ਲਾਗ–ਇਨ/ਨਵਾਂ ਖਾਤਾ |
+
-
 
ਖ਼ਿਤਾਬਾਂ ਦੀ ਸਮਾਪਤੀ

Abolition of Titles ਖ਼ਿਤਾਬਾਂ ਦੀ ਸਮਾਪਤੀ: ਭਾਰਤੀ ਸੰਵਿਧਾਨ ਦੇ ਅਨੁਛੇਦ 18 ਅਨੁਸਾਰ ਇਹ ਵਿਵਸਥਾ ਕੀਤੀ ਗਈ ਹੈ ਕਿ ਕਾਰਜ ਦੁਆਰਾ ਸੈਨਿਕ ਜਾਂ ਅਕਾਦਮਿਕ ਖ਼ਿਤਾਬਾਂ ਤੋਂ ਛੁੱਟ ਕੋਈ ਖ਼ਿਤਾਬ ਨਹੀਂ ਦਿੱਤਾ ਜਾਵੇਗਾ। ਭਾਰਤ ਦਾ ਕੋਈ ਵੀ ਨਾਗਰਿਕ ਕਿਸੇ ਵਿਦੇਸ਼ੀ ਰਾਜ ਪਾਸੋਂ ਕੋਈ ਖ਼ਿਤਾਬ ਸਵੀਕਾਰ ਨਹੀਂ ਕਰੇਗਾ ਅਤੇ ਕੋਈ ਵਿਅਕਤੀ ਜੋ ਭਾਰਤ ਦਾ ਨਾਗਰਿਕ ਹੈ ਅਤੇ ਰਾਜ ਅਧੀਨ ਕਿਸੇ ਲਾਭਦਾਇਕ ਪਦ ਤੇ ਲਗਾ ਹੋਇਆ ਹੈ, ਰਾਸ਼ਟਰਪਤੀ ਦੀ ਸਹਿਮਤੀ ਤੋਂ ਬਿਨ੍ਹਾਂ ਕਿਸੇ ਵਿਦੇਸ਼ੀ ਰਾਜ ਤੋਂ ਕੋਈ ਖ਼ਿਤਾਬ ਸਵੀਕਾਰ ਨਹੀਂ ਕਰੇਗਾ। ਕੋਈ ਵੀ ਵਿਅਕਤੀ ਜੋ ਰਾਜ ਦੇ ਕਿਸੇ ਲਾਭਦਾਇਕ ਪਦ ਦੇ ਲਗਾ ਹੋਇਆ ਹੈ, ਰਾਸ਼ਟਰਪਤੀ ਦੀ ਪਰਵਾਨਗੀ ਤੋਂ ਬਿਨ੍ਹਾਂ ਕੋਈ ਤੋਹਫ਼ਾ, ਧਨ ਜਾਂ ਕਿਸੇ ਹੋਰ ਪ੍ਰਕਾਰ ਦੀ ਪਦਵੀ ਕਿਸੇ ਵਿਦੇਸ਼ੀ ਸਰਕਾਰ ਤੋਂ ਪਰਵਾਨ ਨਹੀਂ ਕਰ ਸਕੇਗਾ

      ਅੰਗਰੇਜ਼ਾਂ ਦੇ ਕਾਰਜਕਾਲ ਦੇ ਦੌਰਾਨ ਭਾਰਤੀਆਂ ਨੂੰ ਰਾਏ ਬਹਾਦੁਰ, ਦੀਵਾਨ ਬਹਾਦੁਰ ਆਦਿ ਜਿਹੇ ਕਈ ਪ੍ਰਕਾਰ ਦੇ ਖ਼ਿਤਾਬ ਦਿੱਤੇ ਜਾਂਦੇ ਸਨ। ਅਜਿਹੇ ਖ਼ਿਤਾਬ ਭਾਰਤੀਆਂ ਦੀ ਸਮਾਜਿਕ ਅਤੇ ਰਾਸ਼ਟਰੀ ਏਕਤਾ ਲਈ ਹਾਨੀਕਾਰਕ ਸਨ। ਭਾਰਤੀ ਸੰਵਿਧਾਨ ਅਨੁਸਾਰ ਸਮਾਨਤਾ ਲੋਕਾਂ ਦਾ ਮੂਲ ਅਧਿਕਾਰ ਹੈ, ਇਸ ਕਰਕੇ ਲੋਕਤੰਤਰ ਦੀ ਸਥਾਪਨਾ ਲਈ ਅਜਿਹੇ ਖ਼ਿਤਾਬਾਂ ਦੀ ਸਮਾਪਤੀ ਅਤੀ ਆਵੱਸ਼ਕ ਸੀ। ਇਹ ਅਨੁਛੇਦ ਸੈਨਿਕ ਸਨਮਾਨ ਜਿਵੇਂ ਕਿ ਪਰਮਵੀਰ ਚੱਕਰ , ਮਹਾਂਵੀਰ ਚੱਕਰ, ਵੀਰ ਚੱਕਰ, ਅਸ਼ੋਕ ਚੱਕਰ ਦੇਣ ਦੀ ਮਨਾਹੀ ਨਹੀਂ ਕਰਦਾ ਹੈ। ਸੰਨ 1954 ਵਿਚ ਸਰਕਾਰ ਨੇ ਭਾਰਤ ਰਤਨ , ਪਦਮ ਵਿਭੂਸ਼ਣ, ਪਦਮ ਭੁਸ਼ਣ ਅਤੇ ਪਦਮ ਸ੍ਰੀ ਜਿਹੇ ਖ਼ਿਤਾਬ ਉਨ੍ਹਾਂ ਨਾਗਰਿਕਾਂ ਨੂੰ ਦੇਣ ਦੀ ਪਰਵਾਨ ਸੀ ਦਿੱਤੀ, ਜਿਨ੍ਹਾਂ ਰਾਜ ਲਈ ਸ਼ਾਨਦਾਰ ਸੇਵਾਵਾਂ ਕੀਤੀਆਂ ਹੋਣ। 1977 ਵਿਚ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਪਰੰਤੂ 1980 ਵਿਚ ਸ੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਨੇ ਇਹ ਖ਼ਿਤਾਬ ਦੇਣੇ ਮੁੜ ਆਰੰਭ ਕਰ ਦਿੱਤੇ ਅਤੇ ਇਹ ਖ਼ਿਤਾਬ ਹੁਣ ਵੀ ਦਿੱਤੇ ਜਾ ਰਹੇ ਹਨ।

ਲੇਖਕ : ਡਾ. ਡੀ. ਆਰ ਸਚਦੇਵਾ,     ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 649,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/5/2015 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ