ਹਰਚਰਨ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹਰਚਰਨ ਸਿੰਘ ( 1914– 2006 ) : ਨਾਟਕਕਾਰ ਹਰਚਰਨ ਸਿੰਘ ਪੰਜਾਬੀ ਨਾਟਕ ਅਤੇ ਪੰਜਾਬੀ ਰੰਗ-ਮੰਚ ਦੇ ਖੇਤਰ ਵਿੱਚ ਉਹ ਵਿਲੱਖਣ ਅਤੇ ਵਿਸ਼ੇਸ਼ ਥਾਂ ਰੱਖਦਾ ਹੈ ਜਿਹੜੀ ਅਜੇ ਤੱਕ ਕਿਸੇ ਵੀ ਨਾਟਕਕਾਰ ਨੂੰ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ । ਇਸ ਵਿਲੱਖਣਤਾ ਅਤੇ ਵਿਸ਼ੇਸ਼ਤਾ ਦਾ ਇੱਕ ਕਾਰਨ ਇਹ ਵੀ ਹੈ ਕਿ ਹਰਚਰਨ ਸਿੰਘ ਪੰਜਾਬੀ ਨਾਟਕ ਦੇ ਪਹਿਲੀ ਪੀੜ੍ਹੀ ਦੇ ਨਾਟਕਕਾਰਾਂ ਤੋਂ ਲੈ ਕੇ ਚੌਥੀ ਪੀੜ੍ਹੀ ਦੇ ਨਾਟਕਕਾਰਾਂ ਤੱਕ ਪੰਜਾਬੀ ਨਾਟਕ ਸਿਰਜਦਾ ਰਿਹਾ ਅਤੇ ਪੰਜਾਬੀ ਰੰਗ-ਮੰਚ ਦੇ ਵਿਕਾਸ ਲਈ ਨਿਰੰਤਰ 68 ਸਾਲ ਸਾਧਨਾਂ ਵਿੱਚ ਜੁੱਟਿਆ ਰਿਹਾ । ਪੰਜਾਬੀ ਨਾਟਕ ਦਾ ਮੋਢੀ ਹੁੰਦਾ ਹੋਇਆ ਵੀ ਆਖ਼ਰੀ ਸਾਹ ਤੱਕ ਨਾਟਕ ਸਿਰਜਨ ਅਤੇ ਰੰਗ-ਮੰਚ ਉੱਤੇ ਪੇਸ਼ ਕਰਨ ਲਈ ਸਦਾ ਤਿਆਰ ਰਹਿੰਦਾ ਸੀ । ਪੰਜਾਬੀ ਨਾਟਕ ਦੇ ਖੇਤਰ ਵਿੱਚ ਆਧੁਨਿਕ ਪੰਜਾਬੀ ਰੰਗ-ਮੰਚੀ ਨਾਟਕ ਦਾ ਮੋਢੀ ਈਸ਼ਵਰ ਚੰਦਰ ਨੰਦਾ ਨੂੰ ਮੰਨਿਆ ਜਾਂਦਾ ਹੈ ਅਤੇ ਹਰਚਰਨ ਸਿੰਘ ਨੂੰ ਇਸ ਖੇਤਰ ਵਿੱਚ ਨੰਦਾ ਦਾ ਸਾਹਿਤਿਕ ਵਾਰਸ ਮੰਨਿਆ ਜਾਂਦਾ ਹੈ । ਨਾਟਕ ਦੇ ਖੇਤਰ ਵਿੱਚ ਹਰਚਰਨ ਸਿੰਘ ਨੂੰ ਭਾਵੇਂ ਸ਼ੁਰੂ ਵਿੱਚ ਲੋਕ-ਨਾਟ ਪਰੰਪਰਾ ਨੇ ਬਹੁਤ ਪ੍ਰਭਾਵਿਤ ਕੀਤਾ ਪਰ ਉਸ ਨੂੰ ਨਾਟਕ ਅਤੇ ਰੰਗ-ਮੰਚ ਦੀਆਂ ਬਰੀਕੀਆਂ ਜਾਣਨ ਅਤੇ ਸਿਧਾਂਤਿਕ ਸਮਝ ਦੀ ਪਰਿਪੱਕਤਾ ਲਿਆਉਣ ਵਿੱਚ ਪੰਜਾਬੀ ਰੰਗ-ਮੰਚ ਦੀ ਨਕੜਦਾਦੀ ਸ੍ਰੀਮਤੀ ਨੋਰ੍ਹਾ ਰਿਚਰਡਜ਼ ਦਾ ਅਹਿਮ ਯੋਗਦਾਨ ਰਿਹਾ ਹੈ ।

        ਨਾਟਕਕਾਰ ਹਰਚਰਨ ਸਿੰਘ ਨੂੰ ਨਾਟਕੀ ਚੇਟਕ ਲਗਾਉਣ ਵਿੱਚ ਉਸ ਦੇ ਜੀਵਨ ਦੇ ਮੁਢਲੇ ਦੌਰ ਦਾ ਅਹਿਮ ਯੋਗਦਾਨ ਰਿਹਾ ਹੈ । ਹਰਚਰਨ ਸਿੰਘ ਦਾ ਜਨਮ 15 ਜੁਲਾਈ 1914 ਨੂੰ ਸਰਦਾਰ ਕ੍ਰਿਪਾ ਸਿੰਘ ਦੇ ਘਰ , ਜ਼ਿਲ੍ਹਾ ਸ਼ੇਖੁਪੂਰਾ ( ਪਾਕਿਸਤਾਨ ) ਵਿੱਚ ਹੋਇਆ ਪਰ ਬਾਲਪਨ ਅਤੇ ਮੁਢਲੀ ਪੜ੍ਹਾਈ ਵਿਧਵਾ ਭੂਆ ਕੋਲ ਰਹਿੰਦਿਆਂ ਹੀ ਕੀਤੀ ਅਤੇ ਉਹ ਦੁਆਬੇ ਦੀ ਲੋਕ-ਨਾਟ ਪਰੰਪਰਾ ਅਤੇ ਤਿੱਥਾਂ ਤਿਉਹਾਰਾਂ ਦੇ ਮੇਲਿਆਂ ਤੋਂ ਬਹੁਤ ਪ੍ਰਭਾਵਿਤ ਹੋਇਆ । ਉਹਨਾਂ ਦਿਨਾਂ ਵਿੱਚ ਤਿੱਥ/ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਏ ਜਾਂਦੇ ਸਨ । ਪਿੰਡ ਦੀ ਖ਼ੁਸ਼ੀ-ਗ਼ਮੀ ਸਭ ਦੀ ਸਾਂਝੀ ਹੁੰਦੀ ਸੀ । ਜਨਮ ਅਸ਼ਟਮੀ ਦੇ ਦਿਨਾਂ ਵਿੱਚ ਦਸ ਦਿਨ ਕ੍ਰਿਸ਼ਨ ਲੀਲ੍ਹਾ ਹੋਇਆ ਕਰਦੀ ਸੀ । ਇਹ ਹੀ ਨਹੀਂ ਵਿਆਹ , ਸ਼ਾਦੀਆਂ , ਮੇਲਿਆਂ ਜਾਂ ਖ਼ਾਸ ਜਸ਼ਨਾਂ ਉੱਤੇ ਨਕਲਾਂ ਬਹੁਤ ਹੁੰਦੀਆਂ ਸਨ । ਹਰਚਰਨ ਸਿੰਘ ਨੂੰ ਨਕਲਾਂ ਵੇਖਣ ਦਾ ਬਹੁਤ ਸ਼ੌਕ ਸੀ । ਸੋ ਬਚਪਨ ਦੇ ਇਹਨਾਂ ਪ੍ਰਭਾਵਾਂ ਨੇ ਹਰਚਰਨ ਸਿੰਘ ਦੇ ਮਨ ਉੱਤੇ ਇੱਕ ਅਮਿੱਟ ਛਾਪ ਛੱਡ ਦਿੱਤੀ ਜਿਸਦਾ ਸਿੱਟਾ ਇਹ ਨਿਕਲਿਆ ਕਿ ਹਰਚਰਨ ਸਿੰਘ ਇੱਕ ਖ਼ਾਸ ਸਾਹਿਤ-ਰੂਪ ਨਾਟਕ ਵੱਲ ਖਿੱਚਿਆ ਗਿਆ ਤੇ ਨਾਟਕਕਾਰ ਬਣਨ ਦੇ ਰਾਹ ਉੱਤੇ ਤੁਰ ਪਿਆ ।

        ਹਰਚਰਨ ਸਿੰਘ ਨੇ ਪੰਜਾਬੀ ਨਾਟਕ ਦੇ ਖੇਤਰ ਵਿੱਚ ਆਪਣੇ ਪਹਿਲੇ ਨਾਟਕ ਕਮਲਾ ਕੁਮਾਰੀ ਨਾਲ 1937 ਵਿੱਚ ਪ੍ਰਵੇਸ਼ ਕੀਤਾ ਸੀ । ਉਸ ਨੇ ਇਸ ਉਪਰੰਤ ਰਾਜਾ ਪੋਰਸ , ਦੂਰ ਦੁਰਾਡੇ ਸ਼ਹਿਰੋਂ , ਅਨਜੋੜ , ਖੇਡਣ ਦੇ ਦਿਨ ਚਾਰ , ਦੋਸ਼ , ਰੱਤਾ ਸਾਲੂ , ਤੇਰਾ ਘਰ ਸੋ ਮੇਰਾ ਘਰ , ਪੁੰਨਿਆ ਦਾ ਚੰਨ , ਸ਼ੋਭਾ ਸ਼ਕਤੀ , ਚਮਕੌਰ ਦੀ ਗੜ੍ਹੀ , ਮਿੱਟੀ ਧੁੰਦ ਜੱਗ ਚਾਨਣ ਹੋਇਆ , ਅੰਬਰ ਤਾਰਾ ( ਹਕੀਕਤ ਰਾਏ ) , ਮਸੀਹਾ ਸੂਲੀ ਤੇ ਮੁਸਕ੍ਰਾਇਆ , ਰਾਣੀ ਜਿੰਦਾਂ , ਕਾਮਾਗਾਟਾ ਮਾਰੂ , ਅੰਬਰ ਕਾਲਾ , ਅੱਗ ਬੁਝਾਓ , ਸ਼ੁਭ ਕਰਮਣ ਤੇ ਕਬਹੂ ਨਾ ਟਰੋਂ , ਮਿੱਟੀ ਪੁੱਛੇ ਘੁਮਿਆਰ ਤੋਂ ਆਦਿ ਪੱਚੀ ਕੁ ਨਾਟਕਾਂ ਦੀ ਸਿਰਜਣਾ ਕੀਤੀ ਹੈ । ਇਹਨਾਂ ਨਾਟਕਾਂ ਦੇ ਨਾਲ-ਨਾਲ ਹਰਚਰਨ ਸਿੰਘ ਦੇ ਜੀਵਨ ਲੀਲ੍ਹਾ , ਸਪਤ ਰਿਸ਼ੀ , ਪੰਜ ਗੀਟੜਾ , ਸਾਂਝਾ ਰਾਜ , ਪੰਚ ਪ੍ਰਧਾਨ , ਮੁੜ੍ਹਕੇ ਦੀ ਖ਼ੁਸ਼ਬੋ , ਇਤਿਹਾਸ ਜਵਾਬ ਮੰਗਦਾ ਹੈ , ਮੇਰੇ ਚੋਣਵੇਂ ਇਕਾਂਗੀ ਸੰਗ੍ਰਹਿ ( ਭਾਗ ਪਹਿਲਾ ਅਤੇ ਭਾਗ ਦੂਜਾ ) ’ , ਚਮਕੌਰ ਦੀ ਗੜ੍ਹੀ , ਜ਼ਫ਼ਰਨਾਮਾ ਅਤੇ ਹੋਰ ਇਕਾਂਗੀ ਆਦਿ ਇਕਾਂਗੀ-ਸੰਗ੍ਰਹਿ ਵੀ ਪ੍ਰਕਾਸ਼ਿਤ ਹੋਏ । ਨਾਟਕਾਂ ਦੀਆਂ ਪੁਸਤਕਾਂ ਦੇ ਨਾਲ-ਨਾਲ ਸਿਪੀਆਂ `ਚੋਂ ਅਤੇ ਨਵੀਂ ਸਵੇਰ ਦੋ ਕਹਾਣੀ-ਸੰਗ੍ਰਹਿ , ਜੇਬੀ ਪੰਜਾਬੀ ਸਾਹਿਤ ਦਾ ਇਤਿਹਾਸ , ਸੰਪਾਦਨ ਦੇ ਖੇਤਰ ਵਿੱਚ- ਨੰਦਾ ਦੇ ਸਾਰੇ ਦੇ ਸਾਰੇ ਨਾਟਕ , ਆਈ.ਸੀ. ਨੰਦਾ : ਜੀਵਨ ਤੇ ਰਚਨਾ , ਚੋਣਵੇਂ ਪੰਜਾਬੀ ਇਕਾਂਗੀ , ਪੰਜਾਬੀ ਸਾਹਿਤ ਧਾਰਾ , ਪੰਜਾਬੀ ਬਾਤ ਚੀਤ ਸ਼ਰਧਾ ਰਾਮ ਫਿਲੌਰੀ , ਰੰਗ-ਮੰਚ ਲਈ ਚੋਣਵੇਂ ਇਕਾਂਗੀ ਪ੍ਰਸਿੱਧ ਪੁਸਤਕਾਂ ਹਨ । ਆਲੋਚਨਾ ਦੇ ਖੇਤਰ ਵਿੱਚ ਪੰਜਾਬੀ ਵਾਰਤਕ ਦਾ ਜਨਮ ਤੇ ਵਿਕਾਸ , ਨਾਟਕ ਕਲਾ ਤੇ ਹੋਰ ਲੇਖ , ਪੰਜਾਬ ਦੀ ਨਾਟ-ਪਰੰਪਰਾ , ਨਾਟ-ਕਲਾ ਅਤੇ ਮੇਰਾ ਅਨੁਭਵ ਆਦਿ ਪੁਸਤਕਾਂ ਦੀ ਸਿਰਜਣਾ ਕੀਤੀ ਹੈ ।

        ਹਰਚਰਨ ਸਿੰਘ ਨੇ ਸਾਹਿਤ-ਸਿਰਜਣਾ ਦੇ ਨਾਲ-ਨਾਲ ਸਾਹਿਤ ਦੇ ਅਧਿਐਨ ਅਤੇ ਅਧਿਆਪਨ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੋਇਆ ਸੀ । ਉਹ ਦਿੱਲੀ ਯੂਨੀ- ਵਰਸਿਟੀ , ਦਿੱਲੀ ਵਿਖੇ 1959 ਤੋਂ 1966 ਤੱਕ ਪੜ੍ਹਾਉਂਦੇ ਰਹੇ । 1966 ਤੋਂ 1974 ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਮੁਖੀ ਪੰਜਾਬੀ ਵਿਭਾਗ ਸੇਵਾ ਕਰਦੇ ਰਹੇ ਅਤੇ ਇੱਥੋਂ ਹੀ ਨੌਕਰੀ ਵਿੱਚੋਂ ਸੇਵਾ ਮੁਕਤ ਹੋਏ । ਅਧਿਆਪਨ ਦੇ ਕਿੱਤੇ ਦੇ ਨਾਲ-ਨਾਲ ਅਤੇ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹਨਾਂ ਨੇ ਨਾਟਕ ਲਿਖਣ ਅਤੇ ਨਾਟਕ ਖੇਡਣ ਦੀ ਪ੍ਰਤਿਬੱਧਤਾ ਨੂੰ ਪਾਸੇ ਨਹੀਂ ਹੋਣ ਦਿੱਤਾ । ਇੱਥੇ ਇਹ ਗੱਲ ਕਰਨੀ ਵੀ ਜ਼ਰੂਰੀ ਬਣਦੀ ਹੈ ਕਿ ਹਰਚਰਨ ਸਿੰਘ ਉਹ ਨਾਟਕਕਾਰ ਰਿਹਾ ਹੈ ਜਿਹੜਾ ਨਾਟਕਾਂ ਦੀ ਸਿਰਜਣਾ ਰੰਗ-ਮੰਚ ਨੂੰ ਸਨਮੁੱਖ ਰੱਖ ਕੇ ਕਰਦਾ ਸੀ ਅਤੇ ਕਮਲਾ ਕੁਮਾਰੀ ਤੋਂ ਲੈ ਕੇ ਆਖ਼ਰੀ ਨਾਟਕ ਤੱਕ ਉਹ ਰੰਗ-ਮੰਚ ਦੇ ਖੇਤਰ ਵਿੱਚ ਨਵੇਂ ਤਜਰਬੇ ਵੀ ਕਰਦਾ ਗਿਆ ਕਿਉਂਕਿ ਉਸ ਨੂੰ ਪੂਰਬੀ ਨਾਟ- ਪਰੰਪਰਾ , ਲੋਕ-ਨਾਟ ਪਰੰਪਰਾ ਅਤੇ ਪੱਛਮੀ ਨਾਟ- ਪਰੰਪਰਾ ਦਾ ਗਿਆਨ ਸੀ ਅਤੇ ਉਸ ਦੇ ਨਾਟਕਾਂ ਵਿੱਚ ਇਹਨਾਂ ਪਰੰਪਰਾਵਾਂ ਦੇ ਸੁਮੇਲ ਦਾ ਪ੍ਰਭਾਵ ਸਪਸ਼ਟ ਦਿਖਾਈ ਦਿੰਦਾ ਹੈ ।

        ਹਰਚਰਨ ਸਿੰਘ ਦੀ ਵਿਲੱਖਣਤਾ ਇਹ ਵੀ ਹੈ ਕਿ ਇਸ ਨੇ ਆਪਣੇ ਪਹਿਲੇ ਨਾਟਕ ਕਮਲਾ ਕੁਮਾਰੀ ਨੂੰ ਖੇਡਣ ਲਈ 1938 ਵਿੱਚ ਆਪਣੇ ਪਿੰਡ ਉੜਾਪੜ ਵਿਖੇ ‘ ਨਾਟਕ ਕਲੱਬ’ ਬਣਾਇਆ ਸੀ , ਜਿਹੜਾ ਹੁਣ ਵੀ ਕੰਮ ਕਰ ਰਿਹਾ ਹੈ । ਉਸ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਨਾਟਕ ਨਾਲ ਜੋੜਿਆ । ਉਹਨਾਂ ਦਿਨਾਂ ਵਿੱਚ ਜਦੋਂ ਨਾਟਕਾਂ ਵਿੱਚ , ਔਰਤ ਪਾਤਰ ਦੀ ਭੂਮਿਕਾ ਮਰਦ ਅਦਾਕਾਰਾਂ ਵੱਲੋਂ ਨਿਭਾਈ ਜਾਂਦੀ ਸੀ ਅਤੇ ਔਰਤਾਂ ਰੰਗ-ਮੰਚ ਉੱਤੇ ਅਦਾਕਾਰੀ ਕਰਨੀ ਠੀਕ ਨਹੀਂ ਸਮਝਦੀਆਂ ਸਨ , ਹਰਚਰਨ ਸਿੰਘ ਦੀ ਪਤਨੀ ਧਰਮ ਕੌਰ ਨੇ ਔਰਤ ਪਾਤਰ ਦੀ ਭੂਮਿਕਾ ਨਿਭਾਈ । ਹਰਚਰਨ ਸਿੰਘ ਨਾਟਕ ਨੂੰ ਜੀਵਨ ਦਾ ਸ਼ੀਸ਼ਾ ਮੰਨਦੇ ਹੋਏ ਇਸ ਨੂੰ ਸਮੇਂ ਦੀ ਆਤਮਾ ਅਤੇ ਸਮਾਜਿਕ ਚੇਤਨਾ ਲਿਆਉਣ ਦਾ ਮਾਧਿਅਮ ਮੰਨਦਾ ਹੈ । ਉਹ ਇਹ ਵੀ ਮੰਨਦਾ ਹੈ ਕਿ ਨਾਟਕ ਨੂੰ ਪ੍ਰਚਾਰ ਦਾ ਮਾਧਿਅਮ ਬਣਾਉਣ ਦੀ ਥਾਂ ਇਸ ਦੇ ਕਲਾ ਪੱਖ ਉੱਤੇ ਜ਼ੋਰ ਦਿੱਤਾ ਜਾਵੇ ।

        ਹਰਚਰਨ ਸਿੰਘ ਦੀ ਪੰਜਾਬੀ ਨਾਟਕ ਅਤੇ ਰੰਗ-ਮੰਚ ਦੇ ਖੇਤਰ ਵਿੱਚ ਵਿਲੱਖਣ ਦੇਣ ਸਦਕਾ ਵਿਭਿੰਨ ਅਦਾਰਿਆਂ ਵੱਲੋਂ ਮਾਣ-ਸਨਮਾਨ ਮਿਲਦੇ ਰਹੇ । 1962 ਵਿੱਚ ਪੰਜਾਬ ਸਮੀਖਿਆ ਬੋਰਡ , ਨਵੀਂ ਦਿੱਲੀ ਨੇ ਸਨਮਾਨਿਤ ਕੀਤਾ । ਪੰਜਾਬੀ ਸਾਹਿਤ ਸਦਨ , ਚੰਡੀਗੜ੍ਹ ਵੱਲੋਂ ਰੋਲ ਆਫ਼ ਆਨਰ , ਭਾਰਤੀ ਸਾਹਿਤ ਅਕਾਦਮੀ ਅਵਾਰਡ , ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਤ ਸ਼ਿਰੋਮਣੀ ਸਨਮਾਨ , ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ ਫੈਲੋਸ਼ਿਪ’ , ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ , ਇਆਪਾ , ਕੈਨੇਡਾ , ਇੰਡੋ ਕੈਨੇਡੀਅਨ ਐਸੋਸੀਏਸ਼ਨ ਵੈਨਕੂਵਰ ਵੱਲੋਂ ਸਨਮਾਨ , ਪੰਜਾਬੀ ਸੱਭਿਆਚਾਰਿਕ ਮਾਮਲੇ ਵਿਭਾਗ ਵੱਲੋਂ ਸਨਮਾਨ , ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸਰਬ ਸ੍ਰੇਸ਼ਠ ਸਾਹਿਤਕਾਰ ਪੁਰਸਕਾਰ ਆਦਿ ਪੁਰਸਕਾਰਾਂ ਨਾਲ ਹਰਚਰਨ ਸਿੰਘ ਨੂੰ ਨਾਟਕ ਦੇ ਖੇਤਰ ਵਿੱਚ ਹੋਰ ਕਾਰਜ ਕਰਨ ਲਈ ਉਤਸ਼ਾਹ ਮਿਲਦਾ ਰਿਹਾ ਅਤੇ ਹਰਚਰਨ ਸਿੰਘ ਨੇ ਕਦੇ ਵੀ ਅਜਿਹਾ ਮੌਕਾ ਨਹੀਂ ਗਵਾਇਆ ਜਦੋਂ ਉਸ ਨੇ ਨਾਟਕ ਸਿਰਜੇ ਅਤੇ ਰੰਗ-ਮੰਚ ਉੱਤੇ ਖੇਡੇ ਨਾ ਹੋਣ । ਜਿਵੇਂ ਕਿ ਸ਼ਤਾਬਦੀ ਨਾਟਕਾਂ ਦੀ ਪੇਸ਼ਕਾਰੀ ਵਿੱਚ ਉਸ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ।

        ਹਰਚਰਨ ਸਿੰਘ ਦੀ ਪੰਜਾਬੀ ਨਾਟਕ ਅਤੇ ਪੰਜਾਬੀ ਰੰਗ-ਮੰਚ ਨੂੰ ਦੇਣ ਸਦਕਾ , ਉਸ ਦੀ ਨਾਟਕੀ ਪ੍ਰਤਿਭਾ , ਸਾਹਿਤਿਕ ਦੇਣ , ਪ੍ਰਸ਼ਾਸਨਿਕ ਕੁਸ਼ਲਤਾ ਸਦਕਾ , ਉਹਨਾਂ ਦੇ ਅਨੁਭਵ ਵਿੱਚੋਂ ਯੋਗ ਅਗਵਾਈ ਲੈਣ ਸਦਕਾ ਉਹਨਾਂ ਨੂੰ ਵੱਖ-ਵੱਖ ਪਦਵੀਆਂ `ਤੇ ਸੁਸ਼ੋਭਿਤ ਕੀਤਾ ਗਿਆ । ਉਹ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਰਹੇ , ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਰਹੇ , ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਰਹੇ , ਪੰਜਾਬ ਕਲਾ ਕੇਂਦਰ ਚੰਡੀਗੜ੍ਹ ਦੇ ਸਰਪ੍ਰਸਤ ਰਹੇ , ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਰਹੇ ਅਤੇ ਹੋਰ ਵੀ ਕਈ ਅਦਾਰਿਆਂ ਦੇ ਪ੍ਰਮੁਖ ਸਲਾਹਕਾਰ ਰਹੇ । ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਨਾਟਕਕਾਰ ਹਰਚਰਨ ਸਿੰਘ ਦੀ ਪੰਜਾਬੀ ਨਾਟਕ ਅਤੇ ਪੰਜਾਬੀ ਰੰਗ-ਮੰਚ ਨੂੰ ਦਿੱਤੀ ਦੇਣ ਜਿੱਥੇ ਪੰਜਾਬੀ ਨਾਟਕ ਅਤੇ ਪੰਜਾਬੀ ਰੰਗ-ਮੰਚ ਦੇ ਖੇਤਰ ਵਿੱਚ ਮੀਲ-ਪੱਥਰ ਬਣਦੀ ਹੈ , ਉੱਥੇ ਨਾਲੋ-ਨਾਲ ਨਾਟਕ ਅਤੇ ਰੰਗ-ਮੰਚ ਦੇ ਪ੍ਰੇਮੀਆਂ ਲਈ ਪ੍ਰੇਰਨਾ ਸ੍ਰੋਤ ਵੀ ਬਣਦੀ ਹੈ ।


ਲੇਖਕ : ਹਰਬੰਸ ਸਿੰਘ ਧੀਮਾਨ, ਸਤਨਾਮ ਸਿੰਘ ਜੱਸਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.