ਆਰਵੈੱਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਰਵੈੱਲ (1903–1950): ਆਰਵੈੱਲ ਜਾਰਜ (Orwell (Orwell George), ਵੀਹਵੀਂ ਸਦੀ ਦੇ ਪ੍ਰਸਿੱਧ ਅੰਗਰੇਜ਼ੀ ਨਾਵਲਕਾਰ ਐਰਿਕ ਆਰਥਰ ਬਲੇਅਰ ਦਾ ਉਪਨਾਮ ਹੈ। ਆਰਵੈੱਲ 25 ਜਨਵਰੀ 1903 ਮੋਤੀਹਾਰੀ ਵਿਖੇ ਪੈਦਾ ਹੋਇਆ ਜੋ ਭਾਰਤ ਦੇ ਬੰਗਾਲ ਪ੍ਰਾਂਤ ਵਿੱਚ ਸੀ। ਉਹ ਰਿਚਰਡ ਵਾਮੈਸਲੀ ਬਲੇਅਰ ਅਤੇ ਈਡਾ ਮਾਬੈਲ ਲਿਮੋੳਜਿਨ ਬਲੇਅਰ ਦੀ ਦੂਜੀ ਸੰਤਾਨ ਸੀ। ਉਸ ਦਾ ਪਿਤਾ ਭਾਰਤ ਸਰਕਾਰ ਦੇ ਅਫ਼ੀਮ ਵਿਭਾਗ ਵਿੱਚ ਕਸਟਮਜ਼ ਅਫ਼ਸਰ ਸੀ। ਜਦੋਂ ਆਰਵੈੱਲ ਚਾਰ ਸਾਲ ਦਾ ਸੀ ਤਾਂ ਉਸ ਦੀ ਮਾਂ ਦੋਵਾਂ ਬੱਚਿਆਂ ਨੂੰ ਲੈ ਕੇ ਇੰਗਲੈਂਡ ਆ ਗਈ ਜਿੱਥੇ ਉਹ ਲੰਦਨ ਨੇੜੇ ਇੱਕ ਪਿੰਡ ਹੈਨਲੇ ਵਿੱਚ ਰਹਿਣ ਲੱਗ ਪਈ। ਉਸ ਦਾ ਪਿਤਾ 1911 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ ਉਹਨਾਂ ਕੋਲ ਆ ਗਿਆ। ਆਰਵੈੱਲ ਨੇ ਆਪਣੀ ਮੁਢਲੀ ਪੜ੍ਹਾਈ ਸਸੈਕਸ ਦੇ ਸੇਂਟ ਸਿਪਰੀਅਨ ਸਕੂਲ ਤੋਂ ਪ੍ਰਾਪਤ ਕੀਤੀ ਅਤੇ 1917 ਵਿੱਚ ਈਟੋਨ ਕਾਲਜ ਵਿੱਚ ਦਾਖ਼ਲਾ ਲਿਆ ਜਿਸਦਾ ਖੁੱਲ੍ਹਾ ਬੌਧਿਕ ਮਾਹੌਲ ਉਸ ਨੂੰ ਬਹੁਤ ਪਸੰਦ ਆਇਆ। ਇੱਥੇ ਉਸ ਨੇ ਬਹੁਤ ਤਰ੍ਹਾਂ ਦੀਆਂ ਪੁਸਤਕਾਂ ਪੜ੍ਹੀਆਂ।

      1921 ਵਿੱਚ ਆਰਵੈੱਲ ਇੰਡੀਅਨ ਇਮਪੀਰੀਅਲ ਫੋਰਸ ਵਿੱਚ ਭਰਤੀ ਹੋ ਗਿਆ ਅਤੇ 1922 ਤੋਂ 1927 ਤੱਕ ਬਰਮਾ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਰਿਹਾ। ਇੱਥੇ ਉਸ ਨੇ ਮਹਿਸੂਸ ਕੀਤਾ ਕਿ ਬਰਤਾਨਵੀ ਅਫ਼ਸਰ ਉੱਥੋਂ ਦੇ ਵਸਨੀਕਾਂ ਨਾਲ ਕਿਵੇਂ ਧੱਕਾ ਅਤੇ ਪੱਖਪਾਤ ਕਰਦੇ ਸਨ ਅਤੇ ਹਰ ਕਿੱਤੇ ਵਿੱਚ ਉਹਨਾਂ ਨਾਲ ਤਾਕਤ ਅਤੇ ਜਮਾਤੀਵੰਡ ਕਾਰਨ ਵਿਤਕਰਾ ਕੀਤਾ ਜਾਂਦਾ ਸੀ। ਇਸ ਤਜਰਬੇ ਨੇ ਉਸ ਦੇ ਮਨ ਵਿੱਚ ਬਰਤਾਨਵੀ ਸਮਾਜ ਅਤੇ ਸਰਕਾਰ ਪ੍ਰਤਿ ਨਫ਼ਰਤ ਭਰ ਦਿੱਤੀ। ਆਪਣੇ ਇਸ ਅਨੁਭਵ ਨੂੰ ਉਸ ਨੇ ਆਪਣੇ ਵਿਅੰਗਮਈ ਅਤੇ ਸਾਮਰਾਜ ਵਿਰੋਧੀ ਨਾਵਲ ਬਰਮੀਜ਼ ਡੇਜ਼ ਵਿੱਚ ਪ੍ਰਸਤੁਤ ਕੀਤਾ ਜੋ 1934 ਵਿੱਚ ਛਪਿਆ।

      1927 ਵਿੱਚ ਆਰਵੈੱਲ ਜਦੋਂ ਇੰਗਲੈਂਡ ਛੁੱਟੀ ਤੇ ਆਇਆ ਤਾਂ ਉਸ ਨੇ ਬਰਮਾ ਵਾਪਸ ਨਾ ਪਰਤਣ ਦਾ ਫ਼ੈਸਲਾ ਲਿਆ ਅਤੇ ਇੱਕ ਲੇਖਕ ਬਣਨ ਦਾ ਐਲਾਨ ਕਰ ਦਿੱਤਾ। ਜਿਸ ਬਾਰੇ ਉਸ ਨੇ ਪਹਿਲਾਂ ਕਦੇ ਸੋਚਿਆ ਨਹੀਂ ਸੀ। ਇਹ ਫ਼ੈਸਲਾ ਲੈਣ ਤੋਂ ਬਾਅਦ ਪਹਿਲੇ ਛੇ ਮਹੀਨੇ ਆਰਵੈੱਲ ਨੇ ਲੰਦਨ ਦੇ ਈਸਟ ਏੱਨਡ ਦਾ ਦੌਰਾ ਕੀਤਾ ਤਾਂ ਜੋ ਉਹ ਇੰਗਲੈਂਡ ਦੇ ਗ਼ਰੀਬ ਲੋਕਾਂ ਨਾਲ ਪਰੀਚਿਤ ਹੋ ਸਕੇ। ਉੱਥੇ ਉਹ ਨਾਟਿੰਗ ਹਿਲ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿਣ ਲੱਗ ਪਿਆ। ਇਸ ਤੋਂ ਮਗਰੋਂ ਉਹ ਪੈਰਿਸ ਜਾ ਕੇ ਗ਼ਰੀਬਾਂ ਦੇ ਨਿਵਾਸ ਸਥਾਨਾਂ ਦੇ ਨੇੜੇ ਹੀ ਰਿਹਾ ਅਤੇ ਉਸ ਦਾ ਮੁੱਖ ਟੀਚਾ ਪੈਰਿਸ ਰਹਿ ਕੇ ਆਪਣੀ ਲੇਖਣ ਕਲਾ ਨੂੰ ਨਿਖਾਰਨਾ ਸੀ। ਉਸ ਨੇ ਅੰਗਰੇਜ਼ੀ ਅਤੇ ਫ਼੍ਰਾਂਸੀਸੀ ਭਾਸ਼ਾ ਵਿੱਚ ਕਈ ਸਮਾਜੀ ਵਿਸ਼ਿਆਂ ਜਿਵੇਂ ਬੇਰੁਜ਼ਗਾਰੀ, ਗ਼ਰੀਬੀ, ਰਾਜਨੀਤੀ ਆਦਿ ਤੇ ਪੈਰਿਸ ਦੇ ਕਈ ਅਖ਼ਬਾਰਾਂ ਵਿੱਚ ਲੇਖ ਛਪਵਾਏ। ਉਸ ਨੇ ਦੋ ਨਾਵਲ ਅਤੇ ਕੁਝ ਨਿੱਕੀਆਂ ਕਹਾਣੀਆਂ ਵੀ ਲਿਖੀਆਂ ਜੋ ਛਪੀਆਂ ਨਹੀਂ। ਗ਼ਰੀਬੀ ਅਤੇ ਭੁਖਮਰੀ ਕਾਰਨ ਉਸ ਨੇ ਪੈਰਿਸ ਦੇ ਇੱਕ ਹੋਟਲ ਵਿੱਚ ਮੁੰਡੂ ਦਾ ਕੰਮ ਕੀਤਾ ਅਤੇ 1929 ਦੇ ਅਖੀਰ ਵਿੱਚ ਇੰਗਲੈਂਡ ਵਾਪਸ ਆ ਗਿਆ। ਸਫੋਕ ਵਿੱਚ ਆਪਣੇ ਮਾਂ-ਬਾਪ ਦੇ ਘਰ ਵਿੱਚ ਰਹਿੰਦਿਆਂ ਹੋਇਆਂ ਉਸ ਨੇ ਲੇਖਨ ਦਾ ਕੰਮ ਜਾਰੀ ਰੱਖਿਆ ਅਤੇ ਜੀਵਿਕਾ ਕਮਾਉਣ ਲਈ ਅਧਿਆਪਨ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਉਸ ਨੇ ਆਪਣੀ ਪੁਸਤਕ ਡਾਉਨ ਐਂਡ ਆਉਟ ਇਨ ਲੰਦਨ ਐਂਡ ਪੈਰਿਸ ਪੂਰੀ ਕੀਤੀ ਜਿਸ ਵਿੱਚ ਉਸ ਨੇ ਆਪਣੇ ਈਸਟ ਏਨੱਡ ਅਤੇ ਪੈਰਿਸ ਤੇ ਆਧਾਰਿਤ ਤਜਰਬਿਆਂ ਨੂੰ ਸਮਾਜਿਕ ਆਲੋਚਨਾ ਦੇ ਪੱਖ ਤੋਂ ਪੇਸ਼ ਕੀਤਾ। ਉਸ ਵਕਤ ਉਹ ਇੱਕ ਅਧਿਆਪਕ ਵਜੋਂ ਕੰਮ ਕਰ ਰਿਹਾ ਸੀ ਇਸ ਲਈ ਉਸ ਨੇ ਆਪਣੀ ਪੁਸਤਕ ਨੂੰ ਉਪਨਾਮ ਜਾਰਜ ਆਰਵੈੱਲ ਹੇਠਾਂ ਪ੍ਰਕਾਸ਼ਿਤ ਕਰਵਾਉਣ ਦਾ ਫ਼ੈਸਲਾ ਕੀਤਾ (ਆਰਵੈੱਲ ਸਫੋਕ ਵਿੱਚ ਇੱਕ ਦਰਿਆ ਦਾ ਨਾਂ ਹੈ।)

      1933 ਵਿੱਚ ਇਸ ਕਿਤਾਬ ਦੇ ਛਪਣ ਤੇ ਆਰਵੈੱਲ ਦਾ ਕੁਝ ਨਾ ਬਣਿਆ। ਅਗਲੇ ਤਿੰਨ ਸਾਲਾਂ ਵਿੱਚ ਉਸ ਦੇ ਤਿੰਨ ਨਾਵਲ ਲਗਾਤਾਰ ਛਪੇ। ਬਰਮੀਜ਼ ਡੇਜ਼ (1934), ਏ ਕਲਰਜੀਮੈਨਜ਼ ਡਾਟਰ (1935), ਕੀਪ ਦਾ ਐਸਪਿਡੀਸਟਰਾ ਫਲਾਈਂਗ (1936)। ਇਹਨਾਂ ਸਾਰਿਆਂ ਵਿੱਚ ਨਾਇਕਾਂ ਨੂੰ ਪੈਸੇ ਅਤੇ ਤਾਕਤ ਪ੍ਰਧਾਨ ਦੁਨੀਆਂ ਵਿੱਚ ਗ਼ਰੀਬੀ ਅਤੇ ਸਮਾਜਿਕ ਜ਼ੁਲਮ ਸਹਿਣ ਦੀ ਮਜਬੂਰੀ ਨਾਲ ਜੂਝਦੇ ਹੋਏ ਵਿਖਾਇਆ ਗਿਆ ਹੈ। 1936 ਵਿੱਚ ਆਰਵੈੱਲ ਵਾਲੇਂਗਟਨ ਹਰਟਫੋਰਡਸ਼ਾਇਰ ਚਲਾ ਗਿਆ ਅਤੇ ਕੁਝ ਮਹੀਨਿਆਂ ਬਾਅਦ ਏਲੀਨ ਸੋਬਨੋਸੀ ਨਾਲ ਸ਼ਾਦੀ ਕਰ ਲਈ ਜੋ ਪੱਤਰਕਾਰੀ ਦੀ ਅਧਿਆਪਿਕਾ ਸੀ। 1937 ਵਿੱਚ ਅਰਵੈੱਲ ਦੀ ਅਗਲੀ ਕਿਤਾਬ ਦਾ ਰੋਡ ਟੂ ਵਿਗਾਨ ਪੀਅਰ ਛਪੀ ਜਿਸਨੂੰ ਉਸ ਨੇ ‘ਦਾ ਲੈਫਟ ਬੁੱਕ ਕਲੱਬ` ਦੇ ਕਹਿਣ ਤੇ ਲਿਖਿਆ ਸੀ। ਇਸ ਵਿੱਚ ਯੋਕਸ਼ਾਇਰ ਅਤੇ ਲੈਨਕਾਸ਼ਾਇਰ ਦੇ ਕੋਲੇ ਦੀਆਂ ਖਾਣਾਂ ਵਿੱਚ ਕੰਮ ਕਰ ਰਹੇ ਗ਼ਰੀਬ ਮਜ਼ਦੂਰਾਂ ਦੀ ਜ਼ਿੰਦਗੀ ਬਾਰੇ ਵਰਣਨ ਹੈ। ਇਸ ਕਿਤਾਬ ਵਿੱਚ ਪਹਿਲੀ ਵਾਰੀ ਉਸ ਨੇ ਆਪਣੇ-ਆਪ ਨੂੰ ਸਮਾਜਵਾਦ ਦੇ ਆਦਰਸ਼ਾਂ ਨਾਲ ਜੋੜਿਆ ਅਤੇ ਉਹ ਰਾਜਨੀਤਿਕ ਲੇਖਕ ਵਜੋਂ ਮੰਨਿਆ ਜਾਣ ਲੱਗ ਪਿਆ।

      1936 ਵਿੱਚ ਸਪੇਨ ਦੀ ਲੜਾਈ ਛਿੜ ਜਾਣ ਤੇ ਆਰਵੈੱਲ ਇੱਕ ਪੱਤਰਕਾਰ ਵਜੋਂ ਆਪਣੇ ਲੇਖਾਂ ਲਈ ਸਮਗਰੀ ਇੱਕਠੀ ਕਰਨ ਲਈ ਸਪੇਨ ਜਾਣ ਲਈ ਤਿਆਰ ਹੋ ਗਿਆ ਅਤੇ ਉੱਥੇ ਇੱਕ ਸਰਗਰਮ ਮੁੱਠਭੇੜ ਟੁਕੜੀ ਵਿੱਚ ਸ਼ਾਮਲ ਹੋ ਗਿਆ ਪਰ ਇਸ ਦੌਰਾਨ ਉਸ ਦਾ ਸਾਮਵਾਦੀ ਦਲ ਤੋਂ ਵਿਸ਼ਵਾਸ ਚੁੱਕਿਆ ਗਿਆ ਅਤੇ ਉਹ ਇੱਕ ਵਿਦਰੋਹੀ ਕ੍ਰਾਂਤੀਕਾਰੀ ਸਮਾਜਵਾਦੀ ਬਣ ਗਿਆ। ਆਪਣੀ ਪੁਸਤਕ ਹੋਮੇਜ ਟੂ ਕੈਟਾਲੋਨੀਆ ਜੋ 1938 ਵਿੱਚ ਛਪੀ ਵਿੱਚ ਉਸ ਨੇ ਫੈਲ ਰਹੇ ਫਾਸੀਵਾਦ ਨਾਲ ਸੰਘਰਸ਼ ਕਰਦੇ ਹੋਏ ਆਪਣੇ ਅਨੁਭਵਾਂ ਬਾਰੇ ਲਿਖਿਆ। ਉਹ ਇੱਕ ਕਿਤਾਬ ਲਿਖਣ ਲਈ ਭਾਰਤ ਵੀ ਆਉਣਾ ਚਾਹੁੰਦਾ ਸੀ ਪਰ ਤਪਦਿਕ ਹੋਣ ਕਾਰਨ ਉਹ ਅਜਿਹਾ ਨਾ ਕਰ ਸਕਿਆ।

     ਮੋਰੋਕੋ ਵਿੱਚ ਰਹਿ ਕੇ ਉਸ ਨੇ ਆਪਣਾ ਅਗਲਾ ਨਾਵਲ ਕਮਿੰਗ ਅੱਪ ਫਾਰ ਏਅਰ (1939) ਲਿਖਿਆ। ਇੰਗਲੈਂਡ ਵਾਪਸ ਆ ਕੇ ਉਸ ਨੇ ਬਹੁਤ ਸਾਰੇ ਲੇਖ ਲਿਖੇ। 1939 ਵਿੱਚ ਦੂਸਰਾ ਵਿਸ਼ਵ ਯੁੱਧ ਛਿੜ ਜਾਣ ਤੇ ਆਰਵੈੱਲ ਸੈਨਾ ਵਿੱਚ ਸ਼ਾਮਲ ਹੋ ਕੇ ਯੁੱਧ ਵਿੱਚ ਹਿੱਸਾ ਪਾਉਣਾ ਚਾਹੁੰਦਾ ਸੀ। ਸਰੀਰਕ ਕਮਜ਼ੋਰੀ ਕਾਰਨ ਉਸ ਨੂੰ ਸੈਨਾ ਵਿੱਚ ਭਰਤੀ ਨਹੀਂ ਕੀਤਾ ਗਿਆ ਪਰ ਉਸ ਨੇ ਇੱਕ ਹੋਮਗਾਰਡ ਵਜੋਂ ਅਤੇ ਅੱਗ ਬੁਝਾਉਣ ਵਾਲੇ ਵਜੋਂ ਕੰਮ ਕਰ ਕੇ ਸੇਵਾ ਦਾ ਯੋਗਦਾਨ ਪਾਇਆ। 1940 ਵਿੱਚ ਆਰਵੈੱਲ ਲੰਦਨ ਵਾਪਸ ਪਰਤ ਆਇਆ। 1941 ਵਿੱਚ ਉਸ ਨੇ ਪਾਰਟੀਜ਼ਨ ਰੈਵਿਉ ਲਈ ਲੰਦਨ ਲੈਟਰਜ਼ ਲਿਖਣੇ ਸ਼ੁਰੂ ਕਰ ਦਿੱਤੇ। ਕੁਝ ਮਹੀਨਿਆਂ ਬਾਅਦ ਉਸ ਨੇ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਦੇ ਭਾਰਤੀ ਸੈਕਸ਼ਨ ਵਿੱਚ ਨਿਰਮਾਤਾ ਵਜੋਂ ਨੌਕਰੀ ਕਰ ਲਈ ਅਤੇ ਕਈ ਅਖ਼ਬਾਰਾਂ ਅਤੇ ਰਸਾਲਿਆਂ ਲਈ ਬਹੁਤ ਕੁਝ ਲਿਖਿਆ।ਦਾ ਟ੍ਰਿਬਿਊਨ ਦਾ ਸਾਹਿਤਿਕ ਸੰਪਾਦਕ ਬਣਨ ਲਈ ਉਸ ਨੇ 1943 ਵਿੱਚ ਬੀ.ਬੀ.ਸੀ. ਨੂੰ ਛੱਡ ਦਿੱਤਾ ਅਤੇ ਪੁਸਤਕ ਸਮੀਖਿਆ ਸ਼ੁਰੂ ਕਰ ਦਿੱਤੀ।

      1944 ਵਿੱਚ ਆਰਵੈੱਲ ਨੇ ਆਪਣੇ ਪ੍ਰਸਿੱਧ ਨਾਵਲ ਐਨੀਮਲ ਫਾਰਮ ਨੂੰ ਪੂਰਾ ਕਰ ਲਿਆ ਜੋ ਇੱਕ ਦੋਅਰਥੀ ਰਾਜਨੀਤਿਕ ਬਿਆਨ ਹੈ ਅਤੇ ਜਿਸ ਵਿੱਚ ਅਸਤਬਲ ਦੇ ਜਾਨਵਰਾਂ ਨੂੰ ਪਾਤਰਾਂ ਵਜੋਂ ਲੈ ਕੇ ਉੱਭਰ ਰਹੇ ਅਧਿਕੇਂਦਰਿਤ ਰਾਜ ਦੀ ਤਾਨਾਸ਼ਾਹੀ ਤੇ ਬਹੁਤ ਹੀ ਰਸਿਕ ਢੰਗ ਨਾਲ ਵਿਅੰਗ ਕੀਤਾ ਗਿਆ ਹੈ। ਪਰ ਇਹ ਨਾਵਲ ਰਾਜਨੀਤਿਕ ਕਾਰਨਾਂ ਕਰ ਕੇ ਦੂਜਾ ਵਿਸ਼ਵ ਯੁੱਧ ਖ਼ਤਮ ਹੋਣ ਤੱਕ ਨਹੀਂ ਛਪ ਸਕਿਆ ਕਿਉਂਕਿ ਇਹ ਸੋਵੀਅਤ ਯੂਨੀਅਨ ਤੇ ਇੱਕ ਖ਼ਤਰਨਾਕ ਹਮਲਾ ਸੀ ਜੋ ਉਸ ਵਕਤ ਪੱਛਮ ਦਾ ਇੱਕ ਸ਼ਕਤੀਸ਼ਾਲੀ ਹਿਮਾਇਤੀ ਸੀ।

      1945 ਵਿੱਚ ਦੂਸਰਾ ਵਿਸ਼ਵ ਯੁੱਧ ਖ਼ਤਮ ਹੋਣ ਵੇਲੇ ਆਰਵੈੱਲ ਨੇ ਇੱਕ ਰਿਪੋਰਟਰ ਵਜੋਂ ਫ਼੍ਰਾਂਸ, ਜਰਮਨੀ ਤੇ ਇਟਲੀ ਦਾ ਦੌਰਾ ਕੀਤਾ। ਇਸੇ ਸਾਲ ਉਸ ਦੀ ਪਤਨੀ ਦੀ ਮੌਤ ਹੋ ਗਈ। 1946 ਵਿੱਚ ਆਰਵੈੱਲ ਦੀ ਲੋਕ ਸੰਸਕ੍ਰਿਤੀ `ਤੇ ਕਰਿਟਿਕਲ ਐੱਸਏਜ਼ ਨਾਂ ਦੀ ਕਿਤਾਬ ਪ੍ਰਕਾਸ਼ਿਤ ਹੋਈ ਜੋ ਅਮਰੀਕਾ ਵਿੱਚ ਡਿਕਨਜ਼, ਡਾਲੀ ਐਂਡ ਅਦਰਜ਼ ਨਾਂ ਹੇਠ ਛਪੀ। ਇਸ ਤੋਂ ਬਾਅਦ ਆਰਵੈੱਲ ਨੇ ਇੰਗਲੈਂਡ ਛੱਡ ਦਿੱਤਾ ਅਤੇ ਸਕਾਟਲੈਂਡ ਦੇ ਸਮੁੰਦਰੀ ਕਿਨਾਰੇ ਤੇ ਜਯੂਰਾ ਦੇ ਵੀਰਾਨ ਆਦਿਵਾਸੀ ਟਾਪੂ ਤੇ ਜਾ ਕੇ ਰਹਿਣ ਲੱਗ ਪਿਆ ਅਤੇ ਆਪਣੇ ਸੁਪ੍ਰਸਿੱਧ ਨਾਵਲ ਨਾਈਨਟੀਨ ਏਟੀ ਫੋਰ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਉਸ ਨੇ ਇੱਕ ਕਾਲਪਨਿਕ ਪਰ ਸਚਾਈ `ਤੇ ਆਧਾਰਿਤ ਆਤੰਕਵਾਦੀ ਪਰਾਸਲਤਨਤ ਤੇ ਇੱਕ ਕਾਟਵਾਂ ਹਮਲਾ ਕੀਤਾ ਹੈ ਜੋ ਆਪਣੀ ਪਰਜਾ ਦੀ ਜ਼ਿੰਦਗੀ ਵਿੱਚ ਭਿਆਨਕ ਦੁੱਖ ਥੋਪਦੀ ਹੈ। ਇਸ ਵਿੱਚ ਆਰਵੈੱਲ ਨੇ ਅੱਜ ਦੀ ਰਾਜਨੀਤੀ ਤੇ ਵੀ ਵਿਅੰਗ ਕਸਿਆ ਹੈ ਅਤੇ ਆਉਣ ਵਾਲੀ ਦੁਨੀਆ ਬਾਰੇ ਭਵਿੱਖਬਾਣੀ ਕੀਤੀ ਹੈ ਜਿਸਨੂੰ ਹਰ ਵੇਲੇ ਲੜਾਈ ਲਈ ਤਤਪਰ ਤਾਨਾਸ਼ਾਹ ਵਿਨਾਸ਼ ਵੱਲ ਲੈ ਜਾ ਰਹੇ ਹਨ। ਇਸ ਨਾਵਲ ਦੇ ਛਪਣ ਦੇ ਕੁਝ ਦੇਰ ਬਾਅਦ ਹੀ ਆਰਵੈੱਲ ਨੂੰ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋਈ। 21 ਜਨਵਰੀ 1950 ਵਿੱਚ ਉਸ ਦੀ ਤਪਦਿਕ ਕਾਰਨ ਮੌਤ ਹੋ ਗਈ।

     ਆਰਵੈੱਲ ਦੀਆਂ ਸਮਾਜਿਕ ਅਤੇ ਰਾਜਨੀਤਿਕ ਲਿਖਤਾਂ ਨੇ ਉਸ ਨੂੰ ਵੀਹਵੀਂ ਸਦੀ ਦੀ ਇੱਕ ਮਹੱਤਵਪੂਰਨ ਸਾਹਿਤਿਕ ਹਸਤੀ ਬਣਾ ਦਿੱਤਾ। ਨਾਈਨਟੀਨ ਏਟੀ ਫੋਰ ਵਿੱਚ ਉਸ ਦੀ ਸਰਬ-ਸੱਤਾਵਾਦੀ ਰਾਜ ਦੀ ਰਾਜਨੀਤਿਕ ਦੂਰ-ਦ੍ਰਿਸ਼ਟੀ ਨੇ ਪਾਠਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਉਸ ਦੇ ਮਨ ਵਿੱਚ ਡਰ ਵੀ ਪੈਦਾ ਕਰ ਦਿੱਤਾ ਅਤੇ ਉਹ ਆਰਵੈੱਲ ਦੀਆਂ ਲਿਖਤਾਂ ਨੂੰ ਇੱਕ ਭਵਿੱਖਬਾਣੀ ਅਤੇ ਚਿਤਾਵਨੀ ਮੰਨਣ ਲੱਗ ਪਏ। ਕਈ ਆਲੋਚਕਾਂ ਦਾ ਵਿਚਾਰ ਹੈ ਕਿ ਵੀਹਵੀਂ ਸਦੀ ਦੇ ਕਿਸੇ ਹੋਰ ਨਾਵਲ ਨੇ ਪਾਠਕਾਂ ਦੇ ਮਨਾਂ ਵਿੱਚ ਜ਼ੁਲਮ ਲਈ ਏਨੀ ਜ਼ਿਆਦਾ ਨਫ਼ਰਤ ਅਤੇ ਅਜ਼ਾਦੀ ਦੀ ਇੱਛਾ ਉਤੇਜਿਤ ਨਹੀਂ ਕੀਤੀ। ਆਰਵੈੱਲ ਮੰਨਦਾ ਸੀ ਕਿ ਇੱਕ ਲੇਖਕ ਦਾ ਫ਼ਰਜ਼ ਹੈ ਕਿ ਉਹ ਮਾਨਵੀ ਕਦਰਾਂ-ਕੀਮਤਾਂ ਪ੍ਰਤਿ ਪਾਠਕਾਂ ਨੂੰ ਸਪਸ਼ਟ ਭਾਸ਼ਾ ਵਿੱਚ ਸੁਚੇਤ ਕਰੇ। ਆਰਵੈੱਲ ਦੇ ਲੇਖ, ਨਾਵਲ ਅਤੇ ਸਮਾਜੀ ਆਲੋਚਨਾ ਉਸ ਦੇ ਇਸ ਮਕਸਦ ਦੀ ਪੁਸ਼ਟੀ ਕਰਦੇ ਹਨ।


ਲੇਖਕ : ਤੇਜਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 945, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.