ਉਦਾਰਤਾਵਾਦ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਉਦਾਰਤਾਵਾਦ : ਇਸ ਸ਼ਬਦ ਦੀ ਵਰਤੋਂ ਆਮ ਤੌਰ ਤੇ ਵਿਆਪਕ ਰੂਪ ਵਿਚ ਕੁਝ ਮੰਨੇ ਪਰਮੰਨੇ ਰਾਜਨੀਤਕ ਅਤੇ ਆਰਥਕ ਸਿਧਾਂਤਾਂ ਅਤੇ ਇਸ ਤੋਂ ਇਲਾਵਾ ਕੁਝ ਰਾਜਨੀਤਕ ਕੰਮਾਂ ਅਤੇ ਪ੍ਰੋਗਰਾਮਾਂ ਲਈ ਵੀ ਕੀਤੀ ਜਾਂਦੀ ਹੈ। ਸੰਨ 1689 ਵਿਚ ਲਾਕ (Locke) ਨੇ ਲਿਖਿਆ, ‘‘ਕਿਸੇ ਆਦਮੀ ਨੂੰ ਵੀ ਕਿਸੇ ਦੂਜੇ ਆਦਮੀ ਦੀ ਸਿਹਤ, ਆਜ਼ਾਦੀ ਜਾਂ ਜਾਇਦਾਦਾ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ।’’ ਅਮਰੀਕੀ ਆਜ਼ਾਦੀ ਦੇ ਐਲਾਨ (1776 ਈ.) ਨੇ ਸਪਸ਼ਟ ਸ਼ਬਦਾਂ ਵਿਚ ਜੀਵਨ, ਸੁਤੰਤਰਤਾ ਅਤੇ ਸੁੱਖਾਂ ਦੀ ਪ੍ਰਾਪਤੀ ਦੇ ਯਤਨਾਂ ਸੰਬੰਧੀ ਮਨੁੱਖੀ ਹੱਕਾਂ ਦਾ ਐਲਾਨ ਕੀਤਾ। ਫ਼ਰਾਂਸ ਦਾ ਮਨੁੱਖੀ ਹੱਕਾਂ ਦਾ ਐਲਾਨ (1791 ਈ.) ਇਸ ਸਿਧਾਂਤ ਦੀ ਪ੍ਰੋੜਤਾ ਕਰਦਾ ਹੈ ਕਿ ਮਨੁੱਖ ਜਨਮ ਤੋਂ ਹੀ ਅਧਿਕਾਰਾਂ ਦੇ ਪੱਖੋਂ ਆਜ਼ਾਦ ਅਤੇ ਬਰਾਬਰ ਹੁੰਦੇ ਹਨ। ਉਦਾਰਤਾਵਾਦ ਨੇ ਇਨ੍ਹਾਂ ਵਿਚਾਰਾਂ ਨੂੰ ਅਪਣਾਇਆ ਪਰ ਅਮਲੀ ਤੌਰ ਤੇ ਬਹੁਤ ਕਰਕੇ ਇਹ ਅਸਪੱਸ਼ਟ ਅਤੇ ਸਵੈਵਿਰੋਧੀ ਹੋ ਗਿਆ ਕਿਉਂਕਿ ਉਦਾਰਤਾਵਾਦ ਖੁਦ ਇਕ ਸਪਸ਼ਟ ਸ਼ਬਦ ਨਾ ਹੋਣ ਕਰਕੇ ਅਸਪੱਸ਼ਟ ਵਿਚਾਰਾਂ ਦਾ ਸੂਚਕ ਹੈ। ਉਨ੍ਹੀਵੀਂ ਸਦੀ ਵਿਚ ਉਦਾਰਤਾਵਾਦ ਦਾ ਬਹੁਤ ਪ੍ਰਚਾਰ ਹੋਇਆ ਅਤੇ ਰਾਸ਼ਟਰਵਾਦ ਨਾਲ ਮਿਲ ਕੇ ਇਸ ਨੇ ਇਤਿਹਾਸ ਦੀ ਮੂਲ ਉਸਾਰੀ ਕੀਤੀ। ਪੋਪ ਪਾਇਸ ਨੌਵੇਂ ਨੇ ਜਦੋਂ 1846 ਈ. ਵਿਚ ਆਪਣੇ ‘ਉਦਾਰ’ ਹੋਣ ਦਾ ਐਲਾਨ ਕੀਤਾ ਤਾਂ ਉਸਦਾ ਉਹੋ ਜਿਹਾ ਹੀ ਅਸਰ ਹੋਇਆ ਜੋ ਅੱਜ ਕਲ੍ਹ ਕਿਸੇ ਪੋਪ ਦੇ ਕਮਿਊਨਿਸਟ ਹੋਣ ਦਾ ਐਲਾਨ ਕਰਨ ਤੇ ਹੋ ਸਕਦਾ ਹੈ।
ਉਨ੍ਹੀਵੀਂ ਸਦੀ ਦੇ ਤਿੰਨ ਵੱਡ ਅੰਦੋਲਨ ਕੌਮੀ ਆਜ਼ਾਦੀ, ਵਿਅਕਤੀਗਤ ਖੁੱਲ੍ਹ ਅਤੇ ਸ਼੍ਰੇਣੀ ਸੁਤੰਤਰਤਾ ਲਈ ਹੋਏ। ਸਮਾਜਵਾਦੀ ਕੁਝ ਸਮਾਂ ਪਿੱਛੋਂ ਹਰਕਤ ਵਿਚ ਆਏ। ਉਹ ਇਸ ਗੱਲ ਦਾ ਭਰੋਸਾ ਚਾਹੁੰਦੇ ਹਨ ਕਿ ਹਕੂਮਤ ਦਾ ਕੰਮ ਸਰਮਾਏਦਾਰਾਂ ਦੇ ਲਾਭ ਲਈ ਨਾ ਹੋਵੇ। ਉਦਾਰਤਾਵਾਦੀ ਅੰਦੋਲਨ ਦੇ ਸਿਧਾਂਤਾਂ ਦਾ ਜਨਮ ਮੁੱਖ ਤੌਰ ਤੇ ਵੱਡੇ ਫ਼ਰਾਂਸੀਸੀ ਇਨਕਲਾਬ (1789-94) ਦੀਆਂ ਭਾਵਨਾਵਾਂ ਅਤੇ ਰੂਸੋ ਵਰਗੇ ਮਹਾਂਪੁਰਖਾਂ ਦੇ ਵਿਚਾਰਾਂ ਦੀਆਂ ਵਿਆਖਿਅਵਾਂ ਵਿਚੋਂ ਹੋਇਆ।
ਉਦਾਰਤਾਵਾਦ ਦੇ ਭਿੰਨ ਭਿੰਨ ਅਰਥ ਹੁੰਦੇ ਹੋਏ ਵੀ ਇਕ ਗੱਲ ਸਭ ਹਾਲਤਾਂ ਵਿਚ ਸਾਂਝੀ ਸੀ ਕਿ ਜਾਗੀਰਦਾਰੀ ਪ੍ਰਬੰਧ ਦੇ ਇਕ ਜ਼ਰੂਰੀ ਰੂਪ ਵਜੋਂ ਸਮਾਜ ਵਿਚ ਉੰਚੀ ਸ਼੍ਰੇਣੀ ਦੀ ਅਗਵਾਈ ਸੰਬੰਧੀ ਵਿਚਾਰ ਨੂੰ ਬਿਲਕੁਲ ਹੀ ਖ਼ਤਮ ਕਰ ਦਿੱਤਾ ਜਾਵੇ ਅਤੇ ਨਵਾਂ ਉੱਚ-ਵਰਗ, ਮਧਵਰਗ ਅਤੇ ਵਿਕਾਸ ਕਰਨ ਵਾਲੇ ਸਨਅਤੀ ਕੇਂਦਰਾਂ ਦਾ ਮਜ਼ਦੂਰ ਵਰਗ ਆਪਸੀ ਮਿਲਵਰਤਣ ਨਾਲ ਇਹ ਇਲਕਲਾਬ ਲਿਆਵੇ।
ਉਦਾਰਤਾਵਾਦ ਦੇ ਸਿਧਾਂਤਾਂ ਨੂੰ ਪਹਿਲਾਂ ਪਹਿਲ ਐਡਕ ਸਮਿਥ (1723-90) ਨੇ ਆਪਣੀ ‘ਐਨ ਇਨਕੁਆਇਰੀ ਇਨ ਟੂ ਦੀ ਨੇਚਰ ਐਂਡ ਕਾਜ਼ਿਜ਼ ਆਫ਼ ਦੀ ਵੈਲਥ ਆਫ਼ ਨੇਸ਼ਨਜ਼ ਨਾਂ ਦੀ ਪੁਸਤਕ ਵਿਚ ਅਤੇ ਫੇਰ ਫ਼ਰਾਂਸ ਵਿਚ ਫਿਜ਼ਿਉਕ੍ਰੈਟਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਖੋਲ੍ਹ ਕੇ ਬਿਆਨ ਕੀਤਾ। ਵਿਅਕਤੀਗਤ ਵਪਾਰੀਆਂ ਅਤੇ ਵੱਖ ਵੱਖ ਸਰਕਾਰਾਂ ਦੇ ਇਸ ਖੁੱਲ੍ਹੇ ਮੁਕਾਬਲੇ ਦਾ ਸਿੱਟਾ ਕੁਝ ਸਮੇਂ ਲਈ ਤਾਂ ਬਹੁਤ ਲਾਭਦਾਇਕ ਨਿਕਲਿਆਂ ਭਾਵੇਂ ਇਹ ਲਾਭ ਅਵਿਕਸਤ ਬਦੇਸ਼ੀ ਹਿੱਤਾਂ ਅਤੇ ਸੁਦੇਸ਼ੀ ਖੇਤੀਬਾੜੀ ਨੂੰ ਨੁਕਸਾਨ ਪਹੁੰਚਾ ਕੇ ਹੋਇਆ।
ਉਨ੍ਹੀਵੀਂ ਸਦੀ ਦੇ ਅੱਧ ਵਿਚ ਇੰਗਲੈਂਡ ਦੇ ਉਦਾਰਤਾਵਾਦੀ, ਪੁਰਾਣੀ ਵਿਗ ਪਾਰਟੀ ਦੇ ਵਾਰਿਸ ਹੁੰਦਿਆਂ ਹੋਇਆ ਵੀ ਸ਼ਹਿਰੀ ਅਤੇ ਧਾਰਮਿਕ ਆਜ਼ਾਦੀ ਦੀ ਪਰੰਪਰਾਗਤ ਉਪਾਸ਼ਕ ਉੱਚੀ ਸ਼੍ਰੇਣੀ ਤੋਂ ਬਿਲਕੁਲ ਵੱਖਰੇ ਸਨ। ਸੰਨ 1830 ਈ. ਤੋਂ ਪਿੱਛੋਂ ਲਾਰਡ ਜਾਨ ਰਸਲ ਦੇ ਸਮੇਂ ਇਸ ਸਦੀ ਦੇ ਪਿਛਲੇ ਅੱਧ ਵਿਚ ਗਲੈਡਸਟੋਨ ਦੇ ਸਮੇਂ ਤੱਕ ਇਹ ਸ਼ਬਦ ਇੰਗਲੈਂਡ ਵਿਚ ਚਾਲੂ ਹੋ ਗਿਆ ਅਤੇ ਆਦਰਯੋਗ ਮੰਨਿਆ ਜਾਣ ਲੱਗਾ। ਜਾਨ ਸਟੂਅਰਟ ਮਿੱਲ (John Stuart Mill) ਦੀ ਮਸ਼ਹੂਰ ਕਿਤਾਬ ‘ਲਿਬਰਟੀ’ ਰਾਹੀਂ ਇਸ ਦੀ ਸਿਧਾਂਤਕ ਪਰੰਪਰਾ ਵੀ ਬੱਝ ਗਈ। ਇਸ ਤੋਂ ਇਸ ਵਿਚਾਰ ਨੂ ਆਸਰਾ ਮਿਲਿਆ ਕਿ ਮਨੁੱਖੀ ਸ਼ਖ਼ਸੀਅਤ ਕੀਮਤੀ ਹੈ।
ਰਾਜਨੀਤਕ ਖੇਤਰ ਵਿਚ ਇਸ ਦੀ ਪ੍ਰਾਪਤੀ ਵਿਧਾਨਕਤਾ ਅਤੇ ਪਾਰਲੀਮੈਂਟਰੀ ਲੋਕ-ਸੱਤਾ ਵਿਚ ਹੈ। ਆਰਥਕ ਪਿੜ ਵਿਚ ਸੁਤੰਤਰ ਵਪਾਰ ਨੀਤੀ (Laissez Faire) ਦੇ ਨਿਕਾਰਾਤਮਕ ਪ੍ਰੋਗਰਾਮ ਵਿਚ ਹੈ ਜਿਸ ਅਨੁਸਾਰ ਕੰਮ ਸ਼ੁਰੂ ਕਰਨ ਦਾ ਹੱਕ ਸਰਕਾਰੀ ਨਿਯੰਤਰਣ ਤੋਂ ਆਜ਼ਾਦ ਆਦਮੀ ਨੂੰ ਹੀ ਪ੍ਰਾਪਤ ਹੈ। ਪਰ ਸਮਾਜਿਕ ਲੋੜਾਂ ਨੇ ਤਬਦੀਲੀ ਨੂੰ ਲਾਜ਼ਮੀ ਬਣਾ ਦਿੱਤਾ। ਜੇ. ਐਸ. ਮਿੱਲ ਨੇ ਉਦਰਾਤਾਵਾ ਦੀ ਵਿਚਾਰਧਾਰਾ ਨੂੰ ਹੋਰ ਵੀ ਸਪਸ਼ਟ ਕੀਤਾ। ਇਸ ਦੇ ਵਿਚਾਰ ਅਨੁਸਾਰ ਸਰਕਾਰ ਨੂੰ ਆਰਥਿਕ ਅਤੇ ਸਮਾਜਿਕ ਖੇਤਰਾਂ ਵਿਚ ਦਖ਼ਲ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਐਲ.ਟੀ. ਹਾਬਹਾਊਸ (L.T.Hobhouse) ਅਤੇ ਜੇ. ਏ. ਹਾਬਸਨ (J.A. Hobson) ਦੀਆਂ ਰਚਨਾਵਾਂ ਵਿਚ ਸਮਾਜਵਾਦੀ, ਖਾਸ ਕਰਕੇ ਫ਼ੇਬੀਅਨਾਂ (Fabians) ਦਾ ਅਸਰ ਸਾਫ਼ ਦਿੱਸਣ ਲੱਗਾ, ਜਿਸ ਉੱਤੇ ਖ਼ੁਦ ਉਦਾਰ ਵਿਚਾਰਧਾਰਾ ਦੇ ਟੀ. ਐਚ. ਗ੍ਰੀਨ (T.H.Green) ਵਰਗੇ ਪਹਿਲੇ ਲੇਖਕਾਂ ਦੇ ਅਸਰ ਦੀ ਝਲਕ ਪੈਂਦੀ ਸੀ। ਹੁਣ ਵਿਅਕਤੀਵਾਦ ਅਤੇ ਸਮਾਜਵਾਦ ਵਿਚਕਾਰ ਸੰਤੁਲਨ ਕਾਇਮ ਨਾ ਰਿਹਾ।
ਦੋ ਵਿਚਾਰਧਾਰਾਂ ਵਿਚਕਾਰ ਫਸ ਜਾਣ ਕਰਕੇ ਉਦਾਰਤਵਾਦ ਦਾ ਭਵਿਖ ਬਹੁਤਾ ਉੱਜਲਾ ਨਹੀਂ ਹੈ। ਬਰਤਾਨੀਆ ਵਿਚ 1906-11 ਦੇ ਵਿਚਕਾਰ ਰੂੜ੍ਹ ਉਦਾਰਤਾਵਾਦ ਦੇ ਵਿਰੋਧ ਦੇ ਬਾਵਜੂਦ ਸਮਾਜਿਕ ਬੀਮੇ ਸਬੰਧੀ ਕਾਨੂੰਨ (National Insurance Act 1911) ਬਣਾ ਦਿੱਤਾ ਗਿਆ ਅਤੇ ਦੂਜੀ ਵੱਡੀ ਲੜਾਈ ਦੇ ਮਗਰੋਂ ਵੀ ਵਿਲੀਅਮ ਬੇਵਰਿਜ (William Beveridge) ਨੇ ਇਹ ਲੋਕ-ਹਿਤਕਾਰੀ ਰਾਜ ਦਾ ਢਾਂਚਾ ਤਿਆਰ ਕੀਤਾ, ਪਰ ਜਨਸ਼ਕਤੀ ਉੱਤੇ ਉਦਾਰਤਾਵਾਦ ਅਸਰ ਨਹੀਂ ਪਾ ਸਕਿਆ। ਜਰਮਨੀ ਵਿਚ ਨਾਜ਼ੀਵਾਦ ਦੇ ਮੁਕਾਬਲੇ ਤੇ ਇਹ ਬੁਰੀ ਤਰ੍ਹਾਂ ਅਸਫ਼ਲ ਰਿਹਾ। ਉਦਾਰਤਾਵਾਦ ਸਮਾਜਕ ਤਰੱਕੀ ਦੇ ਨਾਲ ਨਾਲ ਨਹੀਂ ਤੁਰ ਸਕਿਆ। ਫਿਰ ਵੀ ਇਸ ਦੇ ਮੂਲ ਸਿਧਾਂਤਾਂ, ਖੋਜ ਅਤੇ ਵਿਚਾਰਾਂ ਦੀ ਆਜ਼ਾਦੀ ਅਤੇ ਬੋਲਣ ਤੇ ਵਿਚਾਰ-ਵਟਾਂਦਰੇ ਦੀ ਖੁਲ੍ਹ ਦੀ ਅਜੇ ਵੀ ਲੋੜ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 380, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-08, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First