ਅਯੋਧਿਆ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਯੋਧਿਆ : ਇਸ ਦਾ ਸ਼ਾਬਦਿਕ ਅਰਥ ਹੈ ਜੋ ਯੁੱਧ ਜਾਂ ਆਕ੍ਰਮਣ ਕਰਨਯੋਗ ਨਾ ਹੋਵੇ; ਅਰਥਾਤ ਪ੍ਰਬਲ ਜਾਂ ਸ਼ਕੀਤਸ਼ਾਲੀ। ਇਸ ਨਾਂ ਦਾ ਨਗਰ ਅੱਜ-ਕਲ ਉੱਤਰ ਪ੍ਰਦੇਸ਼ ਦੇ ਫ਼ੈਜ਼ਾਬਾਦ ਜ਼ਿਲੇ ਵਿਚ ਸਰਯੂ ਨਦੀ ਦੇ ਕੰਢੇ ਉਤੇ ਸਥਿਤ ਹੈ। ਇਸ ਦਾ ਮਹੱਤਵ ਸ਼੍ਰੀ ਰਾਮ ਚੰਦਰ ਦੀ ਜਨਮ-ਭੂਮੀ ਹੋਣ ਕਾਰਣ ਹੈ। ਇਹ ਪੁਰਾਤਨ ਕਾਲ ਤੋਂ ਕੌਸ਼ਲ ਜਨਪਦ ਅਤੇ ਸੂਰਜ-ਵੰਸ਼ੀ ਛੱਤ੍ਰੀ ਰਾਜਿਆਂ ਦੀ ਰਾਜਧਾਨੀ ਰਹੀ ਹੈ ਜਿਨ੍ਹਾਂ ਵਿਚੋਂ ਦਸ਼ਰਥ ਦੇ ਘਰ ਕੌਸ਼ਲਿਆ ਰਾਣੀ ਦੀ ਕੁੱਖੇ ਵਿਸ਼ਣੂ ਦੇ ਅਵਤਾਰ ਰੂਪ ਵਿਚ ਸ਼੍ਰੀ ਰਾਮ ਚੰਦਰ ਦਾ ਜਨਮ ਹੋਇਆ। ਰਾਮਾਇਣ ਕਾਵਿ-ਪਰੰਪਰਾ ਵਿਚ ਉੱਲੇਖ ਮਿਲਦਾ ਹੈ ਕਿ ਇਹ ਸਾਰੀ ਨਗਰੀ ਸ੍ਰੀ ਰਾਮ ਨਾਲ ਵਿਮਾਨ ਵਿਚ ਚੜ੍ਹ ਕੇ ਬੈਕੁੰਠ ਧਾਮ ਨੂੰ ਚਲੀ ਗਈ ਸੀ। ਹੁਣ ਵਾਲੀ ਅਯੋਧਿਆ ਬਾਦ ਦੇ ਰਿਸ਼ੀਆਂ ਮੁਨੀਆਂ ਨੇ ਖੋਜ ਕੇ ਨਿਸਚਿਤ ਕੀਤੀ ਹੈ। ਹਿੰਦੂਆਂ ਦੀਆਂ ਸੱਤ ਪਵਿੱਤਰ ਪੁਰੀਆਂ ਵਿਚ ਇਹ ਦਾ ਪਹਿਲਾ ਸਥਾਨ ਹੈ।

        ਇਹ ਨਗਰ ਕਦੋਂ ਬਣਿਆ, ਇਸ ਬਾਰੇ ਵੱਖ ਵੱਖ ਮਤ ਪ੍ਰਚਲਿਤ ਹਨ। ਮੁੱਖ ਰੂਪ ਵਿਚ, ਬਾਲਮੀਕ ਅਨੁਸਾਰ, ਇਸ ਨਗਰ ਨੂੰ ਵੈਵਸ੍ਵਤ ਮਨੁ ਨੇ ਵਸਾਇਆ ਸੀ। ‘ਸਕੰਧ ਪੁਰਾਣ’ (1/54/65) ਅਨੁਸਾਰ ਇਸ ਦੀ ਸ਼ਕਲ ਜਾਂ ਆਕਾਰ ਮੱਛੀ ਵਰਗਾ ਹੈ। ‘ਤੀਰਥ-ਕਲਪ’ (ਅਧਿ. 34) ਵਿਚ ਇਸ ਨੂੰ ਬਾਰ੍ਹਾਂ ਯੋਜਨ ਲੰਮੀ ਅਤੇ ਨੌਂ ਯੋਜਨ ਚੌੜੀ ਲਿਖਿਆ ਹੈ। ‘ਯੋਗਿਨੀਤੰਤ੍ਰ’ ਵਿਚ ਇਸ ਦੀ ਚੌੜਾਈ ਤਿੰਨ ਯੋਜਨ ਲਿਖੀ ਹੈ, ਲੰਬਾਈ ਬਾਰ੍ਹਾਂ ਯੋਜਨ ਹੀ ਦਸੀ ਹੈ।

        ਸੱਤਵੀਂ ਸਦੀ ਵਿਚ ਜਦੋਂ ਇਥੇ ਚੀਨੀ ਯਾਤ੍ਰੀ ਹਿਊਨ ਸਾਂਗ ਆਇਆ ਤਾਂ ਇਥੇ ਬੁੱਧ ਧਰਮ ਵਾਲਿਆਂ ਦਾ ਬਹੁਤ ਪ੍ਰਚਾਰ ਸੀ। ਬੋਧ ਸਾਹਿੱਤ ਦਾ ‘ਸਾਕੇਤ’ ਇਹੀ ਹੈ। ਇਥੇ 20 ਬੋਧੀ ਮੰਦਿਰਾਂ ਵਿਚ ਲਗਭਗ 3000 ਭਿਕਸ਼ੂ ਰਹਿੰਦੇ ਸਨ। ਹੁਣ ਇਨ੍ਹਾਂ ਮੰਦਿਰਾਂ ਦੇ ਖੰਡਰ ਹੀ ਬਾਕੀ ਹਨ। ਜੈਨ ਤੀਰਥਾਂਕਰ ਆਦਿ-ਨਾਥ ਦੀ ਵੀ ਇਹ ਜਨਮ-ਭੂਮੀ ਹੈ। ਸ਼੍ਰੀ ਰਾਮ ਚੰਦਰ ਜੀ ਨਾਲ ਸੰਬੰਧਿਤ ਸੀਤਾ-ਰਸੋਈ, ਹਨੁਮਾਨਗੜ੍ਹੀ ਆਦਿ ਵਿਸ਼ੇਸ਼ ਪ੍ਰਸਿੱਧ ਹਨ। ਇਥੇ ਰਾਮ ਦੇ ਜਨਮ-ਸਥਲ ਉਤੇ ਵੀ ਇਕ ਪੁਰਾਤਨ ਮੰਦਿਰ ਬਣੇ ਹੋਣ ਦੀ ਪਰੰਪਰਾ ਮੌਜੂਦ ਹੈ ਜਿਸ ਨੂੰ ਮੁਗਲ ਸ਼ਾਸਨ ਕਾਲ ਵਿਚ ਗਿਰਵਾ ਕੇ ਬਾਬਰੀ ਮਸਜਿਦ ਉਸਾਰੀ ਗਈ ਸੀ ਅਤੇ ਜੋ ਹੁਣ ਤਕ ਵਾਦ-ਵਿਵਾਦ ਅਤੇ ਸੰਪ੍ਰਦਾਇਕ ਕਟੁਤਾ ਦਾ ਕਾਰਣ ਬਣੀ ਹੋਈ ਹੈ। ਇਥੇ ਪਹਿਲੇ, ਨੌਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਆਏ ਸਨ। ਭਾਈ ਗੁਰਦਾਸ ਦੀਆਂ ਵਾਰਾਂ ਵਿਚ ਇਸ ਬਾਰੇ ਹਵਾਲਾ ਹੈ—‘ਮਥੁਰਾ ਮਾਇਆ ਅਜੁਧਿਆ ਕਾਸੀ ਕੇਦਾਰੇ’ (34/17)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.