ਆਧੁਨਿਕਤਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਧੁਨਿਕਤਾ : ਇਸ ਕਾਇਨਾਤ ਵਿੱਚ ਮਨੁੱਖ ਇੱਕੋ-ਇੱਕ ਅਜਿਹਾ ਜੀਵ ਹੈ ਜਿਸ ਕੋਲ ਸੋਚਣ ਅਤੇ ਸੰਚਾਰਨ ਦੀ ਅਥਾਹ ਸ਼ਕਤੀ ਹੈ। ਉਹ ਆਪਣੇ ਬਾਰੇ, ਆਪਣੇ ਆਲੇ-ਦੁਆਲੇ ਬਾਰੇ ਅਤੇ ਇਸ ਧਰਤੀ ਉੱਤੇ ਆਪਣੇ ਜੀਵਨ ਨੂੰ ਉੱਤਮ, ਸੁਖਾਲਾ ਅਤੇ ਵਧੀਆ ਬਣਾਉਣ ਬਾਰੇ ਸੋਚਦਾ ਹੈ। ਇਸੇ ਸ਼ਕਤੀ ਦੇ ਸਹਾਰੇ ਉਸ ਨੇ ਲਗਾਤਾਰ ਵਿਕਾਸ ਕੀਤਾ ਹੈ ਅਤੇ ਆਪਣੀਆਂ ਪ੍ਰਾਪਤੀਆਂ ਦਾ ਇੱਕ ਲੰਬਾ ਇਤਿਹਾਸ ਸਿਰਜਿਆ ਹੈ।

     ਮਨੁੱਖੀ ਸੋਚ ਅਤੇ ਇਸ ਤੇ ਨਿਰਭਰ ਮਨੁੱਖੀ ਵਿਕਾਸ ਦੇ ਇਤਿਹਾਸ ਨੂੰ ਚਿੰਤਕਾਂ ਨੇ ਤਿੰਨ ਕਾਲਾਂ ਵਿੱਚ ਵੰਡਿਆ ਹੈ- ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ। ਵੱਖ-ਵੱਖ ਸਮਿਆਂ ਵਿੱਚ ਮਨੁੱਖ ਨੇ ਇਸ ਸੰਸਾਰ ਨੂੰ ਨਿਰਖਣ- ਪਰਖਣ, ਸਮਝਣ-ਸਮਝਾਉਣ ਲਈ ਆਪਣੀ ਸੋਚ ਅਤੇ ਸਮਰੱਥਾ ਅਨੁਸਾਰ ਵੱਖੋ-ਵੱਖਰੇ ਤਰਕ ਸਿਰਜੇ ਹਨ। ਮਿਸਾਲ ਵਜੋਂ, ਕੋਈ ਸਮਾਂ ਸੀ ਜਦੋਂ ਮਨੁੱਖ ਪਾਣੀ ਖ਼ਾਤਰ ਦਰਿਆਵਾਂ ਝੀਲਾਂ ਦੇ ਕਿਨਾਰੇ ਵਸਿਆ ਅਤੇ ਜੀਵਨ ਲਈ ਪਾਣੀ ਦੀ ਲੋੜ ਅਤੇ ਹੜ੍ਹਾਂ ਦੇ ਰੂਪ ਵਿੱਚ ਪਾਣੀ ਦੀ ਕ੍ਰੋਪੀ ਤੋਂ ਭੈ-ਭੀਤ ਹੋ ਉਸ ਨੇ ਪਾਣੀ ਨੂੰ ਦੇਵਤਾ ਮੰਨਿਆ। ਫਿਰ ਸਮਾਂ ਆਇਆ ਮਨੁੱਖ ਨੇ ਧਰਤੀ ਥੱਲਿਉਂ ਪਾਣੀ ਨੂੰ ਲੱਭ ਲਿਆ ਅਤੇ ਦਰਿਆਵਾਂ ਤੋਂ ਦੂਰ ਧਰਤੀ ਨੂੰ ਅਬਾਦ ਕਰਨ ਲੱਗਾ। ਇਸੇ ਤਰ੍ਹਾਂ ਇੱਕ ਸਮਾਂ ਸੀ ਜਦੋਂ ਇਹ ਸੋਚਿਆ ਜਾਂਦਾ ਸੀ ਕਿ ਧਰਤੀ ਇੱਕ ਬਲਦ ਦੇ ਸਿੰਗਾਂ ਤੇ ਟਿਕੀ ਹੋਈ ਹੈ ਅਤੇ ਜਦੋਂ ਥੱਕਿਆ ਬਲਦ ਸਿੰਗ ਬਦਲਾਉਂਦਾ ਹੈ ਤਾਂ ਧਰਤੀ ਡਗਮਗਾਉਂਦੀ ਹੈ ਅਤੇ ਭੁਚਾਲ ਆਉਂਦਾ ਹੈ। ਕਿਸੇ ਸਮੇਂ ਮਨੁੱਖੀ ਸੋਚ ਵਿੱਚ ਧਰਮ ਨੇ ਇਹ ਤਰਕ ਵੀ ਬੜੀ ਘਾਲਣਾ ਨਾਲ ਸਿਰਜਿਆ ਸੀ ਕਿ ਧਰਤੀ ਅਤੇ ਇਸਦਾ ਦਿਖਦਾ ਸਾਰਾ ਪਸਾਰਾ ‘ਰੱਬੀ ਹੁਕਮ’ ਨਾਲ ਹੋਂਦ ਵਿੱਚ ਆਇਆ। ਬਾਈਬਲ ਅਨੁਸਾਰ ਸਾਰੀ ਸ੍ਰਿਸਟੀ ਰਚਣ ਲਈ ਛੇ ਦਿਨ ਲੱਗੇ। ਅੱਜ ਇਹ ਅਤੇ ਇਹੋ ਜਿਹੇ ਹੋਰ ਬਹੁਤ ਸਾਰੇ ਤਰਕ ਹਾਸੋ-ਹੀਣੇ ਜਾਪਦੇ ਹਨ ਕਿਉਂਕਿ ਸਾਡਾ ਸੋਚਣ ਸਮਝਣ ਦਾ ਢੰਗ ਬਦਲ ਗਿਆ ਹੈ। ਡਾਰਵਿਨ ਨੇ ‘ਵਿਕਾਸਵਾਦ ਦੇ ਸਿਧਾਂਤ’ ਰਾਹੀਂ ਇਸ ਧਰਤੀ ਉੱਤੇ ਮਨੁੱਖ ਦੀ ਉਤਪਤੀ ਦਾ ਇਤਿਹਾਸ ਰਚ ਦਿੱਤਾ। ਉਸ ਨੇ ਇੱਕ ਸੈੱਲ ਵਾਲੇ ਜੀਵ ਤੋਂ ਲੈ ਕੇ ਮਨੁੱਖ ਤੱਕ ਦੇ ਵਿਕਾਸ ਦੇ ਰਹੱਸ ਦਾ ਵਰਕਾ-ਵਰਕਾ ਫ਼ੋਲ ਦਿੱਤਾ ਹੈ। ਅਸੀਂ ਆਪਣੀ ਧਰਤੀ ਦੇ ਧੁਰ ਅੰਦਰਲੇ ਭੇਤਾਂ ਅਤੇ ਬ੍ਰਹਿਮੰਡ ਵਿੱਚ ਬਾਕੀ ਤਹਿਆਂ ਦੀਆਂ ਗਤੀਵਿਧੀਆਂ ਬਾਰੇ ਏਨਾ ਕੁਝ ਜਾਣਦੇ ਹਾਂ ਕਿ ਸਾਨੂੰ ਚੰਦ, ਤਾਰਿਆਂ, ਭੁਚਾਲਾਂ ਬਾਰੇ ਕੋਈ ਭੁਲੇਖਾ ਨਹੀਂ। ਭੌਤਿਕ-ਵਿਗਿਆਨੀਆਂ, ਰਸਾਇਣ-ਵਿਗਿਆਨੀਆਂ, ਸਮਾਜ-ਵਿਗਿਆਨੀਆਂ, ਮਨੋਵਿਗਿਆਨੀਆਂ ਨੇ ਇਸ ਬ੍ਰਹਿਮੰਡ ਬਾਰੇ, ਇਸ ਧਰਤੀ ਉੱਤੇ ਆਪਣੇ ਸਹਿਵਾਸੀ ਜੀਵ-ਜੰਤੂਆਂ ਨਾਲ ਵਿਚਰਦੇ ਮਨੁੱਖ ਬਾਰੇ, ਮਨੁੱਖੀ ਸਮਾਜ ਬਾਰੇ ਅਤੇ ਮਨੁੱਖੀ ਮਨ ਬਾਰੇ ਏਡੇ ਨਿੱਗਰ ਵਿਸ਼ਲੇਸ਼ਣ ਕੀਤੇ ਹਨ ਕਿ ਸਾਡਾ ਸੋਚਣ-ਵਿਚਾਰਨ, ਵੇਖਣ-ਪਰਖਣ ਅਤੇ ਜਿਊਂਣ ਦਾ ਢੰਗ ਤਰੀਕਾ ਹੀ ਬਦਲ ਗਿਆ ਹੈ। ਇਹ ਨਵੀਂ ਦ੍ਰਿਸ਼ਟੀ ਅਤੇ ਦ੍ਰਿਸ਼ਟੀਕੋਣ ਜਿਸਨੇ ਸਾਨੂੰ ਪੂਰਬਲੇ ਸਮਿਆਂ ਤੋਂ ਨਿਖੇੜਿਆ ਹੈ, ਇਹ ਸਾਨੂੰ ਵਿਗਿਆਨ ਨੇ ਦਿੱਤੀ ਹੈ। ਜਿਵੇਂ ਪ੍ਰਾਚੀਨ ਯੁੱਗ ਮਿਥਿਹਾਸ ਦਾ ਯੁੱਗ ਹੈ, ਮਧਯੁੱਗ ਧਰਮ ਦਾ ਯੁੱਗ ਹੈ, ਉਵੇਂ ਹੀ ਆਧੁਨਿਕ ਯੁੱਗ ਵਿਗਿਆਨ ਦਾ ਯੁੱਗ ਹੈ।

     ‘ਆਧੁਨਿਕ’ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਜਿਹੜਾ ਅੰਗਰੇਜ਼ੀ ਸ਼ਬਦ ‘Modern’ ਦੇ ਸਮਾਨਾਰਥਕ ਵਜੋਂ ਪੰਜਾਬੀ ਵਿੱਚ ਵਰਤਿਆ ਜਾਂਦਾ ਹੈ। ‘ਆਧੁਨਿਕ’ ਦੇ ਅਰਥ ਹਨ ‘ਹੁਣੇ ਹੋਇਆ’। ਮਨੁੱਖੀ ਇਤਿਹਾਸ ਵਿੱਚ ਇਹ ਵੱਡੀ ਅਤੇ ਪਛਾਣਨਯੋਗ ਤਬਦੀਲੀ ਹੁਣੇ-ਹੁਣੇ ਵਾਪਰੀ ਹੈ। ਸਾਡੇ ਵੱਡੇ-ਵਡੇਰੇ ਇਸਦੀ ਅੱਖੀਂ ਡਿੱਠੀ ਗਵਾਹੀ ਭਰ ਰਹੇ ਹਨ। ਉਹਨਾਂ ਦੇ ਚੇਤਿਆਂ ਵਿੱਚ ਅਜੇ ਵੀ ਇਹ ਗੱਲ ਤਾਜ਼ੀ ਹੈ ਕਿ ਰੇਲ ਗੱਡੀ ਨੂੰ ਵੇਖ ਉਹਨਾਂ ਦੇ ਵਡੇਰਿਆਂ ਨੇ ਬੁਝਾਰਤ ਪਾਈ ਸੀ ਕਿ :

ਨਿੱਕੇ ਨਿੱਕੇ ਠੀਂਗਣੇ ਸੰਦੂਕ ਚੁੱਕੀ ਜਾਂਦੇ ਨੇ

            ਰਾਜਾ ਪੁਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਨੇ

     ਇੱਕ ਸਮਾਂ ਸੀ ਜਦੋਂ ਮਨੁੱਖ ਕੋਲ ਤੇਜ਼ ਤੋਂ ਤੇਜ਼ ਚੱਲਣ ਲਈ ਘੋੜਾ ਸੀ। ਅੱਜ ਸਾਡੇ ਕੋਲ ਰੇਲ ਗੱਡੀਆਂ, ਕਾਰਾਂ, ਹਵਾਈ ਜਹਾਜ਼ ਹਨ। ਅਜੇ ਕੁਝ ਚਿਰ ਪਹਿਲਾਂ ਮਨੁੱਖ ਬਲਦਾਂ ਰਾਹੀਂ, ਹਲਾਂ ਰਾਹੀਂ ਅਤੇ ਖੂਹ ਰਾਹੀਂ ਖੇਤੀ ਕਰਦਾ ਸੀ, ਅੱਜ ਟਰੈਕਟਰ ਟਿਊਬਵੈੱਲਾਂ ਅਤੇ ਖੇਤੀ ਨਾਲ ਸੰਬੰਧਿਤ ਹੋਰ ਮਸ਼ੀਨਰੀ ਬਿਨਾਂ ਖੇਤੀ ਅਸੰਭਵ ਜਾਪਦੀ ਹੈ। ਆਵਾਜਾਈ ਦੇ ਸਾਧਨਾਂ, ਰੁਜ਼ਗਾਰ ਦੇ ਮੌਕਿਆਂ ਅਤੇ ਟੈਲੀਵੀਜ਼ਨ, ਟੈਲੀਫੂਨ, ਕੰਪਿਊਟਰ, ਈ-ਮੇਲ ਵਰਗੇ ਸੰਚਾਰ ਵਸੀਲਿਆਂ ਨੇ ਸਾਰੀ ਦੁਨੀਆ ਨੂੰ ਗਲੋਬਲ ਪਿੰਡ ਵਿੱਚ ਤਬਦੀਲ ਕਰ ਦਿੱਤਾ ਹੈ। ਅੱਜ ਸਾਨੂੰ ਤਕਨਾਲੋਜੀ ਬਿਨਾਂ ਜ਼ਿੰਦਗੀ ਕਿਆਸਣਾ ਅਸੰਭਵ ਲੱਗਦਾ ਹੈ। ਅਸੀਂ ਇਸ ਸਭ ਕਾਸੇ ਨੂੰ ਉਵੇਂ ਹੀ ਗ੍ਰਹਿਣ ਕਰ ਰਹੇ ਹਾਂ ਜਿਵੇਂ ਅਸੀਂ ਆਪਣੇ ਮਾਪਿਆਂ ਤੋਂ ਮਾਂ- ਬੋਲੀ, ਆਚਰਨ, ਵਿਚਰਨ ਦੇ ਢੰਗ, ਖਾਣ-ਪੀਣ, ਪਹਿਨਣ ਦੀ ਸੂਝ ਜਾਂ ਨਿਰਖ-ਪਰਖ ਦੀ ਜਮਾਂਦਰੂ ਰੁਚੀ ਗ੍ਰਹਿਣ ਕਰਦੇ ਹਾਂ। ਵਿਗਿਆਨ, ਤਕਨਾਲੋਜੀ ਅਤੇ ਮਸ਼ੀਨਰੀ ਆਧੁਨਿਕ ਯੁੱਗ ਦੇ ਪਛਾਣ ਚਿੰਨ੍ਹ ਹਨ। ਇਹਨਾਂ ਚਿੰਨ੍ਹਾਂ ਵਾਲੇ ਯੁੱਗ ਦੇ ਲੱਛਣਾਂ ਨੂੰ, ਸੁਭਾਅ ਨੂੰ, ਵਿਸ਼ੇਸ਼ਤਾਵਾਂ ਨੂੰ ਗ੍ਰਹਿਣ ਕਰਨ ਦੀ ਪ੍ਰਵਿਰਤੀ ਹੀ ਆਧੁਨਿਕਤਾ ਕਹਾਈ।

     ਕਈ ਵਾਰ ਆਧੁਨਿਕਤਾ ਨੂੰ ਸਮਕਾਲੀਨਤਾ ਜਾਂ ਨਵੀਨਤਾ ਨਾਲ ਰੱਲ-ਗੱਡ ਕਰ ਦਿੱਤਾ ਜਾਂਦਾ ਹੈ। ਆਧੁਨਿਕਤਾ ਦੇ ਸੰਕਲਪ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਇਹ ਜਾਣਿਆ ਜਾਵੇ ਕਿ ਇਹ ਸਮਕਾਲੀਨ ਜਾਂ ਨਵੀਨ ਵਾਂਗ ਨਿਰੋਲ ਸਮੇਂ ਨਾਲ ਸੰਬੰਧ ਰੱਖਦੀ ਧਾਰਨਾ ਨਹੀਂ। ਸਾਡੇ ਸਮਕਾਲੀ ਦੌਰ ਵਿੱਚ ਵਾਪਰਦੀ ਜਾਂ ਸਾਡੇ ਨੋਟਿਸ ਵਿੱਚ ਆਉਂਦੀ ਹਰ ਘਟਨਾ, ਵਰਤਾਰਾ ਜਾਂ ਤਬਦੀਲੀ ਜ਼ਰੂਰੀ ਨਹੀਂ ਆਧੁਨਿਕਤਾ ਨਾਲ ਸੰਬੰਧ ਰੱਖਦੀ ਹੋਵੇ। ਵਿਸ਼ਵ ਦੇ ਇਤਿਹਾਸ ਵਿੱਚ ਮੱਧਕਾਲ ਦੇ ਤਰਕਾਂ ਨੂੰ ਕੱਟਣ ਵਾਲਾ ਵਿਗਿਆਨ ਪਹਿਲੇ-ਪਹਿਲ ਸੋਲ੍ਹਵੀਂ ਸਦੀ ਵਿੱਚ ਪ੍ਰਵੇਸ਼ ਕਰਦਾ ਹੈ। ਅਠਾਰ੍ਹਵੀਂ ਉਨ੍ਹੀਵੀਂ ਸਦੀ ਵਿੱਚ ਡਾਰਵਿਨ, ਮਾਰਕਸ, ਆਈਨਸਟਾਈਨ, ਹਾਈਜ਼ਨ ਬਰਗ, ਫ਼ਰਾਇਡ ਆਦਿ ਵਰਗੇ ਚਿੰਤਕ ਅੱਡੋ-ਅੱਡ ਖੇਤਰਾਂ ਵਿੱਚ ਆਪਣੇ ਨਵੇਕਲੇ ਚਿੰਤਨ ਪੇਸ਼ ਕਰਦੇ ਹਨ। ਇਸ ਸਮੇਂ ਦੌਰਾਨ ਮਨੁੱਖ ਦੀਆਂ ਸਰੀਰਕ ਕਿਰਿਆਵਾਂ ਨੂੰ ਸੁਖਾਲਾ ਬਣਾਉਣ ਵਾਲੀਆਂ ਮਸ਼ੀਨਾਂ ਦਾ ਨਿਰਮਾਣ ਮਨੁੱਖ ਦੀ ਸਮਰੱਥਾ ਅਤੇ ਰਫ਼ਤਾਰ ਨੂੰ ਵਧਾ ਦਿੰਦਾ ਹੈ। ਉਦਯੋਗੀਕਰਨ, ਮਸ਼ੀਨੀਕਰਨ, ਸ਼ਹਿਰੀਕਰਨ ਇਸ ਦੇ ਪ੍ਰਮੁਖ ਪਛਾਣ-ਚਿੰਨ੍ਹ ਬਣਦੇ ਹਨ। ਇਹ ਸਾਰਾ ਕੁਝ ਸਾਡੇ ਨਿਕਟ ਇਤਿਹਾਸ ਵਿੱਚ ਵਾਪਰਿਆ ਹੈ ਪਰ ਆਧੁਨਿਕਤਾ ਨੂੰ ਨਿਰੋਲ ਸਮੇਂ ਦੇ ਹਵਾਲੇ ਨਾਲ ਨਹੀਂ ਸਮਝਿਆ ਜਾ ਸਕਦਾ। ਇਸ ਵਿੱਚ ਸਮੇਂ ਦਾ ਪ੍ਰਸੰਗ ਹਾਜ਼ਰ ਹੈ ਪਰ ਇਹ ਆਪਣੇ-ਆਪ ਵਿੱਚ ਇੱਕ ਵੱਖਰੀ ਸੂਝ ਹੈ, ਇੱਕ ਦ੍ਰਿਸ਼ਟੀ ਹੈ, ਇੱਕ ਸੰਕਲਪ ਹੈ, ਇੱਕ ਜੀਵਨ-ਜਾਚ ਹੈ ਜਿਸਨੂੰ ਆਪਣੇ ਤੋਂ ਪਹਿਲੇ ਕਿਸੇ ਵੀ ਯੁੱਗ ਦੀ ਤੁਲਨਾ ਵਿੱਚੋਂ ਪਛਾਣਿਆ ਤੇ ਨਿਖੇੜਿਆ ਜਾ ਸਕਦਾ ਹੈ।

     ਵਿਗਿਆਨ ਅਤੇ ਤਕਨਾਲੋਜੀ ਨੇ ਜਿਵੇਂ ਸਾਡੇ ਬਾਹਰੀ ਜੀਵਨ ਦਾ ਮੂੰਹ-ਮੁਹਾਂਦਰਾ ਬਦਲ ਦਿੱਤਾ, ਉਵੇਂ ਹੀ ਆਧੁਨਿਕ ਚਿੰਤਨ ਨੇ ਸਾਡਾ ਸੋਚਣ ਦਾ ਢੰਗ, ਸਾਡੀ ਮਾਨਸਿਕਤਾ ਬਦਲ ਦਿੱਤੀ। ਹਰ ਪਰੰਪਰਿਕ ਵਿਚਾਰ, ਵਿਸ਼ਵਾਸ, ਧਾਰਨਾ ਅਤੇ ਮਨੌਤ ਅੱਗੇ ਪ੍ਰਸ਼ਨ ਚਿੰਨ੍ਹ ਲਾਉਣਾ ਆਧੁਨਿਕਤਾ ਦਾ ਸੁਭਾਅ ਬਣਿਆ। ਪਰੰਪਰਾਗਤ ਸੋਚ ਵਿੱਚ ਇਸ ਸ੍ਰਿਸਟੀ ਨੂੰ ਸਾਜਣ ਵਾਲਾ ਰੱਬ, ਰੱਬ ਨਾਲ ਮਿਲਾਉਣ ਵਾਲੇ ਧਰਮਾਂ ਅਤੇ ਧਾਰਮਿਕ ਕਰਮ ਕਾਂਡਾਂ, ਪਿਛਲੇ ਜਨਮਾਂ ਦੇ ਫਲ ਅਤੇ ਅਗਲੇ ਜਨਮ ਵਿੱਚ ਮਿਲਣ ਵਾਲੀਆਂ ਸਜ਼ਾਵਾਂ ਦਾ ਵੱਡਾ ਦਖ਼ਲ ਰਿਹਾ ਹੈ। ਆਧੁ- ਨਿਕਤਾ ਨੇ ਰੱਬ ਦੀ ਮਿੱਥ ਦਾ ਵਿਸਫੋਟ ਕੀਤਾ। ਇਸਨੇ ਮਨੁੱਖ ਨੂੰ ਸਮਾਜ ਵਿੱਚ ਹੀਣਾ, ਛੋਟਾ ਅਤੇ ਤੁੱਛ ਬਣਾਉਣ ਵਾਲੇ ਧਾਰਮਿਕ-ਸਮਾਜਿਕ ਘੁਟਾਲਿਆਂ ਦਾ ਪਰਦਾ ਫਾਸ਼ ਕੀਤਾ। ਆਧੁਨਿਕਤਾ ਨੇ ਮਨੁੱਖ ਕੋਲੋਂ ਅਗਲੇ ਜਨਮ ਦਾ ਸੁਪਨਾ ਖੋਹ ਲਿਆ। ਇਸੇ ਕਰ ਕੇ ਮਨੁੱਖ ਇਸੇ ਜਨਮ ਵਿੱਚ ਆਪਣੀ ਹੋਣੀ ਨੂੰ ਸੁੰਦਰ ਬਣਾਉਣ ਲਈ ਅਤੇ ਇਸ ਧਰਤੀ ਦੇ ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਸਿਰਤੋੜ ਯਤਨ ਕਰਨ ਲੱਗਾ। ਇਹੀ ਕਾਰਨ ਹੈ ਕਿ ਸਮਾਜ ਵਿੱਚ ਮਨੁੱਖੀ ਸ਼ਕਤੀ ਅਤੇ ਸਮਰੱਥਾ ਨੂੰ ਵਧਾਉਣ ਵਾਲੇ ਵਿਚਾਰਾਂ, ਵਸੀਲਿਆਂ ਦਾ ਨਿਰਮਾਣ ਜ਼ੋਰਾਂ ਤੇ ਹੋਣ ਲੱਗਾ।

     ਆਧੁਨਿਕਤਾ ਦੀ ਟੇਕ ਤਰਕ ਬਣਿਆ। ਅੰਧ- ਵਿਸ਼ਵਾਸ ਤਾਂ ਕੀ ਵਿਸ਼ਵਾਸ ਜਾਂ ਅੰਦਾਜ਼ਾ ਸ਼ਬਦ ਵੀ ਇਸਦੇ ਸ਼ਬਦ ਕੋਸ਼ ਵਿੱਚ ਨਹੀਂ। ਪ੍ਰਕਿਰਤੀ ਬਾਰੇ, ਜੀਵਨ ਬਾਰੇ, ਵਿਅਕਤੀ ਬਾਰੇ, ਸਮਾਜ ਬਾਰੇ ਕੇਵਲ ਉਹੀ ਸਿਧਾਂਤ, ਉਹੀ ਸੰਕਲਪ, ਉਹੀ ਵਿਚਾਰ ਅਤੇ ਉਹੀ ਨੇਮ ਪ੍ਰਵਾਨ ਕੀਤੇ ਗਏ ਜਿਹੜੇ ਸਿੱਧ ਕੀਤੇ ਜਾ ਸਕਦੇ ਸਨ। ਇਹ ਹਰ ਕਿਸਮ ਦੇ ਅੰਤਿਮ ਤੇ ਨਿਰਪੇਖ ਸੱਚ ਤੋਂ ਬਾਗ਼ੀ ਬਣੀ। ਇਸ ਨੇ ਮਨੁੱਖੀ ਬੁੱਧੀ ਦੀਆਂ ਸੰਭਾਵਨਾਵਾਂ ਨੂੰ ਮਾਨਤਾ ਦਿੱਤੀ ਹੈ ਪਰ ਉਸ ਦੀਆਂ ਸੀਮਾਵਾਂ ਤੋਂ ਵੀ ਇਨਕਾਰੀ ਨਹੀਂ।

     ਆਧੁਨਿਕਤਾ ਨੇ ਮਨੁੱਖੀ ਸੋਚ ਨੂੰ ਹਰ ਕਿਸਮ ਦੇ ਪਰੰਪਰਾਗਤ ਭੈ ਅਤੇ ਬੰਧਨਾਂ ਤੋਂ ਮੁਕਤ ਕੀਤਾ ਅਤੇ ਸਾਨੂੰ ਇੱਕ ਨਵੇਂ ਰਾਹ ਪਾਇਆ ਪਰ ਆਧੁਨਿਕਤਾਵਾਦ ਨੇ ਸੱਭਿਅਕ ਸਮਾਜ ਦੀ ਹਰ ਕੀਮਤ, ਮਰਯਾਦਾ ਅਤੇ ਵਿਧੀ-ਵਿਧਾਨ ਨੂੰ ਪੁੱਠੇ ਟੰਗਣ ਅਤੇ ਪਸ਼ੂ ਪੱਧਰ ਦੀ ਅਜ਼ਾਦੀ ਨੂੰ ਹੀ ਆਧੁਨਿਕਤਾ ਵਜੋਂ ਪ੍ਰਚਾਰਿਆ ਮਨੁੱਖੀ ਸਮਾਜ ਦੀਆਂ ਸਦੀਆਂ ਦੀ ਘਾਲਣਾ ਨਾਲ ਬਣਾਈਆਂ ਕਦਰਾਂ-ਕੀਮਤਾਂ ਦਾ ਨਿਘਾਰ ਇਸੇ ਸੋਚ ਵਿੱਚ ਪੈਦਾ ਹੋਇਆ।

     ਆਧੁਨਿਕਤਾ, ਮਨੁੱਖ ਦੀ ਚਿੰਤਨ ਸਮਰੱਥਾ ਦਾ ਨਵਾਂ ਝਰੌਖਾ ਸੀ, ਅੰਤ ਨਹੀਂ। ਜਿਸ ਸਮੇਂ ਉਦਯੋਗੀਕਰਨ ਤੇ ਸ਼ਹਿਰੀਕਰਨ ਨੇ ਮਨੁੱਖ ਸਾਮ੍ਹਣੇ ਨਵੀਆਂ ਸਮੱਸਿਆਵਾਂ ਅਤੇ ਵੰਗਾਰਾਂ ਪੈਦਾ ਕੀਤੀਆਂ। ਇਸੇ ਪ੍ਰਸੰਗ ਵਿੱਚ ਸੰਸਾਰ ਚਿੰਤਨ ਵਿੱਚ ਅੱਜ-ਕੱਲ੍ਹ ਉਤਰ-ਆਧੁਨਿਕਤਾ (Post Modernity) ਦਾ ਸੰਕਲਪ ਤੇ ਸਿਧਾਂਤ ਆ ਚੁੱਕਾ ਹੈ।


ਲੇਖਕ : ਧਨਵੰਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਆਧੁਨਿਕਤਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਧੁਨਿਕਤਾ : ਸਾਧਾਰਣ ਤੌਰ ਤੇ ਸਮਕਾਲੀਨਤਾ ਨੂੰ ਆਧੁਨਿਕਤਾ ਕਹਿ ਦਿੱਤਾ ਜਾਂਦਾ ਹੈ। ਕਾਲ ਦੇ ਸੰਦਰਭ ਵਿਚ ਹਰੇਕ ਵਰਤਮਾਨ ਕਾਲ ਭੂਤਕਾਲ ਨਾਲੋਂ ਆਧੁਨਿਕ ਹੋਣ ਦਾ ਬੋਧ ਕਰਵਾਉਂਦਾ ਹੈ। ਪਰੰਤੂ ਕਲਾ ਅਤੇ ਸਾਹਿੱਤ ਵਿਚ ਕੀਤੀ ਜਾ ਰਹੀ ਅੱਜ ਕਲ ਆਧੁਨਿਕਤਾ ਦੀ ਪਰਿਭਾਸ਼ਾ ਸਮਕਾਲੀਨਤਾ ਅਤੇ ਵਰਤਮਾਨਕਾਲੀਨਤਾ ਤੋਂ ਬਿਲਕੁਲ ਵੱਖ ਹੈ। ਆਲੋਚਕਾਂ ਅਨੁਸਾਰ ਦੋ ਲੇਖਕ ਸਮਕਾਲੀ ਤਾਂ ਹੋ ਸਕਦੇ ਹਨ ਪਰ ਇਹ ਜ਼ਰੂਰੀ ਨਹੀਂ ਕਿ ਉਹ ਦੋਵੇਂ ਜਾਂ ਉਨ੍ਹਾਂ ਵਿਚੋਂ ਇਕ ਆਧੁਨਿਕ ਹੋਵੇ। ਅੱਜ ਲਿਖ ਰਿਹਾ ਸਾਹਿੱਤਕਾਰ ਜ਼ਰੂਰੀ ਨਹੀਂ ਆਧੁਨਿਕ ਹੋਵੇ, 1940 ਈ. ਵਿਚ ਲਿਖੀ ਹੋਈ ਰਚਨਾ ਆਧੁਨਿਕ ਹੋ ਸਕਦੀ ਹੈ। ਵਾਸਤਵ ਵਿਚ ਆਧੁਨਿਕਤਾ ਵਿਸ਼ੇਸ਼ ਰੁਚੀਆਂ ਦੀ ਸੂਚਕ ਹੈ ਜਿਹੜੀਆਂ ਗਿਆਨ, ਵਿਗਿਆਨ ਅਤੇ ਮਨੋਵਿਗਿਆਨ ਦੀਆਂ ਆਧੁਨਿਕ ਖੋਜਾਂ ਦੇ ਸਿੱਟੇ ਵਜੋਂ ਕਲਾਕਾਰਾਂ ਅਤੇ ਸਾਹਿੱਤਕਾਰਾਂ ਵਿਚ ਉਤਪੰਨ ਹੋਈਆਂ ਹਨ।

          ਆਧੁਨਿਕ ਯੁਗ ਵਿਚ ਬ੍ਰਹਮੰਡ ਬਾਰੇ ਜਾਣਨ ਦੀ ਜਿਗਿਆਸਾ ਅਤੇ ਮਾਨਵ ਦੇ ਅੰਦਰਲੇ ਦੀ ਪਛਾਣ ਦੀ ਲਾਲਸਾ ਦੀ ਉਤਸੁਕਤਾ ਨਾਲ ਵਿਗਿਆਨੀਆਂ ਅਤੇ ਮਨੋਵਿਗਿਆਨੀਆਂ ਨੇ ਅਨੇਕ ਪ੍ਰਯੋਗ ਕੀਤੇ ਅਤੇ ਉਨ੍ਹਾਂ ਦੇ ਆਧਾਰ ਤੇ ਬ੍ਰਹਮੰਡ, ਮਾਨਵ ਮਨ ਅਤੇ ਮਾਨਵ ਸ਼ਰੀਰ ਦੇ ਰਿਸ਼ਤਿਆਂ ਬਾਰੇ ਕਈ ਪ੍ਰਸ਼ਨਾਂ ਨੂੰ ਸੁਲਝਾਉਣ ਦੇ ਯਤਨ ਕੀਤੇ। ਉਨ੍ਹੀਵੀਂ ਸਦੀ ਈ. ਤੋਂ ਪਹਿਲਾਂ ਸਾਹਿਤਿਕ ਯਥਾਰਥ ਕੇਵਲ ਦਿਸਦਾ ਯਥਾਰਥ ਸੀ। ਸਾਹਿਤਿਕ ਰਚਨਾਵਾਂ ਵਿਚ ਜੀਵਨ ਦੀਆਂ ਕੁਝ ਆਦਰਸ਼ਕ ਘਟਨਾਵਾਂ ਨੂੰ ਕੁਝ ਆਦਰਸ਼ਕ ਪਾਤਰਾਂ ਰਾਹੀਂ ਪੇਸ਼ ਕੀਤਾ ਜਾਂਦਾ ਸੀ। ਆਦਰਸ਼ਕ ਪਾਤਰਾਂ ਦੇ ਕੇਵਲ ਆਦਰਸ਼ਕ ਅੰਸ਼ ਨੂੰ ਪ੍ਰਗਟ ਕੀਤਾ ਜਾਂਦਾ ਸੀ। ਸਮਾਜਕ ਬੁਰਾਈਆਂ ਨੂੰ ਕੇਵਲ ਉਪਰਲੀ ਤਹਿ ਤੋਂ ਵਾਚਿਆ ਜਾਂਦਾ ਸੀ ਜਿਸ ਨੂੰ ਕਿਸੇ ਆਲੋਚਕ ਨੇ ‘ਧਰਤੀ ਦੀ ਮੈਲ’ ਆਖਿਆ ਹੈ। ਲੇਕਨ ਆਧੁਨਿਕ ਖੋਜਾਂ ਨੇ ਸਾਹਿਤਿਕ ਯਥਾਰਥ ਦੀ ਰੂਪ–ਰੇਖਾ ਅਤੇ ਸਾਹਿਤਿਕ ਚਿੰਤਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਡਾਰਵਿਨ ਦੇ ‘ਵਿਕਾਸ–ਸਿਧਾਂਤ’ ਨੇ ਮਾਨਵ ਜੀਵਨ ਦੇ ਆਰੰਭ ਅਤੇ ਮਾਨਵ ਬਿਰਤੀਆਂ ਬਾਰੇ ਵਿਚਾਰਾਂ ਨੂੰ ਬਦਲ ਕੇ ਰੱਖ ਦਿੱਤਾ। ਯੁੱਗਾਂ ਤੋਂ ਚਲੇ ਆ ਰਹੇ ਮਾਨਵ ਦੇ ਦੈਵੀ ਨਿਕਾਸ ਦੀ ਧਾਰਣਾ ਦਾ ਖੰਡਨ ਕੀਤਾ ਗਿਆ ਅਤੇ ਮਾਨਵ ਨੂੰ ਇਕ ਵਿਕਸਿਤ ਪਸ਼ੂ ਦੇ ਰੂਪ ਵਿਚ ਪੇਸ਼ ਕੀਤਾ ਗਿਆ। ਫ਼ਰਾਇਡ ਦੇ ‘ਕਾਮ–ਸਿਧਾਂਤ’ ਅਤੇ ਉਸ ਉੱਤੇ ਆਧਾਰਿਤ ਮਨੋਵਿਸ਼ਲੇਸ਼ਣ–ਨਿਯਮਾਂ ਨੇ ਸਾਹਿੱਤ ਵਿਚ ਅਜਿਹੀ ਰੁਚੀ ਪੈਦਾ ਕੀਤੀ ਕਿ ਮਾਨਵ ਨੂੰ ਕਾਮ ਦ੍ਰਿਸ਼ਟੀ ਨੂੰ ਮੁੱਖ ਰਖ ਕੇ ਘੋਖਿਆ ਜਾਣ ਲਗਾ। ਰੂਸੀ ਮਨੋਵਿਗਿਆਨਿਕ ਪਾਵਲੌਫ਼ (Pavlov) ਦੇ ਤਜ਼ਰਬਿਆਂ ਨੇ ਮਾਨਵ ਸ਼ਰੀਰ ਅਤੇ ਮਾਨਵ ਮਨ ਦੇ ਸੰਬੰਧ ਬਾਰੇ ਇਕ ਨਵਾਂ ਗਿਆਨ ਪ੍ਰਦਾਨ ਕੀਤਾ, ਜਿਸ ਨਾਲ ਸੁਤੰਤਰ ਇੱਛਾ (free will) ਬਾਰੇ ਚਲੇ ਆ ਰਹੇ ਪੁਰਾਣੇ ਵਿਚਾਰਾਂ ਵਿਚ ਤਬਦੀਲੀ ਹੋਈ, ਉਸ ਅਨੁਸਾਰ ਸ਼ਰੀਰ ਨੂੰ ਮਨ ਤੋਂ ਅੱਡ ਨਹੀਂ ਕੀਤਾ ਜਾ ਸਕਦਾ ਅਤੇ ਸ਼ਰੀਰ ਦੀ ਹਰ ਇਕ ਹਰਕਤ ਮਨ ਦੀ ਅਵਸਥਾ ਨੂੰ ਪ੍ਰਗਟ ਕਰਦੀ ਹੈ। ਜਿੱਥੇ ਫ਼ਰਾਇਡ ਅਤੇ ਯੁੰਗ ਦੇ ਸਿਧਾਂਤਾਂ ਨਾਲ ਪ੍ਰਾਕ੍ਰਿਤਿਤਕ ਸਾਹਿੱਤ ਅਤੇ ਅਤਿਯਥਾਰਥਵਾਦ ਦੀ ਪ੍ਰਣਾਲੀ ਚਲੀ, ਉੱਥੇ ਪਾਵਲੌਫ਼ ਦੇ ਵਿਚਾਰਾਂ ਨਾਲ ਮਾਨਸਿਕ ਅਧਿਐਨ ਦੇ ਸਾਹਿੱਤ ਦੀ ਉਪਜ ਹੋਈ। ਆਧੁਨਿਕ ਮਨੋਵਿਗਿਆਨੀਆਂ ਦਾ ਸਮੁੱਚਾ ਪ੍ਰਭਾਵ ਦਰਸ਼ਨ ਅਤੇ ਧਰਮ ਦੇ ਵਿਚਾਰਕਾਂ ਤੇ ਪਿਆ ਹੈ, ਜਿਨ੍ਹਾਂ ਨੇ ਬ੍ਰਹਮੰਡ, ਜੀਵਨ ਅਤੇ ਉਸ ਦੀ ਹੈਸੀਅਤ ਬਾਰੇ ਨਵੇਂ ਸਿਰੇ ਤੋਂ ਸੋਚਣ ਦਾ ਯਤਨ ਕੀਤਾ। ਇਨ੍ਹਾਂ ਦਾ ਦ੍ਰਿਸ਼ਟੀਕੋਣ ਨਿਯਤਿਵਾਦੀ (determinist) ਬਣ ਗਿਆ ਜਿਸ ਅਨੁਸਾਰ ਮਾਨਵ ਦੇ ਮਨ ਦੀ ਸ਼ਕਤੀ ਨੂੰ ਸ਼ਕ ਨਾਲ ਦੇਖਿਆ ਜਾਣ ਲਗਾ ਅਤੇ ਮਾਨਵ ਨੂੰ ਆਪਣੇ ਚੁਗਿਰਦੇ ਦੇ ਗ਼ੁਲਾਮ ਦੇ ਰੂਪ ਵਿਚ ਪੇਸ਼ ਕੀਤਾ ਗਿਆ। ਇਨ੍ਹਾਂ ਖੋਜਾਂ ਨਾਲ ਭੌਤਿਕ ਵਿਗਿਆਨ ਦੀਆਂ ਖੋਜਾਂ ਨੇ ਕਲਾਕਾਰਾਂ, ਸਾਹਿੱਤਕਾਰਾਂ ਅਤੇ ਦਾਰਸ਼ਨਿਕਾਂ ਨੂੰ ਆਪਣੇ ਵਿਚਾਰਾਂ ਦੀ ਤਬਦੀਲੀ ਲਈ ਕਾਫ਼ੀ ਮਸਾਲਾ ਮਿਲ ਗਿਆ। ਆਇਨਸਟਾਈਨ ਦਾ ਸਾਪੇਖਤਾ ਦਾ ਸਿਧਾਂਤ (Theory of Relativity) ਸਮੇਂ ਦੀ ਅਸੀਮਤਾ ਨੂੰ ਕਾਲ ਦੀ ਅਭੰਗਤਾ ਦੇ ਰੂਪ ਵਿਚ ਵਾਚਦਾ ਹੈ ਅਤੇ ਕਾਲ ਤੇ ਥਾਂ ਦੇ ਸੰਬੰਧ ਨੂੰ ਸਾਪੇਖ ਮੰਨਦਾ ਹੈ। ਕੁਆਂਤਮ ਸਿਧਾਂਤ (Quantum Theory) ਅਨੁਸਾਰ ਸ਼ਕਤੀ ਇਕ ਗ੍ਰਹਿ ਤੋਂ ਦੂਜੇ ਗ੍ਰਹਿ ਵਿਚ ਛੜੱਪੇ ਮਾਰ ਕੇ ਚਲਦੀ ਹੈ ਪਰ ਪ੍ਰਤੀਤ ਇਹ ਹੁੰਦਾ ਹੈ ਕਿ ਇਸ ਸ਼ਕਤੀ ਦਾ ਪ੍ਰਵਾਹ ਲਗਾਤਾਰ ਤੇ ਅਟੁਟ ਹੈ। ਮਾਨਵ ਮਨ ਦੇ ਵਿਚਾਰਾਂ ਨੂੰ ਇਸੇ ਪ੍ਰਸੰਗ ਵਿਚ ਧਿਆਨ ਗੋਚਰੇ ਕੀਤਾ ਗਿਆ। ਵਰਜੀਨੀਆ ਵੁਲਫ਼ ਨੇ ਮਨ ਦੇ ਵਿਚਾਰਾਂ ਦੀ ਨਦੀ ਦੇ ਇਕ ਪ੍ਰਵਾਹ ਨਾਲ ਤੁਲਨਾ ਕੀਤੀ ਹੈ, ਜਿਸ ਦੀ ਤਹਿ ਸਮਤਲ ਹੈ ਪਰੰਤੂ ਡੂੰਘਾਈ ਵੱਖ ਵੱਖ ਥਾਵਾਂ ਤੇ ਘੱਟ ਵੱਧ ਹੋ ਸਕਦੀ ਹੈ। ਇਸ ਚਿੰਤਨ ਨਾਲ ਚੇਤਨਾ ਪ੍ਰਵਾਹ ਧਾਰਾ ਦਾ ਸਾਹਿੱਤ ਵਿਚ ਪ੍ਰਵੇਸ਼ ਹੋਇਆ, ਜਿਸ ਚੇਤਨਾ ਦੇ ਅਟੁਟ ਪ੍ਰਵਾਹ ਨੂੰ ਉਪਨਿਆਸਾਂ ਅਤੇ ਕਹਾਣੀਆਂ ਵਿਚ ਅਤੇ ਡਾਲੀ ਅਤੇ ਪਿਕਾਸੋ ਵਰਗੇ ਚਿਤ੍ਰਕਾਰਾਂ ਦੇ ਚਿਤ੍ਰਾਂ ਵਿਚ ਉਲੀਕਿਆ ਗਿਆ। ਮਾਨਵ ਦੇ ਅੰਦਰਲੇ ਆਪੇ ਦਾ ਉਲੀਕਣਾ ਹੀ ਸਾਹਿਤਿਕ ਯਥਾਰਥ ਬਣ ਗਿਆ। ਦਾਰਸ਼ਨਿਕ, ਮਨੋਵਿਗਿਆਨਿਕ ਤੇ ਵਿਗਿਆਨਿਕ ਵਿਚਾਰਾਂ ਦੀ ਤਬਦੀਲੀ ਦੇ ਨਾਲ ਨਾਲ ਆਧੁਨਿਕ ਯੁੱਗ ਵਿਚ ਮਸ਼ੀਨੀ ਕ੍ਰਾਂਤੀ (Industrial Revolution) ਨਾਲ ਵੀ ਮਾਨਵ ਜਾਗ੍ਰਿਤੀ ਅਤੇ ਵਿਅਕਤੀਵਾਦੀ ਧਾਰਣਾਵਾਂ ਉਪਜਦੀਆਂ ਹਨ, ਜਿਨ੍ਹਾਂ ਨਾਲ ਮਾਨਵ ਵਿਗਿਆਨ ਤੇ ਮਸ਼ੀਨਾਂ ਅੱਗੇ ਆਪਣੇ ਆਪ ਨੂੰ ਨਿਆਸਰਾ ਅਨੁਭਵ ਕਰਦਾ ਹੈ ਅਤੇ ਦੈਵੀ ਸ਼ਕਤੀ ਉੱਤੇ ਸ਼ਕ ਕਰਨ ਲਗ ਪਿਆ ਹੈ। ਕਾਰਲ ਮਾਰਕਸ (Karl Marx) ਨੇ ਚਿੰਤਨ ਵਿਚ ਆਧੁਨਿਕਤਾ ਲਿਆਂਦੀ। ਉਸ ਨੇ ਸਾਮਜ ਦੀ ਸਾਰੀ ਉਸਾਰੀ ਦਾ ਆਧਾਰ ਆਰਥਿਕ ਕੀਮਤਾਂ ਨੂੰ ਮੰਨਿਆ ਅਤੇ ਇਸ ਨਾਲ ਸ਼੍ਰੇਣੀ ਸੰਘਰਸ਼ ਦਾ ਸਿਧਾਂਤ ਉਜਾਗਰ ਹੋਇਆ। ਫਲਸਰੂਪ ਸਾਹਿੱਤ ਵਿਚ ਕਾਮਾ ਸ਼੍ਰੇਣੀ ਵਿਚੋਂ ਸਾਹਿੱਤ ਦੇ ਨਾਇਕ ਲੱਭੇ ਜਾਣ ਲੱਗ ਪਏ। ਇਸ ਨੇ ਹੀ ਪ੍ਰਗਤੀਵਾਦੀ ਲਹਿਰ ਨੂੰ ਹੋਂਦ ਵਿਚ ਲਿਆਂਦਾ। ਇਸ ਸਮੁੱਚੇ ਨਵਵਿਕਸਿਤ ਚਿੰਤਨ ਨਾਲ ਸ੍ਵੈਚੇਤਨਤਾ ਜਾਗੀ ਹੈ, ਆਪਣੇ ਮਨ ਦੀਆਂ ਤੈਹਾਂ ਨੂੰ ਫੋਲਣ ਦੀ ਉਤਸੁਕਤਾ ਉਤਪੰਨ ਹੋਈ ਹੈ ਅਤੇ ਵਿਅਕਤੀ ਦੇ ਬ੍ਰਹਮੰਡ ਨਾਲ ਸੰਬੰਧ ਬਾਰੇ ਜਾਣਨ ਦੀ ਲਾਲਸਾ ਪੈਦਾ ਹੋਈ ਹੈ। ਸ੍ਵੈਚੇਤਨ ਦਾ ਅਧਿਐਨ ਵਰਤਮਾਨ ਦੇ ਅਧਿਐਨ ਵਲ ਲੈ ਜਾਂਦਾ ਹੈ ਕਿਉਂ ਜੋ ਆਧੁਨਿਕਤਾਵਾਦੀਆਂ ਅਨੁਸਾਰ ਵਰਤਮਾਨ ਵਿਚ ਹੀ ਸ੍ਵੈਚੇਤਨ ਦਾ ਅਧਿਐਨ ਹੋ ਜਾਂਦਾ ਹੈ। ਜਿੱਥੇ ਰੁਮਾਂਟਿਕ ਲੇਖਕ ਵਰਤਮਾਨ ਨਾਲ ਅਸੰਤੋਸ਼ ਪ੍ਰਗਟ ਕਰਦੇ ਸਨ ਅਤੇ ਅਤੀਤ ਵਿਚ ਆਪਣੇ ਆਦਰਸ਼ ਦੀ ਭਾਲ ਕਰਦੇ ਸਨ ਉੱਥੇ ਇਕ ਆਧੁਨਿਕ ਲੇਖਕ ਵਰਤਮਾਨ ਨੂੰ ਘੋਖਦਾ ਹੈ ਅਤੇ ਜੋਡ (Joad) ਅਨੁਸਾਰ ਭਵਿੱਖ ਦਾ ਖ਼ਾਕਾ ਖਿਚਦਾ ਹੈ। ਵਰਤਮਾਨ ਵਿਚ ਵਿਅਕਤੀ ਦੀ ਹੋਂਦ ਹੀ ਆਧੁਨਿਕਤਾ ਦਾ ਕੇਂਦਰੀ ਤੱਤ ਹੈ। ਬਾਹਰਲੇ ਯਥਾਰਥ ਨੂੰ ਛੱਡ ਦੇ ਇਕ ਆਧੁਨਿਕ ਸਾਹਿੱਤਕਾਰ ਅੰਦਰਲੀਆਂ ਗੁੰਝਲਾਂ ਨੂੰ ਬਾਹਰਲੇ ਯਥਾਰਥ ਦੇ ਸੰਦਰਭ ਵਿਚ ਪੇਸ਼ ਕਰਨ ਦਾ ਯਤਨ ਕਰਦਾ ਹੈ। ਵਿਗਿਆਨ ਅਤੇ ਮਨੋਵਿਗਿਆਨ ਦੇ ਪ੍ਰਭਾਵ ਨਾਲ, ਜਿਸ ਨੂੰ ਇਕ ਵਿਦਵਾਨ ਨੇ ਮਨੋਵਿਗਿਆਨ ਦੇ ਸਾਹਿੱਤ ਉੱਤੇ ਹਮਲੇ ਦਾ ਨਾਉਂ ਦਿੱਤਾ ਹੈ, ਸਾਹਿਤਿਕ ਧਾਰਣਾਵਾਂ ਨਿਰੋਲ ਵਿਅਕਤੀਵਾਦੀ ਬਣ ਕੇ ਰਹਿ ਗਈਆਂ ਹਨ। ਇਹ ਦ੍ਰਿਸ਼ਟੀਕੋਣ ਕੇਵਲ ਬੌਧਿਕ ਦ੍ਰਿਸ਼ਟੀਕੋਣ ਹੈ, ਵਿਸ਼ਲੇਸ਼ਣ ਦਾ ਦ੍ਰਿਸ਼ਟੀਕੋਣ ਹੈ ਜਿਸ ਨਾਲ ਕਈ ਵਾਰ ਮਾਨਵ ਲਈ ਸਮਾਜਕ ਢਾਂਚੇ ਵਿਚ ਫਿਟ ਹੋਣਾ ਅਸੰਭਵ ਹੋ ਜਾਂਦਾ ਹੈ। ਆਧੁਨਿਕਤਾ ਦੇ ਇਨ੍ਹਾਂ ਸਾਂਝੇ ਵਿਚਾਰਾਂ ਦੇ ਹੁੰਦੇ ਹੋਏ ਵੀ ਆਧੁਨਿਕ ਚਿੰਤਕਾਂ ਵਿਚ ਕੋਈ ਵਿਸ਼ੇਸ਼ ਭਾਂਤ ਦੀ ਸਾਂਝ ਨਹੀਂ। ਬੁੱਧੀ ਤੇ ਤਰਕ ਦਾ ਪ੍ਰਯੋਗ ਵੱਖ ਵੱਖ ਢੰਗਾਂ ਨਾਲ ਕੀਤਾ ਗਿਆ ਹੈ। ਪਰੰਤੂ ਇਕ ਮਹੱਤਵਪੂਰਣ ਸਾਂਝ ਇਹ ਹੈ ਕਿ ਹਰ ਇਕ ਆਧੁਨਿਕਤਾਵਾਦੀ ਭੂਤ ਅਤੇ ਪਰੰਪਰਾ ਤੋਂ ਨਿਖੜਨਾ ਚਾਹੁੰਦਾ ਹੈ, ਪਰੰਪਰਾ ਵਿਰੁੱਧ ਵਿਰੋਧ ਕਰਨਾ ਚਾਹੁੰਦਾ ਹੈ ਤੇ ਆਪਣੀ ਵਿਚਾਰਾਂ ਦੇ ਪ੍ਰਗਟਾ ਵਿਚ ਨਵੀਨਤਾ ਦਰਸਾਉਣਾ ਚਾਹੁੰਦਾ ਹੈ। ਆਧੁਨਿਕਤਾ ਦੀ ਕੋਈ ਵਿਸ਼ੇਸ਼ ਸੇਧ ਨਹੀਂ, ਕੋਈ ਵਿਸ਼ੇਸ਼ ਨਿਯਮਾਵਲੀ ਨਹੀਂ ਅੇਤ ਨਾ ਕੋਈ ਵਿਸ਼ੇਸ਼ ਉਦੇਸ਼ ਹੈ। ਵੱਖ ਵੱਖ ਚਿੰਤਕਾਂ ਅਤੇ ਸਾਹਿੱਤਕਾਰਾਂ ਵੱਲੋਂ ਵੱਖ ਵੱਖ ਨਵੇਂ ਪ੍ਰਯੋਗ ਕੀਤੇ ਗਏ ਹਨ ਜਿਹੜੇ ਵਿਅਕਤੀ ਨੂੰ ਆਪਣਾ ਮਾਸਟਰ ਮੰਨਦੇ ਹਨ ਅਤੇ ਆਧੁਨਿਕਤਾ ਦੇ ਸੂਚਕ ਹਨ। ਆਧੁਨਿਕਤਾ ਕੋਈ ਵਾਦ ਨਹੀਂ ਬਣ ਸਕਦਾ ਕਿਉਂ ਜੋ ਇਹ ਇਕ ਦ੍ਰਿਸ਼ਟੀਕੋਣ ਹੈ, ਧਾਰਾ ਨਹੀਂ।

          ਪੰਜਾਬੀ ਵਿਚ ਹੁਣੇ ਹੁਣੇ ਆਧੁਨਿਕਤਾ ਦਾ ਅਧਿਐਨ ਆਰੰਭ ਹੋਇਆ ਹੈ। ਆਧੁਨਿਕ ਕਾਲ ਦੀ ਅਧਿਆਤਮਵਾਦੀ ਪ੍ਰਵ੍ਰਿਤੀ ਵਾਲੀ ਕਾਵਿਧਾਰਾ ਵਿਚ ਸੰਸਾਰ ਪ੍ਰਤਿ ਹਾਂ–ਮੁਖੀ ਰੁਚੀ ਵਿਚ ਆਧੁਨਿਕਤਾ ਦੀ ਬਿਰਤੀ ਵੇਖੀ ਜਾ ਸਕਦੀ ਹੈ। ਪ੍ਰਗਤੀਵਾਦੀ ਕਾਵਿਧਾਰਾ ਨੇ ਯਥਾਰਾਥਵਾਦੀ ਪਹੁੰਚ ਦੁਆਰਾ ਆਧੁਨਿਕਤਾ ਦੀ ਬਿਰਤੀ ਨੂੰ ਵਿਕਸਿਤ ਕੀਤਾ ਹੈ। ਪ੍ਰਯੋਗਸ਼ੀਲ ਲੇਖਕਾਂ ਨੇ ਆਧੁਨਿਕਤਾ ਦੇ ਦ੍ਰਿਸ਼ਟੀਕੋਣ ਨੂੰ ਅਧਿਕ ਅਭਿਵਿਅਕਤ ਕੀਤਾ ਹੈ। ਸੁਰਜੀਤ ਸਿੰਘ ਸੇਠੀ ਨੇ ਆਪਣੇ ਉਪਨਿਆਸ ‘ਖਾਲੀ ਪਿਆਲਾ’ ਅਤੇ ਕੁਝ  ਕਹਾਣੀਆਂ ਵਿਚ ਚੇਤਨਾ ਪ੍ਰਵਾਹ ਦੀ ਪੱਧਤੀ ਅਪਣਾਈ ਹੈ ਅਤੇ ‘ਮਰਦ ਮਰਦ ਨਹੀਂ, ਤੀਵੀਂ ਤੀਵੀਂ ਨਹੀਂ’ ਨਾਟਕ ਵਿਚ ਨਿਰਰਥਕ ਜਾਂ ਊਲ–ਜਲੂਲ (absurd) ਵਿਅਕਤੀਵਾਦੀ ਨਾਟ–ਧਾਰਾ ਦਾ ਪ੍ਰਯੋਗ ਕੀਤਾ ਹੈ। ਉਰਦੂ ਵਾਲੇ ਆਧੁਨਿਕਤਾ ਨੂੰ ‘ਜਦੀਦੀਅਤ’ ਆਖਦੇ ਹਨ।

                                               [ਸਹਾ. ਗ੍ਰੰਥ–ਪੰਜਾਬੀ ਸਾਹਿੱਤ ਕੋਸ਼ (1)–ਪੰਜਾਬੀ ਯੂਨੀ.]


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.