ਅਗਰਭੂਮਨ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਅਗਰਭੂਮਨ:  ਇਸ ਸੰਕਲਪ ਦੀ ਵਰਤੋਂ ਸ਼ੈਲੀ ਵਿਗਿਆਨ ਵਿਚ ਕੀਤੀ ਜਾਂਦੀ ਹੈ। ਅਗਰਭੂਮਨ ਸ਼ੈਲੀ ਵਿਗਿਆਨ ਦੀ ਇਕ ਜੁਗਤ ਹੈ। ਇਸ ਜੁਗਤ ਰਾਹੀਂ, ਲੇਖਕ\ਬੁਲਾਰਾ ਜਿਸ ਤੱਤ ਨੂੰ ਵਧੇਰੇ ਮਹੱਤਤਾ ਦਿੰਦਾ ਹੋਵੇ, ਉਸ ਦਾ ਅਧਿਅਨ ਕੀਤਾ ਜਾਂਦਾ ਹੈ। ਸਧਾਰਨ ਬੋਲਚਾਲ ਜਾਂ ਗੈਰ-ਵਿਚਲਤ ਭਾਸ਼ਾ ਵਿਚ ਸ਼ਬਦਾਂ\ਵਾਕੰਸ਼ਾਂ ਦੀ ਤਰਤੀਬ ਟਕਸਾਲੀ ਭਾਸ਼ਾ ਵਾਲੀ ਹੁੰਦੀ ਹੈ ਪਰ ਜਦੋਂ ਲੇਖਕ\ਬੁਲਾਰਾ ਕਿਸੇ ਵਿਸ਼ੇਸ਼ ਤੱਤ ’ਤੇ ਵਧੇਰੇ ਫੋਕਸ ਕਰਦਾ ਹੈ ਤਾਂ ਇਨ੍ਹਾਂ ਦੀ ਵਿਚਰਨ ਤਰਤੀਬ ਵਿਚ ਤਬਦੀਲੀ ਕੀਤੀ ਜਾਂਦੀ ਹੈ। ਆਮ ਤੌਰ ’ਤੇ ਕਿਸੇ ਰਚਨਾ ਵਿਚ ਜਿਸ ਤੱਤ ਨੂੰ ਵਧੇਰੇ ਫੋਕਸ ਕਰਨਾ ਹੋਵੇ ਉਸ ਨੂੰ ਪਹਿਲੇ ਸਥਾਨ ਤੇ ਵਰਤਿਆ ਜਾਂਦਾ ਹੈ ਅਤੇ ਘੱਟ ਫੋਕਸ ਵਾਲੇ ਤੱਤਾਂ ਨੂੰ ਦੁਜੈਲਾ ਸਥਾਨ ਦਿੱਤਾ ਜਾਂਦਾ ਹੈ। ਸ਼ੈਲੀ ਵਿਗਿਆਨ ਦੀ ਇਹ ਤਰਤੀਬ ਅਸਲ ਵਿਚ ਇਕ ਪਰਕਾਰ ਦਾ ਪਰਾਹਣ ਹੀ ਹੈ। ਜਿਵੇਂ : ‘ਨਾਰੀ ਪਤੀ ਦਾ ਹਿਜਰ ਤਾਂ ਸਹਿ ਜਾਂਦੀ, ਪਰ ਪੁੱਤ ਦਾ ਹਿਜਰ ਨਾ ਸਹਿ ਸਕੀ,’ ‘ਇਹ ਧੀ ਹੈ ਪਾਂਗੀ ਰਿਸ਼ੀ ਦੀ ਇਹ ਦਾ ਚੰਦਰਭਾਗ ਭਰਾ’ ਵਿਚ ‘ਨਾਰੀ’ ਅਤੇ ‘ਧੀ’ ਨੂੰ ਅਗਰਭੂਮਨ ਵਿਚ ਰੱਖਿਆ ਗਿਆ ਹੈ। ਅਗਰਭੂਮਨ ਦੇ ਚਾਰ ਮੁੱਖ ਅਧਾਰ-ਤੱਤ ਹਨ : (i) ਯਾਦ ਯੋਗ, (ii) ਖਿੱਚ ਯੋਗ, (iii) ਸਾਰਥਕਤਾ ਅਤੇ (iv) ਸੰਵਾਦ ਯੋਗ। ਜਦੋਂ ਕਿਸੇ ਪਾਠ ਵਿਚ ਅਗਰਭੂਮਨ ਦੀ ਸਥਿਤੀ ਹੋਂਦ ਵਿਚ ਆਉਂਦੀ ਹੈ ਤਾਂ ਇਨ੍ਹਾਂ ਚਾਰੇ ਅਧਾਰ-ਤੱਤਾਂ ਵਿਚੋਂ ਕੋਈ ਇਕ ਲਾਜ਼ਮੀ ਹੁੰਦਾ ਹੈ। ਇਹ ਸਾਰੇ ਤੱਤ ਪਾਠ ਅਤੇ ਪਾਠਕਾਂ ਦੋਹਾਂ ਲਈ ਸਾਂਝੇ ਹਨ। ਅਗਰਭੂਮਨ ਲਈ ਲੇਖਕ ਭਾਵੇਂ ਇਨ੍ਹਾਂ ਵਿਚੋਂ ਕੋਈ ਵੀ ਵਿਧੀ ਵਰਤ ਰਿਹਾ ਹੋਵੇ, ਪਾਠਕ ਇਸ ਵਿਚ ਸ਼ਾਮਲ ਹੋ ਕੇ ਇਸ ਦੇ ਪਰਭਾਵ ਨੂੰ ਪਕੜ ਸਕਣ ਦੀ ਸਮਰੱਥਾ ਪਾ ਸਕਦਾ ਹੈ। ਪਾਠਕ ਉਸ ਤੱਤ ਨੂੰ ਆਪਣੀ ਯਾਦ ਸ਼ਕਤੀ ਵਿਚ ਸਮੋ ਲੈਂਦਾ ਹੈ ਜਿਸ ਤੱਤ ਨੂੰ ਅਗਰਭੂਮਨ ਵਿਚ ਵਰਤਿਆ ਗਿਆ ਹੋਵੇ। ਪਾਠਕ ਲਈ ਰੌਚਕਤਾ ਅਤੇ ਖਿੱਚ ਦਾ ਕਾਰਨ ਵੀ ਉਹ ਤੱਤ ਹੀ ਬਣਦੇ ਹਨ ਜਿਨ੍ਹਾਂ ਨੂੰ ਲੇਖਕ ਨੇ ਪਹਿਲ ਦਿੱਤੀ ਹੋਵੇ। ਲੇਖਕ ਜਿਸ ਤੱਤ ਨੂੰ ਪਾਠ ਦੀ ਸਾਰਥਕਤਾ ਮੁਤਾਬਕ ਅਗਰਭੂਮਨ ਕਰਦਾ ਹੈ ਅਤੇ ਜੇ ਪਾਠਕ ਤੇ ਲੇਖਕ ਦਾ ਦਰਿਸ਼ਟੀਕੋਣ ਭਿੜਦਾ ਹੋਵੇ ਤਾਂ ਇਸ ਸਥਿਤੀ ਵਿਚ ਸਾਰਥਕਤਾ ਖਤਮ ਹੋ ਜਾਂਦੀ ਹੈ ਪਰ ਜੇ ਦੋਹਾਂ ਵਿਚ ਇਕਸੁਰਤਾ ਹੋਵੇ ਤਾਂ ਸਾਰਥਕਤਾ ਦੀ ਸਿਰਜਨਾ ਹੁੰਦੀ ਹੈ। ਅਗਰਭੂਮਨ ਦਾ ਚੌਥਾ ਅਧਾਰ-ਤੱਤ ਸੰਵਾਦ ਯੋਗਤਾ ਹੁੰਦਾ ਹੈ। ਪਿੱਠਭੂਮੀ ਵਿਚਲੇ ਜਾਂ ਘੱਟ ਮਹੱਤਤਾ ਵਾਲੇ ਤੱਤਾਂ ਬਾਰੇ ਕੋਈ ਬਹੁਤੀ ਚਰਚਾ ਨਹੀਂ ਹੁੰਦੀ ਸਗੋਂ ਉਸ ਤੱਤ ਬਾਰੇ ਵਧੇਰੇ ਸੰਵਾਦ ਹੁੰਦਾ ਹੈ ਜਿਸ ਤੱਤ ਨੂੰ ਲੇਖਕ ਪਹਿਲ ਦਿੰਦਾ ਹੈ ਜਾਂ ਪਾਠਕ ਲਈ ਵੀ ਮਹੱਤਵਪੂਰਨ ਹੁੰਦੇ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1615, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.