ਉੱਤਰ-ਆਧੁਨਿਕਤਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉੱਤਰ-ਆਧੁਨਿਕਤਾ : ਆਧੁਨਿਕਤਾ ਵਾਂਗ ਉੱਤਰ-ਆਧੁਨਿਕਤਾ ਵੀ ਪੱਛਮੀ ਸਮਾਜ ਤੇ ਚਿੰਤਨ ਦੀ ਉਪਜ ਹੈ। ਉੱਤਰ-ਆਧੁਨਿਕ ਪਦ ਇੱਕੋ ਵੇਲੇ ਏਨੇ ਜ਼ਿਆਦਾ ਅਨੁਸ਼ਾਸਨਾਂ ਤੇ ਖੇਤਰਾਂ ਵਿੱਚ ਇਸਤੇਮਾਲ ਹੋ ਰਿਹਾ ਹੈ ਕਿ ਇਸ ਨੂੰ ਕਿਸੇ ਇੱਕ ਸਰਬਸੰਪੰਨ ਪਰਿਭਾਸ਼ਾ ਵਿੱਚ ਬੰਨ੍ਹਣਾ ਅਤਿ ਕਠਨ ਕਾਰਜ ਹੈ। ਉੱਤਰ-ਆਧੁਨਿਕਤਾ ਇੱਕ ਨਵੇਂ ਇਤਿਹਾਸਿਕ ਕਾਲ-ਖੰਡ ਤੇ ਯੁੱਗ-ਬੋਧ ਦਾ ਸੂਚਕ ਹੈ ਜਿਸਦੇ ਨਿਰਮਾਣ ਪਿੱਛੇ ਸੂਚਨਾ ਤਕਨਾਲੋਜੀ ਤੇ ਇਲੈਕਟ੍ਰਾਨਿਕ ਮੀਡੀਆ ਦੇ ਖੇਤਰ ਵਿੱਚ ਵਾਪਰੀਆਂ ਤੇਜ਼ ਰਫ਼ਤਾਰ ਤਬਦੀਲੀਆਂ ਹਨ। ਉੱਤਰ-ਆਧੁਨਿਕਤਾ ਨਾਲ ਲੱਗਾ ਅਗੇਤਰ ‘ਉੱਤਰ’ ਲਗਾਤਾਰਤਾ ਤੇ ‘ਨਿਖੇੜ’ ਦੋਹਾਂ ਦਾ ਹੀ ਸੂਚਕ ਹੈ। ਇਸ ਤਰ੍ਹਾਂ ਉੱਤਰ-ਆਧੁਨਿਕਤਾ, ਆਧੁਨਿਕਤਾ ਤੋਂ ਅਗਲੇਰੀ ਸਮਾਜਿਕ, ਆਰਥਿਕ, ਸੱਭਿਆਚਾਰਿਕ ਸਥਿਤੀ ਹੈ ਤੇ ਇਹ ਉਸ ਨਾਲੋਂ ਵੱਖਰੀ ਵੀ ਹੈ। ਡੇਨੀਅਲ ਬੈੱਲ ਇਸ ਨਵੇਂ ਸਮਾਜ ਨੂੰ ਉੱਤਰ- ਉਦਯੋਗਿਕ ਸਮਾਜ ਦਾ ਨਾਂ ਦਿੰਦਾ ਹੈ। ਉਸ ਦਾ ਮੱਤ ਹੈ ਕਿ ਆਧੁਨਿਕ ਅਰਥਾਤ ਉਦਯੋਗਿਕ ਸਮਾਜ ਦਾ ਸੰਬੰਧ ਵਸਤਾਂ ਦੇ ਉਤਪਾਦਨ ਨਾਲ ਸੀ ਅਤੇ ਇਸਦਾ ਕੇਂਦਰੀ ਸਿਧਾਂਤ ਆਰਥਿਕ ਪ੍ਰਗਤੀ ਸੀ। ਉੱਤਰ-ਉਦਯੋਗਿਕ ਸਮਾਜ ਦਾ ਸੰਬੰਧ ਸੂਚਨਾ ਦੀ ਪੈਦਾਵਾਰ ਨਾਲ ਹੈ ਜਿਸਦਾ ਪ੍ਰਤੀਕ ਕੰਪਿਊਟਰ ਹੈ। ਉੱਤਰ-ਆਧੁਨਿਕਤਾਵਾਦ ਇਸ ਨਵੀਂ ਸਮਾਜਿਕ ਅਵਸਥਾ ਦਾ ਕਲਾਤਮਿਕ ਤੇ ਦਾਰਸ਼ਨਿਕ ਖੇਤਰਾਂ ਵਿੱਚ ਪ੍ਰਗਟਾਵਾ ਹੈ।

     ਉੱਤਰ-ਆਧੁਨਿਕਤਾ ਦੇ ਅਰੰਭ ਬਾਰੇ ਵੀ ਵਿਦਵਾਨ ਇੱਕ ਮੱਤ ਨਹੀਂ ਹਨ। ਉੱਤਰ-ਆਧੁਨਿਕ ਪਦ ਦਾ ਪਹਿਲੀ ਵਾਰ ਪ੍ਰਯੋਗ ਜਰਮਨ ਦਾਰਸ਼ਨਿਕ ਰੁਡੋਲਫ਼ ਪੈਨਵਿਟਜ਼ ਨੇ ਕੀਤਾ। ਸਮਝਿਆ ਜਾਂਦਾ ਹੈ, ਉਸ ਨੇ ਇਸ ਪਦ ਨੂੰ ਪੱਛਮੀ ਸੱਭਿਆਚਾਰ ਦੇ ‘ਨਿਖੇਧਵਾਦ ਨੂੰ ਵਰਣਨ ਕਰਨ ਹਿਤ ਪ੍ਰਯੋਗ ਵਿੱਚ ਲਿਆਂਦਾ। ਇਤਿਹਾਸਕਾਰ ਟਾਯਨਬੀ ਦਾ ਮੱਤ ਹੈ ਕਿ ਆਧੁਨਿਕਤਾ ਦਾ ਅੰਤ ਪਹਿਲੇ ਵਿਸ਼ਵ ਯੁੱਧ (1914-18) ਦੇ ਦਰਮਿਆਨ ਹੋ ਜਾਂਦਾ ਹੈ ਤੇ ਉੱਤਰ-ਆਧੁਨਿਕਤਾ ਦੋ ਵਿਸ਼ਵ ਯੁੱਧਾਂ (1918 ਤੇ 1939) ਦੇ ਵਿਚਲੇ ਸਾਲਾਂ ਦੌਰਾਨ ਆਪਣਾ ਸਰੂਪ ਗ੍ਰਹਿਣ ਕਰਦੀ ਹੈ। ਫੈਡਰੀਕੋ ਦੀ ਓਨਿਸ ਇਸ ਦੀ ਵਰਤੋਂ 1934 ਵਿੱਚ 1905 ਤੋਂ 1914 ਤੱਕ ਦੀ ਸਪੇਨੀ ਲੈਟਿਨ ਅਮਰੀਕਨ ਕਵਿਤਾ ਨੂੰ ਦਰਸਾਉਣ ਹਿਤ ਕਰਦਾ ਹੈ। 1950 ਵਿਆਂ, 1960 ਵਿਆਂ ਵਿੱਚ ਇਹ ਕਲਾਤਮਿਕ ਆਧੁਨਿਕਤਾਵਾਦ ਵਿਰੁੱਧ ਇੱਕ ਪ੍ਰਕਿਰਿਆ ਵਜੋਂ ਉੱਭਰਦਾ ਹੈ। 1980 ਵਿਆਂ ਵਿੱਚ ਇਹ ਫ਼੍ਰਾਂਸੀਸੀ ਉੱਤਰ- ਸੰਰਚਨਾਵਾਦ ਨਾਲ ਕਦਮ ਮਿਲਾਉਂਦੇ ਹੋਏ ਤਰਕਵਾਦੀ ਦਰਸ਼ਨਾਂ ਦੀ ਤਿੱਖੀ ਪੜਚੋਲ ਵਜੋਂ ਉੱਭਰਦਾ ਹੈ। ਲਗਪਗ ਇਸੇ ਸਮੇਂ ਇਹ ਇੱਕ ਨਵੇਂ ਯੁੱਗ ਵਜੋਂ ਪ੍ਰਸਿੱਧ ਹੁੰਦਾ ਹੈ।

    ਉੱਤਰ-ਆਧੁਨਿਕਤਾਵਾਦ ਇੱਕ ਦਾਰਸ਼ਨਿਕ ਪ੍ਰਵਰਗ ਦੇ ਤੌਰ ਤੇ ਉਸ ਸਭ ਕਾਸੇ ਦਾ ਵਿਰੋਧੀ ਹੈ ਜੋ ਆਧੁਨਿਕ ਚਿੰਤਨ ਤੇ ਸੱਭਿਅਤਾ ਨੇ ਪੈਦਾ ਕੀਤਾ। ਆਧੁਨਿਕ ਚਿੰਤਨ ਤੇ ਮੁਢਲਾ ਹਮਲਾ ਤਾਂ ਨੀਤਸ਼ੇ ਦੇ ਚਿੰਤਨ ਨਾਲ ਹੀ ਅਰੰਭ ਹੋ ਗਿਆ ਸੀ। ਉੱਤਰ-ਆਧੁਨਿਕ ਦੁਆਲੇ ਸਮਕਾਲੀਨ ਬਹਿਸਾਂ ਦਾ ਸ੍ਰੋਤ 1944 ਵਿੱਚ ਅਡੋਰਨੋ ਤੇ ਹੋਰਖਾਈਮਰ ਦੀ ਸਾਂਝੀ ਪੁਸਤਕ ਡਾਇਲੈਕਟਿਕਸ ਆਫ਼ ਇਨ ਲਾਈਟਨਮੈਂਟ ਵਿੱਚੋਂ ਲੱਭਿਆ ਜਾ ਸਕਦਾ ਹੈ। ਉਹਨਾਂ ਦਾ ਮੱਤ ਹੈ ਕਿ ਇਨਲਾਈਟਨਮੈਂਟ ਦਾ ਦਾਅਵਾ ਮਾਨਵਤਾ ਨੂੰ ਮੁਕਤੀ ਦਿਵਾਉਣਾ ਸੀ ਪਰ ਵਿਵਹਾਰ ਵਿੱਚ ਇਸਦਾ ਰਵੱਈਆ ਤਾਨਾਸ਼ਾਹ ਸਾਬਤ ਹੋਇਆ। ਉੱਤਰ- ਆਧੁਨਿਕ ਚਿੰਤਨ, ਆਧੁਨਿਕ ਸੋਚ ਪ੍ਰਬੰਧਾਂ ਤੇ ਦਰਸ਼ਨਾਂ ਵੱਲੋਂ ਪੇਸ਼ ਇਕ-ਪੱਖੀ ਤੇ ਸਰਬਵਿਆਪਕ ਵਿਆਖਿਆਵਾਂ ਦੀ ਉਚਿਤਤਾ ਤੇ ਗੰਭੀਰ ਪ੍ਰਸ਼ਨ ਉਠਾਉਂਦਾ ਹੈ। ਇਹ ਵਿਗਿਆਨਿਕ ਤਾਰਕਿਕਤਾ, ਰੇਖਕੀ ਪ੍ਰਗਤੀ, ਖ਼ੁਦਮੁਖ਼ਤਾਰ ਆਤਮ, ਏਕਤਾ, ਪ੍ਰਭੁਤਾ ਆਦਿ ਸਭ ਨੂੰ ਸਮੁੱਚਤਾਵਾਦੀ ਸਿਸਟਮ ਦੇ ਅੰਗ ਕਹਿੰਦਾ ਹੋਇਆ ਰੱਦ ਕਰਦਾ ਹੈ। ਫ਼੍ਰਾਂਸੀਸੀ ਚਿੰਤਕ ਲਿਓਤਾਰਦ ਨੇ ਅਤਿ ਵਿਕਸਿਤ ਪੱਛਮੀ ਦੇਸ਼ਾਂ ਵਿੱਚ ਸੂਚਨਾ ਤੇ ਤਕਨਾਲੋਜੀ ਦੀ ਕ੍ਰਾਂਤੀ ਦੇ ਸਿੱਟੇ ਵਜੋਂ ਗਿਆਨ ਦੀ ਬਦਲਦੀ ਸਥਿਤੀ ਵੱਲ ਇਸ਼ਾਰਾ ਕਰ ਕੇ ਉੱਤਰ-ਆਧੁਨਿਕਤਾ ਬਾਰੇ ਵਿਚਾਰ-ਚਰਚਾ ਨੂੰ ਅਰੰਭਿਆ ਹੈ। ਉਸ ਦਾ ਮੱਤ ਹੈ ਕਿ ਕੰਪਿਊਟਰ ਦੁਆਰਾ ਸਿਰਜਿਤ ਗਿਆਨ ਹੁਣ ਇੱਕ ਉਤਪਾਦਨ ਸ਼ਕਤੀ ਦਾ ਦਰਜਾ ਹਾਸਲ ਕਰ ਗਿਆ ਹੈ ਤੇ ਇਹ ਪੂਰੀ ਤਰ੍ਹਾਂ ਵਪਾਰਕ ਸ਼ਕਤੀਆਂ ਦੇ ਹੱਥਾਂ ਵਿੱਚ ਆ ਗਿਆ ਹੈ। ਲਿਓਤਾਰਦ ਆਧੁਨਿਕ ਦੌਰ ਦੇ ਮਹਾਂਬਿਰਤਾਂਤਾਂ ਪ੍ਰਤਿ ਵਿਸ਼ਵਾਸਹੀਣਤਾ ਜ਼ਾਹਰ ਕਰਦਾ ਹੈ ਜੋ ਵਿਸ਼ਵ ਦੀ ਸਮੁੱਚ ਵਿੱਚ ਵਿਆਖਿਆ ਕਰਦੇ ਹੋਏ ਮਾਨਵਤਾ ਨੂੰ ਮੁਕਤੀ ਦਿਵਾਉਣ ਦਾ ਦਾਅਵਾ ਜਤਾਉਂਦੇ ਹਨ। ਇਹਨਾਂ ਵਿੱਚ ਮਾਰਕਸਵਾਦ ਤੇ ਉਦਾਰਵਾਦ ਆਦਿ ਪ੍ਰਮੁਖ ਹਨ। ਉਸ ਦਾ ਮੱਤ ਹੈ ਕਿ ਮਹਾਂਬਿਰਤਾਂਤਾਂ ਦੀ ਏਕੀਕਰਨ ਤੇ ਸਮੁੱਚਤਾਵਾਦੀ ਪ੍ਰਕਿਰਤੀ ਨੇ ਵੱਖਰਤਾਵਾਂ, ਵੰਨ-ਸੁਵੰਨਤਾ ਤੇ ਅਲਪ-ਬਿਰਤਾਂਤਾਂ ਨੂੰ ਬੁਰੀ ਤਰ੍ਹਾਂ ਕੁਚਲਿਆ ਹੈ।

    ਫਰੈਡਰਿਕ ਜੇਮਸਨ ਉੱਤਰ-ਆਧੁਨਿਕਤਾ ਨੂੰ ਪਿਛਲੇਰੇ ਪੂੰਜੀਵਾਦ ਜਾਂ ਬਹੁ-ਰਾਸ਼ਟਰਾਂ ਦੇ ਇੱਕ ਸੰਸਾਰ ਸਿਸਟਮ ਵਜੋਂ ਵੇਖਦਾ ਹੈ ਜੋ ਇੱਕ ਨਵੀਂ ਗਲੋਬਲ ਸਪੇਸ ਵਿੱਚ ਕਿਰਿਆਸ਼ੀਲ ਪਿਛਲੇਰੇ ਦੌਰ ਦੇ ਪੂੰਜੀਵਾਦ ਦੇ ਸੱਭਿਆ- ਚਾਰਿਕ ਸਰੂਪ ਨੂੰ ਦਰਸਾਉਂਦਾ ਹੈ। ਉੱਤਰ-ਆਧੁਨਿਕ ਸਮਾਜ ਨੂੰ ਮੀਡੀਆ ਸਮਾਜ ਵੀ ਕਿਹਾ ਜਾਂਦਾ ਹੈ ਜਿਸ ਵਿੱਚ ਮੀਡੀਆਕ੍ਰਿਤ ਬਿੰਬਾਂ ਤੇ ਚਿੰਨ੍ਹਾਂ ਦੀ ਸਰਦਾਰੀ ਹੈ। ਬੌਦਰੀਲਾਰਦ ਕਹਿੰਦਾ ਹੈ ਕਿ ਉੱਤਰ- ਆਧੁਨਿਕ ਸਮਾਜ ਵਿੱਚ ਵਾਸਤਵਿਕ ਯਥਾਰਥ ਮੀਡੀਆ ਪੇਸ਼ਕਾਰੀਆਂ ਦਾ ਗ਼ੁਲਾਮ ਬਣ ਕੇ ਰਹਿ ਗਿਆ ਹੈ ਜਿਸ ਕਰ ਕੇ ਯਥਾਰਥ ਦੀ ਥਾਹ ਪਾਉਣਾ ਮੁਸ਼ਕਲ ਹੋ ਗਿਆ ਹੈ।

    ਉੱਤਰ-ਸੰਰਚਨਾਵਾਦ ਤੇ ਉੱਤਰ-ਆਧੁਨਿਕਤਾਵਾਦ ਗਹਿਰੀ ਤਰ੍ਹਾਂ ਅੰਤਰ-ਸੰਬੰਧਿਤ ਹਨ। ਦੋਹਾਂ ਦੀਆਂ ਦਾਰਸ਼ਨਿਕ ਮਨੌਤਾਂ ਲਗਪਗ ਸਾਂਝੀਆਂ ਹਨ। ਉੱਤਰ- ਆਧੁਨਿਕ ਚਿੰਤਨ ਨੂੰ ਉਭਾਰਨ ਵਾਲੇ ਦੈਰੀਦਾ, ਮਿਸ਼ੈਲ ਫੂਕੋ, ਦੇਲਿਊਜ਼ ਤੇ ਗੁਟਾਰੀ ਆਦਿ ਦਰਅਸਲ ਉੱਤਰ- ਸੰਰਚਨਾਵਾਦੀ ਹੀ ਹਨ। ਉੱਤਰ-ਸੰਰਚਨਾਵਾਦ ਨੇ ਸਾਰੇ ਸੰਕਲਪਾਂ, ਵਿਚਾਰਾਂ ਤੇ ਵਿਆਖਿਆਵਾਂ ਨੂੰ ਮਨੁੱਖੀ ਭਾਸ਼ਾਈ ਘਾੜਤਾਂ ਕਹਿੰਦੇ ਹੋਏ ਇਹਨਾਂ ਦੀ ਸਰਬ- ਵਿਆਪਕਤਾ ਤੇ ਪ੍ਰਸ਼ਨ ਉਠਾਏ। ਇਸ ਦਾ ਮੱਤ ਹੈ ਕਿ ਹਰ ਸਮੁੱਚਤਾਵਾਦੀ ਸਿਸਟਮ ਦੋ ਵਿਰੋਧੀ ਜੁੱਟਾਂ ਵਿੱਚੋਂ ਇੱਕ ਨੂੰ ਉੱਤਮ ਪੇਸ਼ ਕਰ ਕੇ ਦੂਸਰੇ ਨੂੰ ਦਬਾਅ ਦਿੰਦਾ ਹੈ ਜਾਂ ਹਾਸ਼ੀਏ ਤੇ ਧਕੇਲ ਦਿੰਦਾ ਹੈ। ਦਮਿਤ ਤੇ ਹਾਸ਼ੀਆਗਤ ਦੀ ਵਿਲੱਖਣਤਾ ਨੂੰ ਸਮਾਨਾਂਤਰ ਉਭਾਰਨ ਦੀ ਲੋੜ ਹੈ। ਇਸ ਲਈ ਉੱਤਰ-ਆਧੁਨਿਕ ਚਿੰਤਨ ਹਾਸ਼ੀਅਤ ਤੇ ਦਮਿਤ ਉਪ-ਸੱਭਿਆਚਾਰਾਂ, ਸੱਚਾਂ ਤੇ ਅਨੁਭਵਾਂ ਦੀ ਵੱਖਰਤਾ ਤੇ ਵਿਲੱਖਣਤਾ ਨੂੰ ਮਹੱਤਵ ਤੇ ਸਨਮਾਨ ਦੇਣ ਦੀ ਗੱਲ ਕਰਦਾ ਹੈ। ਉੱਤਰ-ਆਧੁਨਿਕ ਚਿੰਤਨ ਰਚਨਾ ਦੀ ਥਾਂ ਵਿਰਚਨਾ, ਏਕਤਾ ਦੀ ਥਾਂ ਅਨੇਕਤਾ, ਸਮਾਨੀਕਰਨ ਦੀ ਥਾਂ ਵੰਨ-ਸੁਵੰਨਤਾ, ਨਿਰਪੇਖ ਸੱਚ ਦੀ ਥਾਂ ਸਾਪੇਖ-ਸੱਚ ਨੂੰ ਮਹੱਤਵ ਪ੍ਰਦਾਨ ਕਰਦਾ ਹੈ।

    ਇੱਕ ਕਲਾਤਮਿਕ ਪ੍ਰਵਰਗ ਦੇ ਤੌਰ ਤੇ ਉੱਤਰ- ਆਧੁਨਿਕਤਾ ਆਧੁਨਿਕ ਕਲਾ ਤੋਂ ਅਗਲੀ ਤੇ ਵੱਖਰੀ ਧਾਰਨਾ ਪੇਸ਼ ਕਰਦਾ ਹੈ। ਆਧੁਨਿਕ ਕਲਾ ਰਚਨਾ ਦੀ ਏਕਤਾ, ਸ਼ੁੱਧਤਾ ਤੇ ਖ਼ੁਦਮੁਖ਼ਤਾਰੀ ਤੇ ਜ਼ੋਰ ਦਿੰਦੀ ਸੀ ਜਦ ਕਿ ਉੱਤਰ-ਆਧੁਨਿਕ ਕਲਾ ਪੈਸਟੀਸ਼ (ਮਿਸ਼ਰਿਤ); ਅਸ਼ੁੱਧਤਾ ਤੇ ਹਾਈਬ੍ਰਿਡਿਟੀ ਤੇ ਜ਼ੋਰ ਦਿੰਦੀ ਹੈ। ਆਧੁਨਿਕ ਕਲਾ ਨਿਰਨੇ ਦੇਣ ਵੱਲ ਰੁਚਿਤ ਸੀ ਜਦ ਕਿ ਉੱਤਰ- ਆਧੁਨਿਕ ਕਲਾ ਪ੍ਰਸ਼ਨਾਂ ਤੇ ਪਰਿਪੇਖਾਂ ਨੂੰ ਉਭਾਰਨ ਵੱਲ ਰੁਚਿਤ ਹੈ। ਆਧੁਨਿਕਤਾ ਵਿਸ਼ੇਸ਼ ਨਿੱਜੀ ਅਨੁਭਵ ਨੂੰ ਗਹਿਰੀ ਅੰਤਰਮੁਖਤਾ ਨਾਲ ਪੇਸ਼ ਕਰਦੀ ਸੀ ਜਦ ਕਿ ਉੱਤਰ-ਆਧੁਨਿਕਤਾ ਨੇ ਸਤਹੀ ਤੇ ਉਪਭੋਗੀ ਅਨੁਭਵਾਂ ਨੂੰ ਉਭਾਰਿਆ। ਉੱਤਰ-ਆਧੁਨਿਕ ਕਲਾ ਵਿੱਚ ਰੋਜ਼ਮਰ੍ਹਾ ਜ਼ਿੰਦਗੀ ਅਤੇ ਕਲਾ, ਈਲੀਟ ਤੇ ਪਾਪੂਲਰ ਸੱਭਿਆਚਾਰ ਵਿਚਲੇ ਦਰਜੇਬੰਦਕ ਨਿਖੇੜ ਢਹਿ ਢੇਰੀ ਹੋਣੇ ਸ਼ੁਰੂ ਹੁੰਦੇ ਹਨ।


ਲੇਖਕ : ਕੁਲਵੀਰ ਗੋਜਰਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.