ਉਕਾਬ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਕਾਬ (ਨਾਂ,ਪੁ) ਬਾਜ ਤੋਂ ਵੱਡਾ ਅਤੇ ਗਿਰਝ ਤੋਂ ਛੋਟਾ ਇੱਕ ਸ਼ਿਕਾਰੀ ਪੰਛੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਉਕਾਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਕਾਬ [ਨਾਂਪੁ] ਸ਼ਿਕਾਰ ਕਰਨ ਵਾਲ਼ਾ ਇੱਕ ਪੰਛੀ, ਬਾਜ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਕਾਬ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਉਕਾਬ : ਇਹ ਫੈਲਕੋਨੀਫਾਰਮੀਜ਼ (Falconiformes) ਵਰਗ ਅਤੇ ਐਕਸਿਪੀਟਰਾਈਡੀ (Accipitride) ਕੁਲ ਦਾ ਇਕ ਸ਼ਿਕਾਰੀ ਪੰਛੀ ਹੈ। ਇਹ ਕਈਆਂ ਰੰਗਾਂ ਦਾ ਹੁੰਦਾ ਹੈ। ਇਸ ਦਾ ਰੰਗ ਅੰਬਰੀ ਭੂਰੇ ਤੋਂ ਲੈ ਕੇ ਮਿਟਿਆਲੇ ਤੀਕ ਕੋਈ ਵੀ ਹੋ ਸਕਦਾ ਹੈ। ਇਸ ਦੇ ਸਿਰ ਦੀ ਬਣਤਰ ਖਾਸ ਕਿਸਮ ਦੀ ਹੁੰਦੀ ਹੈ, ਜਿਸ ਤੋਂ ਇਹ ਹੋਰ ਪੰਛੀਆਂ ਨਾਲੋਂ ਸਹਿਜੇ ਹੀ ਨਿਖੇੜਿਆ ਜਾ ਸਕਦਾ ਹੈ। ਇਸ ਦੀ ਚੁੰਝ ਮੁੜਵੀਂ ਤੇ ਮਜ਼ਬੂਤ, ਪੂਛ ਗਿੱਧਾਂ ਵਾਂਗ ਜ਼ਰਾ ਗੋਲਾਈ ਵਿਚ ਪਰ ਵਧੇਰੇ ਲੰਮੀ ਹੁੰਦੀ ਹੈ। ਇਸ ਦੇ ਖੰਭ ਬੜੇ ਲੰਮੇ ਤੇ ਕਾਫ਼ੀ ਚੌੜੇ ਹੁੰਦੇ ਹਨ। ਜੇ ਇਹ ਬੰਦ ਹੋਣ ਤਾਂ ਇਹ ਪੂਛ ਦੀ ਨੋਕ ਤੀਕ ਪਹੁੰਚਦੇ ਹਨ। ਇਨ੍ਹਾਂ ਦੀ ਚੌੜਾਈ ਵੀ ਕਾਫ਼ੀ ਹੁੰਦੀ ਹੈ। ਖੰਭਾਂ ਦੀ ਬਣਤਰ ਅਜਿਹੀ ਹੁੰਦੀ ਹੈ ਕਿ ਉਕਾਬ ਆਮ ਤੌਰ ਤੇ ਇਨ੍ਹਾਂ ਨੂੰ ਹਿਲਾਏ ਬਿਨਾਂ ਸਿਰਫ਼ ਇਨ੍ਹਾਂ ਨੂੰ ਪਸਾਰ ਕੇ ਹੀ ਹਵਾ ਵਿਚ ਅਡੋਲ ਉਡਦਾ ਵਿਖਾਈ ਦਿੰਦਾ ਹੈ। ਗਿੱਧਾਂ ਦੇ ਮੁਕਾਬਲੇ ਤੇ ਬਹੁਤ ਸਾਰੇ ਉਕਾਬਾਂ ਦੇ ਸਿਰ ਅਤੇ ਗਰਦਨ ਉਤੇ ਖੰਭ ਹੁੰਦੇ ਹਨ। ਇਸ ਦੇ ਪੰਜੇ ਬਹੁਤ ਨਰੋਏ ਹੁੰਦੇ ਹਨ, ਜਿਨ੍ਹਾਂ ਨਾਲ ਇਹ ਸ਼ਿਕਾਰ ਫੜਦਾ ਹੈ।

          ਉਕਾਬ ਸਾਰੇ ਭਾਰਤ ਵਿਚ ਹੁੰਦਾ ਹੈ। ਇਹ ਆਮ ਤੌਰ ਤੇ ਖੁਲ੍ਹੀਆਂ ਥਾਂਵਾਂ ਤੇ ਬਸਤੀਆਂ ਦੇ ਲਾਗੇ ਹੋਏ ਰੁੱਖਾਂ ਦੀਆਂ ਟਹਿਣੀਆਂ ਤੇ ਇਕੱਲੇ ਦੁਕੱਲੇ ਬੈਠੇ ਜਾਂ ਉਡਦੇ ਵੇਖੋ ਜਾਂਦੇ ਹਨ। ਇਹ ਆਮ ਤੌਰ ਤੇ ਜੀਉਂਦਾ ਸ਼ਿਕਾਰ ਖਾਂਦੇ ਹਨ, ਪਰ ਕਈ ਮੁਰਦਾਰ ਵੀ ਖਾ ਜਾਂਦੇ ਹਨ ਜਾਂ ਸ਼ਿਕਰੇ ਆਦਿ ਹੋਰ ਪੰਛੀਆਂ ਤੋਂ ਉਨ੍ਹਾਂ ਦਾ ਸ਼ਿਕਾਰ ਖੋਹ ਕੇ ਖਾ ਲੈਂਦੇ ਹਨ। ਕਈ ਕਦੀ ਸਹੇ ਅਤੇ ਜੰਗਲੀ ਚੂਹੇ ਜਾਂ ਹੋਰ ਪੰਛੀ ਇਸ ਦਾ ਖਾਜਾ ਬਣਦੇ ਹਨ। ਜਦੋਂ ਉਕਾਬ ਦੇ ਆਲ੍ਹਣੇ ਵਿਚ ਬੱਚੇ ਹੋਣ ਤਾਂ ਇਹ ਮੁਰਗੀ-ਖ਼ਾਨਿਆਂ ਲਈ ਵੀ ਆਫ਼ਤ ਬਣ ਜਾਂਦਾ ਹੈ।

          ਸੁਨਹਿਰੀ ਉਕਾਬ (Aquila chrystaetos) ਨੂੰ ਤਾਤਾਰੀ ਲੋਕ ਬਾਰਾਂ ਸਿੰਗਾ ਫੜਨ ਲਈ ਵਰਤਦੇ ਹਨ। ਇਹ ਇੰਗਲੈਂਡ ਅਤੇ ਅਮਰੀਕਾ ਵਿਚ ਲੈਬਰੇਡਾਰ ਅਤੇ ਐਲਾਸਕਾ ਤੋਂ ਲੈ ਕੇ ਮੱਧ ਮੈਕਸੀਕੋ ਤੀਕ ਮਿਲਦਾ ਹੈ।

          ਇੰਗਲੈਂਡ ਵਿਚ ਸਮੁੰਦਰੀ ਉਕਾਬ ਵੀ ਹੁੰਦਾ ਹੈ ਜੋ ਸਹਿਆਂ ਅਤੇ ਜਵਾਰ-ਭਾਟੇ ਦੀ ਛੱਲ ਨਾਲ ਬਾਹਰ ਆਏ ਜੀਵਾਂ ਅਤੇ ਮੱਛੀਆਂ ਆਦਿ ਤੇ ਗੁਜ਼ਾਰਾ ਕਰਦਾ ਹੈ।

          ਗੰਜਾ ਉਕਾਬ (ਜਿਸ ਦੀ ਇਕ ਕਿਸਮ ਅਮਰੀਕਾ ਦਾ ਕੌਮੀ ਚਿੰਨ੍ਹ ਹੈ) ਐਲਾਸਕਾ ਦੇ ਤਟ ਤੋਂ ਲੈ ਕੇ ਉੱਤਰੀ ਮੈਕਸੀਕੋ ਦੇ ਇਲਾਕੇ ਤਕ ਮਿਲਦਾ ਹੈ। ਇਸ ਦਾ ਵਿਗਿਆਨਕ ਨਾਂ ਹੈਲੀਆਈਡੁਸ ਲਿਊਕੋ-ਸੈਫ਼ਾਲਸ (Haliaeetus leucocephalus) ਹੈ।

          ਸਭ ਤੋਂ ਵੱਡਾ ਬਾਂਦਰ-ਖਾਣਾ ਉਕਾਬ ਫ਼ਿਲਿਪਾਈਨ ਟਾਪੂਆਂ ਵਿਚ ਮਿਲਦਾ ਹੈ। ਇਸ ਦਾ ਵਿਗਿਆਨਕ ਨਾਂ ਪਿਥੇਕੋਫੇਗਾ ਜੈਫਰੀਜੇ (Pithecophaga jefferije) ਹੈ।

          ਭਾਰਤੀ ਉਕਾਬ ਛੋਟੇ ਛੋਟੇ ਤੀਲਿਆਂ ਦਾ ਆਲ੍ਹਣਾ ਬਣ ਕੇ ਉਸ ਵਿਚ ਘਾਹ ਅਤੇ ਪੱਤਿਆਂ ਦੀ ਤਹਿ ਲਾ ਲੈਂਦਾ ਹੈ। ਮਦੀਨ ਇਕ ਵਾਰੀ ਦੋ ਜਾਂ ਤਿੰਨ ਅੰਡੇ ਦਿੰਦੀ ਹੈ। ਅੰਡਿਆਂ ਉੱਪਰ ਭੂਰੇ ਰੰਗ ਦੇ ਕੁਝ ਟਿਮਕਣੇ ਹੁੰਦੇ ਹਨ। ਨਰ ਅਮੇ ਮਦੀਨ ਦੋਵੇਂ ਹੀ ਆਲ੍ਹਣਾ ਬਣਾਉਣ ਅਤੇ ਬੱਚੇ ਪਾਲਣ ਦਾ ਕੰਮ ਰਲ ਕੇ ਕਰਦੇ ਹਨ। ਅੰਡੇ ਸੇਣ ਦਾ ਕੰਮ ਮਦੀਨ ਹੀ ਕਰਦੀ ਹੈ। ਮਦੀਨ ਨਰ ਨਾਲੋਂ ਵੱਡੀ ਹੁੰਦੀ ਹੈ।


ਲੇਖਕ : ਤਾਰਾ ਸਿੰਘ ਸੇਠੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4376, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-08, ਹਵਾਲੇ/ਟਿੱਪਣੀਆਂ: no

ਉਕਾਬ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਉਕਾਬ : ਪੰਜਾਬ ਵਿਚ ਆਮ ਮਿਲਣ ਵਾਲਾ ਇਹ ਸ਼ਿਕਰੀ ਪੰਛੀ ਫੈਲਕੋਨੀਫਾਰਮੀਜ਼ ( Falconiformes) ਵਰਗ ਅਤੇ ਐਕਸਿਪੀਟਰਾਇਡੀ ( Accipirtidae) ਕੁੱਲ ਨਾਲ ਸਬੰਧਤ ਹੈ। ਇਸ ਦਾ ਰੰਗ ਅੰਬਰੀ ਭੂਰੇ ਤੋਂ ਲੈ ਕੇ ਮਿਟਿਆਲਾ ਵੀ ਹੋ ਸਕਦਾ ਹੈ। ਇਸ ਦੇ ਸਿਰ ਦੀ ਖ਼ਾਸ ਕਿਸਮ ਦੀ ਬਣਤਰ ਇਸ ਨੂੰ ਹੋਰ ਪੰਛੀਆਂ ਨਾਲ਼ ਨਿਖੇੜਦੀ ਹੈ।

        ਉਕਾਬ ਦੀ ਚੁੰਝ ਮੁੜਵੀਂ ਤੇ ਮਜ਼ਬੂਤ , ਗਿੱਧਾਂ ਵਾਂਗ ਜ਼ਰਾ ਗੋਲਾਈ ਵਿਚ ਪਰ ਵਧੇਰੇ ਲੰਬੀ ਹੁੰਦੀ ਹੈ। ਇਸ ਦੇ ਖੰਭ ਲੰਬੇ ਅਤੇ ਕਾਫ਼ੀ ਚੌੜੇ ਹੁੰਦੇ ਹਨ । ਖੰਭ ਜੇਕਰ ਬੰਦ ਹੋਣ ਤਾਂ ਪੂਛ ਦੀ ਨੋਕ ਤਕ ਪਹੁੰਚ ਸਕਦੇ ਹਨ । ਖੰਭਾਂ ਦੀ ਬਣਤਰ  ਅਜਿਹੀ ਹੁੰਦੀ ਹੈ ਕਿ ਉਕਾਬ ਇਨ੍ਹਾਂ ਨੂੰ ਬਿਨਾ ਹਿਲਾਏ, ਸਿਰਫ਼ ਪਸਾਰ ਕੇ ਹੀ ਹਵਾ ਵਿਚ ਅਡੋਲ ਉਡਦਾ ਰਹਿੰਦਾ ਹੈ। ਕਈ ਉਕਾਬਾਂ ਦੇ ਸਿਰ ਅਤੇ ਗਰਦਨ ਉੱਤੇ ਖੰਭ ਵੀ ਹੁੰਦੇ ਹਨ। ਇਸ ਦੇ ਪੰਜੇ ਬਹੁਤ  ਨਰੋਏ ਅਤੇ ਸ਼ਿਕਾਰ ਫੜਨ ਲਈ ਲਾਹੇਵੰਦ ਹੁੰਦੇ ਹਨ ।

        ਪੰਜਾਬ ਵਿਚ ਉਕਾਬ ਬਸਤੀਆਂ ਦੇ ਨੇੜੇ ਪਰ ਖੁੱਲ੍ਹੀਆਂ ਥਾਵਾਂ ਤੇ ਇੱਕਲਾ ਹੀ ਬੈਠਾ ਦਿਖਾਈ ਦਿੰਦਾ ਹੈ। ਇਹ ਆਮ ਤੌਰ ਤੇ ਜਿਉਂਦਾ ਸ਼ਿਕਾਰ ਖਾਂਦਾ ਹੈ ਪਰ ਕਦੀ ਕਦੀ ਲੋੜ ਪੈਣ ਤੇ ਮੁਰਦਾਰ ਵੀ ਨਹੀਂ ਛੱਡਦਾ । ਇਹ ਸ਼ਿਕਰੇ ਆਦਿ ਹੋਰ ਪੰਛੀਆਂ ਤੋਂ ਵੀ ਉਨ੍ਹਾਂ ਦਾ ਸ਼ਿਕਾਰ ਖੋਹ ਕੇ ਲੈ ਜਾਂਦਾ ਹੈ। ਸਹੇ, ਜੰਗਲੀ ਚੂਹੇ ਅਤੇ ਹੋਰ ਪੰਛੀ ਇਸ ਦੇ ਸ਼ਿਕਾਰ ਹਨ।

        ਸੁਨਹਿਰੀ ਉਕਾਬ ( Aquila chrystaetos ) ਬਾਰਾਂ ਸਿੰਗਾ ਫੜਨ ਦੇ ਕੰਮ ਆਉਂਦਾ ਹੈ। ਮੱਛੀਆਂ ਅਤੇ  ਸਹੇ ਸਮੁੰਦਰੀ ਉਕਾਬ ਦਾ ਸ਼ਿਕਾਰ ਹਨ। ਇਕ ਗੰਜਾ ਉਕਾਬ ਵੀ ਹੁੰਦਾ ਹੈ ਜੋ ਅਮਰੀਕਾ ਵਿਚ ਲੱਭਦਾ ਹੈ। ਸਭ ਤੋਂ ਵੱਡਾ ਉਕਾਬ ਬਾਂਦਰ ਖਾਣਾ ਹੈ।

        ਪੰਜਾਬ ਵਿਚ ਮਿਲਣ ਵਾਲਾ ਉਕਾਬ ਛੋਟੇ-ਛੋਟੇ ਤੀਲਿਆਂ ਦਾ ਆਲ੍ਹਣਾ ਬਣਾ ਕੇ ਉਸ ਵਿਚ ਘਾਹ ਅਤੇ ਪੱਤਿਆਂ ਦੀ ਤਹਿ ਲਾ ਲੈਂਦਾ ਹੈ। ਮਦੀਨ ਇਕ ਵਾਰੀ ਵਿਚ ਦੋ ਜਾਂ ਤਿੰਨ ਅੰਡੇ ਦਿੰਦੀ ਹੈ। ਅੰਡਿਆਂ ਉਤੇ ਭੂਰੇ ਰੰਗ ਦੇ ਟਿਮਕਣੇ ਹੁੰਦੇ ਹਨ। ਨਰ ਅਤੇ ਮਾਦਾ ਦੋਵੇਂ ਹੀ ਆਲ੍ਹਣਾ ਬਣਾਉਣ ਦਾ ਕੰਮ ਕਰਦੇ ਹਨ । ਇਹ ਬੱਚੇ ਵੀ ਇੱਕਠੇ ਹੀ ਪਾਲਦੇ ਹਨ। ਅੰਡੇ ਸੇਣ ਦਾ ਕੰਮ ਮਦੀਨ ਕਰਦੀ ਹੈ ਜੋ ਨਰ ਨਾਲੋਂ ਵੱਡੀ ਹੁੰਦੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-13, ਹਵਾਲੇ/ਟਿੱਪਣੀਆਂ: ਹ. ਪੁ. – ਪੰ. ਵਿ. ਕੋ. 1: 18

ਉਕਾਬ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਉਕਾਬ––ਇਹ ਵਜ਼ਨੀ ਪੰਛੀ ਹੈ। ਇਸ ਦੀ ਚੁੰਝ ਮੁੜਵੀਂ ਤੇ ਮਜ਼ਬੂਤ ਹੁੰਦੀ ਹੈ। ਲੱਤਾਂ ਪੂਰੀ ਤਰ੍ਹਾਂ ਖੰਭਾਂ ਨਾਲ ਢੱਕੀਆਂ ਹੁੰਦੀਆਂ ਹਨ। ਇਸ ਦਾ ਭੋਜਨ ਮਰੇ ਹੋਏ ਪਸ਼ੂਆਂ ਦਾ ਮਾਸ ਹੈ ਜਾਂ ਇਹ ਦੂਜੇ ਸ਼ਿਕਾਰੀ ਪੰਛੀਆਂ ਕੋਲੋਂ ਉਨ੍ਹਾਂ ਦਾ ਫੜਿਆ ਹੋਇਆ ਸ਼ਿਕਾਰ ਖੋਹ ਕੇ ਖਾਂਦਾ ਹੈ ਪਰ ਜਦੋਂ ਇਹ ਆਪਣੇ ਬੱਚੇ ਪਾਲਦਾ ਹੈ ਤਾਂ ਚੂਹੇ ਅਤੇ ਚੂਚਿਆਂ ਦੀ ਜਾਨ ਦਾ ਅਤਿ ਵੈਰੀ ਹੁੰਦਾ ਹੈ। ਇਸ ਦੇ ਪੰਜੇ ਬਹੁਤੇ ਨਰੋਏ ਹੁੰਦੇ ਹਨ। ਇਹ ਆਮ ਤੌਰ ਤੇ ਖੁਲ੍ਹੀਆਂ ਥਾਵਾਂ ਅਤੇ ਬਸਤੀਆਂ ਦੇ ਨੇੜੇ ਉਗੇ ਹੋਏ ਰੁੱਖਾਂ ਦੀਆਂ ਟਾਹਣੀਆਂ ਤੇ ਇਕੱਲਾ ਦੁਕੱਲਾ ਬੈਠਾ ਜਾਂ ਉਡਦਾ ਵੇਖਿਆ ਜਾਂਦਾ ਹੈ।

 

 

 

 

 

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-12-04-23-43, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. 5; ਮ. ਕੋ.

ਉਕਾਬ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉਕਾਬ, ਅਰਬੀ / ਪੁਲਿੰਗ : ਇਕ ਸ਼ਿਕਾਰੀ ਪੰਛੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-17-12-21-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.