ਅੰਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਕ 1 [ਨਾਂਪੁ] (ਗਣਿ) ਦਸ਼ਮਲਵ ਪ੍ਰਨਾਲ਼ੀ ਵਿਚ 0, 1, 2, 3... ਪ੍ਰਤੀਕਾਂ ਵਿਚੋਂ ਕੋਈ ਇਕ, ਹਿੰਦਸਾ 2 ਗੋਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21623, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਕ. ਸੰ. अङ्क्. ਧਾ—ਚਿੰਨ੍ਹ ਕਰਨਾ. ਗਿਣਨਾ. ਵਿਚਰਨਾ. ਗੋਦੀ ਵਿੱਚ ਲੈਣਾ. ਨਿੰਦਾ ਕਰਨਾ। ੨ ਸੰ. अङ्क. ਸੰਗ੍ਯਾ—ਚਿੰਨ੍ਹ. ਨਿਸ਼ਾਨ। ੩ ਅੱਖਰ. ਵਰਣ । ੪ ਲਿਖਤ. ਤਹਿਰੀਰ। ੫ ਦੇਹ. ਸ਼ਰੀਰ। ੬ ਨੌ ਦੀ ਗਿਣਤੀ, ਕਿਉਂਕਿ ਅੰਗ ਨੌ ਹਨ। ੭ ਪਾਪ. ਦੋ੄। ੮ ਗੋਦੀ. ਉਛੰਗ. “ਅਤਿ ਸਨੇਹ ਸੋਂ ਲੀਨੋ ਅੰਕ.”(ਗੁਪ੍ਰਸੂ) ੯ ਲਿਬਾਸ । ੧੦ ਅੰਤਹਕਰਣ. ਦਿਲ । ੧੧ ਕਲੰਕ. “ਬਿਨ ਅੰਕ ਮਯੰਕ ਬਨ੍ਯੋ ਬਦਨੰ.” (ਨਾਪ੍ਰ) ਬਿਨਾ ਕਲੰਕ ਮਯੰਕ (ਚੰਦ੍ਰਮਾ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਕ : ਇਹ ਉਹ ਚਿੰਨ੍ਹ ਹਨ, ਜਿਨ੍ਹਾਂ ਰਾਹੀਂ ਗਿਣਤੀਆਂ ਦਰਸਾਈਆਂ ਜਾਂਦੀਆਂ ਹਨ। ਅੰਕਾਂ ਨੂੰ ‘ਹਿੰਦਸੇ’ ਵੀ ਕਿਹਾ ਜਾਂਦਾ ਹੈ। ਹੁਣ ਤੀਕ ਸਭ ਤੋਂ ਪੁਰਾਣੇ ਅੰਕਾਂ ਦੇ ਨਮੂਨੇ ਮਿਸਰ ਤੋਂ ਮਿਲੇ ਹਨ। ਮੈਸੋਪੋਟੇਮੀਆ (ਇਰਾਕ) ਦੂਜੇ ਨੰਬਰ ਉਤੇ ਆਉਂਦਾ ਹੈ। ਮਿਸਰੀ ਅੰਕਾਂ ਦੀ ਕਾਢ ਦਾ ਸਮਾਂ ਕੋਈ 3400 ਈ. ਪੂ. ਦੇ ਨੇੜੇ ਤੇੜੇ ਹੋਵੇਗਾ। ਮਿਸਰੀ ਅੰਕਾਂ ਦੇ ਚਿੰਨ੍ਹਾਂ ਲਈ ਚਿਤਰ ਵਰਤੇ ਗਏ ਹਨ। ਮਿਸਾਲ ਦੇ ਤੌਰ ਤੇ

         

 

 

 

III

I

II

III

IIII

II

1,

2,

3,

4,

5

 

ਇਨ੍ਹਾਂ ਨੂੰ ਚਿਤਰ ਲਿੱਪੀ ਅੰਕ ਕਿਹਾ ਜਾਂਦਾ ਹੈ ਕਿਉਂਕਿ ਇਹ ਮਿਸਰੀ ਲਿਖਤ ਦਾ ਹੀ ਇਕ ਹਿੱਸਾ ਹਨ, ਜੋ ਕਿ ਚਿਤਰ ਲਿੱਪੀ ਹੈ।

ਕੁਝ ਦੇਸ਼ਾਂ ਵਿਚ ਅੰਕਾਂ ਨੂੰ ਦਰਸਾਉਣ ਲਈ ਫੱਟੀਆਂ ਉਤੇ ਝਰੀਟਾਂ ਪਾ ਦੇਂਦੇ ਸਨ। ਕਿਤੇ ਖੜੀਆ ਮਿੱਟੀ ਨਾਲ ਬਿੰਦੀਆਂ ਬਣਾਈਆਂ ਜਾਂਦੀਆਂ ਸਨ ਤੇ ਕਿਤੇ ਖੜੀਆਂ ਅਤੇ ਲੇਟਵੀਆਂ ਲੀਕਾਂ ਤੋਂ ਕੰਮ ਲਿਆ ਜਾਂਦਾ ਸੀ। ਪੁਰਾਤਨ ਮੈਸੋਪੋਟੇਮੀਆ ਵਿਚ ਖੜੀਆਂ ਲੀਕਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਸ਼ਾਇਦ ਖੜੀਆਂ ਉਂਗਲੀਆਂ ਦਾ ਸੂਚਕ ਸੀ ਜਿਵੇਂ I=1, II=2, III=3 ਪਰ ਬ੍ਰਾਹਮੀ ਵਿਚ ਅੰਕਾਂ ਲਈ ਲੇਟਵੀਆਂ ਲੀਕਾਂ ਵਰਤੀਆਂ ਜਾਂਦੀਆਂ ਸਨ ਜਿਵੇਂ - =1,= =2, ≡=3। ਅੱਗੇ ਦਿਤੇ ਚਿਤਰ ਵਿਚ ਅੰਕਾਂ ਦੇ ਉਹ ਰੂਪ ਦਰਸਾਏ ਗਏ ਹਨ ਜੋ ਬ੍ਰਾਹਮੀ ਦੇ ਵੱਖ-ਵੱਖ ਸ਼ਿਲਾਲੇਖਾਂ ਤੋਂ ਪ੍ਰਾਪਤ ਹੋਏ ਹਨ। ਯੂਨਾਨ ਵਿਚ

ਪਹਿਲਾਂ 1 ਤੋਂ ਲੈ ਕੇ 6 ਤਕ ਲਈ ਖੜੀਆਂ ਲੀਕਾਂ ਵਰਤੀਆਂ ਜਾਂਦੀਆਂ ਸਨ। ਪਿਛੋਂ 5, 10, ਆਦਿ ਸੰਖਿਆਵਾਂ ਵਿਚ ਵਰਤੇ ਜਾਂਦੇ ਸ਼ਬਦਾਂ ਦੇ ਪਹਿਲੇ ਅੱਖਰਾਂ ਦੀ ਵਰਤੋਂ ਅੰਕਾਂ ਦੀ ਥਾਂ ਹੋਣ ਲਗ ਪਈ। ਤੀਜੀ ਸਦੀ ਈ. ਪੂ. ਦੇ ਲੇਖਾਂ ਵਿਚ ਇਸੇ ਪ੍ਰਣਾਲੀ ਦਾ ਪਤਾ ਲਗਦਾ ਹੈ। ਉਸ ਦੇ ਪਿੱਛੋਂ ਵਰਣ-ਮਾਲਾ ਦੇ ਅੱਖਰ ਕ੍ਰਮ ਅਨੁਸਾਰ 1 ਤੋਂ 9 ਤੀਕ ਸੰਖਿਆਵਾਂ ਲਈ ਵਰਤੇ ਜਾਣ ਲੱਗੇ ਅਤੇ 10 ਤੋਂ 90 ਤੀਕ ਅਤੇ 100 ਤੋਂ 900 ਤਕ ਲਈ ਬਾਕੀ ਅੱਖਰਾਂ ਦੀ ਵਰਤੋਂ ਕੀਤੀ ਜਾਣ ਲੱਗੀ।

          ਰੋਮਨ ਪ੍ਰਣਾਲੀ, 1, 2, 3, 4, 5, 6 ਲਈ I, II, III, IⅤ, Ⅴ, ⅤI,…ਲਿਖੇ ਜਾਂਦੇ ਸਨ, ਅਜ ਤੀਕ ਵੀ ਥੋੜ੍ਹੀ ਬਹੁਤ ਪ੍ਰਚਲਿਤ ਹੈ। ਸੰਨ 260 ਈ. ਪੂ. ਵਿਚ ਇਹੋ ਜਿਹੀ ਪ੍ਰਣਾਲੀ ਦੇ ਪ੍ਰਚਲਿਤ ਹੋਣ ਦੇ ਸਬੂਤ ਮਿਲਦੇ ਹਨ। ਰੋਮਨ ਰਾਜ ਬਹੁਤ ਵਿਸ਼ਾਲ ਤੇ ਤਾਕਤਵਰ ਸੀ। ਆਪਣੇ ਸਮੇਂ ਦੇ ਦੂਜੇ ਅੰਕਾਂ ਦੀ ਪ੍ਰਣਾਲੀ ਨਾਲੋਂ ਰੋਮਨ ਪ੍ਰਣਾਲੀ ਚੰਗੀ ਸੀ ਕਿਉਂਕਿ ਇਸ ਰਾਹੀਂ ਚਾਰ ਅੱਖਰਾਂ ਅਰਥਾਤ V, X, L, C ਅਤੇ ਇਕ ਖੜੀ ਲੀਕ ਨਾਲ ਆਮ ਲੋੜੀਂਦੀਆਂ ਸਾਰੀਆਂ ਸੰਖਿਆਵਾਂ ਲਿਖੀਆਂ ਜਾ ਸਕਦੀਆਂ ਹਨ। ਪਿੱਛੋਂ D ਅਤੇ M ਦੀ ਵਰਤੋਂ ਨਾਲ ਵੱਡੀਆਂ ਵੱਡੀਆਂ ਰਕਮਾਂ ਨੂੰ ਲਿਖਣਾ ਵੀ ਸੰਭਵ ਹੋ ਗਿਆ। ਰੋਮਨ ਪ੍ਰਣਾਲੀ ਅਨੁਸਾਰ 1 ਲਈ, I, 2 ਲਈ II, 3 ਲਈ III, 4 ਲਈ IⅤ ਜਾਂ । । । । ਖੜੀਆਂ ਲੀਕਾਂ ਖਿੱਚ ਲਈਆਂ ਜਾਂਦੀਆਂ ਸਨ। ਪੰਜ ਦੇ ਅੰਕ ਨੂੰ Ⅴ ਨਾਲ ਦਰਸਾਇਆ ਜਾਂਦਾ ਸੀ। ਸੌ ਲਈ ਰੋਮਨ ਸ਼ਬਦ ਸੈਂਟਮ (Centum)  ਦਾ ਪਹਿਲਾ ਅੱਖਰ C ਅਤੇ ਹਜ਼ਾਰ ਲਈ ਸ਼ਬਦ ਮਿਲੀ (Mille) ਦਾ ਪਹਿਲਾ ਅੱਖਰ M ਵਰਤਿਆ ਜਾਂਦਾ ਸੀ। ਵੱਡੀ ਰਕਮ ਦੇ ਖੱਬੇ ਪਾਸੇ ਛੋਟੀ ਰਕਮ ਲਿਖ ਕੇ ਦੋਹਾਂ ਦਾ ਫ਼ਰਕ ਦਰਸਾਇਆ ਜਾਂਦਾ ਹੈ, ਜਿਵੇਂ IⅤ=4 (ਚਾਰ)। ਇਸ ਰੋਮਨ ਪ੍ਰਣਾਲੀ ਰਾਹੀਂ ਬਹੁਤ ਵੱਡੀਆਂ ਰਕਮਾਂ ਨਹੀਂ ਲਿਖੀਆਂ ਜਾ ਸਕਦੀਆਂ ਸਨ। ਲੋੜ ਪੈਣ ਤੇ (1) ਤੋਂ 1000, ((1)) ਤੋਂ 10000, ਅਤੇ (((1))) ਤੋਂ ਇਕ ਲੱਖ ਦਾ ਭਾਵ ਲਿਆ ਜਾਂਦਾ ਸੀ ਪਰ ਜਦੋਂ ਰੋਮਨਾਂ ਨੇ 260 ਈ. ਪੂ. ਵਿਚ ਕਾਰਥਿਜ (Carthage) ਦੇ ਲੋਕਾਂ ਉਤੇ ਆਪਣੀ ਜਿੱਤ ਦੀ ਯਾਦਗਾਰ ਵਿਚ ਥੰਮ੍ਹ ਬਣਾਇਆ ਅਤੇ ਉਸ ਉਤੇ ਜਦੋਂ 23,00,000 ਲਿਖਣਾ ਪਿਆ ਤਾਂ ਉਨ੍ਹਾਂ ਨੂੰ 23 ਵਾਰੀ ((1)) ਲਿਖਣਾ ਪਿਆ।

          ਯੂਕਾਟਾਨ (Yucatan) ਮੈਕਸੀਕੋ ਅਤੇ ਮੱਧ ਅਮਰੀਕਾ ਦੀ ਮਾਯਾ (Maya) ਸਭਿਅਤਾ ਪੁਰਾਣੇ ਸਮਿਆਂ ਵਿਚ ਕਾਫ਼ੀ ਤਰੱਕੀ ਤੇ ਰਹੀ ਹੈ। ਉਥੇ ਬਿੰਦੀਆਂ ਨਾਲ 1, 2, 3 ਨੂੰ ਦਰਸਾਇਆ ਜਾਂਦਾ ਸੀ। ਸਿੱਧੀ ਲੇਟਵੀਂ ਲਕੀਰ ਪੰਜ ਨੂੰ ਅਤੇ ਗਲ ਚੱਕਰ 20 ਨੂੰ ਦਰਸਾਉਂਦਾ ਸੀ। ਇਸ ਤਰੀਕੇ ਨਾਲ ਲਿਖੀਆਂ ਕੁਝ ਰਕਮਾਂ ਹਠ ਵਿਖਾਈਆਂ ਜਾਂਦੀਆਂ ਹਨ :

            ਯੂਰਪ ਵਿਚ ਅੰਕਾਂ (1,2,3,…) ਦੀ ਉਤਪਤੀ ਬਾਰੇ ਅੱਗੇ ਕਈ ਰਾਵਾਂ ਸਨ, ਪਰ ਹੁਣ ਪੱਛਮੀ ਵਿਦਵਾਨ ਵੀ ਮੰਨਦੇ ਹਨ ਕਿ ਉਨ੍ਹਾਂ ਦਾ ਮੂਲ ਪੁਰਾਣੀ ਭਾਰਤੀ ਪ੍ਰਣਾਲੀ ਬ੍ਰਾਹਮੀ ਹੀ ਹੈ। ਪਰ ਦੇਸ਼ ਅਤੇ ਸਮੇਂ ਦੇ ਫ਼ਰਕ ਨਾਲ ਕਈ ਅੰਕਾਂ ਦੇ ਸ਼ਕਲ ਵਿਚ ਕੁਝ ਤਬਦੀਲੀ ਆ ਗਈ ਹੈ। 2 ਅਤੇ 3 ਸਪਸ਼ਟ ਤੌਰ ਤੇ ਬ੍ਰਾਹਮੀ ਦੇ ਦੋ ਅਤੇ ਤਿੰਨ ਅਰਥਾਤ=ਅਤੇ ≡ ਦੇ ਘਸੀਟਵੇਂ ਰੂਪ ਹਨ। ਇਨ੍ਹਾਂ ਤੋਂ ਬਿਨਾਂ ਕਈ ਹੋਰ ਯੂਰਪੀ ਅੰਕਾਂ ਦੇ ਰੂਪ ਵੀ ਬ੍ਰਾਹਮੀ ਅੰਕਾਂ ਨਾਲ ਮਿਲਦੇ ਜੁਲਦੇ ਹਨ। ਉਦਾਹਰਨ ਵਜੋਂ 1,4 ਅਤੇ 6 ਅਸ਼ੋਕ ਦੇ ਸ਼ਿਲਾ-ਲੇਖਾਂ ਦੇ 1,4 ਅਤੇ 6 ਨਾਲ ਮਿਲਦੇ ਜੁਲਦੇ ਹਨ। 2,3,4,5,6,7 ਅਤੇ 9 ਨਾਸਿਕ ਦੀਆਂ ਗੁਫ਼ਾਵਾਂ ਦੇ ਅੰਕਾਂ ਵਰਗੇ ਹਨ। ਪਰ ਯੂਰਪੀ ਲੋਕਾਂ ਨੇ ਇਹ ਅੰਕ ਸਿੱਧੇ ਭਾਰਤੀ ਲੋਕਾਂ ਤੋਂ ਨਹੀਂ ਲਏ, ਉਨ੍ਹਾਂ ਨੇ ਇਹ ਅਰਬ ਵਾਲਿਆਂ ਤੋਂ ਸਿੱਖੇ ਹਨ। ਇਸੇ ਲਈ ਇਹ ਅੰਕ ਯੂਰਪ ਵਿਚ ਅਰੈਬਿਕ ਅੰਕ ਕਹੇ ਜਾਂਦੇ ਹਨ। ਉਪਰ ਦੱਸੇ ਪਰਮਾਣਾਂ ਦੇ ਆਧਾਰ ਤੇ ਵਿਗਿਆਨੀ ਹੁਣ ਇਨ੍ਹਾਂ ਨੂੰ ਹਿੰਦੂ-ਅਰੈਬਿਕ ਅੰਕ ਆਖਦੇ ਹਨ।

          ਅਸ਼ੋਕ ਦੇ ਸ਼ਿਲਾ-ਲੇਖਾਂ (ਤੀਸਰੀ ਸਦੀ ਈ. ਪੂ.) ਵਿਚ 1,4 ਅਤੇ 6 ਦਾ ਹਵਾਲਾ ਮਿਲਦਾ ਹੈ। 2,4,6,7 ਅਤੇ 9 ਦਾ ਹਵਾਲਾ ਅਸ਼ੋਕ ਦੇ ਇਕ ਸਦੀ ਪਿੱਛੋਂ ਵਾਲੇ ਨਾਨਾਘਾਟ ਦੇ ਸ਼ਿਲਾ-ਲੇਖਾਂ ਵਿਚ ਮਿਲਦਾ ਹੈ। ਜਿਵੇਂ ਕਿ ਉਪਰ ਦਸਿਆ ਹੈ 2,3,4,5,6,7 ਅਤੇ 9 ਦਾ ਹਵਾਲਾ ਪਹਿਲੀ ਜਾਂ ਦੂਜੀ ਸਦੀ ਈਸਵੀ ਦੀਆਂ ਨਾਸਿਕ ਦੀਆਂ ਗੁਫ਼ਾਵਾਂ ਵਿਚੋਂ ਮਿਲ ਜਾਂਦਾ ਹੈ ਪਰ ਕਿਸੇ ਵੀ ਮੁੱਢਲੇ ਹਿੰਦੁਸਤਾਨੀ ਸ਼ਿਲਾ-ਲੇਖ ਵਿਚ ਸਥਾਨਕ ਮੁੱਲ ਦਾ ਸਿਫ਼ਰ ਦਾ ਹਵਾਲਾ ਨਜ਼ਰ ਨਹੀਂ ਆਉਂਦਾ। ਹਿੰਦੂ ਸਾਹਿਤ ਵਿਚ ਇਸ ਗੱਲ ਦੀ ਗਵਾਹੀ ਤਾਂ ਮਿਲਦੀ ਹੈ ਕਿ ਸਿਫ਼ਰ ਬਾਰੇ ਈਸਾ ਤੋਂ ਪਹਿਲਾਂ ਵੀ ਹਿੰਦੂਆਂ ਨੂੰ ਪਤਾ ਸੀ ਪਰ ਇਹ ਲਿਖਿਆ ਹੋਇਆ ਕਿਸੇ ਨੌਵੀਂ ਸਦੀ ਤੋਂ ਪਹਿਲਾਂ ਦੇ ਸ਼ਿਲਾ-ਲੇਖ ਵਿਚ ਨਹੀਂ ਮਿਲਦਾ।

          ਸੰਸਕ੍ਰਿਤ ਵਿਚ ਸਿਫ਼ਰ ਨੂੰ ਸ਼ੂੰਨਯ (शून्य) ਕਹਿੰਦੇ ਹਨ ਅਰਬੀ ਵਾਲਿਆਂ ਨੇ ਜਦੋਂ ਇਸ ਚਿੰਨ੍ਹ ਨੂੰ ਅਪਣਾਇਆ ਤਾਂ ਇਸ ਦਾ ਨਾਂ ਉਨ੍ਹਾਂ ਨੇ ਸਿਫ਼ਰ ਰੱਖ ਲਿਆ। ਪੁਰਾਣੇ ਲਾਤੀਨੀ ਲੇਖਕਾਂ ਨੇ ਅਰਬੀ ਦੇ ਲਫਜ਼ ਸਿਫ਼ਰ ਦਾ ਅਨੁਵਾਦ ਜਾਂ ਲਿੱਪੀ-ਅੰਤਰ ਜ਼ੈਫ਼ਿਰਮ (Zephyrum) ਕੀਤਾ ਅਤੇ ਇਤਾਲਵੀ ਵਿਚ ਇਸ ਨੇ Zeuero ਅਤੇ Zepiro ਦਾ ਰੂਪ ਧਾਰਿਆ ਅਤੇ ਅੱਗੇ ਜਾ ਕੇ ਅੰਗਰੇਜ਼ੀ ਵਿਚ ਇਹ ਜ਼ੀਰੋ (zero) ਬਣਿਆ। ਮੱਧ-ਅਮਰੀਕਾ ਦੇ ਮਾਯਾ ਸ਼ਿਲਾ-ਲੇਖਾਂ ਵਿਚ ਸਿਫ਼ਰ ਵਰਗਾ ਇਕ ਚਿੰਨ੍ਹ ਮਿਲਦਾ ਹੈ ਪਰ ਇਹ ਕੇਵਲ ਕੈਲੰਡਰ ਦੇ ਸਬੰਧ ਵਿਚ ਹੀ ਆਇਆ ਜਾਪਦਾ ਹੈ।

          ਅੱਜ ਸੰਸਾਰ ਦੀਆਂ ਬਹੁਤੀਆਂ ਬੋਲੀਆਂ ਵਿਚ 1 ਤੋਂ 9 ਤਕ ਦੇ ਅੰਕਾਂ ਲਈ ਵੱਖਰੇ-ਵੱਖਰੇ ਚਿੰਨ੍ਹ ਹਨ। ਫਿਰ 1 ਨਾਲ 0 (ਸਿਫ਼ਰ) ਲਾ ਕੇ 10 ਬਣਾਇਆ ਜਾਂਦਾ ਹੈ। ਅੱਗੋਂ ਦੇ ਸਾਰੇ ਅੰਕ 10 ਨੂੰ ਆਧਾਰ ਮੰਨ ਕੇ ਬਣਾਏ ਜਾਂਦੇ ਹਨ, ਜਿਵੇਂ

          13=10+3,17=10+7, 19=10+9

ਇਸ ਗੱਲ ਨੂੰ ਅਸੀਂ ਗਣਿਤ ਦੀ ਬੋਲੀ ਵਿਚ ਇਉਂ ਕਹਿੰਦੇ ਹਾਂ ਕਿ ਸਾਡੀ ਸੰਖਿਆ-ਪ੍ਰਣਾਲੀ ਦਹਾਕਿਆਂ ਵਾਲੀ ਹੈ।

          ਅਸੀਂ ਉਪਰ ਵੇਖ ਚੁੱਕੇ ਹਾਂ ਕਿ ਗਿਣਨ ਦੀ ਮੁੱਢਲੀ ਪ੍ਰਣਾਲੀ ਯੋਗਾਤਮਕ ਸੀ। ਦੋ ਲਕੀਰਾਂ ਦਾ ਅਰਥ ਦੋ ਅਤੇ ਤਿੰਨਾਂ ਦਾ ਤਿੰਨ ਹੁੰਦਾ ਸੀ। ਪਰ ਅਜੋਕੀ ਸੰਖਿਆ-ਪ੍ਰਣਾਲੀ ਯੋਗਾਤਮਕ ਵੀ ਹੈ ਅਤੇ ਗੁਣਨਾ-ਤਮਕ ਵੀ ਜਿਵੇਂ :

          45=4×10+5

          68=6×10+8

          91=9×10+1

ਸਪਸ਼ਟ ਹੈ ਕਿ 45 ਵਿਚ 4 ਦਾ ਸੰਖਿਆਤਮਕ ਮੁਲ ਤਾਂ 4 ਹੀ ਹੈ ਪਰ ਆਪਣੀ ਥਾਂ ਦੇ ਕਾਰਨ ਉਸ ਦਾ ਮੁੱਲ 40 ਹੈ। ਇਸੇ ਤਰ੍ਹਾਂ 40 ਵਿਚ 5 ਜੋੜਨ ਤੇ 45 ਬਣਦਾ ਹੈ। ਥਾਵਾਂ ਦੇ ਮੁੱਲ ਇਕਾਈ, ਦਹਾਈ, ਸੈਂਕੜਾ ਆਦਿ ਕਰਕੇ ਪ੍ਰਸਿਧ ਹਨ। ਜਦੋਂ ਤੀਕ ਸਿਫ਼ਰ ਬਾਰੇ ਗਿਆਨ ਨਹੀਂ ਸੀ ਹੋਇਆ, ਉਦੋਂ ਤੀਕ ਸਥਾਨਕ ਮੁੱਲਾਂ ਦੀ ਵਰਤੋਂ ਠੀਕ ਤਰ੍ਹਾਂ ਨਹੀਂ ਹੋ ਸਕਦੀ ਸੀ।

          ਸਿਫ਼ਰ-ਰਹਿਤ ਪ੍ਰਣਾਲੀਆਂ (ਜਿਵੇਂ ਕਿ ਰੋਮਨ) ਵਿਚ ਵੱਡੀਆਂ ਵੱਡੀਆਂ ਰਕਮਾਂ ਨਾਲ ਗੁਣਾ ਕਰਨਾ ਤਾਂ ਲਗਭਗ ਅਸੰਭਵ ਹੈ।

          ਹ. ਪੁ.––‘ਐਨ. ਇੰਟਰੋਡਕਸ਼ਨ ਟੂ ਦੀ ਹਿਸਟਰੀ ਆਫ ਮੈਥਿਮੈਟਿਕਸ’ ––ਹਾਵਰਡ ਈਵਜ਼ (1964); ਹੋਲਟ, ਰਾਈਨਹਾਰਟ ਐਂਡ ਵਿੰਸਟਨ ਇੰਕ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 21534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-08, ਹਵਾਲੇ/ਟਿੱਪਣੀਆਂ: no

ਅੰਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੰਕ, ਸੰਸਕ੍ਰਿਤ / ਪੁਲਿੰਗ : ੧. ਚਿੰਨ੍ਹ, ਨਿਸ਼ਾਣ; ੨. ਗਿਣਤੀ ਦਾ ਅੰਗ, ਹਿੰਦਸਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-01-08-09, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

'ਅਕ' ਪਿਛੇਤਰ ਦਾ ਕੀ ਅਰਥ ਹੋਵੇਗਾ ਜੀ ।


ਗੁਰੂਸੇਵਕ ਸਿੰਘ, ( 2022/10/12 07:3319)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.