ਆਲੋਚਨਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਲੋਚਨਾ : ਰੋਜ਼ਾਨਾ ਜ਼ਿੰਦਗੀ ਵਿੱਚ ‘ਆਲੋਚਨਾ` ਸ਼ਬਦ ਦੇ ਅਰਥ ਇਸ ਦੇ ਅਸਲ ਅਰਥਾਂ ਤੋਂ ਐਨ ਉਲਟ ਪ੍ਰਕਿਰਤੀ ਦੇ ਧਾਰਨੀ ਹੋ ਚੁੱਕੇ ਹਨ। ਆਲੋਚਨਾ ਨਿੰਦਾ- ਸੂਚਕ ਲਫ਼ਜ਼ ਬਣ ਚੁੱਕਾ ਹੈ ਅਤੇ ਇਸ ਦੇ ਅਰਥ ‘ਨੁਕਸ ਕੱਢਣਾ`, ‘ਔਗੁਣ ਦੱਸਣਾ` ਜਾਂ ‘ਦੋਸ਼ ਲੱਭਣਾ` ਆਦਿ ਬਣ ਚੁੱਕੇ ਹਨ। ਪਰੰਤੂ ਇਸ ਲਫ਼ਜ਼ ਨੇ ਤਾਂ ਸੰਸਕ੍ਰਿਤ ਦੇ ‘ਲੋਚ` ਧਾਤੂ ਤੋਂ ਆਪਣੀ ਹੋਂਦ ਗ੍ਰਹਿਣ ਕੀਤੀ, ਜਿਸਦਾ ਅਰਥ ‘ਦੇਖਣਾ` ਹੈ। ‘ਆਲੋਚ` ਦਾ ਅਰਥ ਵੀ ‘ਦੇਖਣਾ`, ‘ਸੋਚਣਾ` ਹੀ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਆਲੋਚਨਾ ਸ਼ਬਦ ਦੇ ਅਰਥ ਘੇਰੇ ਨੂੰ ਨਿਸ਼ਚਿਤ ਕਰਦੇ ਹੋਏ ਇਸਦਾ ਅਰਥ ‘ਜਾਂਚ, ਪੜਤਾਲ, ਗੁਣ ਦੋਸ਼ ਦਾ ਨਿਰਣਾ, ਨਜ਼ਰਸਾਨੀ, ਕਿਸੇ ਗ੍ਰੰਥ ਦੇ ਵਿਸ਼ਿਆਂ ਦੀ ਪੜਤਾਲ ਅਤੇ ਯਥਾਰਥ ਨਿਰਣੇ ਦਾ ਸਿੱਟਾ` ਦੱਸਿਆ ਹੈ। ਕੁਝ ਕੋਸ਼ਾਂ ਵਿੱਚ ‘ਆਲੋਚਨਾ` ਦੇ ਅਰਥ ਦੇਖਣ ਦੀ ਕਿਰਿਆ, ਪਰਖ, ਸਮੀਖਿਆ, ਟੀਕਾ ਟਿੱਪਣੀ ਦੱਸੇ ਗਏ ਹਨ।

     ‘ਆਲੋਚਨਾ` ਲਈ ਅਕਸਰ ਕਈ ਸ਼ਬਦਾਂ ਜਿਵੇਂ ਪਰਖ, ਪੜਚੋਲ, ਸਮੀਖਿਆ, ਸਮਾਲੋਚਨਾ, ਵਿਵੇਚਨ, ਵਿਸ਼ਲੇਸ਼ਣ, ਮੁਲਾਂਕਣ, ਵਿਆਖਿਆ ਤੇ ਨਿਰਣਾ ਆਦਿ ਦੀ ਵਰਤੋਂ ਇੱਕ ਦੂਸਰੇ ਦੇ ਸਮਾਨਾਰਥੀ ਵਜੋਂ ਹੀ ਕਰ ਲਈ ਜਾਂਦੀ ਹੈ, ਹਾਲਾਂਕਿ ਇਹਨਾਂ ਵਿਚਾਲੇ ਹਲਕੀ ਜਿਹੀ ਅਰਥ ਭਿੰਨਤਾ ਮੌਜੂਦ ਹੈ। ਪੰਜਾਬੀ ਚਿੰਤਨ ਦੀ ਦੁਨੀਆ ਵਿੱਚ ਸ਼ੁਰੂ-ਸ਼ੁਰੂ ਵਿੱਚ ਪਰਖ, ਪੜਚੋਲ ਅਤੇ ਨੁਕਤਾਚੀਨੀ ਆਦਿ ਪਦਾਂ ਨੂੰ ਵਰਤਿਆ ਜਾਂਦਾ ਰਿਹਾ ਹੈ। ਇਹਨਾਂ ਨੂੰ ਕ੍ਰਮਵਾਰ ਪ੍ਰਸੰਸਾ ਤੇ ਨੁਕਸ ਦਰਸਾਉਣਾ ਅਤੇ ਕਿਸੇ ਗੁੱਝੇ ਜਾਂ ਭੇਦ ਭਰੇ ਨੁਕਤੇ ਨੂੰ ਸਾਮ੍ਹਣੇ ਲਿਆਉਣ ਆਦਿ ਅਰਥਾਂ ਵਿੱਚ ਵਰਤਿਆ ਜਾਂਦਾ ਰਿਹਾ ਹੈ। ਅਕਸਰ ਲੋਕਾਂ ਲਈ ਇਹ ਗਿਆਨ ਦਾ ਸੰਗਠਨ ਜਾਂ ਵਿਸ਼ੇਸ਼ ਪ੍ਰਕਾਰ ਦਾ ਗਿਆਨ ਜਾਂ ਗਿਆਨ ਦੀ ਸ਼ਾਖਾ ਨਹੀਂ, ਪ੍ਰਸੰਸਾ-ਸੂਚਕ ਜਾਂ ਨਿੰਦਾ ਸੂਚਕ ਕਥਨਾਂ ਦਾ ਸੰਗ੍ਰਹਿ ਹੈ। ਇਸ ਤੋਂ ਅਗਾਂਹ ‘ਆਲੋਚਨਾ` ਨੂੰ ਵਿਸ਼ਾਲ ਅਰਥਾਂ ਵਿੱਚ ਗ੍ਰਹਿਣ ਕਰ ਕੇ ਦੋ ਭਾਗਾਂ (ਸਿਧਾਂਤਿਕ ਤੇ ਵਿਹਾਰਿਕ) ਵਿੱਚ ਵੰਡ ਲਿਆ ਜਾਂਦਾ ਹੈ। ਵਿਹਾਰਿਕ ਭਾਗ ਜਾਂ ਖੰਡ ਅੱਗੋਂ ਮੈਕਰੋ ਅਧਿਐਨ ਤੋਂ ਮਾਈਕ੍ਰੋ ਜਾਂ ਮਹੀਨ ਅਧਿਐਨ ਤੱਕ ਫੈਲਦਾ ਹੈ। ਇਸ ਸੰਕਲਪ ਨੂੰ ਵਿਸ਼ਾਲ ਅਰਥਾਂ ਵਿੱਚ ਵਰਤਦੇ ਹੋਏ ਚਿੰਤਕ ਜਿਵੇਂ ਭੂਮਿਕਾ, ਰੀਵਿਊ, ਸਿਧਾਂਤ, ਇਤਿਹਾਸ ਆਦਿ ਸਾਹਿਤ ਅਧਿਐਨ ਨਾਲ ਸੰਬੰਧਿਤ ਕਈ ਅਨੁਸ਼ਾਸਨਾਂ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਦੀ ਕੁਤਾਹੀ ਕਰ ਜਾਂਦੇ ਹਨ। ਹਰਿਭਜਨ ਸਿੰਘ ਨੇ ਆਪਣੀ ਪੁਸਤਕ ਸਿਸਟਮੀ ਵਿਚਲੇ ਮਜ਼ਮੂਨ ‘ਆਲੋਚਨਾ ਤੇ ਸਮੀਖਿਆ` ਵਿੱਚ ਆਲੋਚਨਾ ਨੂੰ ਸ਼ਬਦ (ਆਲੋਚਨਾ ਸਾਹਿਤ ਦਾ ਅਧਿਐਨ ਆਪਣੀਆਂ ਸ਼ਰਤਾਂ ਉਪਰ ਕਰਦੀ ਹੈ, ਸਾਹਿਤ ਦੀਆਂ ਸ਼ਰਤਾਂ ਉਪਰ ਨਹੀਂ) ਅਤੇ ਸਮੀਖਿਆ ਨੂੰ ‘ਸੰਕਲਪ` ਵਜੋਂ ਵਰਤਣ ਦਾ ਸੁਝਾਅ ਦਿੱਤਾ ਸੀ। ਅਰਥਾਤ ਉਸ ਦੀ ਨਜ਼ਰ ਵਿੱਚ ਸਾਹਿਤ ਦਾ ਅਧਿਐਨ ਆਪਣੀਆਂ ਸ਼ਰਤਾਂ ਉਪਰ ਕਰਨਾ ਆਲੋਚਨਾ ਹੈ ਅਤੇ ਸਾਹਿਤ ਦੀਆਂ ਸ਼ਰਤਾਂ ਉਪਰ ਕਰਨਾ ਸਮੀਖਿਆ ਹੈ। ਉਸ ਨੇ ਕੇਵਲ ਸਾਹਿਤ-ਕੇਂਦਰਿਤ ਜਾਂ ਸਾਹਿਤਕਤਾ ਆਧਾਰਿਤ ਕਾਰਜ ਨੂੰ ਹੀ ਸਮੀਖਿਆ ਸਵੀਕਾਰ ਕੀਤਾ। ਪਰੰਤੂ ਇਹ ਨਿਖੇੜਾ ਪ੍ਰਵਾਨਯੋਗ ਨਾ ਹੋ ਸਕਿਆ। ਕੁਝ ਆਲੋਚਕ ਆਲੋਚਨਾ ਨੂੰ ਕ੍ਰਿਟਿਸਿਜ਼ਮ, ਸਮਾਲੋਚਨਾ ਨੂੰ ਕੰਪੈਰੇਟਿਵ ਕ੍ਰਿਟਿਸਿਜ਼ਮ ਅਤੇ ਸਮੀਖਿਆ ਨੂੰ ਵਿਹਾਰਿਕ ਜਾਂ ਨਿਕਟ ਪਾਠਗਤ ਅਧਿਐਨ ਨਾਲ ਜੋੜ ਕੇ ਵੱਖ-ਵੱਖ ਸੰਕਲਪਾਂ ਵਿਚਲੇ ਨਿਖੇੜ ਕਰਨ ਦੇ ਯਤਨ ਵਿੱਚ ਹਨ। ਪਰੰਤੂ ਇਸ ਨਿਖੇੜੇ ਨੂੰ ਵੀ ਫ਼ਿਲਹਾਲ ਪ੍ਰਵਾਨਗੀ ਪ੍ਰਾਪਤ ਨਹੀਂ ਹੋ ਸਕੀ। ਉਂਞ ਏਨਾ ਸਪਸ਼ਟ ਹੈ ਕਿ ਆਲੋਚਨਾ ਇੱਕ ਸਿਧਾਂਤਿਕ ਸੰਕੇਤ ਹੈ ਅਤੇ ਇਸ ਨੂੰ ਆਮ ਸਧਾਰਨ ਸ਼ਬਦ ਵਜੋਂ ਵਰਤਣਾ ਜਾਂ ਗ੍ਰਹਿਣ ਕਰਨਾ ਉਚਿਤ ਨਹੀਂ। ਮੋਟੇ ਤੌਰ ਉਪਰ ਇਸ ਸੰਕੇਤ ਦਾ ਸੰਬੰਧ ਸਾਹਿਤ ਜਾਂ ਕਲਾ ਕਿਰਤ ਦੇ ਗੁਣ-ਔਗੁਣਾਂ ਦੀ ਪਛਾਣ ਕਰ ਕੇ ਉਸ ਸੰਬੰਧੀ ਨਿਰਣਾ ਪ੍ਰਸਤੁਤ ਕਰਨ ਨਾਲ ਜਾ ਜੁੜਦਾ ਹੈ। ਇਨਸਾਈਕਲੋ- ਪੀਡੀਆ ਆਫ਼ ਬ੍ਰਿਟੈਨਿਕਾ ਵਿੱਚ ਇਸ ਦੇ ਮੁਢਲੇ ਤੇ ਮੂਲ ਅਰਥ ਇਸ ਤਰ੍ਹਾਂ ਕੀਤੇ ਗਏ ਹਨ :

      ਆਲੋਚਨਾ ਦਾ ਅਰਥ ਸੁਹਜਮਈ ਚੀਜ਼ਾਂ ਦੇ ਗੁਣ-ਦੋਸ਼ਾਂ ਦੀ ਪਰਖ ਕਰਨਾ ਹੈ, ਚਾਹੇ ਇਹ ਪਰਖ ਸਾਹਿਤ ਖੇਤਰ ਵਿੱਚ ਕੀਤੀ ਗਈ ਹੋਵੇ, ਚਾਹੇ ਕੋਮਲ ਕਲਾਵਾਂ ਵਿੱਚ ਇਸ ਦਾ ਸਰੂਪ ਰਾਏ ਕਾਇਮ ਕਰ ਕੇ ਉਸਨੂੰ ਪ੍ਰਗਟ ਕਰਨਾ ਹੈ

     ਕਾਰਲਾਈਲ ਆਲੋਚਨਾ ਨੂੰ ‘ਕਿਸੇ ਪੁਸਤਕ ਬਾਰੇ ਆਲੋਚਕ ਦੀ ਮਾਨਸਿਕ ਪ੍ਰਤਿਕਿਰਿਆ ਦੇ ਸਿੱਟੇ` ਨਾਲ ਜੋੜਦਾ ਹੈ ਅਤੇ ਡਰਾਈਡਨ ਇਸ ਨੂੰ ਉਹ ਕਸੌਟੀ ਦੱਸਦਾ ਹੈ ਜਿਸਦੀ ਸਹਾਇਤਾ ਨਾਲ ਕਿਸੇ ਰਚਨਾ ਦਾ ਮੁੱਲ ਪਾਇਆ ਜਾ ਸਕੇ।

     ‘ਆਲੋਚਨਾ` ਸਾਹਿਤ ਜਾਂ ਕਲਾ ਉਪਰ ਆਧਾਰਿਤ ਹੁੰਦੀ ਹੈ। ਜਿਵੇਂ ਜੀਵਨ ਦੀ ਹੋਂਦ ਤੋਂ ਬਗ਼ੈਰ ਕਲਾ ਜਾਂ ਸਾਹਿਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਓਵੇਂ ਹੀ ਸਾਹਿਤ ਜਾਂ ਕਲਾ ਦੀ ਹੋਂਦ ਬਗ਼ੈਰ ਆਲੋਚਨਾ ਦੀ ਹੋਂਦ ਨੂੰ ਚਿਤਵਿਆ ਨਹੀਂ ਜਾ ਸਕਦਾ। ਅਸਲ ਵਿੱਚ ਆਲੋਚਨਾ ਕਲਾ ਜਾਂ ਸਾਹਿਤ ਸੰਬੰਧੀ ਰਉਂ (mood) ਉਪਰ ਆਧਾਰਿਤ ਟਿੱਪਣੀਆਂ ਦਾ ਸੰਗ੍ਰਹਿ ਮਾਤਰ ਨਹੀਂ ਸਗੋਂ ਨਾਰਥਰਪ ਫਰਾਈ ਦੇ ਕਹਿਣ ਅਨੁਸਾਰ ਵਿਚਾਰ ਅਤੇ ਗਿਆਨ ਦਾ ਸੰਗਠਨ ਹੈ। ਜਿੱਥੇ ਸਾਹਿਤ ਨੂੰ ਕਲਾ ਦਾ ਦਰਜਾ ਦਿੱਤਾ ਜਾਂਦਾ ਹੈ ਉੱਥੇ ਆਲੋਚਨਾ ਸਾਹਿਤ ਅਧਿਐਨ ਵਿਗਿਆਨ ਨਹੀਂ ਤਾਂ ਇੱਕ ਵਿਸ਼ੇਸ਼ ਪ੍ਰਕਾਰ ਦਾ ਗਿਆਨ ਜ਼ਰੂਰ ਹੈ। ਜਜ਼ਬਾ, ਕਲਪਨਾ ਅਤੇ ਅਨੁਭਵ ਦਾ ਸਮੂਰਤੀਕਰਨ ਸਾਹਿਤਕਾਰ ਦੇ ਹਥਿਆਰ ਹਨ ਜਦੋਂ ਕਿ ਆਲੋਚਕ ਬੁੱਧੀ, ਤਰਕ ਅਤੇ ਵਿਗਿਆਨਿਕ ਸੋਚਣੀ ਨਾਲ ਕਿਰਤ ਨੂੰ ਪਰਤ-ਦਰ-ਪਰਤ ਖੋਲ੍ਹਦਾ ਹੈ।

     ਰੀਵਿਊ, ਭੂਮਿਕਾ, ਆਲੋਚਨਾ, ਸਿਧਾਂਤ ਅਤੇ ਇਤਿਹਾਸ ਸਾਰੇ ਕਾਰਜ ‘ਸਾਹਿਤ ਅਧਿਐਨ` ਦੇ ਕਿਸੇ ਇੱਕ ਜਾਂ ਦੂਸਰੇ ਪੱਖ ਜਾਂ ਪਸਾਰ ਨਾਲ ਸੰਬੰਧਿਤ ਹਨ। ਇਹ ਇੱਕ ਦੂਸਰੇ ਦੇ ਪੂਰਕ ਕਾਰਜ ਹਨ, ਵਿਰੋਧੀ ਨਹੀਂ।ਇਹਨਾਂ ਦਾ ਵਜੂਦ ਆਪਸੀ ਸਾਂਝ ਅਤੇ ਵੱਖਰਤਾ ਉਪਰ ਟਿਕਿਆ ਹੋਇਆ ਹੈ। ਮਿਸਾਲ ਵਜੋਂ ਰੀਵਿਊ ਦਾ ਅਸਲ ਮਕਸਦ ਨਵੀਂ ਛਪੀ ਰਚਨਾ ਬਾਰੇ ਪਾਠਕਾਂ ਨੂੰ ਵਾਕਫ਼ੀ ਦੇਣਾ ਜਾਂ ਉਸ ਦੇ ਉੱਭਰਵੇਂ ਗੁਣਾਂ ਦੀ ਤਾਰਕਿਕ ਵਿਆਖਿਆ ਕਰਨਾ ਹੁੰਦਾ ਹੈ। ਪ੍ਰਮਾਣਿਕ ਰੀਵਿਊ ਕਈ ਵਾਰ ਸਾਹਿਤ ਆਲੋਚਨਾ ਦੇ ਪੱਧਰ ਵਾਲੀ ਗੰਭੀਰਤਾ ਨੂੰ ਵੀ ਆਤਮਸਾਤ ਕਰਦੇ ਦਿਖਾਈ ਦਿੰਦੇ ਹਨ। ਭੂਮਿਕਾ, ਲੇਖਕ ਆਪਣੀ ਪੁਸਤਕ ਦੀ ਖ਼ੁਦ ਵੀ ਲਿਖਦਾ ਹੈ ਅਤੇ ਲਿਖਵਾਉਂਦਾ ਵੀ ਹੈ। ਇਸ ਵਿੱਚ ਸ਼ੁੱਭ ਦ੍ਰਿਸ਼ਟੀ ਜਾਂ ਮੂੰਹ-ਮੁਲਾਹਜ਼ੇ ਦਾ ਆ ਹਾਜ਼ਰ ਹੋਣਾ ਕੁਦਰਤੀ ਗੱਲ ਹੁੰਦੀ ਹੈ।ਇਸ ਦਾ ਅਸਲ ਮਕਸਦ ਲੇਖਕ ਤੇ ਰਚਨਾ ਦੀ ਜਾਣ- ਪਛਾਣ ਤੱਕ ਹੀ ਸੀਮਿਤ ਹੁੰਦਾ ਹੈ ਪਰੰਤੂ ਕਈ ਵਾਰ ਇਹ ਆਪਣੀ ਸੀਮਾ ਤੋਂ ਪਾਰ ਫ਼ੈਲ ਕੇ, ਸਾਹਿਤ ਰਚਨਾਵਾਂ ਦੇ ਧੁਰ-ਡੂੰਘ ਤੱਕ ਅੱਪੜ ਕੇ ਸਾਹਿਤ ਆਲੋਚਨਾ ਨਾਲ ਮੇਲ ਖਾਣੀ ਅਰੰਭ ਹੋ ਜਾਂਦੀ ਹੈ। ਸਾਹਿਤ ਆਲੋਚਨਾ ਦਾ ਮੂਲ ਮਕਸਦ ਸਾਹਿਤ ਰਚਨਾ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁਲਾਂਕਣ ਮਿਥਣਾ ਹੁੰਦਾ ਹੈ। ਰੈਨੇ ਵੈਲਿਕ ਇਸ ਦੀ ਪ੍ਰਕਿਰਤੀ ਨੂੰ ਸਮਝਣਯੋਗ ਬਣਾਉਣ ਲਈ ਇਸ ਨੂੰ ਅੰਤਰੰਗ ਅਤੇ ਬਹਿਰੰਗ ਕੋਟੀਆਂ ਵਿੱਚ ਵੰਡਣ ਦਾ ਸੁਝਾਅ ਦਿੰਦਾ ਹੈ। ਪਾਠ-ਕੇਂਦਰਿਤ, ਸਾਹਿਤ-ਕੇਂਦਰਿਤ, ਸਾਹਿਤਕਤਾ ਦੀ ਪਛਾਣ ਦੇ ਪ੍ਰਯੋਜਨ ਉਪਰ ਆਧਾਰਿਤ ਆਲੋਚਨਾ ਨੂੰ ਉਸ ਅੰਤਰੰਗ ਅਤੇ ਲੇਖਕ, ਪਾਠਕ, ਸਮਾਜ ਜਾਂ ਕਿਸੇ ਵੀ ਹੋਰ ਸਾਹਿਤ-ਬਾਹਰੀ ਬਿੰਦੂ ਉਪਰ ਆਧਾਰਿਤ ਆਲੋਚਨਾ ਨੂੰ ਬਹਿਰੰਗ ਆਲੋਚਨਾ ਆਖਿਆ ਹੈ। ਸਿਧਾਂਤ ਦਾ ਜਨਮ ਵੀ ਸਾਹਿਤ ਰਚਨਾਵਾਂ ਦੀ ਲੰਮੀ ਪਰੰਪਰਾ ਦੇ ਮੰਥਨ ਵਿੱਚੋਂ ਹੁੰਦਾ ਹੈ। ਸਿਧਾਂਤ ਅਸਲ ਵਿੱਚ ਰਚਨਾ ਵਿਚਲੇ ਨੇਮਪਰਕ ਧਰਾਤਲ ਦਾ ਹੀ ਨਾਂ ਹੈ। ਇਹ ਸਾਮਾਨਯ ਭਾਂਤ ਦਾ ਵੀ ਹੁੰਦਾ ਹੈ ਅਤੇ ਵਿਸ਼ੇਸ਼ ਕਿਸਮ ਦਾ ਵੀ। ਆਪਣੇ ਸਾਮਾਨਯ ਰੂਪ ਵਿੱਚ ਇਹ ਪਰੰਪਰਾ ਦੇ ਤੱਤਾਂ ਨੂੰ ਉਭਾਰਦਾ ਹੈ ਅਤੇ ਵਿਸ਼ੇਸ਼ ਰੂਪ ਵਿੱਚ ਰਚਨਾ ਦੀ ਵਿਲੱਖਣਤਾ ਅਤੇ ਅਦੁੱਤੀਅਤਾ ਦੇ ਗੁਣਾਂ ਨੂੰ ਪ੍ਰਗਟਾਉਂਦਾ ਹੈ। ਸਿਧਾਂਤ ਹਮੇਸ਼ਾ ਖ਼ਮੋਸ਼ ਧਰਾਤਲ ਉਪਰ ਵਿਚਰਦੀ ਸਮੁੱਚੀ ਵਿਹਾਰਿਕਤਾ ਨੂੰ ਆਪਣੇ ਨਿਯੰਤਰਨ ਹੇਠ ਰੱਖਦਾ ਹੈ। ਇਤਿਹਾਸਕਾਰੀ ਦਾ ਕਾਰਜ ਤੱਥ ਲੱਭਤ ਤੋਂ ਅਰੰਭ ਹੋ ਕੇ ਕਾਲਕ੍ਰਮਤਾ, ਨਿਰੰਤਰਤਾ, ਕਾਲ-ਵੰਡ ਰਾਹੀਂ, ਕਾਲਾਂ ਦੇ ਨਾਮਕਰਨ ਤੱਕ ਅੱਪੜਦਾ ਹੈ। ਰੈਨੇ ਵੈਲਿਕ ਅਤੇ ਆਸਟਨ ਵਾਰਨ ਦੀ ਥੀਊਰੀ ਆਫ਼ ਲਿਟਰੇਚਰ ਵਿੱਚ ਪੇਸ਼ ਇਹ ਧਾਰਨਾ ਦਰੁਸਤ ਹੈ ਕਿ :

      ਇਹਨਾਂ ਪੱਧਤੀਆਂ (ਸਿਧਾਂਤ, ਇਤਿਹਾਸ, ਆਲੋਚਨਾ) ਦਾ ਪ੍ਰਯੋਗ ਇੱਕ ਦੂਸਰੀ ਤੋਂ ਅਛੂਤਾ ਰਹਿ ਕੇ ਨਹੀਂ ਕੀਤਾ ਜਾ ਸਕਦਾ ਇਹ ਇੱਕ ਦੂਜੇ ਨਾਲ ਏਨੇ ਗਹਿਰੇ ਰਿਸ਼ਤੇ ਵਿੱਚ ਬੱਝੀਆਂ ਹੋਈਆਂ ਹਨ ਕਿ ਬਿਨਾ ਆਲੋਚਨਾ ਅਤੇ ਇਤਿਹਾਸ ਦੇ ਸਿਧਾਂਤ ਦੀ ਜਾਂ ਬਿਨਾਂ ਸਾਹਿਤ ਅਤੇ ਆਲੋਚਨਾ ਦੇ ਇਤਿਹਾਸ ਦੀ ਜਾਂ ਬਿਨਾਂ ਇਤਿਹਾਸ ਅਤੇ ਸਿਧਾਂਤ ਦੇ ਆਲੋਚਨਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ

     ਨਾਰਥਰਪ ਫ਼ਰਾਈ ਨੇ ਆਪਣੇ ਮਜ਼ਮੂਨ "Literary Criticism" ਵਿੱਚ ਸਾਹਿਤ ਆਲੋਚਨਾ ਦੇ ਸਰੂਪ ਨੂੰ ਸਮਝਣ ਲਈ ਦੋ ਕੋਟੀਆਂ ਨਿਰਣਾ-ਮੁੱਖ ਆਲੋਚਨਾ ਅਤੇ ਅਕਾਦਮਿਕ ਆਲੋਚਨਾ ਦਾ ਪ੍ਰਯੋਗ ਕੀਤਾ ਹੈ। ਨਿਰਣਾ- ਮੁੱਖ ਆਲੋਚਨਾ ਨੂੰ ਉਹ ਆਤਮਭਾਵੀ ਪ੍ਰਤਿਕਰਮਾਂ, ਵਿਅਕਤੀਗਤ ਪਸੰਦ-ਨਾਪਸੰਦ, ਭਾਵਨਾ-ਯੁਕਤਤਾ, ਖੰਡਗਤ ਅਧਿਐਨ, ਰਚਨਾ ਬਾਹਰੀ ਵੇਰਵਿਆਂ, ਪੂਰਵ ਮਿਥਿਤ ਧਾਰਨਾਵਾਂ ਅਤੇ ਸਿਧਾਂਤਿਕ ਤੇ ਇਤਿਹਾਸਿਕ ਪਰਿਪੇਖ ਤੋਂ ਵਿਰਵੀਆਂ ਟਿੱਪਣੀਆਂ ਨਾਲ ਜੋੜਦਾ ਹੈ। ਇਸ ਦੇ ਮੁਕਾਬਲੇ ਵਿੱਚ ਉਹ ਅਕਾਦਮਿਕ ਆਲੋਚਨਾ ਨੂੰ ਪ੍ਰਮਾਣਿਕ ਆਲੋਚਨਾ ਦਾ ਦਰਜਾ ਦਿੰਦਾ ਹੋਇਆ ਤਾਰਕਿਕ ਦ੍ਰਿਸ਼ਟੀ, ਵਸਤੂਮੂਲਕਤਾ, ਗਿਆਨ ਪ੍ਰਬੰਧ ਦੀ ਹੋਂਦ ਅਤੇ ਵਿਗਿਆਨਿਕ ਅਧਿਐਨ ਨੂੰ ਇਸਦੇ ਪਛਾਣ-ਚਿੰਨ੍ਹ ਦੱਸਦਾ ਹੈ। ਉਸ ਦੀ ਧਾਰਨਾ ਮੁਤਾਬਕ ਇਹ ਰਚਨਾ ਨੂੰ ਕਲਾਤਮਿਕ ਇਕਾਗਰਤਾ ਵਜੋਂ ਵਿਚਰਦੀ, ਕਾਲਗਤ ਤੇ ਵਿਧਾਗਤ ਪਰਿਪੇਖਾਂ ਪ੍ਰਤਿ ਸੁਚੇਤ ਰਹਿੰਦੀ, ਭ੍ਰਾਂਤੀਆਂ ਤੋਂ ਪੱਲਾ ਬਚਾ ਕੇ ਵਿਚਰਦੀ ਅਤੇ ਬਣਤਰ ਤੋਂ ਬੁਣਤੀ ਤੱਕ ਅਪੜਦੀ ਹੋਈ ਰਚਨਾ ਦੇ ਮੂਲ ਨੁਕਤਿਆਂ ਅਤੇ ਸੰਰਚਨਾਤਮਿਕ- ਨੇਮ ਤੱਕ ਅਪੜਦੀ ਹੈ।

     ਸਾਹਿਤ ਆਲੋਚਨਾ ਸਮਾਜ-ਮੂਲਕ, ਲੇਖਕ-ਮੂਲਕ, ਪਾਠਕ-ਮੂਲਕ ਅਤੇ ਰਚਨਾ-ਮੂਲਕ ਹੋ ਸਕਦੀ ਹੈ। ਪ੍ਰਮਾਣਿਕ ਆਲੋਚਨਾ ਉਸੇ ਨੂੰ ਮੰਨਿਆ ਜਾਂਦਾ ਹੈ ਜਿਹੜੀ ਬਹੁ-ਕੋਣਾਂ ਤੋਂ ਰਚਨਾ ਦੀਆਂ ਤਹਿਆਂ ਤੇ ਪਰਤਾਂ ਨੂੰ ਫਰੋਲਦੀ ਹੈ। ਇਹ ਸਾਹਿਤ ਦੀ ਵਿਆਖਿਆ-ਵਿਸ਼ਲੇਸ਼ਣ ਰਾਹੀਂ ਜੀਵਨ ਦੇ ਗੰਭੀਰ ਮਸਲਿਆਂ ਅਤੇ ਸੁਲਗਦੇ ਸਵਾਲਾਂ ਨਾਲ ਵੀ ਆਪਣਾ ਨਾਤਾ ਜੋੜਦੀ ਹੈ। ਰਵਿੰਦਰ ਸਿੰਘ ਰਵੀ ਦੀ ਪੁਸਤਕਅਮਰੀਕਾ ਦੀ ਨਵੀਨ ਆਲੋਚਨਾ- ਪ੍ਰਣਾਲੀ ਦੇ ਅਰੰਭ ਵਿੱਚ ਦਰਜ ਇਹ ਧਾਰਨਾ ਭਰੋਸੇਯੋਗ ਹੈ ਕਿ :

        ਸਾਹਿਤ-ਆਲੋਚਨਾ ਸਿਰਫ਼ ਸਾਹਿਤਿਕ ਕਿਰਤਾਂ ਅਤੇ ਲੇਖਕਾਂ ਦੇ ਅਧਿਐਨ ਅਤੇ ਮੁਲਾਂਕਣ ਦੀ ਸਮੱਸਿਆ ਮਾਤਰ ਨਹੀਂ। ਇਹ ਉਸੇ ਕਿਸਮ ਦਾ ਵਿਚਾਰਧਾਰਕ ਮਸਲਾ ਹੈ ਜਿਵੇਂ ਕੋਈ ਵੀ ਹੋਰ ਸਮੱਸਿਆ ਆਪਣੇ ਆਖ਼ਰੀ ਰੂਪ ਵਿੱਚ ਜੀਵਨ- ਦ੍ਰਿਸ਼ਟੀਕੋਣ ਅਤੇ ਵਿਸ਼ਵ-ਦ੍ਰਿਸ਼ਟੀਕੋਣ ਅਨੁਸਾਰ ਵਿਰੋਧੀ ਵਿਚਾਰਧਾਰਕ ਧਿਰਾਂ ਵਿੱਚ ਵੰਡੀ ਜਾ ਸਕਦੀ ਹੈ।


ਲੇਖਕ : ਹਰਿਭਜਨ ਸਿੰਘ ਭਾਟੀਆ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 22664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਆਲੋਚਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਲੋਚਨਾ [ਨਾਂਇ] ਪੜਚੋਲ, ਤਨਕੀਦ; ਨਿਖੇਧੀ, ਬੁਰਾਈ, ਨੁਕਤਾਚੀਨੀ, ਟੀਕਾ-ਟਿੱਪਣੀ, ਬਦਖ਼ੋਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਲੋਚਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਲੋਚਨਾ. ਸੰ. ਸੰਗ੍ਯਾ—ਜਾਂਚ. ਪੜਤਾਲ. ਗੁਣ ਦੋ੄ ਦਾ ਨਿਰਣਾ। ੨ ਨ੓ਰ ੆੠ਨੀ। ੩ ਕਿਸੇ ਗ੍ਰੰਥ ਦੇ ਵਿ੡੄ਆਂ ਦੀ ਪੜਤਾਲ ਅਤੇ ਯਥਾਰਥ ਨਿਰਣੇ ਦਾ ਸਿੱਟਾ. Review.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਲੋਚਨਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਲੋਚਨਾ : ਇਹ ਸ਼ਬਦ ਲੁਚੁ ਧਾਤੂ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਦੇਖਣਾ। ‘ਅ’ ਪ੍ਰਤਯ ਵਧੇਰੇ ਬਲ ਦਾ ਭਾਵ ਦਿੰਦਾ ਹੈ। ਸੋ ਆਲੋਚਨਾ ਦੇ ਅਰਥ ਹਨ, ਸਭਨਾਂ ਪਾਸਿਆਂ ਤੋਂ ਡੂੰਘੀ ਨੀਝ ਤੇ ਪਰਖ ਨਾਲ ਦੇਖਣਾ। ਸਾਹਿਤ ਦੇ ਖੇਤਰ ਵਿਚ ਇਹ ਸ਼ਬਦ ਸਰਬੰਗੀ ਨਿਰਣਾਤਮਕ ਪਰਖ ਦਾ ਭਾਵ ਦਿੰਦਾ ਹੈ।

ਉਂਜ ਤਾਂ ਵਰਤਮਾਨ ਸੰਸਾਰ ਦੇ ਚਾਰ ਸਭਿਆਚਾਰਕ ਖੇਤਰਾਂ–ਯੂਰਪੀ, ਨਿਕਟ–ਪੂਰਬੀ (ਅਰਬੀ–ਫ਼ਾਰਸੀ), ਦੂਰ–ਪੂਰਬੀ (ਚੀਨੀ ਜਾਪਾਨੀ) ਤੇ ਭਾਰਤੀ ਅਨੁਸਾਰ ਸਾਹਿਤ ਆਲੋਚਨਾ ਦੀਆਂ ਦੀ ਚਾਰ ਪ੍ਰਣਾਲੀਆਂ ਕਲਪੀਆਂ ਜਾਂ ਸਕਦੀਆਂ ਹਨ : ਪਰ ਇਨ੍ਹਾਂ ਵਿਚ ਪ੍ਰਧਾਨ ਯੂਰਪੀ ਪ੍ਰਣਾਲੀ ਹੀ ਹੈ, ਅਤੇ ਭਾਰਤੀ ਅਥਵਾ ਸੰਸਕ੍ਰਿਤ ਪ੍ਰਣਾਲੀ ਸਾਡੇ ਇਤਿਹਾਸਕ ਤੇ ਜਾਤੀਗਤ ਅਨੁਭਵ ਦਾ ਅੰਗ ਹੋਣ ਕਰਕੇ ਧਿਆਨ ਗੋਚਰ ਹੈ।

          ਪ੍ਰਾਚੀਨ ਸੰਸਕ੍ਰਿਤ ਸਾਹਿਤ ਨੂੰ ਕਾਵਿ ਦੇ ਭਾਵ ਵਿਚ ਹੀ ਲਿਆ ਗਿਆ ਹੈ ਅਤੇ ਕਾਵਿ ਦੀ ਆਲੋਚਨਾ ਰੂਪ ਤੇ ਭਾਵ ਦੋਹਾਂ ਪੱਖਾਂ ਤੋਂ ਕੀਤੀ ਜਾਂਦੀ ਰਹੀ ਹੈ। ਸ਼ਾਇਦ ਕਾਲ ਦੇ ਪੱਖ ਤੋਂ ਭਾਵ ਨੂੰ ਰੂਪ ਦੇ ਟਾਕਰੇ ਵਿਚ ਪਹਿਲ ਪ੍ਰਾਪਤ ਹੈ। ਭਰਤ ਮੁਨੀ ਦੇ ਸਮੇਂ (ਲਗਭਗ 300 ਈ.) ਤੋਂ ਭਾਰਤੀ ਆਲੋਚਨਾ ਵਿਚ ਰਸ ਦਾ ਸੰਕਲਪ ਪ੍ਰਧਾਨ ਰਿਹਾ ਹੈ, ਅਰਥਾਤ ਇਹ ਸਮਝਿਆ ਜਾਂਦਾ ਰਿਹਾ ਹੈ ਕਿ ਮਨੁੱਖ ਦੀਆਂ ਬਲਵਾਨ ਅਨੁਭੂਤੀਆਂ ਮਨੋਭਾਵਨਾਵਾਂ ਦੇ ਅਨੁਸਾਰ ਕੁਝ ਰਸ ਭਾਵ ਹਨ, ਜਿਨ੍ਹਾਂ ਤੋਂ ਸਾਹਿਤ ਦੇ ਸੁਭਾਅ ਨੂੰ ਨਿਸ਼ਚਿਤ ਕੀਤਾ ਜਾ ਸਕਦਾ ਹੈ। ਇਸ ਰਸ ਸਥਾਈ ਤੇ ਅਸਥਾਈ ਆਖੇ ਗਏ ਹਨ। ਸਥਾਈ ਰਸ ਨੌਂ ਮੰਨੇ ਗਏ ਹਨ : ਸ਼ਿੰਗਾਰ, ਕਰੁਣਾ, ਹਾਸ, ਵੀਭਤਸ, ਵਾਤਸਲ, ਬੀਰ, ਰੌਦਰ, ਅਦਭੁਤ ਅਤੇ ਸ਼ਾਂਤ। ਕਿਸੇ ਸਾਹਿਤਕ ਅਥਵਾ ਕਾਵਿ ਰਚਨਾ ਵਿਚ ਇਨ੍ਹਾਂ ਰਸਾਂ, ਸਥਾਈ ਤੇ ਅਸਥਾਈ ਦਾ ਮੇਲ ਹੋ ਸਕਦਾ ਹੈ ਪਰ ਇਨ੍ਹਾਂ ਵਿਚ ਇਕ ਪ੍ਰਧਾਨ ਹੋਣਾ ਚਾਹੀਦਾ ਹੈ ਜਿਸ ਤੋਂ ਰਚਨਾ ਦਾ ਸੁਭਾਅ ਨਿਸ਼ਚਿਤ ਹੋ ਸਕੇ ਜਿਵੇਂ ਕਿਸੇ ਨਾਟਕ ਦਾ ਪ੍ਰਧਾਨ ਸਥਾਈ ਰਸ, ਬੀਰ ਰਸ ਹੋ ਸਕਦਾ ਹੈ ਭਾਵੇਂ ਵੱਖ–ਵੱਖ ਦ੍ਰਿਸ਼ਾਂ ਤੇ ਅੰਕਾਂ ਵਿਚ ਵਾਤਸਲ, ਸ਼ਿੰਗਾਰ ਜਾਂ ਵੀਭਤਸ ਰਸ ਆਦਿ ਵੀ ਹੋ ਸਕਦੇ ਹਨ। ਭਾਵੇਂ ਆਧੁਨਿਕ ਆਲੋਚਨਾ ਜੋ ਵਧੇਰੇ ਕਰਕੇ ਪੱਛਮੀ ਸੁਭਾਅ ਵਾਲੀ ਹੈ, ਇਨ੍ਹਾਂ ਸੰਕਲਪਾਂ ਨੂੰ ਬਹੁਤੀ ਮਾਨਤਾ ਨਹੀਂ ਦਿੰਦੀ, ਤਾਂ ਵੀ ਅੱਜਕੱਲ੍ਹ ਦੇ ਸੁਹਜਵਾਦੀ ਸਿਧਾਂਤ ਕੁਝ ਇਸ ਪਾਸ ਵੱਲ ਝਾਤ ਜ਼ਰੂਰ ਪਾਉਣ ਲੱਗ ਪਏ ਹਨ।

ਰੂਪ ਦੇ ਪੱਖ ਤੋਂ ਭਾਰਤੀ ਜਾਂ ਸੰਸਕ੍ਰਿਤ ਸਾਹਿਤ ਜਾਂ ਕਾਵਿ ਵਿਚ ਰੀਤੀ ਦੀ ਪ੍ਰਧਾਨਤਾ ਰਹੀ ਹੈ। ਇਸ ਦਾ ਮੋਢੀ ਆਚਾਰੀਆ ਵਾਮਨ ਨੂੰ ਮੰਨਿਆ ਜਾ ਸਕਦਾ ਹੈ ਜਿਸ ਨੇ ਵਿਸ਼ੇਸ਼ ਪਦ–ਰਚਨਾ ਨੂੰ ਰੀਤੀ ਦਾ ਨਾਂ ਦਿੱਤਾ ਹੈ। ਇਸ ਵਿਸ਼ੇਸ਼ਤਾ ਦਾ ਆਧਾਰ ਵਾਮਨ ਨੇ ਗੁਣ ਨੂੰ ਬਣਾਇਆ ਹੈ। ਭਾਰਤੀ ਆਚਾਰੀਆਂ ਨੇ ਕਾਵਿ ਦੇ ਕਈ ਗੁਣਾਂ ਤੇ ਤਿੰਨ ਰੀਤੀਆਂ ਵੱਲ ਇਸ਼ਾਰੇ ਕੀਤੇ ਹਨ ਤੇ ਅੱਗੇ ਚੱਲ ਕੇ ਇਸ ਰੀਤੀ ਦਾ ਬਹੁਤ ਵਿਸਤਾਰ ਹੋਇਆ ਹੈ। ਅਸਲ ਵਿਚ ਰੀਤੀ ਦਾ ਅਰਥ ਸ਼ੈਲੀ ਹੈ। ਭਾਵੇਂ ਰੀਤੀ ਜਾਂ ਸ਼ੈਲੀ ਤੇ ਕਾਵਿ ਦੇ ਸਬੰਧ ਵਿਚ ਮਹੱਤਵ ਬਾਰੇ ਬਹੁਤ ਮਤਭੇਦ ਰਿਹਾ ਹੈ ਤੇ ਹੁਣ ਤੱਕ ਚਲਿਆ ਆਉਂਦਾ ਹੈ, ਤਾਂ ਵੀ ਸਭ ਨੇ ਆਲੋਚਨਾ ਵਿਚ ਰੀਤੀ ਨੂੰ ਬਹੁਤ ਹੱਦ ਤੱਕ ਸਹਾਇਕ ਮੰਨਿਆ ਹੈ। ਪੱਛਮੀ ਆਲੋਚਨਾ ਵਿਚ ਵੀ ਸਾਹਿਤ ਦੇ ਰੂਪਕ ਪੱਖ ਨੂੰ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

ਪੱਛਮੀ ਆਲੋਚਨਾ ਦਾ ਆਧਾਰ ਯੂਨਾਨੀ ਸਿਧਾਂਤ ਹੈ। ਅਫ਼ਲਾਤੂਨ ਨੇ ਕਾਵਿ ਨੂੰ ਇਕ ਹਾਨੀਕਾਰਕ ਕੰਮ ਆਖਿਆ ਪਰ ਉਸ ਦੇ ਚੇਲੇ ਅਰਸਤੂ ਨੇ ਕਾਵਿ ਨੂੰ ਮਨੁੱਖ ਦੀ ਇਕ ਹਿਤਕਾਰੀ ਕਲਾ ਸਾਬਤ ਕੀਤਾ। ਉਸ ਦਾ ਗ੍ਰੰਥ ਹੈ ਕਾਵਿ–ਸ਼ਾਸਤਰ (ਪੋਇਟਿਕਸ Poetics), ਜਿਸ ਦੇ ਸਾਨੂੰ ਕੁਝ ਹਿੱਸੇ ਹੀ ਮਿਲਦੇ ਹਨ। ਇਸ ਨਾਲ ਪੱਛਮੀ ਸਾਹਿਤ–ਆਲੋਚਨਾ ਦਾ ਮੁੱਢ ਬਣਦਾ ਹੈ। ਇਸ ਵਿਚ ਦਰਸਾਏ ਗਏ ਤੱਤ, ਸਾਹਿਤ ਰੂਪਾਂ ਦਾ ਵਰਗੀਕਰਣ, ਇਸ ਦਾ ਵਿਸ਼ਲੇਸ਼ਣੀ ਅਮਲ, ਜਿਸ ਰਾਹੀਂ ਵੱਖ–ਵੱਖ ਵਰਗਾਂ ਦੀਆਂ ਰਚਨਾਵਾਂ ਦੇ ਸਾਂਝੇ ਗੁਣਾਂ ਨੂੰ ਧਿਆਨ ਗੋਚਰੇ ਕੀਤਾ ਗਿਆ ਹੈ ਤੇ ਕਾਵਿ ਦੇ ਕਰਮ ਦੀ ਵਿਆਖਿਆ ਇਕ ਸਦੀਵੀ ਸਤਿ ਦੇ ਲਖਾਇਕ ਹਨ ਅਤੇ ਇਨ੍ਹਾਂ ਦਾ ਪ੍ਰਭਾਵ ਪਿਛਲੇਰੇ ਸਾਹਿਤਕਾਰਾਂ ਉੱਤੇ ਪ੍ਰਬਲ ਰਿਹਾ ਜਾਪਦਾ ਹੈ। ਇਕੋ ਜਿਹੀ ਇਕ ਹੋਰ ਯੂਨਾਨੀ ਰਚਨਾ ‘ਲਾਂਜੀਨਸ’ (Longinus) ਦਾ ਗ੍ਰੰਥ ‘ਆਨ ਦਾ ਸਬਲਾਈਮ’ ਹੈ। ਮੱਧਕਾਲੀਨ ਯੂਰਪ ਵਿਚ ਜਾਗ੍ਰਿਤੀ ਦੇ ਜ਼ਮਾਨੇ ਵਿਚ ਸਾਹਿਤ ਦਾ ਅਮਲ ਪ੍ਰਚੰਡ ਹੋਇਆ ਤਾਂ ਇਸ ਦੇ ਮੁਲ–ਅੰਕਣ ਦਾ ਆਧਾਰ ਅਰਸੂਤ ਤੇ ਲਾਂਜੀਨਸ ਆਦਿ ਨੂੰ ਹੀ ਬਣਾਇਆ ਗਿਆ। ਇਸ ਧਾਰਾ ਦੇ ਅੰਗਰੇਜ਼ ਮਾਹਿਰ ਆਲੋਚਕਾਂ ਵਿਚ ਸਰ ਫਿਲਿਪ ਸਿਡਨੀ ਬੈੱਨ ਜਾਨਸਨ, ਜਾਨ ਡਰਾਈਡਨ ਤੇ ਡਾਕਟਰ ਸੈਮੁਅਲ ਜਾਨਸਨ ਦੇ ਨਾਂ ਵਰਣਨਯੋਗ ਹਨ, ਜਿਨ੍ਹਾਂ ਦੀ ਆਲੋਚਨਾਂ ਨੂੰ ਕਲਾਸੀਕਲ ਆਲੋਚਨਾ ਦਾ ਨਾਂ ਦਿੱਤਾ ਜਾਂਦਾ ਹੈ।

ਅਠਾਰ੍ਹਵੀਂ ਸਦੀ ਦੇ ਪਿਛਲੇ ਅੱਧ ਵਿਚ ਪੱਛਮੀ ਆਲੋਚਨਾ ਆਪਣੀ ਸੇਧ ਬਦਲਣ ਲੱਗੀ। ਇਸ ਵਿਚ ਪਹਿਲੇ ਪੜਾਅ ਨੂੰ ਰੋਮਾਂਸਵਾਦ ਆਖਿਆ ਜਾ ਸਕਦਾ ਹੈ। ਜਰਮਨੀ ਵਿਚ ਲੈਸਿੰਗ (1729–81) ਨੇ ਆਪਣੀ ਕਿਰਤ ‘ਲਾਊਕੂਨ’ ਵਿਚ ਆਲੋਚਨਾਤਮਕ ਵਿਸ਼ਲੇਸ਼ਣ ਦੀਆਂ ਨਵੀਆਂ ਲੀਹਾਂ ਕਾਇਮ ਕੀਤੀਆਂ ਤੇ ਅਰਸਤੂ ਤੋਂ ਪਿਛੋਂ ਪਹਿਲੀ ਵਾਰੀ ਨਾਟਕ ਕਲਾ ਬਾਰੇ ਨਵੇਂ ਵਿਚਾਰ ਪੇਸ਼ ਕੀਤੇ । ਉਸ ਤੋਂ ਪਿਛੋਂ ਸ਼ਿਲਰ, ਗੇਟੇ ਤੇ ਸ਼ਲੇਗਲ ਨੇ ਨਵੇਂ ਸਾਹਿਤਕ ਸੰਕਲਪ ਪੇਸ਼ ਕੀਤੇ, ਜ਼ਿਨ੍ਹਾਂ ਦਾ ਆਧਾਰ ਕਾਂਟ ਤੇ ਹੀਗਲ ਦੇ ਦਾਰਸ਼ਨਿਕ ਵਿਚਾਰਾਂ ਉੱਤੇ ਪ੍ਰਤੱਖ ਹੈ। ਫ਼ਰਾਂਸ ਵਿਚ ਸਾਂਤ ਬੋਵ (1804–69) ਨੇ ਆਪਣੀ ਵਿਸ਼ਾਲਤਾ ਤੇ ਸੂਖਮਤਾ ਨਾਲ ਨਵੇਂ ਰਾਹ ਦਰਸਾਏ। ਤੇਨ (1828–93) ਨੇ ਇਕ ਪ੍ਰਣਾਲੀ ਦਾ ਵਿਕਾਸ ਕੀਤਾ ਜਿਸ ਦੇ ਮੁੱਖ ਅੰਸ਼ ਜਾਤੀ ਅਤੇ ਦੇਸ਼ ਤੇ ਸਮੇਂ ਦੇ ਸੰਸਕਾਰ ਸਨ। ਇੰਗਲਿਸਤਾਨ ਵਿਚ ਵਰਡਜ਼ਵਰਥ, ਕੌਲਰਿਜ, ਸ਼ੈਲੇ ਤੇ ਕੀਟਸ ਆਦਿ ਕਵੀਆਂ ਨੇ ਕਾਵਿਮਈ ਕਲਪਨਾ ਦੇ ਸਿਧਾਂਤ ਦੇ ਨਵੇਂ ਆਧਾਰ ਕਾਇਮ ਕੀਤੇ।

ਉਨ੍ਹੀਂਵੀ ਸਦੀ ਦੇ ਅੱਧ ਤੇ ਅੰਤ ਵਿਚ ਇੰਗਲਿਸਤਾਨ ਵਿਚ ਮੈਥਿਊ ਆਰਨਲਡ (1822–88) ਨੇ ਉਦਾਰਵਾਦੀ ਸ਼ਾਸਤਰਵਾਦ ਤੇ ਵਾਲਟਰ ਪੇਟਰ (1839–94) ਤੇ ਆਸਕਰ ਵਾਈਲਡ (1856–1900) ਨੇ ਸੁਹਜਵਾਦੀ ਆਲੋਚਨਾ (‘ਕਲਾ ਕਲਾ ਲਈ’) ਦਾ ਸਿਧਾਂਤ ਪ੍ਰਚਲਿਤ ਕੀਤਾ। ਇਟਲੀ ਵਿਚ ਬੈਨੀਡੈਟੋ ਕਰੋਚੇ (1866–1952) ਨੇ ਆਤਮਗਤ ਵਿਸ਼ਲੇਸ਼ਣਾਮਕ ਅਧਿਐਨ ਦੀ ਪਰੰਪਰਾ ਚਲਾਈ। ਜਰਮਨ ਲੇਖਕਾਂ ਵੈਗਨਰ ਤੇ ਨਿਤਸ਼ੇ ਆਦਿ ਨੇ ਆਲੋਚਨਾ ਨੂੰ ਵਧੇਰੇ ਦਾਰਸ਼ਨਿਕ ਬਣਾਇਆ। ਫ਼ਰਾਂਸ ਵਿਚ ਐਮੀਲ ਜ਼ੋਲਾ (1840–1902) ਨੇ ਪ੍ਰਕਿਰਤੀਵਾਦ ਤੇ ਰੇਮੀ ਦ ਗੂਰਮਾਂ (1858–1915) ਨੇ ਸੁਹਜਵਾਦੀ ਅਨੁਭਵ ਦੇ ਝੰਡੇ ਖੜੇ ਕੀਤੇ।

ਵੀਹਵੀਂ ਸਦੀ ਵਿਚ ਆਲੋਚਨਾ ਸ਼ਾਸਤਰ ਦਾ ਹੋਰ ਵੀ ਵਿਸਤਾਰਮਈ ਵਿਕਾਸ ਹੋਇਆ ਹੈ ਤੇ ਇਸ ਉੱਤੇ ਇਟਲੀ ਦੇ ਭਵਿੱਖਵਾਦ, ਜਰਮਨੀ ਦੇ ਅਭਿਵਿਅੰਜਨਵਾਦ, ਤੇ ਫ਼ਰਾਂਸ ਦੇ ਪਰਾਯਥਾਰਥਵਾਦ, ਡਾਡਵਾਦ ਤੇ ਅਸਤਿਤਵਾਦ ਨੇ ਬੜਾ ਅਸਰ ਪਾਇਆ ਹੈ। ਇੰਗਲੈਂਡ ਵਿਚ ਇਕ ਨਵੀਂ ਕਿਸਮ ਦਾ ਧਾਰਮਕ ਧੁਨੀ ਵਾਲਾ ਸ਼ਾਸਤਰਵਾਦ ਪੈਦਾ ਹੋਇਆ ਹੈ ਜਿਸ ਦੇ ਮੋਢੀ ਟੀ. ਈ. ਹਲਮ (1883–1917) ਤੇ ਟੀ. ਐਸ. ਇਲੀਅਟ (1888–1965) ਕਹੇ ਜਾ ਸਕਦੇ। ਇਹ ਸ਼ਾਸਤਰਵਾਦ ਸ਼ੁਧ ਤੇ ਸੂਖਮ ਰੂਪ ਉੱਤੇ ਜ਼ੋਰ ਦਿੰਦਾ ਹੈ। ਬਿੰਬਵਾਦੀਆਂ ਦੀ ਕਲਾ ਦਾ ਆਧਾਰਜ ਵੀ ਇਹ ਹੀ ਵਿਚਾਰ ਬਣੇ ਹਨ।

ਇਸ ਤੋਂ ਮਗਰੋਂ ਇਸ ਸਦੀ ਵਿਚ ਸਾਰੀ ਕਲਾ ਤੇ ਸਾਹਿਤ ਆਲੋਚਨਾ ਉੱਤੇ ਮਨੋਵਿਗਿਆਨ ਤੇ ਮਾਨਸਿਕ ਵਿਸ਼ਲੇਸ਼ਣ ਦੇ ਸਿਧਾਂਤਾਂ ਦਾ ਅਸਰ ਪਿਆ ਹੈ। ਮਨੋਵਿਗਿਆਨਕ ਆਲੋਚਨਾ ਦਾ ਮਸ਼ਹੂਰ ਪ੍ਰਤੀਨਿਧ ਅੰਗਰੇਜ਼ ਪ੍ਰੋਫ਼ੈਸਰ ਆਈ. ਏ. ਰਿਚਰਡਜ਼ ਕਿਹਾ ਜਾ ਸਕਦਾ ਹੈ, ਜਿਸ ਦੀ ਪੁਸਤਕ ‘ਪ੍ਰਿੰਸੀਪਲਜ਼ ਆਫ਼ ਲਿਟਰੇਰੀ ਕ੍ਰਿਟਿਸਿਜ਼ਮ’ ਇਸ ਸਬੰਧ ਵਿਚ ਵਰਣਨਯੋਗ ਹੈ। ਉਸ ਨੇ ਬਹੁਤਾ ਜ਼ੋਰ ਅਨੁਭਵ ਨੂੰ ਸਾਹਿਤਕ ਕਿਰਤ ਦਾ ਆਧਾਰ ਬਣਾਉਣ ਅਤੇ ਸਮਝਣ ਉੱਤੇ ਦਿੱਤਾ ਹੈ ਤੇ ਇਸ ਸਬੰਧ ਵਿਚ ਉਪ ਭਾਵਕਤਾ ਤੇ ਬਣੇ–ਬੱਝੇ ਸ਼ਾਸਤਰੀ ਨਿਯਮਾਂ ਤੋਂ ਬਚਣ ਉੱਤੇ ਜ਼ੋਰ ਦਿੱਤਾ ਹੈ।

ਜਰਮਨ ਡਾਕਟਰ ਸਿਗਮੰਡ ਫ਼ਰਾਇਡ ਦੇ ਮਾਨਸਿਕ ਵਿਸ਼ਲੇਸ਼ਣ ਦੇ ਸਿਧਾਂਤ ਤੇ ਇਸ ਤੋਂ ਕੁਝ ਵੱਖਰੇ ਯੁੰਗ ਦੇ ਜੀਵਨ–ਤਾਂਘ ਦੇ ਸਿਧਾਂਤ ਨੇ ਵੀ ਸਾਹਿਤ ਰਚਨਾ ਤੇ ਆਲੋਚਨਾ ਉੱਤੇ ਤਕੜਾ ਅਸਰ ਪਾਇਆ ਹੈ। ਅਭਿਵਿਅੰਜਨਾਵਾਦ ਦੇ ਚੇਤਨਾ–ਪ੍ਰਵਾਹ ਦੇ ਅਭਿਆਸਾਂ ਨੂੰ ਇਨ੍ਹਾਂ ਸਿਧਾਤਾਂ ਤੋਂ ਜਨਮ ਤੇ ਸਮਰਥਨ ਪ੍ਰਾਪਤ ਹੋਇਆ ਹੈ।

ਸਾਹਿਤ–ਆਲੋਚਨਾ ਉੱਤੇ ਇਸ ਤੋਂ ਵੀ ਸ਼ਾਇਦ ਵਧੇਰੇ ਅਸਰ ਮਾਰਕਸ ਦੇ ਸਿਧਾਂਤਾਂ ਦਾ ਪਿਆ ਹੈ। ਮਾਰਕਸਵਾਦੀ ਸਾਹਿਤ ਦੇ ਸਭ ਤੋਂ ਵੱਧ ਪ੍ਰਚਲਿਤ ਸਿਧਾਂਤ ਅਗਰਗਾਮੀ ਯਥਾਰਥਵਾਦ ਜਾਂ ਸਮਾਜਵਾਦੀ ਯਥਾਰਵਾਦ ਹਨ ਜਿਨ੍ਹਾਂ ਅਨੁਸਾਰ ਸਾਹਤਿ ਦਾ ਕਰਮ ਯਥਾਰਥ ਦੀ ਤਰੱਕੀ ਤੇ ਇਸ ਤੋਂ ਉਪਰੰਤ, ਇਨਕਾਲਾਬ ਤੇ ਸਮਾਜਵਾਦ ਦੀ ਚੜ੍ਹਤ ਨੇ ਨਿਰਮਾਣ ਨੂੰ ਨਿਰੂਪਣ ਕਰਨਾ ਹੈ। ਮਾਰਕਸਵਾਦੀ ਆਲੋਚਨਾ ਦਾ ਵਧੀਆ ਪ੍ਰਤੀਨਿਧ ਹੰਗਰੀ ਦਾ ਵਿਦਵਾਨ ਜਾਰਜੀ ਲਿਊਕਾਕਸ ਸਮਝਿਆ ਜਾਂਦਾ ਹੈ। ਇਸ ਸਬੰਧ ਵਿਚ ਦੋ ਅੰਗਰੇਜ਼ ਲਿਖਾਰੀ ਕ੍ਰਿਸਟੋਫ਼ਰ ਸੇਂਟ ਜਾਨ ਸਪਰਿੰਗ ਤੇ ਰੈਲਫ਼ ਫ਼ਾਕਸ ਵਰਣਨਯੋਗ ਹਨ ਜੋ ਆਪਣੀ ਪਹਿਲੀ ਉਮਰ ਵਿਚ ਹੀ ਸਪੇਨ ਦੇ ਘਰੋਗੀ ਯੁੱਧ ਵਿਚ ਮਾਰੇ ਗਏ ਸਨ।

ਸਾਹਿਤ–ਰਚਨਾ ਤੇ ਆਲੋਚਨਾ ਵਿਚ ਇਕ ਹੋਰ ਉਪ–ਸਿਧਾਂਤ ਪ੍ਰਯੋਗਵਾਦ ਦਾ ਵੀ ਚਲਦਾ ਹੈ। ਪੰਜਾਬੀ ਵਿਚ ਆਲੋਚਨਾ ਹਾਲੇ ਬਾਲ–ਅਵਸਥਾ ਵਿਚ ਹੀ ਹੈ। ਆਧਾਰਾਂ ਲਈ ਸੰਸਕ੍ਰਿਤ ਸਾਹਿਤ ਵੱਲ ਜਾਣਾ ਬਹੁਤ ਲਾਭਦਾਇਕ ਨਹੀਂ, ਕਿਉਂਕਿ ਸਾਰੀ ਕਲਾਤਮਕ ਚੇਤਨਾ ਉੱਤੇ ਪੱਛਮ ਦਾ ਅਸਰ ਹੈ। ਹਾਲੇ ਕੁਝ ਪਾਠ–ਪੁਸਤਕਾਂ ਅਜਿਹੀਆਂ ਹੀ ਮਿਲਦੀਆਂ ਹਨ ਜਿਨ੍ਹਾਂ ਦਾ ਆਧਾਰ ਪੱਛਮੀ ਆਲੋਚਨਾ ਸਾਹਿਤ ਹੈ, ਤਾਂ ਵੀ ਕੁਝ ਵਿਅਕਤੀਆਂ ਨੇ ਪੰਜਾਬੀ ਸਾਹਿਤ ਦੇ ਮੁਲਾਂਕਣ ਦਾ ਪ੍ਰਸੰਸਾਯੋਗ ਜਤਨ ਕੀਤਾ ਹੈ ਜਿਨ੍ਹਾਂ ਵਿਚ ਪ੍ਰਿੰ. ਤੇਜਾ ਸਿੰਘ, ਮੋਹਨ ਸਿੰਘ ਦੀਵਾਨਾ ਤੇ ਸੰਤ ਸਿੰਘ ਸੇਖੋਂ ਦੇ ਨਾਂ ਵਰਣਨਯੋਗ ਹਨ, ਜੋ ਉਪਰਾਵਾਦੀ ਭਾਵਕ, ਰੂੜ੍ਹੀਵਾਦੀ ਕੱਟੜ, ਮਨੋਵਿਗਿਆਨਕ, ਮਾਰਕਸਵਾਦੀ ਧਾਰਾਵਾਂ ਦੇ ਪ੍ਰਤੀਨਿਧ ਕਹੇ ਜਾ ਸਕਦੇ ਹਨ।


ਲੇਖਕ : ਸੰਤ ਸਿੰਘ ਸੇਖੋਂ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-27, ਹਵਾਲੇ/ਟਿੱਪਣੀਆਂ: no

ਆਲੋਚਨਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਲੋਚਨਾ : ਆਲੋਚਨਾ ਸ਼ਬਦ ਦੀ ਉਤਪੱਤੀ ‘ਲੋਚ ਧਾਤੂ ਤੋਂ ਹੋਈ ਹੈ। ‘ਲੋਚ’ ਦਾ ਅਰਥ ਵੇਖਣਾ ਹੈ ਤੇ ਆਲੋਚਨਾ ਦਾ ਅਰਥ ਕਿਸੇ ਵਸਤੂ ਜਾਂ ਰਚਨਾ ਉਪਰ ਸਰਵਪੱਖੀ ਝਾਤ ਮਾਰਨਾ ਅਤੇ ਉਸ ਦੀ ਵਿਆਖਿਆ ਜਾਂ ਮੁਲਾਂਕਣ ਕਰਨਾ ਹੈ। ਆਲੋਚਨਾ ਕਰਨ ਵਾਲਾ ਆਲੋਚਕ ਕਿਸੇ ਸਾਹਿੱਤ–ਰਚਨਾ ਦੀ ਪਰਖ ਤੇ ਪਤਚੋਲ ਕਰਦਾ ਹੈ। ਆਲੋਚਕ ਇਕ ਤਰ੍ਹਾਂ ਨਾਲ ਪਾਠਕ ਤੇ ਲੇਖਕ ਜਾਂ ਕਲਾਕਾਰ ਦੇ ਵਿਚਕਾਰ ਇਕ ਪੁਲ ਦੀ ਤਰ੍ਹਾਂ ਹੈ। ਆਲੋਚਕ ਦੁਆਰਾ ਪਾਠਕ ਨੂੰ ਕਿਸੇ ਸਾਹਿੱਤ ਰਚਨਾ ਜਾਂ ਕਲਾ–ਕਿਰਤ ਦੇ ਉੱਤਮ ਜਾਂ ਨਿਖਿਧ ਹੋਣ ਦਾ ਪਤਾ ਲਗਦਾ ਹੈ। ਆਲੋਚਨਾ ਨੂੰ ਸਮਾਲੋਚਨਾ, ਸਮੀਕਸ਼ਾ (ਸਮੀਖਿਆ), ਪਰਖ ਅਤੇ ਪੜਚੋਲ ਵੀ ਆਖਦੇ ਹਨ। ਉਰਦੂ ਵਾਲੇ ਇਸ ਨੂੰ ‘ਤਕਨੀਕ’ ਕਹਿੰਦੇ ਹਨ।

          ਕਲਾ–ਕਿਰਤ ਜਾਂ ਸਾਹਿੱਤ–ਰਚਨਾ ਰਚਨਹਾਰ ਦੇ ਭਾਵਾਂ ਦਾ ਪ੍ਰਗਟਾਵਾ ਹੁੰਦੀ ਹੈ। ਬਾਹਰਲੇ ਅਨੁਭਵਾਂ ਨੂੰ ਕਲਾਕਾਰ ਅਥਵਾ ਸਾਹਿੱਤਕਾਰ ਆਪਣੇ ਅੰਦਰ ਜਾਂ ਆਪਣੇ ਮਨ, ਬੁੱਧੀ, ਕਲਪਨਾ ਆਦਿ ਦੀ ਕੁਠਾਲੀ ਵਿਚ ਗਾਲਦਾ ਹੈ। ਗਲਣ ਪਿਛੋਂ ਇਨ੍ਹਾਂ ਅਨੁਭਵਾਂ ਦਾ ਰੰਗ ਰੂਪ ਬਿਲਕੁਲ ਨਵੇਂ ਤੇ ਕਲਾਤਮਕ ਢੰਗ ਨਾਲ ਬਾਹਰ ਨਿਕਲਦਾ ਹੈ। ਆਲੋਚਨਾ ਦਾ ਇਕ ਕੰਮ ਇਹ ਵੀ ਹੈ ਕਿ ਸਾਹਿੱਤਕਾਰ ਦੇ ਮਨ, ਬੁੱਧੀ ਤੇ ਕਲਪਨਾ ਦੇ ਉਨ੍ਹਾਂ ਸੰਚਿਆਂ ਦੇ ਦਰਸ਼ਨ ਵੀ ਕਰਵਾ ਦੇਵੇ ਜਿਨ੍ਹਾਂ ਵਿਚ ਸਿਰਜਨਾਤਮਕ ਪ੍ਰਕ੍ਰਿਆ ਢਲ ਕੇ ਨੇਪਰੇ ਚੜ੍ਹੀ ਹੈ ਜਾਂ ਕਲਾ–ਕਿਰਤ ਅਥਵਾ ਸਾਹਿੱਤ–ਰਚਨਾ ਪ੍ਰਗਟ ਹੋਈ ਹੈ। ਕੇਵਲ ਸਾਹਿੱਤ ਜਾਂ ਕਲਾ ਦੇ ਰੂਪ ਪੱਖ, ਭਾਸ਼ਾ, ਰਸ, ਅਲੰਕਾਰ, ਰੰਗ ਜਾਂ ਅਨੁਪਤ, ਤਾਲ, ਤੋਲ ਆਦਿ ਦੀ ਵਿਆਖਿਆ ਹੀ ਆਲੋਚਨਾ ਨਹੀਂ ਹੈ, ਸਗੋਂ ਆਲੋਚਨਾ ਦਾ ਕੰਮ ਇਹ ਵੇਖਣਾ ਵੀ ਹੈ ਕਿ ਕਲਾਕਾਰ ਵਿਚ ਸੁੰਦਰਤਾ ਨੂੰ ਮਾਣਨ ਤੇ ਬਿਆਨਣ ਦਾ ਕਿੰਨਾ ਕੁ ਬਲ ਹੈ। ਸਾਹਿੱਤ ਜੇ ਜੀਵਨ ਦੀ ਵਿਆਖਿਆ ਹੈ ਤਾਂ ਆਲੋਚਨਾ ਇਸ ਵਿਆਖਿਆ ਦੀ ਵੀ ਵਿਆਖਿਆ ਹੈ।

          ਆਲੋਚਨਾ ਲਈ ਇਕ ਸੁਲਝੇ ਦਿਮਾਗ਼ ਤੇ ਗੰਭੀਰ ਚਿੰਤਨ ਦੀ ਬੜੀ ਲੋੜ ਹੈ। ਸੱਚੀ ਆਲੋਚਨਾ ਤਾਂ ਜੀਵਨ ਤੇ ਕਲਾ ਵਿਚ ਕੋਈ ਫ਼ਰਕ ਨਹੀਂ ਵੇਖਦੀ। ਸੱਚ ਤਾਂ ਇਹ ਹੈ ਕਿ ਆਲੋਚਨਾ ਵੀ ਕਲਾ ਦਾ ਹੀ ਇਕ ਅੰਗ ਹੈ ਕਿਉਂਕਿ ਆਲੋਚਨਾ ਦਾ ਮੁੱਖ ਕਰਤੱਵ ਦੀ ਉਹੀ ਹੈ ਜੋ ਕਲਾ ਦਾ ਹੈ, ਅਰਥਾਤ ਮਨੁੱਖੀ ਜੀਵਨ ਨੂੰ ਸਜਗ ਤੇ ਵਧੇਰੇ ਸੁੰਦਰ ਬਣਾਉਣਾ।

          ਆਲੋਚਨਾ ਦਾ ਕੰਮ ਜਿੱਥੇ ਇਹ ਵੇਖਣਾ ਹੈ ਕਿ ਕਲਾਕਾਰ ਨੇ ਕੀ ਸਿਰਜਿਆ ਜਾਂ ਪ੍ਰਗਟ ਕੀਤਾ ਹੈ ਉੱਥੇ ਇਹ ਪਤਾ ਕਰਨਾ ਵੀ ਹੈ ਕਿ ਉਹ ਅਜਿਹਾ ਕਰਨ ਵਿਚ ਕਿਸ ਹੱਦ ਤਕ ਸਫਲ ਰਿਹਾ ਹੈ ਅਤੇ ਜੋ ਕੁਝ ਪ੍ਰਗਟ ਹੋਇਆ ਹੈ ਕੀ ਇਹ ਪ੍ਰਗਟ ਹੋਣ ਯੋਗ ਵੀ ਸੀ। ਉਨ੍ਹੀਵੀਂ ਸਦੀ ਵਿਚ ਵਿਕਟਰ ਹਿਊਗੋ ਅਨੁਸਾਰ ਆਲੋਚਨਾ ਦਾ ਕੰਮ ਇਹ ਦੱਸਣਾ ਹੈ ਕਿ ਕੋਈ ਕਲਾ–ਕਿਰਤ ਜਾਂ ਸਾਹਿੱਤ ਰਚਨਾ ਚੰਗੀ ਹੈ ਜਾਂ ਮਾੜੀ। ਵੱਖ ਵੱਖ ਚਿੰਤਕਾਂ ਨੇ ਆਲੋਚਨਾ ਦੇ ਵੱਖ ਵੱਖ ਪਹਿਲੂਆਂ ਉਤੇ ਵਿਚਾਰ ਕੀਤੇ ਹਨ। ਲੌਂਜਾਈਨਸ ਨੇ ਆਲੋਚਨਾ ਨੂੰ ਬਹੁਤੀ ਮਿਹਨਤ ਦਾ ਫਲ ਆਖਿਆ ਹੈ। ਪੋਪ ਦਾ ਵਿਚਾਰ ਹੈ ਕਿ ਕਾਵਿ–ਪ੍ਰਤਿਭਾ ਵਾਂਗ ਆਲੋਚਨਾ–ਪ੍ਰਤਿਭਾ ਵੀ ਜਨਮਜਾਤ ਹੁੰਦੀ ਹੈ।

          ਕਈ ਵਾਰ ਆਲੋਚਨਾ ਰਾਜਨੀਤੀ, ਸਮਾਜ, ਆਰਥਿਕਤਾ ਜਾਂ ਵਿਗਿਆਨ ਤੋਂ ਪ੍ਰਭਾਵ ਲੈ ਕੇ ਤੁਰਦੀ ਹੈ। ਇੱਥੇ ਆਲੋਚਨਾ ਦੇ ਇਸ ਖ਼ਾਸ ਪ੍ਰਭਾਵ ਨੂੰ ਵੀ ਅੱਖੋਂ ਉਹਲੇ ਨਹੀਂ ਕਰ ਸਕਦੇ ਕਿਉਂਕਿ ਹੋ ਸਕਦਾ ਹੈ ਇਸ ਖ਼ਾਸ ਪ੍ਰਭਾਵ ਨੇ ਆਲੋਚਕ ਦੀਆਂ ਨਿੱਜੀ ਧਾਰਣਾਵਾਂ ਨੂੰ ਹੀ ਬਦਲ ਦਿੱਤਾ ਹੋਵੇ ਤੇ ਉਸ ਦੁਆਰਾ ਕੀਤੀ ਆਲੋਚਨਾ ਇੰਜ ਇਕ–ਪੱਖੀ ਰਹਿ ਗਈ ਹੋਵੇ। ਆਲੋਚਨਾ ਨੂੰ ਕਿਸੇ ਇਕ ਜਾਤ, ਧਰਮ, ਵਰਗ ਆਦਿ ਦੀ ਚੀਜ਼ ਵੀ ਨਹੀਂ ਸਮਝਿਆ ਜਾ ਸਕਦਾ। ਇਹ ਇਨ੍ਹਾਂ ਸਭ ਤੋਂ ਉੱਚੀ ਹੈ, ਅਰਥਾਤ ਆਲੋਚਕ ਕੰਵਲ ਦੇ ਫੁੱਲ ਵਾਂਗ ਪਾਣੀ ਵਿਚ ਰਹਿੰਦਾ ਹੋਇਆ ਪਾਣੀ ਤੋਂ ਨਿਰਲੇਪ ਰਹਿੰਦਾ ਹੈ।

          ਆਲੋਚਨਾ ਦਾ ਜਨਮ ਸਿਰਜਨਾਤਮਕ ਸਾਹਿੱਤ ਦੇ ਜਨਮ ਤੋਂ ਮਗਰੋਂ ਹੁੰਦਾ ਹੈ। ਭਾਰਤੀ ਆਲੋਚਨਾ ਵੀ ਉਸ ਵੇਲੇ ਹੋਂਦ ਵਿਚ ਆਈਂ ਜਦੋਂ ਚੋਖਾ ਸਾਹਿੱਤ ਲਿਖਿਆ ਜਾ ਚੁੱਕਾ ਸੀ। ਰਸ, ਅਲੰਕਾਰ, ਧ੍ਵਨੀ ਆਦਿ ਸੰਪ੍ਰਦਾਵਾਂ ਦਾ ਮਗਰੋਂ ਜਨਮ ਹੋਇਆ। ਇਸੇ ਤਰ੍ਹਾਂ ਪੱਛਮ ਦੇ ਪ੍ਰਸਿੱਧ ਚਿੰਤਕਾਂ ਡਾ. ਜਾਨਸਨ, ਐਡੀਸਨ, ਡਰਾਈਡਨ, ਹੇਗਲ, ਕਾਲਰਿਜ, ਵਿਕਟਰ ਹਿਊਗੋ, ਮੈਥੀਊ ਆਰਨਲਡ, ਕਜ਼ਾਮੀਆ, ਆਈ. ਏ. ਰਿਚਰਡਜ਼, ਟੀ. ਐਸ. ਏਲੀਅਨ ਆਦਿ ਨੇ ਆਲੋਚਨਾ  ਸੰਬੰਧੀ ਆਪਣੇ ਆਪਣੇ ਮਤ ਉਸ ਵੇਲੇ ਪੇਸ਼ ਕੀਤੇ ਹਨ ਜਦੋਂ ਕਿ ਉਨ੍ਹਾਂ ਦੇ ਸਾਹਿੱਤ ਦਾ ਭੰਡਾਰ ਚੋਖਾ ਭਰਪੂਰ ਹੋ ਚੁੱਕਾ ਸੀ।

          ਅੱਜ ਦੇ ਵਿਗਿਆਨ ਯੁੱਗ ਵਿਚ ਆਲੋਚਨਾ ਨੇ ਕਿਸੇ (ਕਲਾ–ਕਿਰਤ) ਦੀ ਨਿਰੀ ਵਾਹ ਵਾਹ ਕਰਨ ਵਾਲੇ ਰੌਂ ਨੂੰ ਲਗਭਗ ਤਜ ਦਿੱਤਾ ਹੈ। ਆਲੋਚਨਾ ਦਿਨੋਂ ਦਿਨ ਨਿਰਪੱਖ ਹੁੰਦੀ ਜਾ ਰਹੀ ਹੈ।

          ਸਾਹਿੱਤ ਆਲੋਚਨਾ ਕਈ ਤਰ੍ਹਾਂ ਦੀ ਹੈ ਜਿਵੇਂ ਭਾਰਤੀ ਕਾਵਿ ਸ਼ਾਸਤ੍ਰੀ, ਸਿਧਾਂਤਿਕ, ਅਨੁਸੰਧਾਨਾਤਮਕ, ਸ਼ਾਸਤ੍ਰੀ, ਸਿਰਜਨਾਤਮਕ, ਵਿਵਹਾਰਿਕ, ਤੁਲਨਾਤਮਕ, ਮਾਰਕਸਵਾਦੀ, ਪ੍ਰਭਾਵਾਤਮਕ, ਭੌਤਿਕਵਾਦੀ, ਮਨੋ–ਵਿਗਿਆਨਕ, ਵਿਆਖਿਆਤਮਕ, ਵਿਗਿਆਨ ਆਦਿ। ਇਨ੍ਹਾਂ ਤੋਂ ਇਲਾਵਾ ਕਈ ਨਵੀਆਂ ਸਾਹਿੱਤ ਅਧਿਐਨ ਵਿਧੀਆਂ ਜਾਂ ਆਲੋਚਨਾ ਪ੍ਰਣਾਲੀਆਂ ਵੀ ਸਾਹਮਣੇ ਆਈਆਂ ਹਨ; ਵਿਸ਼ੇਸ਼ ਕਰਕੇ ਇਹ ਪ੍ਰਸਿੱਧ ਹਨ–ਸੁਹਜਵਾਦੀ, ਰੂਪਵਾਦੀ, ਸੰਰਚਨਾਵਾਂਦੀ, ਭਾਸ਼ਾ,  ਵਿਗਿਆਨਕ, ਸ਼ੈਲੀ ਵਿਗਿਆਨਕ, ਚਿੰਨ੍ਹ ਵਿਗਿਆਨਕ, ਥੀਮ ਵਿਗਿਆਨਕ, ਲੋਕ–ਯਾਨਿਕ, ਮਿਥ–ਵਿਗਿਆਨਕ, ਸ੍ਰਿਸ਼ਟੀ ਆਦਿ।

          ਪੰਜਾਬੀ ਵਿਚ ਸਾਹਿੱਤ–ਆਲੋਚਨਾ ਦਾ ਪਿੜ ਦਿਨੋ ਦਿਨ ਮੋਕਲਾ ਹੋ ਰਿਹਾ ਹੈ। ਇਸ ਦਾ ਆਰੰਭ ਪੁਰਾਣੇ ਸਾਹਿੱਤ ਦੀ ਖੋਜ ਤੇ ਸੰਭਾਲ ਨਾਲ ਹੋਇਆ। ਭਾਈ ਵੀਰ ਸਿੰਘ ਹੋਰਾਂ ਨੇ ਭਾਈ ਸੰਤੋਖ ਸਿੰਘ ਤੇ ਭਾਈ ਮਨੀ ਸਿੰਘ ਦੁਆਰਾ ਰਚਿਤ ਸਾਹਿੱਤ ਦੇ ਨਾਲ ਨਾਲ ਜਨਮਸਾਖੀ ਸਾਹਿੱਤ ਨੂੰ ਸੰਭਾਲਣ ਤੇ ਸੰਪਾਦਨ ਦਾ ਕੰਮ ਕੀਤਾ। ਬਾਵਾ ਬੁੱਧ ਸਿੰਘ ਨੇ ਵੀ ਲਗਭਗ ਅਜਿਹਾ ਕੰਮ ਹੀ ਕੀਤਾ ਅਤੇ ‘ਹੰਸ ਚੋਗ’,‘ਬੰਬੀਹਾ ਬੋਲ’,‘ਕੋਇਲ ਕੂ’ ਆਦਿ ਆਲੋਚਨਾਤਮਮਕ ਪੁਸਤਕਾਂ ਲਿਖੀਆਂ। ‘ਪੰਜਾਬ ਦੇ ਹੀਰੇ’ ਤੇ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’  ਕ੍ਰਿਤ ਮੌਲਾ ਬਖ਼ਸ ਕੁਸ਼ਤਾ ਇਸੇ ਲੜੀ ਦੀਆਂ ਹੋਰ ਪੁਸਤਕਾਂ ਹਨ।

          ਡਾ. ਮੋਹਨ ਸਿੰਘ ਨੇ ਪੰਜਾਬੀ ਸਾਹਿੱਤ ਦੇ ਇਤਿਹਾਸ ਨੂੰ ਆਲੋਚਨਾਤਮਕ ਢੰਗ ਨਾਲ ਲਿਖਿਆ। ਇਸ ਤੋਂ ਬਿਨਾਂ ਕਾਫ਼ੀਆਂ ਸ਼ਾਹ ‘ਹੁਸੈਨ’,‘ਸੂਫੀਆਂ ਦਾ ਕਲਾਮ’, ‘ਹੀਰ ਵਾਰਿਸ’ ਆਦਿ ਦਾ ਸੰਪਾਦਨ ਕੀਤਾ। ਪ੍ਰਿੰਸੀਪਲ ਤੇਜਾ ਸਿੰਘ ਨੇ ਕਈ ਮੁੱਖਬੰਧਾਂ ਤੇ ਰੀਵਿਊਆਂ ਦੁਆਰਾ ਪੰਜਾਬੀ ਸਾਹਿੱਤ ਆਲੋਚਨਾ ਵਿਚ ਨਵੇਂ ਪੂਰਨੇ ਪਾਏ। ਪ੍ਰੋਫ਼ੈਸਰ ਪੂਰਨ ਸਿੰਘ ਦੁਆਰਾ ਭਾਈ ਵੀਰ ਸਿੰਘ ਦੀਆਂ ਕਈ ਰਚਨਾਵਾਂ ਦੇ ਮੁੱਖਬੰਧ ਲਿਖੇ ਗਏ ਜੋ ਸਿਰਜਨਾਤਮਕ ਆਲੋਚਨਾ ਦੀ ਸੁਚੱਜੀ ਮਿਸਾਲ ਹਨ। ਇੰਜ 1947 ਈ. ਤਕ ਪੰਜਾਬੀ ਸਾਹਿੱਤ–ਆਲੋਚਨਾ ਵਧੇਰੇ ਪ੍ਰਸ਼ੰਸਾਤਮਕ ਹੀ ਰਹੀ। ਸ. ਸ. ਅਮੋਲ, ਸੁਰਿੰਦਰ ਸਿੰਘ ਨਰੂਲਾ, ਗੋਪਾਲ ਸਿੰਘ ਦਰਦੀ, ਸੁਰਿੰਦਰ ਸਿੰਘ ਕੋਹਲੀ, ਕਿਰਪਾਲ ਸਿੰਘ ਕਸੇਲ ਅਤੇ ਪਰਮਿੰਦਰ ਸਿੰਘ ਆਦਿ ਨੇ ਡਾ. ਮੋਹਨ ਸਿੰਘ ਦੇ ਪਾਏ ਪੂਰਨਿਆਂ ਤੇ ਤੁਰਨ ਦੇ ਯਤਨ ਜਾਰੀ ਰੱਖੇ। ਸੰਤ ਸਿੰਘ ਸੇਖੋਂ ਪ੍ਰਗਤੀਸ਼ੀਲ ਸਾਹਿੱਤ ਆਲੋਚਨਾ ਮੋਢੀ ਹਨ।

          ਕਈ ਪੱਤਰ–ਪਤ੍ਰਿਕਾਵਾਂ ਨੇ ਪੰਜਾਬੀ ਸਾਹਿੱਤ ਆਲੋਚਨਾ ਵਿਚ ਚੋਖਾ ਹਿੱਸਾ ਪਾਇਆ ਹੈ ਜਿਵੇਂ ਕਿ ‘ਪ੍ਰੀਤਮ’ (1923 ਈ.), ‘ਫੁਲਵਾੜੀ’ (1924 ਈ.), ‘ਹੰਸ’ (1928 ਈ.), ‘ਪੰਜਾਬੀ ਦਰਬਾਰ’ (1928 ਈ.), ‘ਸਾਰੰਗ’ (1931 ਈ.), ‘ਪ੍ਰੀਤ ਲੜੀ’ (1933 ਈ.), ‘ਲਿਖਾਰੀ’ (1934 ਈ.), ‘ਪੰਜ ਦਰਿਆ’ (1942 ਈ.), ‘ਲੋਕ ਸਾਹਿੱਤ’ (1950 ਈ.), ‘ਪੰਜਾਬੀ ਦੁਨੀਆਂ’ (1950 ਈ.) ‘ਸਾਹਿੱਤ ਸਮਾਚਾਰ’ (1951 ਈ.) ‘ਕਹਾਣੀ’ (1951 ਈ.) ‘ਕਵਿਤਾ’ (1952 ਈ.) ਅਤੇ ਆਲੋਚਨਾ (1955 ਈ.)। ਪੰਜਾਬ ਯੂਨੀਵਰਸਿਟੀ ਵਲੋਂ ‘ਪਰਖ’, ਪੰਜਾਬੀ ਯੂਨੀਵਰਸਿਟੀ ਵਲੋਂ ‘ਖੋਜ ਪਤ੍ਰਿਕਾ’, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ‘ਖੋਜ ਦਰਪਣ’ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਵਲੋਂ ‘ਖੋਜ’ (ਉਰਦੂ ਅੱਖਰ) ਨਾਂ ਦੀਆਂ ਪਤ੍ਰਿਕਾਵਾਂ ਪੰਜਾਬੀ ਆਲੋਚਨਾ ਅਤੇ ਖੋਜ ਦੇ ਵਿਕਾਸ ਵਿਚ ਮਹੱਤਵਪੂਰਣ ਯੋਗਦਾਨ ਦੇ ਰਹੀਆਂ ਹਨ। ਇਨ੍ਹਾਂ ਵਿਚੋਂ ਕਈ ਹੁਣ ਵੀ ਬੜੀ ਕਾਮਯਾਬੀ ਨਾਲ ਚਲ ਰਹੇ ਹਨ। ਆਲ ਇੰਡੀਆ ਰੇਡੀਓ ਦੇ ਜਲੰਧਰ ਦੇ ਦਿੱਲੀ ਸਟੇਸ਼ਨਾਂ ਨੇ ਵੀ ਪੰਜਾਬੀ ਆਲੋਚਨਾ ਨੂੰ ਪ੍ਰਸਾਰਣ ਵਿਚ ਆਪਣਾ ਹਿੱਸਾ ਪਾਇਆ ਹੈ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਓਰੋ (1948 ਈ.), ਭਾਸ਼ਾ ਵਿਭਾਗ, ਪੰਜਾਬ ਪਟਿਆਲਾ, ਭਾਰਤੀ ਸਾਹਿੱਤ ਅਕਾਡਮੀ, ਪੰਜਾਬੀ ਸਾਹਿੱਤ ਅਕਾਦਮੀ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿੱਤ ਸਮੀਖਿਆ ਬੋਰਡ, ਪੰਜਾਬੀ ਯੂਨੀਵਰਸਿਟੀ, ਪੰਜਾਬੀ ਅਕਾਦਮੀ ਦਿੱਲੀ, ਆਦਿਕ ਸੰਸਥਾਵਾਂ ਨੇ ਪੰਜਾਬੀ ਆਲੋਚਨਾ ਨੂੰ ਵਿਕਾਸ ਦੇਣ ਵਿਚ ਆਪਣੀ ਆਪਣੀ ਥਾਂ ਖ਼ਾਸ ਕੰਮ ਕੀਤਾ ਹੈ ਅਤੇ ਕਰ ਵੀ ਰਹੀਆਂ ਹਨ।

          ਸਾਹਿੱਤ ਦੇ ਸਿਧਾਂਤਾਂ ਪੁਰ ਵੀ ਕਈ ਪੁਸਤਕਾਂ ਲਿਖੀਆਂ ਗਈਆਂ ਜਿਵੇਂ ‘ਪੰਜਾਬੀ ਸਾਹਿੱਤ ਵਸਤੂ ਤੇ ਵਿਚਾਰ’ (ਸੁਰਿੰਦਰ ਸਿੰਘ ਕੋਹਲੀ), ‘ਸਾਹਿੱਤ ਦੀ ਪਰਖ’ (ਗੋਪਾਲ ਸਿੰਘ),‘ਸਾਹਿੱਤ ਦੇ ਰੂਪ’ (ਕਿਰਪਾਲ ਸਿੰਘ ਤੇ ਪਰਮਿੰਦਰ ਸਿੰਘ), ‘ਸਾਹਿੱਤ ਦੀ ਰੂਪ ਰੇਖਾ’ (ਗੁਰਚਰਨ ਸਿੰਘ), ‘ਸਾਹਿੱਤ ਦੇ ਮੁਖ ਰੂਪ’ (ਰੋਸ਼ਨ ਲਾਲ ਆਹੌਜਾ ਤੇ ਗੁਰਦਿਆਲ ਸਿੰਘ ਫੁੱਲ), ‘ਸਾਹਿੱਤ ਸਮਾਲੋਚਨਾ’ (ਸ਼ੇਰ ਸਿੰਘ), ‘ਆਲੋਚਨਾ ਦੇ ਸਿਧਾਂਤ’ (ਆਹੂਜਾ), ‘ਪੱਛਮੀ ਆਲੋਚਨਾ ਦੀ ਪਰੰਪਰਾ’ (ਆਹੂਜਾ), ‘ਵਿਹਾਰਿਕ ਆਲੋਚਨਾ’ (ਸਤਿੰਦਰ ਸਿੰਘ) ਆਦਿਕ।

      


ਲੇਖਕ : ਡਾ ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 17697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.