ ਭੋਗ ਸੰਤਾਨ ਸੀ । ਇਸ ਨੂੰ ਸਿੰਧ ਦਰਿਆ ਵਿਚ ਰੋੜ੍ਹ ਦਿੱਤਾ ਗਿਆ । ਸਿੰਧ ਦੇ ਰਾਜੇ ਬ੍ਰਹਮ ਦੱਤ ਨੇ ਦਰਿਆ ਵਿਚੋਂ ਕੱਢ ਕੇ ਇਸ ਦਾ ਪਾਲਣ ਪੋਸ਼ਣ ਕੀਤਾ । ਇਸ ਦਾ ਨਾਂ ਸਮਿਯਾ ਰਖਿਆ ਗਿਆ । ਜਦੋਂ ਇਹ ਜੁਆਨ ਹੋਈ ਤਾਂ ਰਾਜੇ ਨੇ ਪੁੰਨੂੰ ਪਾਤਸ਼ਾਹ ਵੱਲ ਦੂਤ ਭੇਜੇ ਕਿ ਤੂੰ ਇਸ ਨੂੰ ਵਰ ਲੈ । ਬੜੀ ਸ਼ਾਨ ਸ਼ੌਕਤ ਨਾਲ ਵਿਆਹ ਹੋਇਆ । ਜਦੋਂ ਪੁੰਨੂੰ ਤੇ ਸੱਸੀ ਆਪਣੇ ਮੁਲਕ ਪੁੱਜੇ ਤਾਂ ਪੁੰਨੂੰ ਦੀ ਪਹਿਲੀ ਪਤਨੀ ਨੂੰ ਸੌਂਕਣ ਦੇ ਆਉਣ ਦਾ ਬਹੁਤ ਦੁੱਖ ਪੁੱਜਾ । ਉਸ ਨੇ ਕਈ ਜੰਤਰ ਮੰਤਰ ਕੀਤੇ ਕਿ ਪੁੰਨੂੰ ਸੱਸੀ ਤੋਂ ਟੁੱਟ ਜਾਵੇ । ਆਖ਼ਰ ਪੁੰਨੂੰ ਨੂੰ ਮਰਵਾ ਹੀ ਦਿੱਤਾ । ਸੱਸੀ ਵੀ ਉਸ ਦੀ ਕਬਰ ਤੇ ਢੇਰੀ ਹੋ ਗਈ । ਆਮ ਪ੍ਰਚੱਲਿਤ ਕਿੱਸਿਆਂ ਵਿਚ ਮਿਲਦੀ ਕਹਾਣੀ ਇਸ ਤੋਂ ਵੱਖਰੀ ਹੈ । ਥੋੜ੍ਹੀ ਬਹੁਤ ਅਦਲਾ ਬਦਲੀ ਨਾਲ ਸਾਰ ਇਸ ਤਰ੍ਹਾਂ ਹੈ । ਦਰਿਆ ਕੰਢੇ ਵਸਦੇ ਭੰਬੋਰ ਸ਼ਹਿਰ ਦੇ ਵਾਲੀ ਆਦਮ ਜਾਮ ਦੇ ਘਰ ਔਲਾਦ ਨਹੀਂ ਸੀ । ਬਹੁਤ ਮੰਨਤਾਂ ਮਨੌਤਾਂ ਪਿੱਛੋਂ ਇਕ ਖ਼ੂਬਸੂਰਤ ਲੜਕੀ ਦਾ ਜਨਮ ਹੋਇਆ ਪਰ ਜਦ ਨਜੂਮੀਆਂ ਨੇ ਇਸ ਬੱਚੀ ਦੇ ਜੁਆਨ ਹੋਣ , ਥਲਾਂ ਵਿਚ ਜਾ ਕੇ ਮਰਨ ਅਤੇ ਕੁਲ ਨੂੰ ਦਾਗ਼ ਲਾਉਣ ਦੀ ਭਵਿੱਖਬਾਣੀ ਕੀਤੀ ਤਾਂ ਸਾਰੀ ਖੁਸ਼ੀ ਗ਼ਮੀ ਵਿਚ ਬਦਲ ਗਈ । ਰਾਜੇ ਵਜ਼ੀਰਾਂ ਨਾਲ ਸਲਾਹ ਕਰਨ ਉਪਰੰਤ ਬੱਚੀ ਨੂੰ ਇਕ ਸਦੂੰਕ ਵਿਚ ਬੰਦ ਕਰਕੇ ਕਾਫ਼ੀ ਦੌਲਤ ਸਮੇਤ ਦਰਿਆ ਵਿਚ ਰੋੜ੍ਹ ਦਿੱਤਾ । ਇਹ ਸੰਦੂਕ ਕੱਪੜੇ ਧੋ ਰਹੇ ਬੇਔਲਾਦ ਅੱਤਾ ਨਾਂ ਦੇ ਧੋਬੀ ਨੂੰ ਮਿਲਿਆ । ਧੋਬੀ ਦੇ ਘਰ ਹੀ ਉਸ ਦੀ ਚੰਗੀ ਤਰ੍ਹਾਂ ਪਾਲਣਾ ਹੋਈ । ਸੱਸੀ ਦਾ ਜੋਬਨ ਸੂਰਜ ਨੂੰ ਵੀ ਮਾਤ ਪਾ ਰਿਹਾ ਸੀ । ਇਕ ਦਿਨ ਸੱਸੀ ਨੇ ਭੰਬੋਰ ਸ਼ਹਿਰ ਵਿਚ ਲੱਗੀ ਨੁਮਾਇਸ਼ ਵਿਚ ਇਕ ਖ਼ੂਬਸੂਰਤ ਨੌਜੁਆਨ ਦੀ ਤਸਵੀਰ ਦੇਖੀ ਤੇ ਉਸ ਤੇ ਮੋਹਿਤ ਹੋ ਗਈ । ਇਹ ਚਿੱਤਰ ਕੇਚਮ ਸ਼ਹਿਰ ਦੇ ਬਲੋਚ ਸ਼ਹਿਜ਼ਾਦੇ ਪੁੰਨੂੰ ਦਾ ਸੀ । ਸੱਸੀ ਹਿਜਰ ਵਿਚ ਤੜਫ਼ਣ ਲੱਗੀ । ਉਸ ਨੇ ਇਕ ਦਿਨ ਕੇਚਮ ਦੇ ਕੁਝ ਸੁਦਾਗਰਾਂ ਨੂੰ ਕੈਦ ਕਰ ਲਿਆ ਤੇ ਆਖਿਆ ਕਿ ਰਿਹਾਈ ਤਾਂ ਹੀ ਸੰਭਵ ਹੈ ਜੇ ਪੁੰਨੂੰ ਨੂੰ ਇਥੇ ਲਿਆਂਦਾ ਜਾਵੇਗਾ । ਇਕ ਬੰਦੀਖਾਨ ਨੇ ਕੇਚਮ ਜਾ ਕੇ ਪੁੰਨੂੰ ਕੋਲ ਸੱਸੀ ਦੇ ਹੁਸਨ ਦੀ ਤੇ ਪ੍ਰੀਤ ਦੀ ਤਾਰੀਫ਼ ਕੀਤੀ ਤੇ ਉਸ ਨੂੰ ਸੱਸੀ ਕੋਲ ਲੈ ਆਇਆ । ਪੁੰਨੂੰ ਸੱਸੀ ਦਾ ਹੀ ਹੋ ਗਿਆ । ਉਧਰੋਂ ਪੁੰਨੂੰ ਦੇ ਭਰਾ ਬਲੋਚ , ਸੱਸੀ ਦੇ ਬਾਗਾਂ ਵਿਚ ਆ ਗਏ । ਉਹ ਚਲਾਕੀ ਨਾਲ ਪੁੰਨੂੰ ਨੂੰ ਸ਼ਰਾਬ ਪਿਲਾ ਕੇ ਡਾਚੀ ਤੇ ਸੁੱਟ ਕੇ ਲੈ ਗਏ । ਸੱਸੀ ਦੀ ਜਦੋਂ ਜਾਗ ਖੁਲ੍ਹੀ ਤਾਂ ਉਹ ਧੋਬਣ ਮਾਂ ਦੇ ਰੋਕਣ ਦੇ ਬਾਵਜੂਦ ਵੀ ਨੰਗੇ ਪੈਰੀ ਮਗਰ ਨੱਸ ਤੁਰੀ । ਉਸ ਦਾ ਤਾਂ ਕਹਿਣਾ ਸੀ : ਤੁਰਸਾਂ ਮੂਲ ਨ ਮੁੜਸਾਂ ਰਾਹੋਂ ਜਾਨ ਤਲੀ ਪਰ ਧਰਸਾਂ , ਜਬ ਤਕ ਸਾਸ ਨਿਰਾਸ ਨਾ ਹੋਵਾਂ , ਮਰਨੋਂ ਮੂਲ ਨਾ ਡਰਸਾਂ । ਤੇਜ਼ ਗਰਮੀ ਕਾਰਨ ਮਾਰੂਥਲ ਤਪ ਰਿਹਾ ਸੀ । ਸੱਸੀ ਪੁੰਨੂੰ-ਪੁੰਨੂੰ ਪੁਕਾਰਦੀ ਰੇਤ ਦੇ ਥਲਾਂ ਵਿਚ ਪ੍ਰਾਣ ਤਿਆਗ ਗਈ । ਉਧਰ ਜਦੋਂ ਪੁੰਨੂੰ ਨੂੰ ਹੋਸ਼ ਆਈ ਤਾਂ ਉਹ ਵੀ ਨੱਸ ਤੁਰਿਆ ਤੇ ਮਾਰੂਥਲ ਵਿੱਚ ਆ ਕੇ ਉਸ ਨੇ ਸੱਸੀ ਦੀ ਕਬਰ ਉੱਤੇ ਜਾਨ ਦੇ ਦਿੱਤੀ । ਹ. ਪੁ. – ਪੰ. ਸਾ. ਇ. – ਪੰ. ਯੂਨੀ. ; ਪੰ . ਸਾ. ਇ. – ਭਾ. ਵਿ. ਪੰ ; ਸੱਸੀ ਹਾਸ਼ਮ : ਮ. ਕੋ.


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.