ਜ਼ੌਕ ਸ਼ੇਖ ਮੁਹੰਮਦ ਇਬਰਾਹੀਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜ਼ੌਕ , ਸ਼ੇਖ ਮੁਹੰਮਦ ਇਬਰਾਹੀਮ : ਇਸ ਪ੍ਰਸਿੱਧ ਉਰਦੂ ਕਵੀ ਦਾ ਜਨਮ 1790 ਵਿਚ ਦਿੱਲੀ ਵਿਖੇ ਹੋਇਆ । ਇਸ ਨੇ ਆਪਣੀ ਵਿਦਿਆ ਹਾਫ਼ਿਜ਼ ਗੁਲਾਮ ਰਸੂਲ ‘ ਸ਼ੌਕ’ ਤੋਂ ਪ੍ਰਾਪਤ ਕੀਤੀ । ਇਸ ਤੋਂ ਪ੍ਰਭਾਵਿਤ ਹੋ ਕੇ ਜ਼ੌਕ ਨੇ ਕਵਿਤਾ ਲਿਖਣੀ ਆਰੰਭ ਕੀਤੀ । ਇਸ ਨੇ ਆਪਣੇ ਉਸਤਾਦ ਦੇ ਉਪਨਾਮ ਦੇ ਵਜ਼ਨ ਤੇ ਆਪਣਾ ਨਾਂ ’ ਜ਼ੌਕ’ ਰੱਖਿਆ । ਇਹ ਆਪਣੀਆਂ ਕਵਿਤਾਵਾਂ ਦੀ ਸੋਧ ਸ਼ਾਹ ਨਸੀਰ ਤੋਂ ਕਰਵਾਉਣ ਲੱਗੇ ਪਰ ਆਪਣੇ ਸ਼ਾਗਿਰਦ ਦੀ ਹੀ ਪ੍ਰਤਿਭਾ , ਵਿਚਾਰਾਂ ਦੀ ਗਹਿਰਾਈ ਅਤੇ ਸ਼ਬਦ ਯੋਜਨਾ ਤੋਂ ਹੀ ਸ਼ਾਹ ਨਸੀਰ ਨੂੰ ਉਸ ਨਾਲ ਈਰਖਾ ਹੋਣ ਲੱਗੀ ਜਿਸ ਕਾਰਨ ਇਹ ਉਸ ਤੋਂ ਦੂਰ ਹੋ ਗਿਆ । ਹੌਲੀ ਹੌਲੀ ਇਸ ਦਾ ਆਪਣਾ ਅਭਿਆਸ ਇੰਨਾ ਵਧ ਗਿਆ ਕਿ ਇਹ ‘ ਅਬੂ ਜ਼ਫ਼ਰ’ ਦੀ ਕਵਿਤਾ ਸੋਧਣ ਲਗ ਪਿਆ । ਕੁਝ ਦਿਨਾਂ ਮਗਰੋਂ ਇਸ ਨੂੰ ‘ ਖ਼ਾਕਾਨਿਏ ਹਿੰਦ’ ਦੀ ਪਦਵੀ ਮਿਲੀ । ਜਦੋਂ ਜ਼ਫ਼ਰ ਬਾਦਸ਼ਾਹ ਬਣਿਆ ਤਾਂ ਇਸ ਦੀ ਤਨਖਾਹ ਕਾਫ਼ੀ ਵੱਧ ਗਈ । ਇਸ ਦਾ ਸੁਖੀ ਜੀਵਨ ਬਤੀਤ ਕਰਦੇ 1855 ਵਿਚ ਸੁਰਗਵਾਸ ਹੋ ਗਿਆ ।

                  ਇਹ ਬੜਾ ਨੇਕ ਆਦਮੀ ਸੀ । ਇਸ ਨੂੰ ਜੋਤਿਸ਼ , ਹਿਕਮਤ ਤੇ ਰਾਗ ਵਿਦਿਆ ਦਾ ਵੀ ਚੰਗਾ ਗਿਆਨ ਸੀ । ਇਸ ਦੀ ਪ੍ਰਸਿੱਧੀ ਦਾ ਮੁੱਖ ਕਾਰਨ ਇਸ ਦੇ ਕਸੀਦੇ ਹਨ । ਕਸੀਦਾਕਾਰੀ ਵਿਚ ਦੋ ਹੀ ਕਵੀ ਪ੍ਰਸਿੱਧ ਹੋਏ ਹਨ– – ਸੌਦਾ ਤੇ ਜ਼ੌਕ । ਗ਼ਜ਼ਲਾਂ ਵਿਚ ਵੀ ਇਸ ਦਾ ਨਾਂ ਮੌਮਿਨ ਤੇ ਗ਼ਾਲਿਬ ਨਾਲ ਲਿਆ ਜਾਂਦਾ ਹੈ ਪਰ ਉਸ ਦੀਆਂ ਗ਼ਜ਼ਲਾਂ ਵਿਚ ਉਹ ਦਰਦ ਤੇ ਵੇਦਨਾ ਨਹੀਂ ਹੈ , ਜਿਸ ਨੂੰ ਗ਼ਜ਼ਲ ਲਈ ਜ਼ਰੂਰੀ ਮੰਨਿਆ ਜਾਂਦਾ ਹੈ । ਇਸ ਦਾ ਕਾਰਨ ਉਸ ਦਾ ਸੁਭਾਓ ਹੈ ਜੋ ਵਧੇਰੇ ਕਰਕੇ ਧਾਰਮਿਕ ਸੀ । ਇਸ ਕਾਰਨ ਉਸ ਦੀਆਂ ਗ਼ਜ਼ਲਾਂ ਵਿਚ ਰੁਮਾਂਟਿਕ ਮਸਤੀ ਨਹੀਂ ਹੈ ਜਿਸ ਬਿਨਾਂ ਗ਼ਜ਼ਲ ਦਿਲ ਨੂੰ ਟੁੰਬ ਨਹੀਂ ਸਕਦੀ ।

                  ਹ. ਪੁ.– – ਹਿੰ. ਵਿ. ਕੋ. 5 : 66


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.