ਹਰਭਜਨ ਹਲਵਾਰਵੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹਰਭਜਨ ਹਲਵਾਰਵੀ (1943–2003) : 1943 ਨੂੰ ਪਿੰਡ ਹਲਵਾਰਾ, ਜ਼ਿਲ੍ਹਾ ਲੁਧਿਆਣਾ ਵਿਖੇ ਹਰਭਜਨ ਹਲਵਾਰਵੀ ਦਾ ਜਨਮ ਹੋਇਆ। ਹਲਵਾਰਵੀ ਦਾ ਪਿਤਾ ਗਿਆਨੀ ਅਰਜਨ ਸਿੰਘ ਹੜੱਪਾ, ਜ਼ਿਲ੍ਹਾ ਮਿੰਟਗੁਮਰੀ ਵਿੱਚ ਦੁਕਾਨ ਕਰਦਾ ਸੀ। ਹਲਵਾਰਵੀ ਦਾ ਪਿਤਾ ਧਾਰਮਿਕ ਖ਼ਿਆਲਾਂ ਦਾ ਹੋਣ ਕਰ ਕੇ ਘਰ ਦਾ ਮਾਹੌਲ ਧਾਰਮਿਕ ਸੀ ਜਿਸ ਦਾ ਪ੍ਰਭਾਵ ਹਰਭਜਨ ਹਲਵਾਰਵੀ ਦੀ ਮੁਢਲੀ ਜ਼ਿੰਦਗੀ ਉੱਤੇ ਪਿਆ।

     ਹਰਭਜਨ ਹਲਵਾਰਵੀ ਦਾ ਬਚਪਨ ਮੁਸ਼ਕਲਾਂ ਭਰਪੂਰ ਸੀ। ਉਹ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਦਸਵੀਂ ਜਮਾਤ ਸਰਕਾਰੀ ਹਾਈ ਸਕੂਲ, ਹਲਵਾਰਾ ਤੋਂ ਕੀਤੀ। ਹਲਵਾਰਵੀ ਨੂੰ ਆਪਣੇ ਅਧਿਆਪਕਾਂ ਤੋਂ ਸਾਹਿਤਿਕ ਮਾਹੌਲ ਅਤੇ ਸਾਹਿਤਿਕ ਪ੍ਰੇਰਨਾ ਮਿਲੀ। ਇਸੇ ਸਾਹਿਤਿਕ ਮਾਹੌਲ ਨੇ ਉਸ ਨੂੰ ਧਰਮ, ਦੇਸ਼ ਪਿਆਰ ਅਤੇ ਕੁਦਰਤ ਬਾਰੇ ਮੁਢਲੀਆਂ ਕਵਿਤਾਵਾਂ ਲਿਖਣ ਲਈ ਪ੍ਰੇਰਿਆ। ਉਸ ਨੇ ਪਹਿਲਾਂ ਆਪਣਾ ਤਖ਼ੱਲਸ ਹਰਭਜਨ ਸਿੰਘ ਸੇਵਕ ਰੱਖਿਆ।

     ਉਸ ਦੁਆਰਾ ਰਚਿਤ ਬਾਲ ਕਵਿਤਾ ਆਲ ਇੰਡੀਆ ਰੇਡੀਓ ਜਲੰਧਰ ਤੋਂ ਪ੍ਰਸਾਰਿਤ ਹੋਈ। ਹਲਵਾਰਵੀ ਨੇ ਮਾਸਟਰ ਰਾਮ ਚੰਦ ਦੀ ਸੁਣਾਈ ਇਤਿਹਾਸਿਕ ਘਟਨਾ `ਤੇ ਆਧਾਰਿਤ ਨਾਟਕ ਲਿਖਿਆ ਅਤੇ ਇਹ ਵੀ ਰੇਡੀਓ ਸਟੇਸ਼ਨ `ਤੇ ਖੇਡਿਆ ਗਿਆ। ਉਹ ਆਪਣੇ ਸਕੂਲ ਦੀ ਬਾਲ ਸਭਾ ਦਾ ਨੌਂਵੀਂ ਅਤੇ ਦਸਵੀਂ ਵਿੱਚ ਪ੍ਰਧਾਨ ਰਿਹਾ। ਇਹ ਪ੍ਰੇਰਨਾ, ਸੰਘਰਸ਼ ਅਤੇ ਉਤਸ਼ਾਹ ਉਸ ਨੂੰ ਆਪਣੀ ਸਾਰੀ ਜ਼ਿੰਦਗੀ ਸਫਲਤਾ ਵੱਲ ਤੋਰਦਾ ਰਿਹਾ।

     ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ 1961 ਵਿੱਚ ਉਸ ਨੇ ਐਫ਼.ਐਸ-ਸੀ. ਅਤੇ 1963 ਵਿੱਚ ਆਰੀਆ ਕਾਲਜ ਲੁਧਿਆਣਾ ਤੋਂ ਬੀ.ਐਸ-ਸੀ. ਦੀ ਡਿਗਰੀ ਪ੍ਰਾਪਤ ਕਰ ਕੇ 1963–65 ਤੱਕ ਖਾਲਸਾ ਹਾਇਰ ਸੈਕੰਡਰੀ ਸਕੂਲ, ਮਹਿਮਾ ਸਿੰਘ ਵਾਲਾ, ਲੁਧਿਆਣਾ ਵਿਖੇ ਅਧਿਆਪਕ ਦੀ ਨੌਕਰੀ ਕੀਤੀ। ਬੀ.ਐਸ-ਸੀ. ਦੀ ਪੜ੍ਹਾਈ ਦੌਰਾਨ ਹਲਵਾਰਵੀ ਦਾ ਮੇਲ ਕਾਮਰੇਡ ਕਪਿਲ ਨਾਲ ਹੋਇਆ ਜਿਹੜਾ ਘੰਟਾ ਘਰ ਚੌਂਕ, ਲੁਧਿਆਣਾ ਵਿਖੇ ਰੂਸੀ ਸਾਹਿਤ ਵੇਚਦਾ ਸੀ। ਉਸ ਦੇ ਪ੍ਰਭਾਵ ਅਤੇ ਰੂਸੀ ਕਿਤਾਬਾਂ ਦੇ ਪ੍ਰਭਾਵ ਕਰ ਕੇ ਹਰਭਜਨ ਹਲਵਾਰਵੀ ਦਾ ਝੁਕਾਅ ਕਮਿਊਨਿਸਟ ਵਿਚਾਰਾਂ ਵੱਲ ਹੋ ਗਿਆ। ਕਮਿਊਨਿਸਟ ਵਿਚਾਰਾਂ ਨੇ ਉਸ ਦੀ ਬਾਕੀ ਜ਼ਿੰਦਗੀ ਵਿੱਚ ਤਬਦੀਲੀ ਲਿਆਂਦੀ ਜਿਸ ਕਰ ਕੇ ਉਸ ਨੇ ਧਾਰਮਿਕ ਵਿਚਾਰਾਂ ਦੀ ਵਲਗਣ ਨੂੰ ਪਾਰ ਕਰ ਕੇ ਮਾਰਕਸੀ ਵਿਚਾਰਾਂ ਨੂੰ ਅਪਣਾਇਆ। ਇਹਨਾਂ ਵਿਚਾਰਾਂ ਨੇ ਹੀ ਉਸ ਨੂੰ ਜ਼ਿੰਦਗੀ ਅਤੇ ਸਮਾਜ ਨੂੰ ਸਮਝਣ ਲਈ ਇੱਕ ਵੱਖਰਾ ਪ੍ਰਗਤੀਸ਼ੀਲ ਰਸਤਾ ਸੁਝਾਇਆ।

     ਕਮਿਊਨਿਸਟ ਵਿਚਾਰਾਂ ਦੇ ਪ੍ਰਭਾਵ ਕਰ ਕੇ ਉਸ ਨੂੰ ਜੀਵਨ ਬਾਰੇ ਸਿਧਾਂਤਿਕ ਸੋਝੀ ਆ ਗਈ ਸੀ। ਇਸ ਪ੍ਰਭਾਵ ਕਰ ਕੇ ਉਸ ਦੀਆਂ ਕਵਿਤਾਵਾਂ ਵਿੱਚ ਵੀ ਨਿਖ਼ਾਰ ਆ ਰਿਹਾ ਸੀ। 1966–67 ਦਰਮਿਆਨ ਪ੍ਰੀਤਲੜੀ ਮਾਸਕ ਪੱਤਰ ਵਿੱਚ ਛਪੀਆਂ ਉਸ ਦੀਆਂ ਕਵਿਤਾਵਾਂ ਇਸ ਦਾ ਸਬੂਤ ਹਨ। 1966–68 ਦੌਰਾਨ ਐਮ.ਐਸ-ਸੀ. ਕਰਦਿਆਂ ਉਸ ਦਾ ਮੇਲ ਕਾਮਰੇਡ ਦਰਸ਼ਨ ਸਿੰਘ ਬਾਗੀ ਨਾਲ ਹੋਇਆ। ਇਸ ਸਮੇਂ ਪੰਜਾਬ ਵਿੱਚ ਨਕਸਲੀ ਲਹਿਰ ਉੱਭਰ ਰਹੀ ਸੀ, ਜਿਹੜੀ ‘ਜ਼ਮੀਨ ਹਲ ਵਾਹੁਣ ਵਾਲੇ ਦੀ’, ‘ਰਾਜਸੀ ਸੱਤਾ ਬੰਦੂਕ ਦੀ ਨਾਲੀ ਵਿੱਚੋਂ ਨਿਕਲਦੀ ਹੈ’, ‘ਗੁਰੀਲਾ ਲੜਾਈ’, ਲੜਨ ਦੇ ਮਾਉਵਾਦੀ ਵਿਚਾਰਾਂ ਨੂੰ ਆਪਣੀ ਰਾਜਨੀਤੀ ਅਤੇ ਰਣਨੀਤੀ ਦਾ ਹਿੱਸਾ ਬਣਾਉਂਦੀ ਸੀ। ਕਾਮਰੇਡ ਦਰਸ਼ਨ ਸਿੰਘ ਬਾਗੀ ਦੇ ਪ੍ਰਭਾਵ ਅਤੇ ਪ੍ਰੇਰਨਾ ਕਰ ਕੇ ਹਰਭਜਨ ਹਲਵਾਰਵੀ ਦਾ ਝੁਕਾਅ ਇਸ ਨਕਸਲਵਾੜੀ ਲਹਿਰ ਵੱਲ ਹੋ ਗਿਆ। ਉਹ ਇਨਕਲਾਬੀ ਲਹਿਰ ਦੇ ਪਹਿਲੀ ਕਤਾਰ ਦੇ ਕਾਰਕੁੰਨਾਂ ਵਿੱਚੋਂ ਇੱਕ ਸੀ। ਇਸ ਲਹਿਰ ਦੇ ਪ੍ਰਭਾਵ ਨੇ ਉਸ ਦੀ ਜ਼ਿੰਦਗੀ ਅਤੇ ਸਮਾਜ ਪ੍ਰਤਿ ਸੋਚ ਨੂੰ ਬਦਲ ਦਿੱਤਾ। ਇਸ ਪ੍ਰਭਾਵ ਦੇ ਨਕਸ਼ ਉਸ ਦੀਆਂ ਕਵਿਤਾਵਾਂ ਵਿੱਚੋਂ ਵੀ ਉੱਭਰਨ ਲੱਗੇ।

      1969 ਦੇ ਅਚਰਵਾਲ ਸਾਜ਼ਸ ਕੇਸ ਵਿੱਚ ਉਸ ਨੂੰ ਗਰਿਫ਼ਤਾਰ ਕੀਤਾ ਗਿਆ। ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਦੂਜੀ ਵਾਰੀ ਗਰਿਫ਼ਤਾਰੀ ਹੋਈ ਤੇ ਫਿਰ ਮਈ 1970 ਵਿੱਚ ਜ਼ਮਾਨਤ ਹੋਈ। ਫਿਰ ਮਾਡਲ ਟਾਊਨ, ਲੁਧਿਆਣੇ ਠਾਣੇਦਾਰ ਦੇ ਕਤਲ ਕੇਸ ਵਿੱਚ ਨਾਮ ਆਉਣ ਕਰ ਕੇ ਸਾਢੇ ਤਿੰਨ ਸਾਲ ਰੂਪੋਸ਼ ਰਹਿਣ ਤੋਂ ਬਾਅਦ ਲੁਧਿਆਣਾ ਕਚਹਿਰੀ ਵਿੱਚ ਪੇਸ਼ ਹੋ ਕੇ 1974 ਵਿੱਚ ਅੱਠ ਮਹੀਨੇ ਦੀ ਸਜ਼ਾ ਕੱਟ ਕੇ ਰਿਹਾਅ ਹੋਇਆ। ਜੇਲ੍ਹ ਦੀ ਜ਼ਿੰਦਗੀ ਨੇ ਉਸ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਰੌਂ ਭਰ ਦਿੱਤੀ। ਹੌਲੀ-ਹੌਲੀ ਉਸ ਨੇ ਨਕਸਲੀ ਲਹਿਰ ਤੋਂ ਦੂਰੀ ਥਾਪਨੀ ਸ਼ੁਰੂ ਕੀਤੀ। ਉਹ ਨਕਸਲਵਾਦੀ ਲਹਿਰ ਦੇ ਰਣਨੀਤਿਕ ਪੈਂਤੜੇ ‘ਵਿਅਕਤੀਗਤ ਕਤਲਾਂ’ ਦਾ ਵਿਰੋਧੀ ਸੀ। ਇਸ ਦੌਰਾਨ ਉਸ ਨੇ ਬਹੁਤ ਖ਼ੂਬਸੂਰਤ ਕਵਿਤਾਵਾਂ ਲਿਖੀਆਂ-ਉਹ ਹਾਰ ਗਏ ਸੱਚ ਦਾ ਆਪਣੀ ਕਵਿਤਾ ਵਿੱਚ ਵਿਸ਼ਲੇਸ਼ਣ ਕਰਦਾ ਸੀ।

     ਨਕਸਲਵਾੜੀ ਲਹਿਰ ਤੋਂ ਦੂਰ ਹੋਣ ਉਪਰੰਤ 1977 ਵਿੱਚ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਏ. ਪੰਜਾਬੀ ਦੀ ਡਿਗਰੀ ਪ੍ਰਾਪਤ ਕੀਤੀ। ਉਪਰੰਤ ਭਾਸ਼ਾ ਵਿਭਾਗ ਪੰਜਾਬ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਵਿੱਚ ਨੌਕਰੀ ਕੀਤੀ। 1978 ਦਾ ਵਰ੍ਹਾ ਉਸ ਦੀ ਜ਼ਿੰਦਗੀ ਵਿੱਚ ਤਬਦੀਲੀ ਦਾ ਵਰ੍ਹਾ ਸੀ, ਜਦੋਂ ਉਹ ਪੰਜਾਬੀ ਟ੍ਰਿਬਿਊਨ ਵਿੱਚ ਬਤੌਰ ਸਹਾਇਕ ਸੰਪਾਦਕ ਨਿਯੁਕਤ ਹੋਇਆ ਅਤੇ ਬਾਅਦ ਵਿੱਚ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਦੇ ਰੂਪ ਵਿੱਚ ਰਿਟਾਇਰਡ ਹੋਇਆ। ਉਸ ਨੇ ਅੱਜ ਦੀ ਆਵਾਜ਼ ਅਤੇ ਦੇਸ਼ ਸੇਵਕ ਅਖ਼ਬਾਰਾਂ ਦੇ ਮੁੱਖ ਸੰਪਾਦਕ ਵਜੋਂ ਵੀ ਸੇਵਾ ਨਿਭਾਈ।

     ਹਲਵਾਰਵੀ ਦਾ ਆਪਣਾ ਪਰਿਵਾਰਿਕ ਜੀਵਨ ਵੀ ਹਾਦਸਿਆਂ, ਸੰਘਰਸ਼ਾਂ ਦਾ ਜੀਵਨ ਸੀ। ਪਹਿਲੀ ਪਤਨੀ ਨਾਲੋਂ ਅਲਹਿਦਗੀ, ਦੂਸਰੀ ਦਾ ਦਿਹਾਂਤ, ਫਿਰ ਤੀਜਾ ਵਿਆਹ, ਉਪਰੰਤ ਇੱਕ ਹਾਦਸੇ ਵਿੱਚ ਭਰਾ ਤੇ ਮਾਂ ਦੀ ਮੌਤ ਤੇ ਉਸ ਦਾ ਆਪ ਬਚ ਜਾਣਾ ਉਸ ਦੇ ਪਰਿਵਾਰਿਕ ਜੀਵਨ ਦੀਆਂ ਅਹਿਮ ਘਟਨਾਵਾਂ ਸਨ। ਪਰ ਹਰਭਜਨ ਹਲਵਾਰਵੀ ਸਭ ਤੋਂ ਵੱਡਾ ਹਾਦਸਾ ਆਪਣੇ ਆਦਰਸ਼ ਦੇ ਟੁੱਟ ਜਾਣ ਦਾ ਮੰਨਦਾ ਸੀ। ਜੀਵਨ ਵਿੱਚ ਵਾਪਰੇ ਹਾਦਸਿਆਂ, ਮੁਸ਼ਕਲਾਂ, ਕਸ਼ਟਾਂ, ਦੁਸ਼ਵਾਰੀਆਂ, ਲੋੜਾਂ- ਥੁੜ੍ਹਾਂ ਦੇ ਬਾਵਜੂਦ ਹਲਵਾਰਵੀ ਜੂਝਦਾ ਰਿਹਾ। ਉਸ ਦਾ ਜੂਝਣ ਵਿੱਚ ਹੀ ਵਿਸ਼ਵਾਸ ਰਿਹਾ ਸੀ। ਇਸ ਵਿਸ਼ਵਾਸ ਦੇ ਸਿਰ `ਤੇ ਹੀ ਉਸ ਨੇ ਵੱਖ-ਵੱਖ ਖੇਤਰਾਂ ਵਿੱਚ ਅਤੇ ਸਾਹਿਤ ਵਿੱਚ ਚਾਲੀ ਸਾਲ ਸੇਵਾ ਕੀਤੀ। ਇਸੇ ਵਿਸ਼ਵਾਸ ਤੇ ਸੇਵਾ ਕਾਰਨ ਉਸ ਨੇ ਵੱਖ-ਵੱਖ ਪੰਦਰ੍ਹਾਂ ਮੁਲਕਾਂ- ਚੀਨ, ਰੂਸ, ਥਾਈਲੈਂਡ, ਇੰਗਲੈਂਡ, ਕੈਨੇਡਾ, ਹਾਂਗਕਾਂਗ, ਬੈਂਕਾਕ, ਸਿੰਘਾਪੁਰ, ਨੇਪਾਲ, ਪਾਕਿਸਤਾਨ, ਹਾਲੈਂਡ, ਸਵਿਟਜ਼ਰਲੈਂਡ, ਡੈਨਮਾਰਕ, ਫ਼੍ਰਾਂਸ ਆਦਿ ਦੀ ਸੈਰ ਕੀਤੀ ਤੇ ਆਪਣੇ ਗਿਆਨ ਭੰਡਾਰ ਵਿੱਚ ਵਾਧਾ ਕੀਤਾ। ਉਸ ਨੂੰ ਕਿਤਾਬਾਂ ਪੜ੍ਹਨ ਅਤੇ ਘੁੰਮਣ ਦਾ ਸ਼ੌਕ ਸੀ।

     ਹਰਭਜਨ ਹਲਵਾਰਵੀ ਮੁਹੱਬਤ ਭਰੀ ਜ਼ਿੰਦਗੀ ਦਾ ਸ਼ੈਦਾਈ ਸੀ। ਉਸ ਨੇ ਜ਼ਿੰਦਗੀ ਨੂੰ ਰੱਜ ਕੇ ਮਾਣਿਆ। ਖ਼ੂਬਸੂਰਤੀ ਉਸ ਦਾ ਰੱਬ ਸੀ ਜਿਸ ਨੂੰ ਉਹ ਆਤਮਾ ਵਿੱਚ ਅਤੇ ਕਵਿਤਾ ਵਿੱਚੋਂ ਲੱਭਦਾ ਤੇ ਪੇਸ਼ ਕਰਦਾ ਰਿਹਾ। ਉਹ ਆਖ਼ਰੀ ਸਾਹ ਤੱਕ ਖ਼ੂਬਸੂਰਤੀ ਦੀ ਪੂਜਾ ਕਰਦਾ ਰਿਹਾ ਤੇ 22 ਅਕਤੂਬਰ 2003 ਨੂੰ ਖ਼ੂਬਸੂਰਤੀ ਦਾ ਪੁਜਾਰੀ ਖ਼ੂਬਸੂਰਤ ਦੁਨੀਆ ਤੋਂ ਕੂਚ ਕਰ ਗਿਆ।

     ਹਰਭਜਨ ਹਲਵਾਰਵੀ ਇੱਕ ਸਾਹਿਤਕਾਰ ਅਤੇ ਪੱਤਰਕਾਰ ਸੀ। ਸੁਭਾਅ ਵਜੋਂ ਕਵੀ ਅਤੇ ਪੇਸ਼ੇ ਵਜੋਂ ਪੱਤਰਕਾਰ। ਪੌਣ ਉਦਾਸ ਹੈ (1981), ਪਿਘਲੇ ਹੋਏ ਪਲ (1985), ਪੰਖ ਵਿਹੂਣਾ (1991), ਪੁਲਾਂ ਤੋਂ ਪਾਰ (2000), ਪਹਿਲੇ ਪੰਨੇ (2004) ਉਸਦੇ ਪ੍ਰਮੁੱਖ ਕਾਵਿ-ਸੰਗ੍ਰਹਿ ਹਨ। ਚੀਨ ਵਿੱਚ ਕੁਝ ਦਿਨ (1986), ਯਾਦਾਂ ਮਿੱਤਰ ਦੇਸ਼ਾਂ ਦੀਆਂ (1991) ਅਤੇ ਮਹਾਂਨਗਰ ਤੋਂ ਪਾਰ ਦੀ ਰਚਨਾ (2003) ਆਦਿ ਉਸ ਵੱਲੋਂ ਲਿਖੇ ਸਫ਼ਰਨਾਮੇ ਹਨ।

     ਹਰਭਜਨ ਹਲਵਾਰਵੀ ਨਕਸਲਵਾੜੀ ਲਹਿਰ ਦਾ ਕਵੀ ਹੈ। ਹਰਭਜਨ ਹਲਵਾਰਵੀ ਦੀ ਕਵਿਤਾ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਆਸ਼ਿਆਂ ਨੂੰ ਪੇਸ਼ ਕਰਦੀ ਹੈ। ਉਹ ਇਸ ਅਨਿਆਂ ਦੇ ਵਿਰੁੱਧ ਸੀ। ਇਸ ਬਾਰੇ ਰੋਹ ਵੀ ਪੈਦਾ ਕਰਦਾ ਹੈ ਅਤੇ ਵਿਦਰੋਹ ਵੀ ਉਪਜਾਉਂਦਾ ਹੈ। ਉਹ ਆਪਣੀ ਕਵਿਤਾ ਵਿੱਚ ਇਸ ਅਨਿਆਂ ਨੂੰ ਇਤਿਹਾਸਿਕ ਪ੍ਰਸੰਗ ਵਿੱਚ ਰੱਖ ਕੇ ਵਿਸ਼ਲੇਸ਼ਣ ਵੀ ਪੇਸ਼ ਕਰਦਾ ਹੈ। ਉਸ ਨੂੰ ਕਵਿਤਾ ਦੇ ਇਤਿਹਾਸਿਕ ਰੋਲ ਬਾਰੇ ਪਤਾ ਸੀ। ਉਸ ਦੀ ਕਵਿਤਾ ਦੱਬੀ-ਕੁਚਲੀ ਜਨਤਾ ਦੀ ਆਰਥਿਕ ਲੁੱਟ-ਖਸੁੱਟ ਨੂੰ ਪੇਸ਼ ਕਰਦੀ ਹੈ। ਉਸ ਦੀ ਕਵਿਤਾ ਦੀ ਮਹੱਤਤਾ ਇਸ ਵਿੱਚ ਹੈ ਕਿ ਉਹ ਭਵਿੱਖ ਦੇ ਸੁਪਨੇ ਨੂੰ ਜਗਾਉਂਦਾ ਹੈ। ਸੁਪਨੇ ਦੀ ਜਿੱਤ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਉਹ ਨਵੇਂ ਸਮਾਜ ਦੀ ਸਿਰਜਣਾ ਦਾ ਸੰਕਲਪ ਪੇਸ਼ ਕਰਦਾ ਹੈ। ਇਤਿਹਾਸਿਕ ਸਥਿਤੀ ਦੀ ਪਛਾਣ ਕਰਦਾ ਹੈ। ਲੁੱਟਣ ਵਾਲਿਆਂ ਦੀ ਸਥਿਤੀ ਨੂੰ ਵੀ ਉਘਾੜਦਾ ਹੈ ਅਤੇ ਲੋਕਾਂ ਵਿੱਚ ਸੰਘਰਸ਼ ਲਈ ਸੂਝ ਨੂੰ ਵੀ ਪੇਸ਼ ਕਰਦਾ ਹੈ।

     ਹਰਭਜਨ ਹਲਵਾਰਵੀ ਕਾਵਿ-ਭਾਸ਼ਾ ਤੋਂ ਸੁਚੇਤ ਕਵੀ ਹੈ।ਉਹ ਆਪਣੀ ਕਾਵਿ-ਭਾਸ਼ਾ ਨੂੰ ਆਸ਼ਾਵਾਦੀ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਹੈ। ਉਹ ਆਮ ਮਨੁੱਖ ਨਾਲ ਸੰਬੰਧਿਤ ਸਿੱਧੇ-ਸਾਦੇ ਸ਼ਬਦਾਂ ਦੀ ਵਰਤੋਂ ਕਰਦਾ ਹੈ। ਇਹੀ ਉਸ ਦੀ ਕਵਿਤਾ ਦੀ ਸੁੰਦਰਤਾ ਹੈ। ਉਸ ਦੀ ਕਵਿਤਾ ਦੇ ਪ੍ਰਗਟਾਅ ਵਿੱਚ ਪ੍ਰਗੀਤ ਅੰਸ਼ ਹੈ ਪਰ ਨਾਲ- ਨਾਲ ਉਸ ਦੀ ਕਵਿਤਾ ਵਿੱਚ ਬੌਧਿਕ ਗੱਲਾਂ ਵੀ ਹਨ। ਹਲਵਾਰਵੀ ਦੀ ਕਵਿਤਾ ਦੀ ਖ਼ੂਬਸੂਰਤੀ ਇਹ ਹੈ ਕਿ ਉਹ ਕਲਾ ਨੂੰ ਹਥਿਆਰ ਅਤੇ ਇਨਸਾਨੀ ਪਿਆਰ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਪਿਆਰ ਦੇ ਰਿਸ਼ਤਿਆਂ ਦਾ ਅਹਿਸਾਸ ਜਾਗਦਾ ਹੈ। ਸੁੰਦਰਤਾ, ਪ੍ਰਗੀਤਕਤਾ, ਲੈਅ, ਰਵਾਨੀ, ਉਸ ਦੀਆਂ ਗ਼ਜ਼ਲਾਂ ਦਾ ਗਹਿਣਾ ਹਨ। ਉਹ ਇਨਸਾਨੀ ਰਿਸ਼ਤਿਆਂ ਦੀ ਪਛਾਣ ਦਾ ਕਵੀ ਹੈ।


ਲੇਖਕ : ਗੁਰਇਕਬਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.