ਅਨਿਸ਼ਚਿਤਤਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Uncertainty (ਅੱਨਸਅਰਟਿਨਟਿ) ਅਨਿਸ਼ਚਿਤਤਾ: ਇਕ ਵਿਅਕਤੀ ਦੇ ਮਨ ਦੀ ਦਸ਼ਾ (state of mind) ਹੈ ਜਿਹੜਾ ਭਵਿੱਖ ਦੇ ਕਾਰਜਾਂ ਦਾ ਹਿਸਾਬ-ਕਿਤਾਬ ਲਾਉਣ ਤੋਂ ਅਸਮਰੱਥ ਹੈ। ਜਦੋਂ ਇਕ ਖ਼ਾਸ ਤਰ੍ਹਾਂ ਦੀ ਕਿਰਿਆ ਤੋਂ ਪ੍ਰਾਪਤ ਫਲ ਜੋ ਇਕ ਤੋਂ ਵੱਧ ਦੀ ਸੰਭਵਤਾ (poss-ibility) ਵਿੱਚ ਹੋਵੇ। ਇਥੇ ਹਰ ਇਕ ਸੰਭਵਤਾ ਦਾ ਰੂਪ ਜਾਣਿਆ ਹੋਇਆ ਹੈ ਪਰ ਇਕ ਖ਼ਾਸ ਪ੍ਰਾਪਤੀ ਦਾ ਮੌਕਾ ਜਾਂ ਸੰਭਵਤਾ ਨੂੰ ਨਹੀਂ ਜਾਣਿਆ ਜਾਂਦਾ। ਖ਼ਤਰੇ (risk) ਤੋਂ ਅਨਿਸ਼ਚਿਤਤਾ ਭਿੰਨ ਹੈ। ਖ਼ਤਰੇ ਦੀਆਂ ਦਸ਼ਾਵਾਂ ਹੇਠ ਇਹ ਜਾਣਨਾ ਸੰਭਵ ਹੈ ਕਿ ਇਕ ਖ਼ਾਸ ਪ੍ਰਾਪਤੀ ਦੀ ਸੰਭਾਵਨਾ (probability) ਹੈ। ਮਿਸਾਲ ਵਜੋਂ, ਇਕ ਸਿੱਕੇ ਨੂੰ ਉਲਾਰਨ ਤੇ ਸਿਰਾਂ (heads) ਦੀ ਸੰਭਾਵਨਾ ਪ੍ਰਾਪਤੀ 50 ਪ੍ਰਤਿਸ਼ਤ ਹੈ ਜੇਕਰ ਸਿੱਕੇ ਦੇ ਉਲਾਰਨ ਤੇ ਸ਼ਰਤ ਲਗਾਈ ਜਾਵੇ ਖ਼ਤਰਾ (risk) ਹੈ। ਇਸ ਤਰ੍ਹਾਂ ਅਨਿਸ਼ਚਿਤਤਾ (uncertainty) ਵਾਤਾਵਰਨ ਦਾ ਹਿੱਸਾ ਹੈ ਜਿਸ ਵਿੱਚ ਵਾਸਤਵਿਕ ਸੰਸਾਰ ਵਿੱਚ ਰਹਿੰਦੇ ਹੋਏ ਫ਼ੈਸਲੇ ਲਏ ਜਾਂਦੇ ਹਨ ਭਾਵੇਂ ਉਹ ਉਦਯੋਗਿਕ ਸਥਿਤੀ, ਰਿਹਾਇਸ਼ੀ ਪਸੰਦਗੀ ਜਾਂ ਕਿਸੇ ਹੋਰ ਨਾਲ ਸੰਬੰਧਿਤ ਹਨ। ਇਹ ਸਿਧਾਂਤਾਂ ਅਤੇ ਮਾਡਲਾਂ (theories and models) ਦੇ ਅਮਲੀ ਮਹੱਤਵ ਨੂੰ ਪੁੱਜ ਕੇ ਸੀਮਿਤ ਕਰਦੀ ਹੈ ਜਿਹੜੇ ਕਿ ਵਾਸਤਵਿਕ ਗਿਆਨ ਰੱਖਦੇ ਹਨ ਅਤੇ ਦਾਅਵਾ ਵੀ ਕਰਦੇ ਹਨ ਕਿ ਸਹੀ ਗਿਆਨ ਨੂੰ ਸਹੀ ਲਾਗੂ ਕਰਨ ਤੋਂ ਸਥਿਤੀ (location) ਵਿੱਚ ਸਰਵੋਤਮਤਾ (optimality) ਪ੍ਰਾਪਤ ਹੋਵੇਗੀ। ਪਰ ਵਾਸਤਵਿਕ ਸੰਸਾਰ ਵਿੱਚ ਫ਼ੈਸਲੇ ਅਕਸਰ ਅਨਿਸ਼ਚਿਤ ਦਸ਼ਾਵਾਂ ਹੇਠ ਲਏ ਜਾਂਦੇ ਹਨ ਕਿਉਂਕਿ ਇਕ ਵਿਅਕਤੀ ਦਾ ਹੁੰਗਾਰਾ ਇਕ ਕਾਰਜ (event) ਲਈ ਕਿਆਸ ਕਰਨਾ ਮੁਸ਼ਕਲ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1145, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਅਨਿਸ਼ਚਿਤਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨਿਸ਼ਚਿਤਤਾ [ਨਾਂਇ] ਨਿਸ਼ਚਿਤ ਨਾ ਹੋਣ ਦਾ ਭਾਵ, ਸੰਦੇਹ , ਅਨਿਸ਼ਚਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1139, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਨਿਸ਼ਚਿਤਤਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਅਨਿਸ਼ਚਿਤਤਾ : ਆਉਣ ਵਾਲੇ ਸਮੇਂ ਜਾਂ ਭਵਿਖ ਵਿੱਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਬਹੁਤ ਘੱਟ, ਸੀਮਿਤ ਜਾਂ ਬਿਲਕੁਲ ਹੀ ਗਿਆਨ ਨਾ ਹੋਣ ਨੂੰ ਅਨਿਸ਼ਚਿਤਤਾ (Uneertainty) ਆਖਿਆ ਜਾਂਦਾ ਹੈ। ਇਹ ਅਨਿਸ਼ਚਿਤਤਾ ਮਨੁੱਖ ਵੱਲੋਂ ਲਏ ਜਾਣ ਵਾਲੇ ਸਮਾਜਿਕ, ਆਰਥਿਕ, ਰਾਜਨੀਤਿਕ, ਘਰੇਲੂ, ਕੌਮੀ ਆਦਿ ਫ਼ੈਸਲਿਆਂ ਤੇ ਅਹਿਮ ਪ੍ਰਭਾਵ ਪਾਉਂਦੀ ਹੈ। ਅਨਿਸ਼ਚਿਤਤਾ ਫ਼ੈਸਲਾ ਲੈਣ ਦੀ ਪ੍ਰਕਿਰਿਆ ਨੂੰ ਜਟਿਲ ਬਣਾਉਂਦੀ ਹੈ। ਜੇਕਰ ਭਵਿਖ ਬਾਰੇ ਕਾਫ਼ੀ ਹੱਦ ਤੱਕ ਗਿਆਨ ਹੋ ਜਾਵੇ ਤਾਂ ਕੋਈ ਵੀ ਫ਼ੈਸਲਾ ਜਲਦੀ ਅਤੇ ਸੌਖਾਲਿਆਂ ਕੀਤਾ ਜਾ ਸਕਦਾ ਹੈ। ਪਰ ਜੇਕਰ ਭਵਿਖ ਬਾਰੇ ਜਾਣਕਾਰੀ ਅਧੂਰੀ ਜਾਂ ਸੀਮਿਤ ਹੈ ਤਾਂ ਫ਼ੈਸਲਾ ਕਰਨਾ ਸਿਰਫ਼ ਮੁਸ਼ਕਲ ਹੀ ਨਹੀਂ ਸਗੋਂ ਕਈ ਵਾਰ ਅਸੰਭਵ ਵੀ ਹੋ ਜਾਂਦਾ ਹੈ, ਕਈ ਹਾਲਤਾਂ ਵਿੱਚ ਫ਼ੈਸਲਾ ਗ਼ਲਤ ਵੀ ਹੋ ਸਕਦਾ ਹੈ। ਭੂਤਕਾਲ ਵਿੱਚ ਜਦੋਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਾਲਾਤ ਤੇਜ਼ੀ ਨਾਲ ਨਹੀਂ ਸਨ ਬਦਲਦੇ ਤਾਂ ਅਨਿਸ਼ਚਿਤਤਾ ਘੱਟ ਸੀ। ਜਿਵੇਂ-ਜਿਵੇਂ ਸਮਾਜ ਵਿੱਚ ਤਬਦੀਲੀ ਹੋਣ ਦੀ ਦਰ ਤੇਜ਼ ਹੁੰਦੀ ਜਾਂਦੀ ਹੈ। ਤਿਵੇਂ-ਤਿਵੇਂ ਅਨਿਸ਼ਚਿਤਤਾ ਵੀ ਵਧਦੀ ਜਾਂਦੀ ਹੈ ਅਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਹੁੰਦੀ ਜਾਂਦੀ ਹੈ।

ਭਾਵੇਂ ਅਨਿਸ਼ਚਿਤਤਾ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਮੌਜੂਦ ਹੈ ਪਰੰਤੂ ਆਧੁਨਿਕ ਸਮਾਜ ਵਿੱਚ ਆਰਥਿਕ ਅਨਿਸ਼ਚਿਤਤਾ ਬਹੁਤ ਹੱਦ ਤੱਕ ਭਾਰੂ ਹੈ। ਆਰਥਿਕ ਅਨਿਸ਼ਚਿਤਤਾ ਅੰਤਰਰਾਸ਼ਟਰੀ, ਕੌਮੀ ਜਾਂ ਵਿਅਕਤੀਗਤ ਕਾਰਨਾਂ ਕਰਕੇ ਹੋ ਸਕਦੀ ਹੈ। ਅੰਤਰਰਾਸ਼ਟਰੀ ਅਨਿਸ਼ਚਿਤਤਾ ਰਾਜਾਂ ਦੇ ਆਰਥਿਕ ਸੰਬੰਧਾਂ, ਰਾਜਨੀਤਿਕ ਸੰਬੰਧਾਂ, ਅੰਤਰਰਾਸ਼ਟਰੀ ਵਪਾਰ, ਅੰਤਰਰਾਸ਼ਟਰੀ ਪੂੰਜੀ ਨਿਵੇਸ਼ ਆਦਿ ਨੂੰ ਪ੍ਰਭਾਵਿਤ ਕਰਦੀ ਹੈ। ਕੌਮੀ ਅਨਿਸ਼ਚਿਤਤਾ ਦੇਸ ਵਿੱਚ ਵਿਕਾਸ ਦੀ ਦਰ, ਉਤਪਾਦਨ ਵਿੱਚ ਵਾਧੇ ਦੀ ਦਰ, ਮੁਦਰਾ ਸਫ਼ੀਤੀ, ਨਿਵੇਸ਼, ਬੱਚਤਾਂ, ਰੁਜ਼ਗਾਰ ਆਦਿ ਤੇ ਪ੍ਰਭਾਵ ਪਾਉਂਦੀ ਹੈ। ਇਸੇ ਤਰ੍ਹਾਂ ਵਿਅਕਤੀਗਤ ਆਰਥਿਕ ਅਨਿਸ਼ਚਿਤਤਾ ਕਿਸੇ ਵੀ ਵਿਸ਼ੇਸ਼ ਵਿਅਕਤੀ ਵੱਲੋਂ ਲਏ ਜਾਣ ਵਾਲੇ ਆਰਥਿਕ ਫ਼ੈਸਲਿਆਂ ਤੋਂ ਆਪਣੀ ਛਾਪ ਛੱਡਦੀ ਹੈ।

ਆਰਥਿਕ ਅਨਿਸ਼ਚਿਤਤਾ ਦਾ ਵੱਖ-ਵੱਖ ਆਰਥਿਕ ਫ਼ੈਸਲਿਆਂ ਤੋਂ ਵੱਖ-ਵੱਖ ਪ੍ਰਭਾਵ ਪੈਂਦਾ ਹੈ। ਸਭ ਤੋਂ ਪਹਿਲਾ ਪ੍ਰਭਾਵ ਉਤਪਾਦਨ ਉੱਪਰ ਹੈ। ਜੇਕਰ ਭਵਿਖ ਵਿੱਚ ਮੰਗ ਦੇ ਵਾਧੇ ਘਾਟੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੋਵੇ ਤਾਂ ਉੱਦਮੀ ਉਸੇ ਹਿਸਾਬ ਨਾਲ ਉਤਪਾਦਨ ਵਧਾਉਣ/ਘਟਾਉਣ ਬਾਰੇ ਫ਼ੈਸਲਾ ਕਰ ਸਕਦੇ ਹਨ। ਦੂਸਰੇ ਪਾਸੇ ਜੇਕਰ ਭਵਿਖ ਵਿੱਚ ਮੰਗ ਬਾਰੇ ਅਨਿਸ਼ਚਿਤਤਾ ਹੋਵੇ ਤਾਂ ਉੱਦਮੀ ਨਿਵੇਸ਼ ਕਰਨ ਤੋਂ ਸੰਕੋਚ ਕਰਦੇ ਹਨ ਅਤੇ ਪੂੰਜੀ ਆਪਣੇ ਕੋਲ ਰੱਖਣਾ ਚਾਹੁੰਦੇ ਹਨ, ਜਿਸ ਕਰਕੇ ਨਾ ਉਤਪਾਦਨ ਸਮਰੱਥਾ ਅਤੇ ਨਾ ਹੀ ਉਤਪਾਦਨ ਵਧਦਾ ਹੈ ਸਗੋਂ ਪ੍ਰਭਾਵੀ ਮੰਗ ਘਟਦੀ ਹੈ ਜਿਸਦਾ ਆਰਥਿਕਤਾ ਉੱਪਰ ਮਾੜਾ ਅਸਰ ਪੈਂਦਾ ਹੈ। ਉਤਪਾਦਨ ਦੇ ਮੰਡੀਕਰਨ ਬਾਰੇ ਅਨਿਸ਼ਚਚਤਾ ਵੀ ਉਤਪਾਦਨ ਨੂੰ ਪ੍ਰਭਾਵਿਤ ਕਰਦੀ ਹੈ। ਮੰਡੀਕਰਨ ਬਾਰੇ ਨਿਸ਼ਚਿਤਤਾ ਉਤਪਾਦਨ ਨੂੰ ਵਧਾਉਣ ਵਿੱਚ ਸਹਾਈ ਹੁੰਦੀ ਹੈ ਜਦ ਕਿ ਮੰਡੀਕਰਨ ਦੀ ਅਨਿਸ਼ਚਿਤਤਾ ਉਤਪਾਦਨ ਵਧਾਉਣ ਦੇ ਰਾਹ ਵਿੱਚ ਰੋੜਾ ਬਣਦੀ ਹੈ। ਇਸ ਦੇ ਨਾਲ-ਨਾਲ ਉਤਪਾਦਨ ਵਸਤੂਆਂ ਦੇ ਭਵਿਖ ਦੇ ਮੁੱਲ ਬਾਰੇ ਵੀ ਅਨਿਸ਼ਚਿਤਤਾ ਹੁੰਦੀ ਹੈ। ਜੇਕਰ ਕੀਮਤ ਉੱਦਮੀ ਦੀ ਉਤਪਾਦਨ ਲਾਗਤ ਤੋਂ ਵੱਧ ਰਹਿਣ ਦਾ ਅੰਦਾਜ਼ਾ ਹੋਵੇ ਤਾਂ ਹੀ ਉੱਦਮੀ ਲਈ ਉਹ ਵਸਤੂ ਪੈਦਾ ਕਰਨਾ ਲਾਹੇਵੰਦਾ ਰਹਿੰਦਾ ਹੈ। ਜੇਕਰ ਭਵਿਖ ਵਿੱਚ ਕੀਮਤ ਉਤਪਾਦਨ ਲਾਗਤ ਤੋਂ ਵੀ ਘੱਟ ਜਾਂਦੀ ਹੈ ਤਾਂ ਉੱਦਮੀ ਨੂੰ ਹਾਨੀ ਹੁੰਦੀ ਹੈ। ਇਸ ਤਰ੍ਹਾਂ ਭਵਿਖ ਵਿੱਚ ਵਸਤੂ ਦੀ ਕੀਮਤ-ਅਨਿਸ਼ਚਿਤਤਾ ਵੀ ਉਤਪਾਦਨ ਨੂੰ ਪ੍ਰਭਾਵਿਤ ਕਰਦੀ ਹੈ। ਭਵਿਖ ਵਿੱਚ ਕਿਸੇ ਵਸਤੂ ਦੀਆਂ ਉਤਪਾਦਨ ਲਾਗਤਾਂ ਵਿੱਚ ਕੀ ਤਬਦੀਲੀ ਆਵੇਗੀ ਇਹ ਪਹਿਲੂ ਵੀ ਕਾਫ਼ੀ ਹੱਦ ਤੱਕ ਅਨਿਸ਼ਚਤ ਹੁੰਦਾ ਹੈ। ਉਤਪਾਦਨ ਲਾਗਤ ਵਧੇਗੀ, ਘਟੇਗੀ ਜਾਂ ਫਿਰ ਸਥਿਰ ਰਹੇਗੀ ਇਸ ਬਾਰੇ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਕੰਮ ਹੈ। ਇਸੇ ਤਰ੍ਹਾਂ ਉਤਪਾਦਨ ਵਿੱਚ ਵਰਤਿਆ ਜਾਣ ਵਾਲਾ ਕੱਚਾ ਮਾਲ ਅਤੇ ਹੋਰ ਵਸਤਾਂ ਦੀ ਪੂਰਤੀ ਬਾਰੇ ਅਨਿਸ਼ਚਿਤਤਾ ਵੀ ਉਤਪਾਦਨ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਭਵਿਖ ਵਿੱਚ ਕਿਸੇ ਵੀ ਵਸਤੂ ਦੇ ਸਸਤੇ ਬਦਲ ਦੀ ਮੰਡੀ ਵਿੱਚ ਆਉਣ ਦੀ ਸੰਭਾਵਨਾ ਹੋਵੇ ਤਾਂ ਅਨਿਸ਼ਚਿਤਤਾ ਦੀ ਡਿਗਰੀ ਹੋਰ ਵੀ ਵੱਧ ਜਾਂਦੀ ਹੈ, ਇਸੇ ਤਰ੍ਹਾਂ ਭਵਿਖ ਵਿੱਚ ਉਤਪਾਦਨ ਦੀ ਤਕਨੀਕ ਬਾਰੇ ਵੀ ਅਨਿਸ਼ਚਿਤਤਾ ਬਰਕਰਾਰ ਰਹਿੰਦੀ ਹੈ।

 

ਉਤਪਾਦਨ ਦੀ ਅਨਿਸ਼ਚਿਤਤਾ ਉਪਭੋਗੀਆਂ ਦੇ ਉਪਭੋਗ ਸੰਬੰਧੀ ਵਤੀਰੇ ਨੂੰ ਵੀ ਪ੍ਰਭਾਵਿਤ ਕਰਦੀ ਹੈ। ਜੇਕਰ ਭਵਿਖ ਵਿੱਚ ਕਿਸੇ ਵਸਤੂ ਦੀ ਪੂਰਤੀ ਬਾਰੇ ਕੋਈ ਅਨਿਸ਼ਚਿਤਤਾ ਬਣ ਜਾਵੇ ਤਾਂ ਉਪਭੋਗੀ ਉਸ ਅਨਿਸ਼ਚਿਤਤਾ ਦੇ ਡਰ ਤੋਂ ਵਰਤਮਾਨ ਵਿੱਚ ਉਸ ਵਸਤੂ ਦੀ ਜ਼ਿਆਦਾ ਖ਼ਰੀਦ ਕਰਨਗੇ। ਇੱਥੋਂ ਤੱਕ ਕਿ ਲੋੜ ਤੋਂ ਜ਼ਿਆਦਾ ਖ਼ਰੀਦ ਕੇ ਆਪਣੇ ਪਾਸ ਭੰਡਾਰ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰਨਗੇ, ਜਿਸ ਨਾਲ ਉਸ ਵਸਤੂ ਦੀ ਕੀਮਤ ਬਿਨਾਂ ਵਜ੍ਹਾ ਉੱਪਰ ਚੜ੍ਹ ਜਾਵੇਗੀ।

ਆਰਥਿਕ ਪਹਿਲੂਆਂ ਤੋਂ ਇਲਾਵਾ ਕੁਝ ਗ਼ੈਰ-ਆਰਥਿਕ ਮੁੱਦੇ ਵੀ ਹਨ ਜੋ ਆਰਥਿਕ ਅਨਿਸ਼ਚਿਤਤਾ ਪੈਦਾ ਕਰਦੇ ਹਨ। ਰਾਜਨੀਤਿਕ ਉੱਥਲ-ਪੁਥਲ ਅਨਿਸ਼ਚਿਤਤਾ ਵਧਾਉਂਦੀ ਹੈ। ਸਮਾਜ ਵਿੱਚ ਅਸਾਵਾਂਪਣ, ਆਮਦਨ ਦੀ ਕਾਣੀ ਵੰਡ, ਧਾਰਮਿਕ ਕੱਟੜਤਾ, ਕੁਨਬਾਪਰਵਰੀ, ਰਿਸ਼ਵਤਖੋਰੀ ਆਦਿ ਪਹਿਲੂ ਹਨ ਜੋ ਸਮਾਜਿਕ ਅਤੇ ਰਾਜਨੀਤਿਕ ਅਸਥਿਰਤਾ ਪੈਦਾ ਕਰਦੇ ਹਨ ਅਤੇ ਆਰਥਿਕ ਅਨਿਸ਼ਚਿਤਤਾ ਨੂੰ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ।

ਵਿਦਵਾਨਾਂ ਨੇ ਆਰਥਿਕ ਅਨਿਸ਼ਚਿਤਤਾ ਨਾਲ ਨਜਿੱਠਣ ਲਈ ਕਈ ਵਿਚਾਰ ਦਿੱਤੇ ਹਨ। ਵਿਕਾਸ ਦੇ ਰਾਹ ਨੂੰ ਨਿਯਮਬੱਧ ਕਰਨ ਲਈ ਆਰਥਿਕ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ। ਭਾਵੀ ਖ਼ਤਰਿਆਂ ਤੋਂ ਬਚਣ ਲਈ ਬੀਮਾ ਪ੍ਰਨਾਲੀ ਸ਼ੁਰੂ ਕੀਤੀ ਗਈ ਹੈ। ਇੱਕੋ ਵਸਤੂ ਦੇ ਉਤਪਾਦਨ ਦੀ ਜਗ੍ਹਾ ਉਤਪਾਦਨ ਵਿੱਚ ਭਿੰਨਤਾ ਲਿਆਉਣ ਨਾਲ ਵੀ ਅਨਿਸ਼ਚਿਤਤਾ ਘਟਦੀ ਹੈ। ਭਵਿਖ ਵਿੱਚ ਮੰਗ ਅਤੇ ਕੀਮਤ ਦੀ ਅਨਿਸ਼ਚਿਤਤਾ ਖ਼ਤਮ ਕਰਨ ਲਈ ਕਿਸੇ ਖ਼ਾਸ ਕੀਮਤ ਦੇ ਖ਼ਰੀਦਦਾਰਾਂ ਨਾਲ ਲੰਬੇ ਸਮੇਂ ਲਈ ਸਮਝੌਤੇ ਕੀਤੇ ਜਾਂਦੇ ਹਨ। ਇਸ ਤਰ੍ਹਾਂ ਉਤਪਾਦਨ ਵਿੱਚ ਕੰਮ ਆਉਣ ਵਾਲੀਆਂ ਵਸਤਾਂ ਦੀ ਪੂਰਤੀ ਲਈ ਵੀ ਲੰਬੇ ਸਮੇਂ ਦੇ ਸਮਝੌਤੇ ਕੀਤੇ ਜਾਂਦੇ ਹਨ। ਅਰਥ-ਵਿਗਿਆਨੀਆਂ ਦੁਆਰਾ ਪਿਛਲੇ ਸਮੇਂ ਦੀਆਂ ਆਰਥਿਕ ਤਬਦੀਲੀਆਂ ਦਾ ਵਿਸ਼ਲੇਸ਼ਣ ਕਰਕੇ ਭਵਿਖ ਬਾਰੇ ਅੰਦਾਜ਼ੇ ਲਗਾਏ ਜਾਂਦੇ ਹਨ। ਇਸ ਤਰ੍ਹਾਂ ਉਤਪਾਦਨ ਦੀ ਤਕਨੀਕ ਬਦਲਣ ਜਾਂ ਉਤਪਾਦਨ ਦੇ ਪ੍ਰਤਿਸਥਾਪਨ ਦੇ ਮੰਡੀ ਵਿੱਚ ਆਉਣ ਬਾਰੇ ਵੀ ਅੰਦਾਜ਼ੇ ਲਗਾਏ ਜਾਂਦੇ ਹਨ। ਇਹ ਅੰਦਾਜ਼ੇ ਮਾਹਿਰਾਂ ਵੱਲੋਂ ਲਗਾਏ ਜਾਂਦੇ ਹਨ ਜਿਸ ਕਰਕੇ ਇਹਨਾਂ ਦੇ ਗਲਤ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਅੰਤਰਰਾਸ਼ਟਰੀ ਪ੍ਰਭਾਵਾਂ ਕਰਕੇ ਪੈਦਾ ਹੋਣ ਵਾਲੀ ਅਨਿਸ਼ਚਿਤਤਾ ਨੂੰ ਕੌਮੀ ਸਰਕਾਰਾਂ ਦੁਆਰਾ ਦਖ਼ਲ ਅੰਦਾਜ਼ੀ ਕਰਕੇ ਰੋਕਿਆ ਜਾਂਦਾ ਹੈ।

ਸਪਸ਼ਟ ਹੈ ਕਿ ਭਵਿਖ ਵਿੱਚ ਹੋਣ ਵਾਲੀਆਂ ਆਰਥਿਕ ਤਬਦੀਲੀਆਂ ਦਾ ਪੂਰਨ ਗਿਆਨ ਪ੍ਰਾਪਤ ਕਰਨਾ ਅਸੰਭਵ ਹੈ ਜਿਸ ਕਰਕੇ ਆਰਥਿਕ ਅਨਿਸ਼ਚਿਤਤਾ ਤਾਂ ਰਹੇਗੀ ਪਰੰਤੂ ਮਾਹਿਰਾਂ ਰਾਹੀਂ ਵਿਸ਼ਲੇਸ਼ਣ ਕਰਕੇ, ਲੰਬੇ ਸਮੇਂ ਦੇ ਸੌਦਿਆਂ ਰਾਹੀਂ, ਬੀਮੇ ਰਾਹੀਂ, ਸਰਕਾਰੀ ਦਖ਼ਲ ਆਦਿ ਰਾਹੀਂ ਅਨਿਸ਼ਚਿਤਤਾ ਦੀ ਡਿਗਰੀ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਕਈ ਅਰਥ-ਵਿਗਿਆਨੀਆਂ ਦਾ ਮੱਤ ਹੈ ਕਿ ਆਧੁਨਿਕ ਯੁੱਗ ਵਿੱਚ ਅਨਿਸ਼ਚਿਤਤਾ ਦਾ ਸਾਮ੍ਹਣਾ ਕਰਨਾ ਉੱਦਮੀਆਂ ਲਈ ਮੁੱਖ ਚੁਨੌਤੀ ਹੈ ਅਤੇ ਉਹਨਾਂ ਨੂੰ ਲਾਭ ਅਨਿਸ਼ਚਿਤਤਾ ਭਰੇ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਵਾਤਾਵਰਨ ਦਾ ਸਾਮ੍ਹਣਾ ਕਰਨ ਲਈ ਹੀ ਪ੍ਰਾਪਤ ਹੁੰਦਾ ਹੈ।


ਲੇਖਕ : ਅਮਰਦੀਪ ਸਿੰਘ ਜੋਸ਼ੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 703, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-22-04-33-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.