ਅਗਰਾ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅਗਰਾ : ਅਗਰਾ ਇੱਕ ਪ੍ਰਸਿੱਧ ਵਾਰਕਾਰ ਹੋਇਆ ਹੈ। ਉਸ ਦਾ ਪੂਰਾ ਨਾਂ ਅਗਰਾ ਸਿੰਘ ਸੇਠੀ ਸੀ। ਮੌਲਾ ਬਖ਼ਸ਼ ਕੁਸ਼ਤਾ ਅਨੁਸਾਰ ਇਸ ਕਵੀ ਦਾ ਤਖ਼ੱਲਸ ਵੀ ਅਗਰਾ ਸੀ। ਇਸਦੇ ਜੀਵਨ ਬਾਰੇ ਵਧੇਰੇ ਵਾਕਫ਼ੀ ਨਹੀਂ ਮਿਲਦੀ। ਸਿਰਫ਼ ਏਨਾ ਹੀ ਪਤਾ ਚੱਲਦਾ ਹੈ ਕਿ ਇਹ ਕਵੀ ਲਾਹੌਰ ਦਾ ਰਹਿਣ ਵਾਲਾ ਸੀ। ਲਾਹੌਰ ਵਿੱਚ ਸ਼ਾਹ ਜਹਾਨ ਦੇ ਵੇਲੇ ਇੱਕ ਬਹੁਤ ਵੱਡਾ ਸਾਕਾ ਵਾਪਰਿਆ ਸੀ। ਇਸ ਸਾਕੇ ਨੇ ਸਮੂਹ ਹਿੰਦੂ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਸਾਕਾ ਧਰਮੀ ਵੀਰ ਹਕੀਕਤ ਰਾਇ ਨਾਲ ਸੰਬੰਧਿਤ ਹੈ। ਉਹਨਾਂ ਦਿਨਾਂ ਵਿੱਚ ਪੜ੍ਹਾਈ ਆਮ ਕਰ ਕੇ ਮਦਰਸਿਆਂ ਵਿੱਚ ਹੀ ਹੁੰਦੀ ਸੀ। ਮਸੀਤਾਂ ਨਾਲ ਲੱਗੇ ਮਦਰਸੇ ਹੀ ਪੜ੍ਹਾਈ ਦਾ ਇੱਕੋ ਇੱਕ ਸਥਾਨ ਹੁੰਦੇ ਸੀ। ਹਕੀਕਤ ਰਾਇ ਵੀ ਇੱਕ ਅਜਿਹੇ ਮਦਰਸੇ ਵਿੱਚ ਪੜ੍ਹਦਾ ਸੀ। ਉਸ ਨਾਲ ਪੜ੍ਹਨ ਵਾਲੇ ਵਧੇਰੇ ਮੁੰਡੇ ਮੁਸਲਮਾਨ ਹੀ ਸਨ। ਹਿੰਦੂ ਲੜਕਾ ਸ਼ਾਇਦ ਉਹ ਇਕੱਲਾ ਹੀ ਸੀ। ਇੱਕ ਦਿਨ ਦੁਰਗਾ ਅਸ਼ਟਮੀ ਦਾ ਤਿਉਹਾਰ ਸੀ। ਹਕੀਕਤ ਮੱਥੇ `ਤੇ ਲਾਲ ਤਿਲਕ ਲਾ ਕੇ ਮਦਰਸੇ ਗਿਆ।
ਮੌਲਵੀ ਜੀ ਕਲਾਸ ਤੋਂ ਲਾਂਭੇ-ਚਾਂਭੇ ਹੋਏ ਤਾਂ ਮੁਸਲਮਾਨ ਮੁੰਡਿਆਂ ਨੇ ਉਸ ਹਿੰਦੂ ਮੁੰਡੇ ਨੂੰ ਮਖ਼ੌਲ ਕਰਨਾ ਤੇ ਛੇੜਨਾ ਸ਼ੁਰੂ ਕਰ ਦਿੱਤਾ। ਇੱਕ ਨੇ ਕਿਹਾ, ‘ਓਇ ! ਤੂੰ ਮੱਥੇ `ਤੇ ਇਹ ਕੀ ਲਹੂ ਜਿਹਾ ਲਾਇਆ ਹੋਇਆ ਹੈ। ਹਕੀਕਤ ਰਾਇ ਨੇ ਬੜੇ ਠਰ੍ਹੰਮੇ ਨਾਲ ਕਿਹਾ, ‘ਨਹੀਂ, ਇਹ ਲਹੂ ਨਹੀਂ। ਅਸੀਂ ਘਰ ਵਿੱਚ ਦੁਰਗਾ ਮਾਤਾ ਦਾ ਮੱਥਾ ਟੇਕਿਆ ਸੀ, ਮੱਥਾ ਟੇਕਣ ਮਗਰੋਂ ਸੰਧੂਰ ਦਾ ਤਿਲਕ ਲਾਇਆ ਸੀ। ਇਹ ਉਹੋ ਤਿਲਕ ਹੈ।` ਇੱਕ ਸ਼ਰਾਰਤੀ ਮੁੰਡੇ ਨੇ ਹਕੀਕਤ ਨੂੰ ਠਿੱਠ ਕਰਨ ਲਈ ਕਹਿ ਦਿੱਤਾ, ‘ਇਹ ਦੁਰਗਾ ਕੌਣ ਹੈ?` ਉਸ ਦੇ ਦੱਸਣ `ਤੇ ਮੁਸਲਮਾਨ ਮੁੰਡੇ ਨੇ ਦੁਰਗਾ ਮਾਤਾ ਨੂੰ ਗਾਲ੍ਹ ਕੱਢੀ। ਹੋਰ ਵੀ ਬਹੁਤ ਕੁਝ ਅਨਾਪ ਸ਼ਨਾਪ ਬਕਿਆ।
ਹਕੀਕਤ ਰਾਇ ਨੂੰ ਪੂਰਾ ਇਹਸਾਸ ਸੀ ਕਿ ਉਹ ਮਸੀਤ ਵਿੱਚ ਬਣੇ ਮਦਰਸੇ ਵਿੱਚ ਪੜ੍ਹ ਰਿਹਾ ਹੈ ਅਤੇ ਉਹ ਸਾਰੀ ਜਮਾਤ ਵਿੱਚ ਇਕੱਲਾ ਹੀ ਹਿੰਦੂ ਮੁੰਡਾ ਹੈ। ਉਸ ਨੇ ਮੋੜਵੀਂ ਕੋਈ ਕਾਟਵੀਂ ਗੱਲ ਨਹੀਂ ਕਹੀ। ਸਿਰਫ਼ ਸਾਊਆਂ ਵਾਂਗ ਕਿਹਾ, ‘ਆਪ ਸਾਡੀ ਦੁਰਗਾ ਮਾਤਾ ਨੂੰ ਕੁਝ ਨਾ ਕਹੋ, ਉਹ ਸਾਡੇ ਲਈ ਉਸੇ ਤਰ੍ਹਾਂ ਹੈ ਜਿਵੇਂ ਤੁਹਾਡੇ ਲਈ ਬੀਬੀ ਫ਼ਾਤਿਮਾ ਹੈ। ਨਾਲੇ ਜੇ ਮੈਂ ਇਹੋ ਸ਼ਬਦ ਬੀਬੀ ਫ਼ਾਤਿਮਾ ਲਈ ਕਹਾਂ ਤਾਂ ਕੀ ਤੁਸੀਂ ਬੁਰਾ ਨਹੀਂ ਮਨਾਉਗੇ।` ਬੱਸ ਫੇਰ ਕੀ ਸੀ, ਮੁਸਲਮਾਨ ਮੁੰਡਿਆਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਐਨੇ ਨੂੰ ਮੌਲਵੀ ਜੀ ਜਮਾਤ ਵਿੱਚ ਆ ਗਏ। ਮੁਸਲਿਮ ਮੁੰਡਿਆਂ ਨੇ ਵੱਧ ਚੜ੍ਹ ਕੇ ਗੱਲਾਂ ਕੀਤੀਆਂ। ਕਿਹਾ ਇਸ ਕਾਫ਼ਰ ਨੇ ਸਾਡੀ ਬੀਬੀ ਫ਼ਾਤਿਮਾ ਨੂੰ ਗਾਲ੍ਹਾਂ ਕੱਢੀਆਂ ਹਨ। ਸੁਣ ਕੇ ਮੌਲਵੀ ਜੀ ਨੂੰ ਸਣੇ ਕੱਪੜੀਂ ਅੱਗ ਲੱਗ ਗਈ। ਉਸ ਨੇ ਮੁੰਡੇ ਨੂੰ ਸੱਦ ਕੇ ਚਪੇੜਾਂ ਲਾਈਆਂ। ਕੋਤਵਾਲ ਕੋਲ ਸ਼ਿਕਾਇਤ ਕਰ ਕੇ ਝੂਠਾ ਮੁਕੱਦਮਾ ਬਣਾ ਕੇ ਉਸ ਨੂੰ ਅੰਤ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਹਕੀਕਤ ਰਾਇ ਦੇ ਮਾਤਾ-ਪਿਤਾ ਨੇ ਸਰਕਾਰੇ-ਦਰਬਾਰੇ ਫ਼ਰਿਆਦ ਕੀਤੀ ਪਰ ਉਹਨਾਂ ਦੀ ਇੱਕ ਨਾ ਸੁਣੀ ਗਈ। ਮਸੂਮ ਤੇ ਬੇਕਸੂਰ ਬੱਚੇ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਗਿਆ।
ਇਹ ਘਟਨਾ ਲਾਹੌਰ ਵਿਖੇ ਸੰਮਤ 1791 ਬਿਕ੍ਰਮੀ ਜਾਂ ਸੰਨ 1731 ਵਿੱਚ ਵਾਪਰੀ ਸੀ। ਲਾਹੌਰ ਵਿੱਚ ਹਾਹਾਕਾਰ ਮੱਚ ਗਈ ਸੀ। ਹਕੀਕਤ ਰਾਇ ਦਾ ਇਹ ਸਾਕਾ ਕਵੀ ਅਗਰਾ ਸਿੰਘ ਸੇਠੀ ਦੇ ਬਾਲਪੁਣੇ ਵਿੱਚ ਕਿਧਰੇ ਹੋਇਆ ਸੀ। ਉਹਨਾਂ ਦਿਨਾਂ ਵਿੱਚ ਅਗਰਾ ਵੀ ਲਾਹੌਰ ਵਿੱਚ ਹੀ ਸੀ। ਉਸ ਦੇ ਕਵੀ-ਮਨ ਨੂੰ ਇਸ ਬਾਲਕ ਦੀ ਅਣਿਆਈ ਮੌਤ `ਤੇ ਬੇਹੱਦ ਦੁੱਖ ਹੋਇਆ। ਉਹ ਅੰਦਰੋਂ ਅੰਦਰ ਕਲਵਲ ਹੁੰਦਾ ਰਿਹਾ। ਉਸ ਨੇ ਇਸ ਸਾਕੇ ਨੂੰ ਇੱਕ ਵਧੀਆ ਵਾਰ ਦਾ ਰੂਪ ਦੇਣ ਦਾ ਮਨ ਬਣਾਇਆ। ਕਿੰਨਾ ਚਿਰ ਇਹ ਕਵੀ ਦੇ ਅਨੁਭਵ ਦੀ ਭੱਠੀ ਵਿੱਚ ਪੱਕਦਾ ਰਸਦਾ ਰਿਹਾ। ਅਖੀਰ ਉਹ ਇਸ ਜ਼ੋਰਦਾਰ ਜਜ਼ਬੇ ਨੂੰ ਰੋਕ ਨਾ ਸਕਿਆ। ਪੂਰੇ 56 ਵਰ੍ਹਿਆਂ ਪਿੱਛੋਂ ਕਵੀ ਦੀ ਅਨੁਭੂਤੀ ਨੇ ਇੱਕ ਸੁੰਦਰ ਵਾਰ ਦਾ ਰੂਪ ਧਾਰ ਲਿਆ। ਵਾਰ ਦਾ ਨਾਂ ਰੱਖਿਆ ਗਿਆ ਵੀਰ ਹਕੀਕਤ ਰਾਇ ਧਰਮੀ ਦੀ। ਧਰਮੀ ਵੀਰ ਹਕੀਕਤ ਰਾਇ ਦੀ ਵਾਰ ਅਗਰਾ ਸਿੰਘ ਦੀ ਇੱਕੋ-ਇੱਕ ਰਚਨਾ ਹੈ, ਇਸ ਵਾਰ ਬਾਰੇ ਮੀਆਂ ਮੌਲਾ ਬਖ਼ਸ਼ ਕੁਸ਼ਤਾ ਲਿਖਦੇ ਹਨ :
ਬੋਲੀ ਵਿੱਚ ਹਿੰਦੀ ਲਫ਼ਜ਼ਾਂ ਦੀ ਕੁਝ ਮਿਲਾਵਟ ਹੈ ਪਰ ਬੋਲੀ ਸੁਥਰੀ ਹੈ। ਇਹ ਵਾਰ ਪੰਜਾਬੀ ਦੀਆਂ ਵਾਰਾਂ ਵਿੱਚ ਇੱਕ ਮਸ਼ਹੂਰ ਵਾਰ ਏ।
ਅਗਰਾ ਦੀ ਭਾਸ਼ਾ ਬਹੁਤ ਹੀ ਠੇਠ, ਰਸੀਲੀ ਅਤੇ ਭਾਵਪੂਰਤ ਹੈ। ਉਸ ਦੀ ਸ਼ੈਲੀ ਖਿੱਚ ਪਾਉਣ ਵਾਲੀ ਹੈ। ਮਿਸਾਲ ਵਜੋਂ ਵਾਤਸਲ ਪਿਆਰ ਵਿੱਚ ਪਏ ਵਿਛੋੜੇ ਵਿੱਚੋਂ ਸੋਗ ਦੇ ਰੂਪਮਾਨ ਹੋ ਰਹੇ ਦ੍ਰਿਸ਼ ਨੂੰ ਦੇਖੋ :
ਪੁੱਤ ਮੋਇਆਂ ਮਾਂ ਫਿਰੇ ਨਮਾਣੀ, ਕੋਈ ਨ ਆਖੇ ਅੰਮਾ,
ਦੁਖੀਂ ਪਾਲ ਪਰਵਰਦਰ ਕੀਤਾ, ਸੂਲ ਚੁੰਘਾਇਆ ਮੰਮਾ।
ਲਿਖੀਆਂ ਮੇਰੇ ਲੇਖ ਆ ਪਈਆਂ, ਜੋ ਲਿਖੀਆਂ ਧੁਰ ਕਲਮਾਂ,
ਅਗਰਾ ਕਹੇ ਪੁੱਤ ਹੱਥ ਨ ਆਵਨ, ਪੂਰਿਆਂ ਬਾਝ ਨਕਰਮਾਂ।
ਲੇਖਕ : ਧਰਮ ਪਾਲ ਸਿੰਗਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਅਗਰਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਗਰਾ : ਅਨੁਮਾਨ ਹੈ ਕਿ ‘ਅਗਰਾ’ ਅਗਰਾ ਸਿੰਘ ਜਾਂ ਅਗਰਾ ਦਾਸ ਦਾ ਉਪਨਾਮ ਹੈ। ਇਸ ਦੀ ਲਿਪੀ ‘ਹਕੀਕਤ ਰਾਏ ਦੀ ਵਾਰ’ ਮਿਲੀ ਹੈ। ਇਹ ਚਾਰ ਤੁਕੇ ਬੰਦਾਂ ਅਤੇ ਦਵੱਈਏ ਛੰਦ ਵਿਚ ਰਚੀ ਹੋਈ ਕਾਫ਼ੀ ਲੰਬੀ ਰਚਨਾ ਹੈ। ਕਵਿਤਾ ਦੀ ਪੱਧਰ ਨੀਵੀਂ ਹੈ ਪਰ ਆਪਣੀ ਕਿਸਮ ਦੀ ਤੇ ਆਪਣੇ ਸਮੇਂ ਦੀ ਇਕੋ ਇਕ ਕਵਿਤਾ ਹੋਣ ਕਰਕੇ ਬੜੀ ਪ੍ਰਸਿੱਧ ਹੋਈ ਹੈ।
‘ਅਗਰਾ’ ਦੇ ਜਨਮ ਤੇ ਮਰਨ ਦੀਆਂ ਤਾਰੀਖ਼ਾਂ ਦਾ ਪਤਾ ਨਹੀਂ ਲੱਗ ਸਕਿਆ। ਅਗਰੇ ਅਨੁਸਾਰ ਹਕੀਕਤ ਦੀ ਘਟਨਾ 1791 ਬਿਕ੍ਰਮੀ (1934 ਈ.) ਵਿਚ ਹੋਈ–“ਸੰਮਤ ਸਤਾਰਾ ਸੈ ਇਕਾਨਵੇ ਸਾਹਿਬ ਵਿਚ ਵਰਤਾਈ” ਅਤੇ ‘ਵਾਰ’ ਲਿਖਣ ਦੀ ਮਿਤੀ ਵੀ ਕਰਤਾ ਨੇ ਲਿਖ ਦਿਤੀ ਹੈ––“ਤੇ ਸੰਮਤ ਅਠਾਰਹ ਸੈ ਸੰਤਾਲੀ ਅਗਰੇ ਵਾਰੀ ਬਣਾਈ”––ਜਿਸ ਦਾ ਅਰਥ ਹੈ ਵਾਰ ਦੀ ਰਚਨਾ ਹਕੀਕਤ ਦੇ ਸਾਕੇ ਤੋਂ ਲਗਭਗ 56 ਸਾਲ ਪਿਛੋਂ ਕੀਤੀ ਗਈ। ਹਕੀਕਤ ਰਾਏ ਦਾ ਵਾਕਿਆ ‘ਅਗਰਾ’ ਦੇ ਬਚਪਨ ਵਿਚ ਹੋਇਆ ਜਾਪਦਾ ਹੈ ਅਤੇ ਵਾਰ ਸ਼ਾਇਦ ਇਸ ਨੇ ਆਪਣੀ ਉਮਰ ਦੇ ਪਿਛਲੇ ਸਮੇਂ ਵਿਚ ਰਚੀ ਹੈ।
ਲੇਖਕ : ਡਾ. ਗੁਰਚਰਨ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First